ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥
ਨਿਮਰਤਾ ਸਹਿਤ ਆਪ ਜੀ ਨੂੰ ਗੁਰਦਾਸਪੁਰ, ਪੰਜਾਬ ਦੀ ਆਮਦ ਤੇ ਜਿੱਥੇ ਜੀ ਆਇਆਂ ਆਖਿਆ ਜਾਂਦਾ ਹੈ, ਉਥੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਪਾਕਿਸਤਾਨ ਫੌਜ ਦੇ ਜਰਨਲ ਜਨਾਬ ਕਮਰ ਜਾਵੇਦ ਬਾਜਵਾ ਅਤੇ ਸ. ਨਵਜੋਤ ਸਿੰਘ ਸਿੱਧੂ ਦੇ ਸਾਂਝੇ ਸੁਹਿਰਦ ਯਤਨਾਂ ਦੀ ਬਦੌਲਤ ਸਿੱਖ ਕੌਮ ਦੀ ਦੋਵੇਂ ਸਮੇਂ ਕੀਤੀ ਜਾਣ ਵਾਲੀ ਅਰਦਾਸ ਨੂੰ ਅਮਲੀ ਰੂਪ ਵਿਚ ਪੂਰਨ ਕਰਨ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਸਥਾਨ ਲਈ ਵੀਜੇ ਰਹਿਤ ਲਾਂਘਾ ਦੇਣ ਦੇ ਕੀਤੇ ਗਏ ਸੁਹਿਰਦ ਯਤਨਾਂ ਵਿੱਚ ਆਪ ਜੀ ਵਲੋਂ ਦਿੱਤੇ ਗਏ ਡੂੰਘੇ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਜੋ ਅਜ਼ਾਦ ਕਸ਼ਮੀਰ ਦੇ ਵਜ਼ੀਰ-ਏ-ਆਜ਼ਮ ਰਾਜਾ ਫਾਰੂਕ ਹੈਂਦਰ ਵੱਲੋਂ ਮੁੱਜਫਰਾਬਾਦ ਜਿਲ੍ਹੇ ਦੇ ਪਿੰਡ ਨਲੁੱਛੀ ਵਿੱਚ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਮਹਾਨ ਅਸਥਾਂਨ ਲਈ ਸਿੱਖ ਕੌਮ ਨੂੰ 15 ਕਿਲੋਮੀਟਰ ਦਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਤਰ੍ਹਾਂ ਲਾਂਘਾ ਦੇਣ ਦੀ ਪੇਸ਼ਕਸ ਨੂੰ ਵੀ ਪੂਰਾ ਕਰਨ ਦੀ ਜ਼ੋਰਦਾਰ ਅਪੀਲ ਕਰਦੇ ਹਾਂ। ਇਸਦੇ ਨਾਲ ਹੀ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸਬੰਧਤ ਲੰਮੇ ਸਮੇਂ ਤੋਂ ਦਰਪੇਸ਼ ਆ ਰਹੇ ਕੁਝ ਅਹਿਮ ਮਸਲਿਆਂ ਨੂੰ ਤੁਰੰਤ ਹੱਲ ਕਰਕੇ ਸਿੱਖ ਕੌਮ ਅਤੇ ਪੰਜਾਬੀਆਂ ਦੇ ਮਨ ਵਿੱਚ ਉ¤ਠੇ ਵੱਡੇ ਰੋਹ ਨੂੰ ਤੁਰੰਤ ਦੂਰ ਕਰਨ ਦੀ ਅਪੀਲ ਵੀ ਕਰਦੇ ਹਾਂ। ਨਿਮਨ ਸਬੰਧਤ ਮਸਲੇ ਦਿੱਤੇ ਜਾ ਰਹੇ ਹਨ :-
1. ਸਭ ਤੋਂ ਪਹਿਲੇ ਅਸੀਂ ਹਿੰਦ ਦੇ ਵਿਧਾਨ ਦੀ ਧਾਰਾ 161 ਜੋ ਸੂਬਿਆਂ ਦੇ ਗਵਰਨਰਾਂ ਅਤੇ ਵਿਧਾਨ ਦੀ ਧਾਰਾ 72 ਜੋ ਪ੍ਰੈਜੀਡੈਂਟ ਹਿੰਦ ਨੂੰ ਇਹ ਅਧਿਕਾਰ ਹਾਸਿਲ ਹਨ ਕਿ ਉਹ ਕਿਸੇ ਵੀ ਜੇਲ੍ਹ ਵਿਚ ਬੰਦ ਕੈਦੀ ਨੂੰ ਉਸਦੀ ਸਜਾ ਨੂੰ ਘਟਾ ਸਕਦੇ ਹਨ, ਮੁਆਫ਼ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ, ਉਨ੍ਹਾਂ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਕੇ ਗਵਰਨਰ ਪੰਜਾਬ ਅਤੇ ਪ੍ਰੈਜੀਡੈਂਟ ਹਿੰਦ ਨੂੰ ਆਪ ਜੀ ਵਲੋਂ ਲਿਖਤੀ ਸਿਫਾਰਸ਼ ਕੀਤੀ ਜਾਵੇ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਅਤੇ ਹੋਰਨਾਂ ਸੂਬਿਆਂ ਦੀਆਂ ਜੇਲ੍ਹਾ ਵਿਚ ਬੰਦੀ ਬਣਾਏ ਗਏ। ਉਨ੍ਹਾਂ ਸਿੱਖਾਂ ਜੋ 25-25 ਸਾਲਾਂ ਤੋਂ ਜੇਲ੍ਹਾਂ ਵਿਚ ਬੰਦੀ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰਵਾਉਣ ਦੇ ਹੁਕਮ ਕਰਵਾਕੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇਗ਼ਾ।
2. ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਪ੍ਰਬੰਧਕੀ ਕਾਰਗੁਜਾਰੀ ਅਤੇ ਇਸ ਸੰਸਥਾਂ ਨਾਲ ਸਬੰਧਤ ਮੈਂਬਰਾਂ ਦੀਆਂ ਚੋਣਾਂ ਹਿੰਦ ਦੇ ਵਿਧਾਨ ਦੇ ਕਾਨੂੰਨ ਦੇ ਤਹਿਤ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਹਨ। ਫਿਰ ਜਮਹੂਰੀਅਤ ਕਦਰਾਂ-ਕੀਮਤਾਂ ਵੀ ਇਹ ਮੰਗ ਕਰਦੀਆਂ ਹਨ ਕਿ ਅਜਿਹੀ ਕਿਸੇ ਵੀ ਕਾਨੂੰਨੀ ਸੰਸਥਾਂ ਦੀ ਮਿਆਦ ਖਤਮ ਹੋਣ ਤੋਂ ਪਹਿਲੇ-ਪਹਿਲੇ ਉਸ ਦੀਆਂ ਚੋਣਾਂ ਕਰਵਾਈਆਂ ਜਾਣ। ਜਦੋਂ ਕਿ ਇਸ ਐਸ.ਜੀ.ਪੀ.ਸੀ. ਸੰਸਥਾਂ ਦੀ ਕਾਨੂੰਨੀ ਮਿਆਦ 2016 ਵਿਚ ਖਤਮ ਹੋ ਚੁੱਕੀ ਹੈ। ਇਸਦੇ ਬਾਵਜੂਦ ਵੀ ਕਾਨੂੰਨੀ ਤੌਰ ਤੇ ਖਤਮ ਹੋ ਚੁੱਕੀ ਮਾਨਤਾ ਅਤੇ ਮਿਆਦ ਵਾਲੇ ਮੈਂਬਰਾਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਬੀਤੇ 2 ਸਾਲਾਂ ਤੋਂ ਜਬਰੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਸੌਂਪੇ ਜਾਂਦੇ ਆ ਰਹੇ ਹਨ। ਇਹ ਸੰਸਥਾਂ ਲੰਗੜੀ ਸੰਸਥਾਂ ਅਖਵਾਉਂਦੀ ਆ ਰਹੀ ਹੈ। ਇਸ ਸੰਸਥਾਂ ਦੀਆਂ ਚੋਣਾਂ ਦਾ ਪ੍ਰਬੰਧ ਅਤੇ ਨੋਟੀਫਿਕੇਸਨ ਗ੍ਰਹਿ ਵਿਭਾਗ ਭਾਰਤ ਸਰਕਾਰ ਦੇ ਅਧੀਨ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਹ ਜੋਰਦਾਰ ਸੰਜੀਦਾ ਮੰਗ ਕਰਦੀ ਹੈ ਕਿ ਐਸ.ਜੀ.ਪੀ.ਸੀ. ਦੀਆਂ ਜਨਰਲ ਚੋਣਾਂ ਕਰਵਾਉਣ ਦਾ ਤੁਰੰਤ ਐਲਾਨ ਕੀਤਾ ਜਾਵੇ ਤਾਂ ਕਿ ਸਿੱਖ ਕੌਮ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਆਪਣੇ ਮਨ ਭਾਉਂਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੂੰ ਸੌਂਪਣ ਦੀ ਕਾਨੂੰਨੀ ਜ਼ਿੰਮੇਵਾਰੀ ਪੂਰਨ ਕਰ ਸਕਣ।
3. ਸਟੇਟਲੈਂਸ ਸਿੱਖ ਕੌਮ ਉਤੇ ਬਰਤਾਨੀਆ, ਸੋਵੀਅਤ ਯੂਨੀਅਨ ਅਤੇ ਭਾਰਤ ਦੀਆਂ ਤਿੰਨ ਫੌਜਾਂ ਵਲੋਂ ਦੁਸ਼ਮਣਾਂ ਦੀ ਤਰ੍ਹਾਂ ਹਮਲਾ ਕਰਨ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ 25 ਹਜ਼ਾਰ ਦੇ ਕਰੀਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਪਹੁੰਚੇ ਨਿਹੱਥੇ ਅਤੇ ਨਿਰਦੋਸ਼ ਬੱਚਿਆਂ, ਬੀਬੀਆਂ, ਨੌਜਵਾਨਾਂ ਅਤੇ ਬਜੁਰਗਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲਣ ਦੀ ਬਜਾਏ, ਸਿੱਖ ਕੌਮ ਨਾਲ ਦੁਨੀਆਂ ਦੀ ਕਾਨੂੰਨੀ ਅਤੇ ਸਮਾਜਿਕ ਟੇਬਲ-ਟਾਕ ਦੀ ਰਵਾਇਤ ਅਨੁਸਾਰ ਹੀ ਮਸਲਾਂ ਹੱਲ ਹੋਣਾ ਬਣਦਾ ਸੀ, ਨਾ ਕਿ ਆਪਣੇ ਹੀ ਮੁਲਕ ਦੇ ਸਿੱਖ ਕੌਮ ਨਾਲ ਸਬੰਧਤ ਨਾਗਰਿਕਾਂ ਦੇ ਧਾਰਮਿਕ ਸਥਾਨ ਤੇ ਫੌਜਾਂ ਚਾੜ੍ਹਕੇ ਅਣਮਨੁੱਖੀ ਅਤੇ ਗੈਰ ਸਮਾਜਿਕ ਅਮਲ ਕਰਨਾ ਬਣਦਾ ਸੀ। ਉਸ ਹੋਏ ਜ਼ਬਰ-ਜੁਲਮ ਦੀ ਬਦੌਲਤ ਸਿੱਖ ਮਨਾਂ ਨੂੰ ਅਤੇ ਆਤਮਾਵਾਂ ਨੂੰ ਪਹੁੰਚੀ ਡੂੰਘੀ ਠੇਸ ਦੀ ਬਦੌਲਤ ਜ਼ਖਮੀ ਹੋਏ ਸਿੱਖ ਮਨਾਂ ਨੂੰ ਸ਼ਾਂਤ ਕਰਨ ਲਈ ਜ਼ਰੂਰੀ ਹੈ ਕਿ 1984 ਦੇ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨੀ ਰੂਪ ਵਿਚ ਸਜ਼ਾ ਦਿਵਾਉਣ ਲਈ ਫੌਰੀ ਅਮਲ ਹੋਵੇ।
4. ਇਸ ਯਾਦ ਪੱਤਰ ਰਾਹੀਂ ਅਸੀਂ ਮੰਗ ਕਰਦੇ ਹਾਂ ਕਿ ਜੋ 2013 ਵਿਚ ਗੁਜਰਾਤ ਵਿਚ ਪੱਕੇ ਅਤੇ ਕਾਨੂੰਨੀ ਤੌਰ ਤੇ ਵੱਸੇ ਹੋਏ 60,000 ਸਿੱਖ ਜ਼ਿੰਮੀਦਾਰਾਂ ਨੂੰ ਉਨ੍ਹਾਂ ਦੀਆਂ ਮਲਕੀਅਤ ਜਮੀਨਾਂ, ਘਰਾਂ ਅਤੇ ਕਾਰੋਬਾਰਾਂ ਤੋਂ ਜ਼ਬਰੀ ਉਜਾੜਾ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਵਰਤਾਰਾਂ ਹੋਇਆ ਸੀ, ਉਨ੍ਹਾਂ ਸਿੱਖ ਜ਼ਿੰਮੀਦਾਰਾਂ ਉਤੇ ਮੰਦਭਾਵਨਾ ਅਧੀਨ ਬਣਾਏ ਗਏ ਕੇਸ ਵਾਪਿਸ ਕਰਕੇ ਤੁਰੰਤ ਉਨ੍ਹਾਂ ਦਾ ਸਥਾਈ ਰੂਪ ਵਿਚ ਗੁਜਰਾਤ ਵਿਚ ਹੀ ਮੁੜ ਵਸੇਬਾ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮਲਕੀਅਤ ਜ਼ਮੀਨਾਂ, ਘਰਾਂ ਅਤੇ ਕਾਰੋਬਾਰ ਦੇ ਸਥਾਨ ਕਾਨੂੰਨੀ ਰੂਪ ਵਿਚ ਵਾਪਿਸ ਕੀਤੇ ਜਾਣ।
ਇਸੇ ਤਰ੍ਹਾਂ 1984 ਵਿਚ ਜੋ ਸਿੱਖ ਕਤਲੇਆਮ ਦੇ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਪਰਿਵਾਰਾਂ ਦਾ ਵੀ ਇਨ੍ਹਾਂ ਉਪਰਕੋਤ ਲੀਹਾਂ ਉ¤ਤੇ ਹੀ ਮੁੜ ਵਸੇਬਾ ਤੁਰੰਤ ਕਰਵਾਇਆ ਜਾਵੇਗਾ।
5. ਸੰਨ 2000 ਵਿਚ ਜੋ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿੱਚ ਨਿਹੱਥੇ ਅਤੇ ਨਿਰਦੋਸ਼ 43 ਸਿੱਖਾਂ ਦਾ ਉਸ ਸਮੇਂ ਦੀ ਫੌਜ ਵਲੋਂ ਸਾਜਸੀ ਢੰਗ ਨਾਲ ਕਤਲੇਆਮ ਕੀਤਾ ਗਿਆ ਸੀ, ਉਨ੍ਹਾਂ ਦੋਸ਼ੀਆਂ ਦੀ ਕਾਨੂੰਨ ਅਨੁਸਾਰ ਪਹਿਚਾਣ ਕਰਕੇ ਬਰਾਬਰਤਾ ਦੇ ਨਿਯਮਾਂ ਅਧੀਨ ਸਜਾਵਾਂ ਦਿੱਤੀਆਂ ਜਾਣ। ਜੋ ਵਿਧਾਨ ਦੀ ਧਾਰਾ 25 ਰਾਹੀਂ ਵੱਖਰੀ ਅਤੇ ਅਣਖੀਲੀ ਪਹਿਚਾਣ ਰੱਖਣ ਵਾਲੀ ਸਿੱਖ ਕੌਮ ਨੂੰ ਕਾਨੂੰਨੀ ਰੂਪ ਵਿਚ ਹਿੰਦੂ ਗਰਦਾਨਿਆਂ ਗਿਆ ਹੈ, ਉਸ 25 ਧਾਰਾ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਕਾਨੂੰਨੀ ਮਾਨਤਾ ਦੇ ਕੇ ਅਤੇ ਸਿੱਖਾਂ ਲਈ ਅਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆ ਕੇ ਇਸ ਕਾਨੂੰਨ ਅਧੀਨ ਵਿਆਹ-ਸ਼ਾਦੀਆਂ ਕਰਨ ਦੀ ਸਿੱਖ ਕੌਮ ਨੂੰ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ।
6. 1984 ਵਿਚ ਹੋਏ ਬਲਿਊ ਸਟਾਰ ਦੇ ਫੌਜੀ ਹਮਲੇ ਸਮੇਂ ਹਿੰਦ ਫੌਜ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਦੁਰਲੱਭ ਕੀਮਤੀ ਇਤਿਹਾਸ ਅਤੇ ਬੇਸਕੀਮਤੀ ਅਮੁੱਲ ਵਸਤਾਂ ਜੋ ਲੁੱਟ ਕੇ ਲੈ ਗਈ ਸੀ, ਉਨ੍ਹਾਂ ਨੂੰ ਤੁਰੰਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਦੇ ਨਾਲ-ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਰੁਤਬਾ ਦੇ ਕੇ ਸਨਮਾਨਿਆ ਜਾ ਚੁੱਕਾ ਹੈ ਅਤੇ ਜਿਨ੍ਹਾਂ ਦੀ ਫੋਟੋ ਸਤਿਕਾਰ ਸਹਿਤ ਸਿੱਖ ਅਜਾਇਬਘਰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸੋਭਿਤ ਹੈ, ਉਨ੍ਹਾਂ ਦੇ ਇਤਿਹਾਸਿਕ ਤੀਰ ਅਤੇ ਰਿਵਾਲਵਰ ਜੋ ਫ਼ੌਜ ਕੋਲ ਹਨ, ਉਨ੍ਹਾਂ ਨੂੰ ਵੀ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਕੌਮੀ ਸੰਸਥਾ ਦੇ ਸਪੁਰਦ ਕਰਕੇ ਸਿੱਖ ਮਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ।
7. ਚੀਨ-ਪਾਕਿ ਗਵਾਰਡਰ ਬੰਦਰਗਾਹ ਤੱਕ ਬਣੇ ਇਕੋਨੋਮਿਕ ਕੋਰੀਡੋਰ ਦਾ ਪੰਜਾਬ ਨੂੰ ਤੁਰੰਤ ਮੈਂਬਰ ਬਣਾਕੇ ਇੱਥੋਂ ਦੀਆਂ ਕਿਸਾਨੀ ਅਤੇ ਉਦਯੋਗਿਕ ਵਸਤਾਂ ਦੇ ਵਪਾਰ ਨੂੰ ਉਤਸਾਹਿਤ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਜੋ 40 ਲੱਖ ਦੀ ਬੇਰੁਜਗਾਰੀ ਦੀ ਵੱਡੀ ਸਮੱਸਿਆ ਮੂੰਹ ਅੱਡੀ ਖੜੀ ਹੈ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬੇਰੁਜਗਾਰੀ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕੇਗਾ। ਇਸਦੇ ਨਾਲ ਹੀ ਰਾਜਸਥਾਨ ਦੀ ਸਰਹੱਦ ਦੇ ਨਾਲ ਪੈਂਦੇ ਹਿੰਦੂ ਕੋਟਮੱਲ, ਅਨੂਪਗੜ੍ਹ ਅਤੇ ਪੰਜਾਬ ਦੇ ਹੁਸੈਨੀਵਾਲਾ (ਫਿਰੋਜ਼ਪੁਰ), ਸੁਲੇਮਾਨਕੀ (ਫਾਜਿਲਕਾ), ਸਿਆਲਕੋਟ (ਜੰਮੂ-ਕਸ਼ਮੀਰ) ਦੀਆਂ ਸਰਹੱਦਾਂ ਨੂੰ ਤੁਰੰਤ ਸੰਜੀਦਗੀ ਨਾਲ ਖੋਲ੍ਹਕੇ ਪਾਕਿਸਤਾਨ ਅਤੇ ਹਿੰਦ ਦੇ ਵਪਾਰਕ, ਮਾਲੀ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜਬੂਤ ਕਰਨ ਵਿਚ ਯੋਗਦਾਨ ਪਾਇਆ ਜਾਵੇ।
ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਪੰਜਾਬੀ ਇਹ ਜ਼ੋਰਦਾਰ ਮੰਗ ਕਰਦੇ ਹਨ ਕਿ ਇੱਕ ਵਿਸੇ ਕਸ਼ਮੀਰ ਕਮਿਸ਼ਨ ਕਾਇਮ ਕੀਤਾ ਜਾਵੇ, ਜੋ ਜੰਮੂ-ਕਸ਼ਮੀਰ ਵਿਚ ਸਿੱਖਾਂ ਦੀਆਂ ਖੁਸ਼ੀਆਂ-ਗਮੀਆਂ ਵਿਚ ਬਰਾਬਰਤਾ ਦੇ ਅਧਾਰ ਦੇ ਸ਼ਰੀਕ ਹੁੰਦਾ ਰਹੇ ਅਤੇ ਜੰਮੂ-ਕਸ਼ਮੀਰ ਵਿਚ ਇਹ ਰਵਾਇਤ ਰਹੀ ਹੈ ਕਿ ਚੀਫ਼ ਮਨਿਸਟਰ ਮੁਸਲਮਾਨ ਹੁੰਦਾ ਹੈ ਅਤੇ ਗਵਰਨਰ ਹਿੰਦੂ ਹੁੰਦਾ ਹੈ। ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਸਿੱਖਾਂ ਨੂੰ ਵੀ ਕਸ਼ਮੀਰੀਆਂ ਦੇ ਬਰਾਬਰ ਕਾਨੂੰਨੀ ਸਹੂਲਤਾਂ ਅਤੇ ਹਰ ਤਰ੍ਹਾਂ ਦੀ ਆਜ਼ਾਦੀ ਅਮਲੀ ਰੂਪ ਵਿਚ ਪ੍ਰਦਾਨ ਹੋ ਸਕੇ।
8. ਹੁਣ ਤੱਕ ਸੈਂਟਰ ਵਿਚ ਜਿੰਨੀਆਂ ਵੀ ਹਕੂਮਤਾਂ ਕਾਇਮ ਹੋਈਆਂ ਹਨ, ਉਹ ਸਿੱਖ ਕੌਮ ਦੀ ਮਨੋਦਸ਼ਾਂ ਨੂੰ ਸਹੀ ਰੱਖਣ ਅਤੇ ਉਨ੍ਹਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਹਿੱਤ ਹਮੇਸ਼ਾਂ ਸਿੱਖਾਂ ਨੂੰ ਗ੍ਰਹਿ, ਵਿੱਤ ਅਤੇ ਵਿਦੇਸ਼ੀ ਵਿਭਾਗ ਦੀਆਂ ਵਜ਼ਾਰਤਾਂ ਦੇ ਮਾਲਕ ਬਣਾਉਂਦੇ ਰਹੇ ਹਨ ਅਤੇ ਇਕ ਵਾਰੀ ਵਜ਼ੀਰ-ਏ-ਆਜ਼ਮ ਵੀ ਸਿੱਖ ਬਣਾਇਆ ਜਾਂਦਾ ਹੈ, ਪਰ ਬੀਤੇ ਕੁਝ ਸਮੇਂ ਤੋਂ ਵਾਜਪਾਈ ਦੀ ਹਕੂਮਤ ਵਿਚ ਅਤੇ ਆਪ ਜੀ ਦੀ ਹਕੂਮਤ ਵਿਚ ਕਿਸੇ ਵੀ ਸਿੱਖ ਨੂੰ ਉਪਰਕੋਤ ਤਿੰਨੋਂ ਵਿਜਾਰਤਾਂ ਵਿਚੋਂ ਇੱਕ ਵੀ ਵਿਭਾਗ ਕਿਉਂ ਨਹੀਂ ਦਿੱਤਾ ਗਿਆ? ਜਿਸ ਲਈ ਸਮੁੱਚੀ ਸਿੱਖ ਕੌਮ ਦੇ ਮਨਾਂ ਵਿਚ ਵੱਡਾ ਰੋਸ ਹੈ। ਉਪਰੋਕਤ ਚੱਲਦੀ ਆ ਰਹੀ ਰਵਾਇਤ ਵਿਚ ਜੋ ਬੀ.ਜੇ.ਪੀ. ਦੀ ਆਪ ਜੀ ਦੀ ਪਾਰਟੀ ਵੱਲੋਂ ਖੜੋਤ ਪੈਦਾ ਕੀਤੀ ਗਈ ਹੈ, ਉਸਨੂੰ ਖਤਮ ਕਰਕੇ ਸੈਂਟਰ ਦੀ ਵਜ਼ਾਰਤ ਵਿਚ ਸਿੱਖ ਕੌਮ ਦੇ ਸਤਿਕਾਰ ਨੂੰ ਕਾਇਮ ਰੱਖਦੇ ਹੋਏ ਉਪਰੋਕਤ ਤਿੰਨੇ ਵਜ਼ਾਰਤਾਂ ਦੇ ਵਿਭਾਗਾਂ ਵਿਚੋਂ ਕੋਈ ਇੱਕ ਵਿਭਾਗ ਸਿੱਖਾਂ ਨੂੰ ਦੇਣ ਦੀ ਅਤਿ ਮਹੱਤਵਪੂਰਨ ਰਵਾਇਤ ਨੂੰ ਫਿਰ ਤੋਂ ਸ਼ੁਰੂ ਕਰਕੇ ਸਿੱਖ ਕੌਮ ਨਾਲ ਆਪਣੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਯੋਗਦਾਨ ਪਾਇਆ ਜਾਵੇਗਾ।
9. ਕਸ਼ਮੀਰ ਦੀ ਅਤਿ ਅਹਿਮ ਅਤੇ ਕੌਮਾਂਤਰੀ ਪੱਧਰ ਦੀ ਸੰਜੀਦਾ ਸਮੱਸਿਆ ਦਾ ਅਤੇ ਦੱਖਣੀ ਏਸ਼ੀਆ ਦੇ ਖਿੱਤੇ ਵਿਚ ਪੁਰ ਅਮਨ-ਚੈਨ ਕਾਇਮ ਰੱਖਣ ਦਾ ਇੱਕੋ-ਇੱਕ ਸਹੀ ਹੱਲ ਹੈ ਕਿ ਥੋੜ੍ਹੀਆਂ ਬਹੁਤੀਆਂ ਕੁੜੱਤਣ ਦੇ ਬਾਵਜੂਦ ਵੀ ਕਸ਼ਮੀਰੀਆਂ ਨਾਲ ਗੱਲਬਾਤ ਦਾ ਦੌਰ ਸੰਜੀਦਗੀ ਨਾਲ ਸ਼ੁਰੂ ਕੀਤਾ ਜਾਵੇ। 1953 ਵਿਚ ਜੋ ਅਧਿਕਾਰ ਕਸ਼ਮੀਰ ਨੂੰ ਪ੍ਰਾਪਤ ਸਨ, ਉਨ੍ਹਾਂ ਅਧਿਕਾਰਾਂ ਅਤੇ ਨਿਯਮਾਂ ਨੂੰ ਪੰਜਾਬ ਸੂਬੇ ਵਿੱਚ ਵੀ ਲਾਗੂ ਕੀਤਾ ਜਾਵੇ। ਕਿਉਂਕਿ 1834 ਵਿਚ ਲਾਹੌਰ ਦਰਬਾਰ ਦੀਆਂ ਖ਼ਾਲਸਾਈ ਫੌ ਨੇ ਲੱਦਾਖ ਦਾ ਇਲਾਕਾ ਫ਼ਤਿਹ ਕੀਤਾ ਸੀਗ਼ ਉਸ ਫ਼ਤਿਹ ਕੀਤੇ ਗਏ ਇਲਾਕੇ ਦਾ 39,000 ਸਕੇਅਰ ਕਿਲੋਮੀਟਰ ਇਲਾਕਾ 1962 ਵਿਚ ਚੀਨ ਨੂੰ ਦੇ ਦਿੱਤਾ ਗਿਆ। ਇਸ ਸਬੰਧੀ ਆਪ ਜੀ ਦੀ ਕੀ ਪਾਲਸੀ ਨੀਤੀ ਹੈ, ਉਸ ਸਬੰਧੀ ਸਿੱਖ ਕੌਮ ਨੂੰ ਜਾਣੂ ਕਰਵਾਇਆ ਜਾਵੇ, ਕਿਉਂਕਿ ਸਿੱਖ ਕੌਮ ਇਸ ਫ਼ਤਿਹ ਕੀਤੇ ਗਏ ਇਲਾਕੇ ਦੇ ਮੁੱਦੇ ਉਤੇ ਅਤਿ ਚਿੰਤਤ ਹੈ।
1819 ਵਿਚ ਜਦੋਂ ਕਸ਼ਮੀਰ, ਅਫ਼ਗਾਨੀਸਤਾਨ ਦਾ ਸੂਬਾ ਸੀ, ਉਸ ਸਮੇਂ ਲਾਹੌਰ ਦਰਬਾਰ ਦੀਆਂ ਖ਼ਾਲਸਾ ਫੌਜਾਂ ਨੇ ਕਸ਼ਮੀਰ ਨੂੰ ਜਿੱਤ ਕੇ ਲਾਹੌਰ ਦਰਬਾਰ ਵਿਚ ਸ਼ਾਮਿਲ ਕੀਤਾ ਸੀ। ਅੱਜ ਕਸ਼ਮੀਰ ਵਿਚ ਸਿੱਖ ਕੌਮ ਦੀ ਕੀ ਸਥਿਤੀ ਹੈ, ਆਪ ਜੀ ਦੀ ਹਕੂਮਤ ਉਥੇ ਸਿੱਖ ਕੌਮ ਨੂੰ ਮਾਨਤਾ ਦਿੰਦੀ ਹੈ ਜਾਂ ਨਹੀਂ? ਸਾਡੀ ਇੱਕ ਦਿਲੀ ਇੱਛਾ ਵੀ ਹੈ ਅਤੇ ਅਰਦਾਸ ਵੀ ਹੈ ਕਿ ਕਸ਼ਮੀਰ ਵਿਚ ਸਥਾਈ ਤੌਰ ’ਤੇ ਅਮਨ-ਚੈਨ ਸਥਾਪਿਤ ਹੋਵੇ ਅਤੇ ਸਿੱਖ ਕੌਮ ਨੂੰ ਉਥੇ ਆਪਣੇ ਸਥਿਤ ਗੁਰੂਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਹੋਣ। ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਆਪ ਜੀ ਦੇ ਸਾਂਝੇ ਸੁਹਿਰਦ ਉਦਮਾਂ ਸਦਕਾ ਜੋ ਸਿੱਖ ਕੌਮ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਹੈ ਉਸਦੀ ਸਾਨੂੰ ਅਤਿਅੰਤ ਖੁਸ਼ੀ ਵੀ ਹੈ ਅਤੇ ਅਸੀਂ ਆਪ ਜੀ ਦੇ ਧੰਨਵਾਦੀ ਵੀ ਹਾਂ, ਪਰ ਇਸਦੇ ਨਾਲ ਹੀ ਪਾਕਿਸਤਾਨ ਸਥਿਤ ਅਤੇ ਕਸ਼ਮੀਰ ਸਥਿਤ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਾਰੇ ਆਪ ਜੀ ਦੀ ਕੀ ਪਾਲਿਸੀ ਹੈ, ਉਸ ਸਬੰਧੀ ਸਿੱਖ ਕੌਮ ਨੂੰ ਵਿਸ਼ਵਾਸ਼ ਵਿਚ ਲੈ ਕੇ ਸੰਤੁਸ਼ਟ ਕੀਤਾ ਜਾਵੇ।
10. 1950 ਵਿਚ ਹਿੰਦ ਦੇ ਬਣੇ ਵਿਧਾਨ ਉਤੇ ਵਿਧਾਨਘਾੜਤਾ ਕਮੇਟੀ ਵਿਚ 2 ਸਿੱਖ ਨੁਮਾਇੰਦਿਆ ਸ. ਭੁਪਿੰਦਰ ਸਿੰਘ ਮਾਨ ਅਤੇ ਸ. ਹੁਕਮ ਸਿੰਘ ਨੇ ਇਸ ਵਿਧਾਨ ਨੂੰ ਪ੍ਰਵਾਨਗੀ ਦੇਣ ਉਤੇ ਦਸਤਖ਼ਤ ਨਹੀਂ ਸਨ ਕੀਤੇ, ਕਿਉਂਕਿ ਹਿੰਦੂ ਆਗੂਆਂ ਨਹਿਰੂ, ਗਾਂਧੀ ਆਦਿ ਨੇ ਜੋ ਸਿੱਖ ਕੌਮ ਨਾਲ ਵਿਧਾਨ ਬਣਨ ਤੋਂ ਪਹਿਲੇ ਬਚਨ, ਕੌਲ-ਇਕਰਾਰ ਕੀਤੇ ਸਨ, ਉਹ ਇਸ ਵਿਧਾਨ ਵਿਚ ਪੂਰਨ ਨਹੀਂ ਸਨ ਕੀਤੇ ਗਏ। ਸਿੱਖ ਕੌਮ ਵਿਚ ਉਪਰੋਕਤ ਹੁਕਮਰਾਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਵੱਡਾ ਰੋਸ ਅਤੇ ਖਫ਼ਾ ਹਨ। ਇਸ ਉ¤ਠੇ ਵੱਡੇ ਰੋਸ ਦਾ ਪਾੜਾ ਮੌਜੂਦਾ ਹੁਕਮਰਾਨਾਂ ਵਿਚਕਾਰ ਵੀ ਵਧਦਾ ਜਾ ਰਿਹਾ ਹੈ। ਇਸ ਵਧਦੇ ਜਾ ਰਹੇ ਪਾੜੇ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ 1973 ਵਿਚ ਜੋ ਸਮੁੱਚੀ ਸਿੱਖ ਲੀਡਰਸ਼ਿਪ ਨੇ ਸਰਬਸੰਮਤੀ ਨਾਲ ‘‘ਸ੍ਰੀ ਆਨੰਦਪੁਰ ਸਾਹਿਬ ਦਾ ਮਤਾ’’ ਪਾਸ ਕੀਤਾ ਸੀ ਅਤੇ 1994 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਨ ਤੇ ਪ੍ਰਣ ਕਰਦੇ ਹੋਏ ਸਮੁੱਚੀ ਸਿੱਖ ਲੀਡਰਸ਼ਿਪ ਨੇ ‘‘ਅੰਮ੍ਰਿਤਸਰ ਐਲਾਨਨਾਮੇ’’ ਦੇ ਤਹਿਤ ਆਪਣੀ ਜਮਹੂਰੀਅਤ ਤਰੀਕੇ ਆਜ਼ਾਦੀ ਪ੍ਰਾਪਤ ਕਰਨ ਦੀ ਗੱਲ ਮਿੱਥੀ ਸੀ, ਇਨ੍ਹਾਂ ਉਪਰੋਕਤ ਦੋਵੇਂ ਐਲਾਨਨਾਮੇ ਅਤੇ ਮਤਿਆਂ ਤਹਿਤ ਸਿੱਖ ਲੀਡਰਸ਼ਿਪ ਨਾਲ ਫਿਰ ਤੋਂ ‘‘ਟੇਬਲ-ਟਾਕ’’ ਸ਼ੁਰੂ ਕੀਤੀ ਜਾਵੇ ਤਾਂ ਜੋ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਕਾਨੂੰਨੀ, ਸਮਾਜਿਕ, ਇਖ਼ਲਾਕੀ ਅਤੇ ਧਾਰਮਿਕ ਮੰਗਾਂ ਨੂੰ ਆਪ ਜੀ ਸੁਹਿਰਦਤਾ ਨਾਲ ਪੂਰਨ ਕਰਕੇ ਹੁਕਮਰਾਨਾਂ ਨਾਲ ਬੀਤੇ ਸਮੇਂ ਵਿਚ ਵਿਗੜੇ ਸਬੰਧਾਂ ਨੂੰ ਫਿਰ ਤੋਂ ਸਹੀ ਅਤੇ ਸੁਖਾਵਾਂ ਬਣਾਇਆ ਜਾ ਸਕੇ।
11. ਬਠਿੰਡਾ ਜ਼ਿਲ੍ਹੇ ਦੇ ਭਿੱਸੀਆਣਾ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਹੋਈ ਸੀ, ਜਿਸ ਵਿਚ ਆਪ ਜੀ ਨੇ ਸ਼ਮੂਲੀਅਤ ਕੀਤੀ ਸੀਗ਼ ਉਸ ਤੋਂ ਪਹਿਲੇ 1 ਜੂਨ 2015 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸਨ। ਇਸ ਸਬੰਧੀ ਇਨਸਾਫ ਦਿੱਤਾ ਜਾਵੇ। ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਫਗਾਨੀਸਤਾਨ ਵਿਚ ਸਿੱਖਾਂ ਉਤੇ ਜਦੋਂ ਅਜਿਹਾ ਹਮਲਾ ਹੋਇਆ ਤਾਂ ਅਫ਼ਗਾਨੀਸਤਾਨ ਦੇ ਸਦਰ ਨੇ ਸਿੱਖਾਂ ਦੀ ਇਸ ਦੁੱਖ ਦੀ ਘੜੀ ਵਿਚ ਖੁਦ ਸਾਮਲ ਹੋ ਕੇ ਹਮਦਰਦੀ ਪ੍ਰਗਟ ਕੀਤੀ ਸੀ। ਆਪ ਜੀ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਬਰਗਾੜੀ ਵਿਖੇ ਨਾ ਪਹੁੰਚਣਾ ਵੀ ਵੱਡਾ ਪ੍ਰਸ਼ਨ ਚਿੰਨ੍ਹ ਹੈ? ਸਿੱਖ ਕੌਮ ਦੇ ਮਨਾਂ ਦੀ ਸੰਤੁਸ਼ਟੀ ਲਈ ਆਪ ਜੀ ਨੂੰ ਇਸ ਦਿਸ਼ਾ ਵੱਲ ਇਨਸਾਨੀਅਤ ਤੌਰ ’ਤੇ ਕੋਈ ਅਮਲ ਕਰਨਾ ਅਵੱਸ ਬਣਦਾ ਹੈ।
12. ਪੰਜਾਬ ਦੇ ਦਰਿਆਵਾਂ-ਨਹਿਰਾਂ ਦੇ ਪਾਣੀਆਂ ਉਤੇ ਰਿਪੇਰੀਅਨ ਕੌਮਾਂਤਰੀ ਕਾਨੂੰਨ ਅਨੂਸਾਰ ਪੰਜਾਬ ਦਾ ਕਾਨੂੰਨੀ ਅਧਿਕਾਰ ਅਤੇ ਹੱਕ ਬਣਦਾ ਹੈਗ਼ ਇਸਦੇ ਨਾਲ ਹੀ ਜੋ ਸਿੱਖ ਜ਼ਿੰਮੀਦਾਰਾਂ ਅਤੇ ਪੰਜਾਬੀਆਂ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ ਸੀ, ਜੋ ਇਲਾਕਾ ਕਾਨੂੰਨੀ ਤੌਰ ਤੇ ਅੱਜ ਵੀ ਪੰਜਾਬ ਦਾ ਹੈ, ਉਸ ਚੰਡੀਗੜ੍ਹ ਦੀ ਰਾਜਧਾਨੀ ਨੂੰ ਪੂਰਨ ਰੂਪ ਵਿਚ ਕਾਨੂੰਨੀ ਮਾਨਤਾ ਦੇ ਕੇ ਪੰਜਾਬ ਦੇ ਹਵਾਲੇ ਕੀਤਾ ਜਾਵੇ, 1966 ਦੇ ਪੰਜਾਬ ਪੂਨਰ ਗਠਨ ਐਕਟ ਦੇ ਰਾਹੀ ਪੰਜਾਬੀ ਇਲਾਕੇ ਬਾਹਰ ਕਰ ਦਿੱਤੇ ਸਨ ਕਿਉਂਕਿ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾ ਦਿੱਤੀ ਸੀ। ਉਨ੍ਹਾਂ ਸਾਰੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਕਾਨੂੰਨੀ ਮਾਨਤਾ ਦੇ ਕੇ ਪੰਜਾਬ ਨੂੰ ਵਾਪਸ ਦਿੱਤੇ ਜਾਣ, ਜੋ ਬਿਜਲੀ ਪੈਦਾ ਕਰਨ ਵਾਲੇ ਪੰਜਾਬ ਦੀਆਂ ਨਹਿਰਾਂ ਅਤੇ ਦਰਿਆਵਾਂ ਤੇ ਡੈਮ ਬਣੇ ਹੋਏ ਹਨ ਅਤੇ ਜਿਨ੍ਹਾਂ ਨੂੰ ਜ਼ਬਰੀ ਗੈਰ ਕਾਨੂੰਨੀ ਤਰੀਕੇ ਸੈਂਟਰ ਨੇ ਆਪਣੇ ਅਧੀਨ ਰੱਖਿਆ ਹੋਇਆ ਹੈ, ਇਸ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਤੁਰੰਤ ਖਤਮ ਕਰਕੇ ਇਨ੍ਹਾਂ ਡੈਮਾਂ ਦੀ ਮਲਕੀਅਤ ਕਾਨੂੰਨੀ ਤੌਰ ’ਤੇ ਪੂਰਨ ਰੂਪ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੌਂਪ ਕੇ ਉਨ੍ਹਾਂ ਦੀ ਆਤਮਿਕ ਸੰਤੁਸ਼ਟੀ ਕੀਤੀ ਜਾਵੇਗਾ।
ਪੂਰਨ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀਆਂ ਦੀਆਂ ਅੰਤਰੀਵ ਮਨੋਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਬਿਨ੍ਹਾਂ ਤੇ ਉਪਰੋਕਤ 12 ਮੁੱਖ ਸੰਜੀਦਾ ਮਸਲਿਆਂ ਦੇ ਹੱਲ ਲਈ ਅਤੇ ਸੈਂਟਰ ਦੇ ਹੁਕਮਰਾਨਾਂ ਨਾਲ ਸਦੀਵੀ ਤੌਰ ’ਤੇ ਸੁਖਾਵੇਂ ਅਤੇ ਸਹਿਜ ਭਰੇ ਸਬੰਧ ਕਾਇਮ ਕਰਨ ਹਿੱਤ ਯਾਦ-ਪੱਤਰ ਆਪ ਜੀ ਨੂੰ ਸਤਿਕਾਰ ਅਤੇ ਉਮੀਦ ਸਹਿਤ ਦਿੱਤਾ ਗਿਆ ਹੈ, ਆਪ ਜੀ ਇਨ੍ਹਾਂ ਉਪਰੋਕਤ 12 ਮਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਲੈਂਦੇ ਹੋਏ ਸੀਮਤ ਸਮੇਂ ਵਿਚ ਹੱਲ ਕਰਕੇ ਪੰਜਾਬੀਆਂ ਅਤੇ ਸਿੱਖ ਮਨਾਂ ਵਿਚ ਉਠੇ ਰੋਹ ਨੂੰ ਸ਼ਾਂਤ ਕਰਨ ਵਿਚ ਜਿਥੇ ਪਹਿਲ ਦੇ ਅਧਾਰ ਤੇ ਯੋਗਦਾਨ ਪਾਓਗੇ, ਉਥੇ ਪੰਜਾਬ ਅਤੇ ਕਸ਼ਮੀਰ ਦੇ ਸਰਹੱਦੀ ਸੂਬਿਆਂ ਵਿਚ ਸਥਾਈ ਤੌਰ ਤੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਕਸ਼ਮੀਰੀਆਂ, ਸਿੱਖਾਂ-ਪੰਜਾਬੀਆਂ ਨਾਲ ਇਨ੍ਹਾਂ ਮਸਲਿਆਂ ਦੇ ਸਹੀ ਹੱਲ ਲਈ ਜਲਦੀ ਹੀ ਗੱਲਬਾਤ ਦਾ ਦੌਰ ਸੁਰੂ ਕਰਕੇ, ਇੱਥੋਂ ਦੇ ਸਰਹੱਦੀ ਸੂਬਿਆਂ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਓਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਅਤੇ ਸਮੁੱਚੇ ਪੰਜਾਬੀ ਆਪ ਜੀ ਅਤੇ ਆਪ ਜੀ ਦੀ ਸੈਂਟਰ ਹਕੂਮਤ ਦੇ ਤਹਿ ਦਿਲੋਂ ਧੰਨਵਾਦੀ ਹੋਣਗੇ।
ਪੂਰਨ ਸਤਿਕਾਰ ਅਤੇ ਉਮੀਦ ਸਹਿਤ,
ਗੁਰੂ ਘਰ ਅਤੇ ਪੰਥ ਦੇ ਦਾਸ
ਸਿਮਰਨਜੀਤ ਸਿੰਘ ਮਾਨ, ਪ੍ਰਧਾਨ
ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ (ਦੋਵੇ ਜਰਨਲ ਸਕੱਤਰ)
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)