ਨਵੰਬਰ 1984 ਦੇ ਸਿੱਖ ਕਤਲੇਆਮ ’ਚ ਮੁੱਖ ਭੂਮਿਕਾ ਨਿਭਾਉਣ ਵਾਲਾ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀ ਹੁਣ ਜੇਲ੍ਹ ਦੀਆਂ ਰੋਟੀਆਂ ਖਾ ਰਹੇ ਹਨ। 34 ਸਾਲਾਂ ਦੀ ਬੇਕਿਰਕ ਅਦਾਲਤੀ ਲੜਾਈ ਵਿੱਚ ਆਖਿਰ ਸਿੱਖ ਭਾਈਚਾਰਾ ਇਨ੍ਹਾਂ ਕਾਤਲਾਂ ਨੂੰ ਉਮਰ ਭਰ ਲਈ ਜੇਲ੍ਹ ਭੇਜਣ ਵਿੱਚ ਸਫਲ ਹੋ ਗਿਆ। ਇਹ ਬਹੁਤ ਔਖੀ ਲੜਾਈ ਸੀ। ਪੂਰੀ ਸਥਾਪਨਾ ਕਾਤਲਾਂ ਦੀ ਮੱਦਦ ਕਰ ਰਹੀ ਸੀ। ਗਵਾਹਾਂ ਅਤੇ ਪੀੜਤ ਪਰਿਵਾਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਅਦਾਲਤਾਂ ’ਤੇ ਸਿਆਸੀ ਦਬਾਅ ਸੀ। ਸਮਾਜਿਕ ਮਾਹੌਲ ਵੀ ਸਿੱਖ ਭਾਈਚਾਰੇ ਦੇ ਪੱਖ ਵਿੱਚ ਨਹੀਂ ਸੀ। ਮੀਡੀਆ ਇਸ ਸਥਿਤੀ ਨੂੰ ਗੁੰਮਰਾਹਕੁੰਨ ਤਰੀਕੇ ਨਾਲ ਪੇਸ਼ ਕਰ ਰਿਹਾ ਸੀ। ਇਸ ਸਭ ਕੁੱਝ ਦੇ ਬਾਵਜੂਦ ਇਸ ਕੇਸ ਵਿੱਚ ਸਿੱਖ ਭਾਈਚਾਰੇ ਦੀ ਜਿੱਤ ਸੱਚਮੁੱਚ ਹੈਰਾਨੀਜਨਕ ਅਤੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦਾ ਕ੍ਰਿਸ਼ਮਾ ਹੀ ਹੈ। ਇਸ ਅਦਾਲਤੀ ਲੜਾਈ ਦੀ ਜਿੱਤ ਨੂੰ ਕਿਸੇ ਵੀ ਤਰ੍ਹਾਂ ਸਿਆਸੀ ਸਰਪ੍ਰਸਤੀ ਨਾਲ ਨਾ ਜੋੜਿਆ ਜਾਵੇ। ਇਹ ਜਿੱਤ ਨਿਰੋਲ ਨਿਸ਼ਚੇ ਅਤੇ ਆਸਥਾ ਦੀ ਹੈ। ਪੀੜਤ ਸਿੱਖ ਪਰਿਵਾਰਾਂ ਨੇ ਗੁਰੂ ’ਤੇ ਭਰੋਸਾ ਰੱਖਿਆ ਅਤੇ ਲਗਾਤਾਰ ਲੜਦੇ ਰਹੇ। ਇਸ ਲੜਾਈ ’ਚ ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਹੀ ਇਕ ਵੱਡੀ ਜਿੱਤ ਹਾਸਿਲ ਹੋਈ ਹੈ। ਇਹ ਕੋਈ ਅੰਤਿਮ ਜਿੱਤ ਨਹੀਂ ਹੈ। ਜਿੱਤਾਂ ਦਾ ਇਹ ਸਿਲਸਿਲਾ ਹਾਲੇ ਹੋਰ ਲੰਬਾ ਚਲੇਗਾ। ਕਿੰਨੇ ਹੀ ਕਾਤਲ ਬਾਹਰ ਆਜ਼ਾਦ ਘੁੰਮ ਰਹੇ ਹਨ। ਕਾਤਲਾਂ ਦੇ ਸਰਪ੍ਰਸਤ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ। ਭਾਰਤ ਸਰਕਾਰ ਦੇ ਸੁਰੱਖਿਆ ਦਸਤੇ ਕਾਤਲਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਰਖਵਾਲੀ ਕਰ ਰਹੇ ਹਨ। ਇਸ ਦੇ ਬਾਵਜੂਦ ਉਮੀਦ ਹਾਲੇ ਵੀ ਬਾਕੀ ਹੈ। ਉਮੀਦ ਹੈ ਕਿ ਕੁਝ ਹੋਰ ਕਾਤਲਾਂ ਨੂੰ ਇਸੇ ਤਰ੍ਹਾਂ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਮਜ਼ਬੂਰ ਹੋਣਾ ਪਵੇਗਾ। ਸਿੱਖ ਭਾਈਚਾਰੇ ਨੂੰ ਬਿਨਾਂ ਕਿਸੇ ਭੜਕਾਹਟ, ਸਹਿਜ ਨਾਲ ਇਹ ਲੜਾਈ ਜਾਰੀ ਰੱਖਣੀ ਹੋਵੇਗੀ। ਲੜਾਈ ਸਿਰਫ ਅਦਾਲਤ ਵਿੱਚ ਨਹੀਂ ਹੈ। ਇਹ ਲੜਾਈ ਦੇਸ਼ ਦੇ ਸਮਾਜਿਕ ਮਾਹੌਲ ਅਤੇ ਸਿਆਸੀ ਸਥਾਪਨਾ ਵਿਰੁੱਧ ਵੀ ਹੈ। ਇਸ ਲੜਾਈ ਵਿੱਚ ਸਿੱਖ ਭਾਈਚਾਰਾ ਜ਼ਰੂਰ ਜਿੱਤੇਗਾ। ਸਿੱਖਾਂ ਨੂੰ ਕਤਲ ਕਰਨ ਵਾਲੇ ਚੈਨ ਦੀ ਨੀਂਦ ਨਹੀਂ ਸੌਂ ਸਕਣਗੇ। ਹਰ ਸਿੱਖ ਦਾ ਇਹ ਫਰਜ਼ ਹੈ ਕਿ ਉਹ ਕਾਤਲਾਂ ਦੀ ਨੀਂਦ ਹਰਾਮ ਕਰਕੇ ਰੱਖੇ। ਕਾਤਲਾਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਅਰਦਾਸਾਂ ਅਤੇ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਭਾਰਤ ਉਪਰ ਸਿੱਖਾਂ ਦਾ ਸਭ ਤੋਂ ਵੱਧ ਹੱਕ ਬਣਦਾ ਹੈ। ਮੁਗਲ ਕਾਲ ਅਤੇ ਬਾਅਦ ਵਿੱਚ ਅੰਗਰੇਜ਼ੀ ਰਾਜ ਦੀ ਗੁਲਾਮੀ ਤੋਂ ਆਜ਼ਾਦੀ ਲਈ ਸਿੱਖ ਭਾਈਚਾਰੇ ਨੇ ਭਾਰਤ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਇਸ ਯੋਗਦਾਨ ਦੇ ਬਦਲੇ ਸਿੱਖ ਭਾਈਚਾਰੇ ਨੂੰ ਉਨ੍ਹਾਂ ਦਾ ਹੱਕ ਅਜੇ ਤੱਕ ਨਹੀਂ ਮਿਲਿਆ। ਭਾਰਤ ਦਾ ਸੰਵਿਧਾਨ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਪ੍ਰਵਾਨ ਨਹੀਂ ਕਰਦਾ। ਸਿੱਖਾਂ ਨੂੰ ਸਥਾਪਨਾ ਵੱਲੋਂ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਗਿਆ ਹੈ। ਇਹ ਸਿੱਖਾਂ ਦਾ ਹੀ ਹੌਂਸਲਾ ਹੈ ਕਿ ਉਹ ਸਾਰੇ ਵਿਰੋਧੀ ਹਾਲਾਤਾਂ ਤੋਂ ਬਾਵਜੂਦ ਦੂਸਰੇ ਭਾਈਚਾਰਿਆਂ ਤੋਂ ਅੱਗੇ ਹਨ ਅਤੇ ਹਰ ਖੇਤਰ ਵਿੱਚ ਸਭ ਨੂੰ ਪਛਾੜ ਰਹੇ ਹਨ। ਹੁਣ ਤਾਂ ਹਾਲਾਤ ਇਹ ਹੈ ਕਿ ਸਿੱਖ ਇਕ ਸੰਸਾਰ ਤਾਕਤ ਬਣ ਗਏ ਹਨ। 80 ਤੋਂ ਵੱਧ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਗੂੜ੍ਹੀ ਧਾਰਮਿਕ, ਸਮਾਜਿਕ ਅਤੇ ਸਿਆਸੀ ਪਹਿਚਾਣ ਕਾਇਮ ਕਰ ਲਈ ਹੈ। ਇਸ ਪਹਿਚਾਣ ਦਾ ਹੀ ਕ੍ਰਿਸ਼ਮਾ ਹੈ ਕਿ ਹੁਣ ਭਾਰਤ ਵਿੱਚ ਸਿੱਖ ਭਾਈਚਾਰੇ ਨੂੰ 1984 ਦੀ ਤਰ੍ਹਾਂ ਜ਼ੁਲਮ ਅਤੇ ਅੱਤਿਆਚਾਰ ਦਾ ਸ਼ਿਕਾਰ ਬਣਾਉਣਾ ਆਸਾਨ ਨਹੀਂ ਹੈ। ਸਿੱਖ ਭਾਈਚਾਰੇ ਦੀ ਨਵੀਂ ਹੈਸੀਅਤ ਅਤੇ ਪ੍ਰਾਪਤੀ ਨੇ ਹੀ ਹਾਲਾਤ ਬਦਲੇ ਹਨ। ਸਿੱਖ ਭਾਈਚਾਰਾ ਹੁਣ ਸੰਸਾਰ ਵਿੱਚ ਵੱਡੀ ਆਰਥਿਕ ਤਾਕਤ ਵੀ ਬਣ ਗਿਆ ਹੈ। ਸੰਸਾਰ ਭਰ ਵਿੱਚ ਸਿੱਖਾਂ ਦੇ ਵੱਡੇ-ਵੱਡੇ ਕਾਰੋਬਾਰ ਹਨ। ਇਸ ਸਭ ਦੇ ਚਲਦਿਆਂ ਸਿੱਖ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਮਾਯੂਸ ਜਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਸਿੱਖ ਭਾਈਚਾਰੇ ਨੂੰ ਮਾਣ ਨਾਲ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਦੇ ਕਾਤਲ ਨਾ ਪਹਿਲਾਂ ਸੁੱਕੇ ਨਿਕਲੇ ਹਨ ਨਾ ਹੁਣ ਨਿਕਲਣਗੇ। ਸਿੱਖਾਂ ਦੇ ਹਰ ਕਾਤਲ ਨੂੰ ਹਿਸਾਬ ਦੇਣਾ ਹੋਵੇਗਾ। ਸਿੱਖ ਭਾਈਚਾਰਾ ਸ਼ਾਂਤੀ ਨਾਲ ਜਿਉਣ ’ਚ ਵਿਸ਼ਵਾਸ ਰੱਖਦਾ ਹੈ ਪਰ ਜਦੋਂ ਕੋਈ ਉਨ੍ਹਾਂ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਤਾਂ ਉਹ ਇਸ ਦਾ ਢੁੱਕਵਾਂ ਜਵਾਬ ਵੀ ਦੇਣ ਜਾਣਦੇ ਹਨ। ਸਿੱਖਾਂ ਦੇ ਕਾਤਲਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੀੜੇ-ਮਕੋੜੇ ਨਹੀਂ ਹਨ। ਉਹ ਲੜਨਾ-ਮਰਨਾ ਜਾਣਦੇ ਹਨ। ਦੁਰਜਨ ਸੱਜਣ ਦੀ ਤਰ੍ਹਾਂ ਉਹ ਹਰ ਇਕ ਦਾ ਹਿਸਾਬ ਬਰਾਬਰ ਕਰਨਗੇ। ਸਿੱਖ ਭਾਈਚਾਰੇ ਦਾ ਸ਼ਾਨਾਮੱਤਾ ਇਤਿਹਾਸ ਸਿਰਜਣ ਵਾਲੇ ਸਾਰੇ ਸੂਰਬੀਰਾਂ ਅਤੇ ਯੋਧਿਆਂ ਨੂੰ ‘ਪੰਜਾਬ ਟਾਇਮਜ਼’ ਸਲਾਮ ਕਰਦਾ ਹੈ।
– ਬਲਜੀਤ ਸਿੰਘ ਬਰਾੜ