ਅਦਾਕਾਰੀ ਅਤੇ ਇੰਜੀਨੀਅਰਿੰਗ ਦਾ ਸੁਮੇਲ : ਮਿਰਗਿੰਦਰਾ ਮੋਹਨ ਸਿਆਲ

ਇਸ਼ਕ ਅਤੇ ਸ਼ੌਕ ਦਾ ਨਾ ਤਾਂ ਮੁਲ ਹੁੰਦਾ ਹੈ ਅਤੇ ਨਾ ਹੀ ਮਿਕਦਾਰ ਹੁੰਦੀ ਹੈ। ਇਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਇਨ੍ਹਾਂ ਤੋਂ ਵਰਜਿਆ ਜਾ ਸਕਦਾ ਹੈ। ਅਜਿਹਾ ਹੀ ਇਕ ਵਿਅਕਤੀ ਹੈ ਇੰਜਿਨੀਅਰ ਐਮ.ਐਮ.ਸਿਆਲ, ਜਿਹੜਾ ਇਨ੍ਹਾਂ ਦੋਵੇਂ ਰੋਗਾਂ ਦਾ ਮਰੀਜ ਹੈ, ਜਿਸ ਕਰਕੇ ਉਸਨੂੰ ਤੀਜਾ ਰੋਗ ਅਦਾਕਾਰੀ ਦਾ ਬਚਪਨ ਵਿਚ ਹੀ ਲੱਗ ਗਿਆ ਸੀ। ਜਿਸ ਕਾਰਨ ਉਹ ਸੁੱਧ ਬੁੱਧ ਭੁਲ ਬੈਠਾ। ਅਦਾਕਾਰੀ ਕਰਦੇ ਸਮੇਂ ਉਹ ਦੁਨਿਆਵੀ ਜ਼ਿੰਦਗੀ ਤੋਂ ਕਿਨਾਰਾ ਕਰ ਲੈਂਦਾ ਹੈ। ਅਦਾਕਰੀ ਵਿਚ ਉਹ ਐਨਾ ਮਸਤ ਹੋ ਜਾਂਦਾ ਹੈ ਕਿ ਉਹ ਅਦਾਕਰੀ ਨੂੰ ਹੀ ਆਪਣੀ ਅਸਲੀ ਦੁਨਿਆਵੀ ਜ਼ਿੰਦਗੀ ਸਮਝ ਬੈਠਦਾ ਹੈ। ਉਸਦੀ ਅਦਾਕਾਰੀ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਉਹ ਸਮਝਦਾ ਹੈ ਕਿ ਕਲਾਕਾਰ ਲਈ ਰੋਲ ਕੋਈ ਵੱਡਾ ਛੋਟਾ ਨਹੀਂ ਹੁੰਦਾ। ਉਸ ਵਿਚੋਂ ਇੰਜਿਨੀਅਰ ਐਮ ਐਮ ਸਿਆਲ ਲੁਪਤ ਹੋ ਜਾਂਦਾ ਹੈ। ਵਕੀਲਾਂ ਦੇ ਪਰਿਵਾਰ ਵਿਚ ਪਿਤਾ ਮਦਨ ਮੋਹਨ ਸਿਆਲ ਦੇ ਘਰ ਜਨਮ ਲੈ ਕੇ ਦਲੀਲਾਂ ਦੀ ਦੁਨੀਆਂ ਵਿਚੋਂ ਬਾਹਰ ਨਿਕਲਕੇ, ਭਾਵਨਾਤਮਿਕ ਜ਼ਿੰਦਗੀ ਜਿਓਣ ਨੂੰ ਪਹਿਲ ਦੇਣ ਲੱਗ ਪਿਆ। ਇੰਜਿਨੀਅਰਿੰਗ ਅਤੇ ਅਦਾਕਾਰੀ ਦਾ ਸੁਮੇਲ ਇੰਜਨੀਅਰ ਮਿਰਗਿੰਦਰਾ ਮੋਹਨ ਸਿਆਲ ਮਿਕਨਾਤੀਸੀ ਪ੍ਰਤਿਭਾ ਦਾ ਮਾਲਕ ਹੈ। ਅਦਾਕਾਰੀ ਦਾ ਸ਼ੌਕ ਉਸਨੂੰ ਥਾਪਰ ਕਾਲਜ ਪਟਿਆਲਾ ਵਿਚ ਇੰਜਿਨੀਅਰਿੰਗ ਦੀ ਪੜ੍ਹਾਈ ਕਰਦਿਆਂ ਲੱਗ ਗਿਆ ਸੀ। ਉਸਨੇ ਸਭ ਤੋਂ ਪਹਿਲਾ ਰੋਲ ‘‘ਦਿਲ ਦੀ ਦੁਕਾਨ’’ ਨਾਟਕ ਵਿਚ ਨੌਕਰ ਦਾ ਕਿਰਦਾਰ ਨਿਭਾਕੇ ਕੀਤਾ। ਗਿਆਨ ਗੱਖੜ, ਜਗਜੀਤ ਸਰੀਨ ਅਤੇ ਬਾਅਦ ਵਿਚ ਡਾ.ਅਜਮੇਰ ਔਲਖ ਦੇ ਨਾਟਕਾਂ ਵਿਚ ਅਦਾਕਾਰੀ ਕਰਨ ਲਈ ਉਤਸ਼ਾਹ ਮਿਲਿਆ। ਡਾ.ਅਜਮੇਰ ਔਲਖ ਦੇ ‘‘ਬਿਗਾਨੇ ਬੋਹੜ ਦੀ ਛਾਂ ਹੇਠ’’ ਨਾਟਕ ਵਿਚ ਉਸਦੀ ਅਦਾਕਾਰੀ ਨੇ ਉਸਦੀ ਧਾਂਕ ਜਮਾ ਦਿੱਤੀ। ਉਸਦੀ ਨੌਕਰੀ ਦਾ ਕਾਰਜ ਖੇਤਰ ਵੀ ਸਮਾਜਿਕ ਤਾਣੇ ਬਾਣੇ ਲਈ ਵਧੀਆ ਢਾਂਚਾ ਬਣਾਕੇ ਦੇਣਾ ਹੈ ਜੋ ਉਸਦੀ ਸੁਹਜਾਤਿਮਿਕ ਪ੍ਰਵਿਰਤੀ, ਕਲਾਕਾਰੀ, ਅਦਾਕਾਰੀ ਅਤੇ ਉਸਾਰੂ ਸੋਚ ਲਈ ਢੁਕਵਾਂ ਹੈ। ਆਪਣੀ ਸਰਕਾਰੀ ਡਿਊਟੀ ਵਿਚ ਉਹ ਆਮ ਜਨਤਾ ਦੇ ਰਹਿਣ ਸਹਿਣ ਅਤੇ ਸਮਾਜ ਵਿਚ ਵਿਚਰਣ ਲਈ ਸਿਵਕ ਸਹੂਲਤਾਂ ਪ੍ਰਦਾਨ ਕਰਦਾ ਹੈ। ਭਾਵੇਂ ਉਹ ਆਪਣੀ ਨੌਕਰੀ ਵਿਚ ਸੰਤੁਸ਼ਟ ਜਾਪਦਾ ਹੈ ਪ੍ਰੰਤੂ ਉਸਦੀ ਮਾਨਸਿਕਤਾ ਕਲਾਕਾਰੀ ਅਤੇ ਅਦਾਕਾਰੀ ਨਾਲ ਕਸ਼ਮਕਸ਼ ਕਰਦੀ ਰਹਿੰਦੀ ਹੈ। ਹਰ ਵਕਤ ਡਾਇਲਾਗ ਗੁਣ ਗੁਣਾਉਂਦਾ ਰਹਿੰਦਾ ਹੈ ਤਾਂ ਜੋ ਆਪਣੇ ਰੋਲ ਨਾਲ ਇਨਸਾਫ ਕਰ ਸਕੇ। ਭਾਵੇਂ ਉਹ ਵੱਡੇ ਅਹੁਦੇ ਉਪਰ ਤਾਇਨਾਤ ਹੈ, ਅਦਾਕਾਰੀ ਕਰਨ ਲਈ ਰੋਲ ਕੋਈ ਵੀ ਛੋਟੇ ਤੋਂ ਛੋਟਾ ਮਿਲ ਜਾਵੇ ਉਹ ਉਸ ਰੋਲ ਨੂੰ ਵੀ ਬਾਖ਼ੂਬੀ ਨਿਭਾਉਂਦਾ ਹੈ। ਨਮਰਤਾ ਅਹੁਦੇ ਨਾਲੋਂ ਵੀ ਜ਼ਿਆਦਾ ਹੈ, ਜਿਸ ਕਰਕੇ ਉਹ ਹਰ ਕਿਰਦਾਰ ਨਿਭਾਉਣ ਵਿਚ ਸਫਲ ਹੋ ਜਾਂਦਾ ਹੈ। ਸਰਕਾਰੀ ਨੌਕਰੀ ਦੌਰਾਨ ਆਮ ਲੋਕਾਂ ਨੂੰ ਆਪਣਾ ਜੀਵਨ ਬਸਰ ਕਰਨ ਵਿਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹੁੰਦੀਆਂ ਹਨ ਉਹ ਉਨ੍ਹਾਂ ਨੂੰ ਨਾਟਕਾਂ ਰਾਹੀਂ ਦਰਸਾਉਣ ਦੀ ਇੱਛਾ ਪ੍ਰਜਵਲਿਤ ਹੋ ਜਾਂਦੀ ਹੈ। ਉਹ ਦਫ਼ਤਰੀ ਕੰਮਾਂ ਤੋਂ ਵਿਹਲਾ ਹੋ ਕੇ ਨਾਟਕਾਂ ਦੀਆਂ ਰੀਹਰਸਲਾਂ ਵਿਚ ਜੁਟ ਜਾਂਦਾ ਹੈ। ਸਮਾਜ ਵਿਚ ਵਿਚਰਦਿਆਂ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਵੇਖਕੇ ਉਹ ਪਸੀਜ ਜਾਂਦਾ ਹੈ, ਫਿਰ ਉਹ ਉਨ੍ਹਾਂ ਘਟਨਾਵਾਂ ਨੂੰ ਨਾਟਕਾਂ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਉਸਦੀ ਅਦਾਕਾਰੀ ਅਮਿਟ ਛਾਪ ਛੱਡ ਜਾਂਦੀ ਹੈ। ਮਾਨਸਿਕ ਥਕੇਵਾਂ ਲਾਹੁਣ ਲਈ ਉਹ ਅਦਾਕਾਰੀ ਕਰਦਾ ਲੱਗਦਾ ਹੈ। ਅਦਾਕਾਰੀ ਉਸਦੀ ਰੂਹ ਦੀ ਖ਼ੁਰਾਕ ਹੈ। ਹੁਣ ਤੱਕ ਉਸਨੇ ਦੋ ਦਰਜਨ ਤੋਂ ਵੱਧ ਨਾਟਕਾਂ ਵਿਚ ਮੁੱਖ ਭੂਮਿਕਾ ਨਿਭਾਈ ਹੈ। ਨਾਟਕਾਂ ਵਿਚ ਆਪਣੇ ਰੋਲ ਨੂੰ ਵੰਗਾਰ ਸਮਝਕੇ ਕਰਦਾ ਹੈ। ਨਾਟਕਾਂ ਦੇ ਨਿਰਦੇਸ਼ਕਾਂ ਨੂੰ ਉਸਦੀ ਪੂਰੀ ਖੁਲ੍ਹ ਹੈ ਕਿ ਉਸਨੂੰ ਉਹ ਰੋਲ ਦਿੱਤਾ ਜਾਵੇ, ਜਿਸਨੂੰ ਕੋਈ ਹੋਰ ਕਲਾਕਾਰ ਕਰਨ ਨੂੰ ਤਿਆਰ ਨਾ ਹੋਵੇ, ਜਿਹੜਾ ਨਿਭਾਉਣਾ ਵੰਗਾਰ ਹੋਵੇ। ਹਰ ਔਖੇ ਤੋਂ ਔਖੇ ਰੋਲ ਨੂੰ ਉਹ ਖ਼ੁਸ਼ੀ ਨਾਲ ਪ੍ਰਵਾਨ ਕਰਦਾ ਹੀ ਨਹੀਂ ਸਗੋਂ ਬਿਹਤਰੀਨ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। ਉਸਨੇ ਕਈ ਟੀ.ਵੀ.ਸ਼ੋ ਅਤੇ ਨਾਟਕਾਂ ਵਿਚ ਵਕੀਲ, ਪ੍ਰੋਫ਼ੈਸਰ, ਜੱਜ, ਅਧਿਆਪਕ, ਅਧਿਕਾਰੀ, ਨੇਤਾ, ਕਲਰਕ ਅਤੇ ਪਾਖੰਡੀ ਸਾਧਾਂ ਦੇ ਰੋਲ ਬਿਹਤਰੀਨ ਢੰਗ ਨਾਲ ਕੀਤੇ ਹਨ। ਦੂਰਦਰਸ਼ਨ ਜ¦ਧਰ ਤੋਂ ਹਸਦਾ ਪੰਜਾਬ ਸੀਰਅਲ ਦੇ 40 ਐਪੀਸੋਡ ਵਿਚ ਰੋਲ ਕੀਤਾ। ਦੂਰ ਦਰਸ਼ਨ ਕਸ਼ਮੀਰ ਤੋਂ ਟੈਲੀਕਾਸਟ ਹੋਏ ਸੀਰੀਅਲ ਵਿਚ ਇਕ ਹੈਦਰਾਬਾਦੀ ਅਮੀਰ ਵਿਅਕਤੀ ਦਾ ਕਿਰਦਾਰ ਨਿਭਾਕੇ ਨਾਮਣਾ ਖੱਟਿਆ। ਇਸੇ ਤਰ੍ਹਾਂ ਟੈਲੀ ਨਾਟਕ ‘ਏਹੋ ਤੇਰਾ ਅਪਮਾਨ’ ਵਿਚ ਵਕੀਲ, ਟੈਲੀ ਪਲੇਅ ‘ਕਬੂਤਰ’ ਵਿਚ ਜੱਜ, ਸੰਜੋਗ ਵਿਚ ਡਾਕਟਰ, ਖਿੜਕੀ ਵਿਚ ਐਕਸੀਅਨ, ‘ਮਿਸ ਸਾਫਟ’ ਵਿਚ ਐਸ.ਐਚ.ਓ, ਫਰਜ ਵਿਚ ਆਰਕੀਟੈਕਟ, ਭਾਗਾਂਵਾਲੀਆਂ ਵਿਚ ਪ੍ਰੋਫ਼ੈਸਰ, ਟੈਲੀ ਫਿਲਮ ‘‘ਬੀ.ਐਮ.ਸੀ.ਚੌਕ ਤੋਂ ਬਠਿੰਡਾ’’ ਵਿਚ ਆਈ.ਪੀ. ਐਸ.ਆਫੀਸਰ, ਦੀਵਾਰੇਂ ਨਾਟਕ ਵਿਚ ਹਾਜੀ, ਨਾਟਕ ਕਦੋਂ ਤੱਕ ਵਿਚ ਨੇਤਾ, ਕੋਈ ਦਿਓ ਜਵਾਬ ਵਿਚ ਕਲਰਕ ਅਤੇ ਬੋਦੀ ਵਾਲਾ ਤਾਰਾ ਵਿਚ ਸਾਧੂ ਦਾ ਰੋਲ ਅਦਾ ਕੀਤਾ। ਉਸਦੇ ਪਸੰਦੀਦਾ ਨਾਟਕ ਸਮਾਜਿਕ ਵਿਸ਼ਿਆਂ ਨਾਲ ਸੰਬੰਧਤ ਹੁੰਦੇ ਹਨ। ਅਜੋਕੇ ਸਮੇਂ ਵਿਚ ਨਸ਼ਿਆਂ ਨਾਲ ਸੰਬੰਧਤ ਵਿਸ਼ਿਆਂ ਦੇ ਦੋ ਨਾਟਕ ‘‘ਕੋਈ ਦਿਓ ਜਵਾਬ’’ ਅਤੇ ‘‘ਕਦੋਂ ਤੱਕ‘‘ਜਿਹੜੇ ਨਿਰਦੇਸ਼ਕਾ ਪਰਮਿੰਦਰਪਾਲ ਕੌਰ ਨੇ ਨਿਰਦੇਸਤ ਕੀਤੇ ਹਨ, ਉਨ੍ਹਾਂ ਦੋਹਾਂ ਵਿਚ ਐਮ.ਐਮ.ਸਿਆਲ ਨੇ ਬਿਹਰੀਨ ਰੋਲ ਅਦਾ ਕੀਤੇ ਹਨ। ਉਸਦੀ ਇਕ ਟੈਲੀ ਫ਼ਿਲਮ ‘‘ਅੱਠੇ ਤੇ ਦਹਿਲਾ’’ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਨਸ਼ਿਆਂ ਦੀ ਸਮਾਜਿਕ ਬੁਰਾਈ ਦੇ ਖਿਲਾਫ ਆ ਰਹੀ ਹੈ। ਉਸਦਾ ਪਰਿਵਾਰ ਪਟਿਆਲਾ ਵਿਖੇ ਪੱਕੇ ਤੌਰ ਤੇ ਰਹਿੰਦਾ ਹੈ।
ਅੱਜ ਕਲ੍ਹ ਉਹ ਸੁਪ੍ਰਸਿੱਧ ਨਿਰਦੇਸ਼ਕਾ ਪਰਮਿੰਦਰਪਾਲ ਕੌਰ ਦੀ ਕਲਾਕ੍ਰਿਤੀ ਸੰਸਥਾ ਨਾਲ ਜੁੜਿਆ ਹੋਇਆ ਹੈ। ਇਸ ਲਈ ਪਬਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਅਧੀਨ ਹੋਣ ਵਾਲੇ ਨਾਟਕਾਂ ਵਿਚ ਰੋਲ ਅਦਾ ਕਰਦਾ ਹੈ। ਪਰਿਵਾਰ ਵੱਲੋਂ ਉਸਦੀ ਪਤਨੀ ਪ੍ਰੋਫ਼ੈਸਰ ਸੀਮਾ ਸਿਆਲ ਅਤੇ ਬੇਟੀ ਬਿਭੂਤੀ ਸਿਆਲ ਉਸਨੂੰ ਹਮੇਸ਼ਾ ਅਦਾਕਾਰੀ ਕਰਨ ਲਈ ਉਤਸ਼ਾਹਤ ਕਰਦੀਆਂ ਹਨ।

Send this to a friend