Skip to content
Independent perspectives. Global stories.
BREAKING

ਆਵੀਂ ਤੂੰ ਕੁਝ ਰੰਗ ਲੈ ਸੁਹਾਣੇ

Share this story

ਅੱਜ ਜੋ ਸੂਰਜ ਚੜਿਆ, ਇਸਨੇ ਆਖਿਰ ਸ਼ਾਮ ਨੂੰ ਰਾਤ ਅਤੇ ਚੰਨ ਤਾਰਿਆਂ ਨੂੰ ਵੀ ਆਉਣ ਦਾ ਮੌਕਾ ਦੇਣਾ ਹੀ ਹੈ। ਇਸੇ ਤਰ੍ਹਾਂ ਹੀ ਜਿੰਦਗੀ ਇੱਕ-ਇੱਕ ਦਿਨ ਕਰਕੇ ਹਫ਼ਤੇ, ਮਹੀਨੇ ਸਾਲਾਂ ’ਚ ਨਾਪੀ ਜਾ ਰਹੀ ਹੈ। ਹਰ ਦਿਨ ਬੀਤ ਕੇ ਅਗਲੇ ਦਿਨ ਦੀ ਇੰਤਜਾਰ, ਦੀ ਆਸ ਦਾ ਦੀਵਾ ਬਾਲ ਜਾਂਦਾ ਹੈ। ਨਵਾਂ ਸਾਲ ਦੇਸੀ ਸੰਮਤ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਹੀ ਈਸਵੀ ਜਨਵਰੀ ਮਹੀਨੇ ਤੋਂ ਨਵਾ ਸਾਲ ਚੜ੍ਹਦਾ। ਫਿਰ ਇੱਕ-ਇੱਕ ਦਿਨ ਕਰਕੇ ਹਫ਼ਤੇ, ਮਹੀਨੇ ਤੇ ਸਾਲ- ਵੀ ਮੁੱਕ ਕੇ ਔਹ ਜਾਂਦਾ ਤੇ ਨਵਾਂ ਵਰ੍ਹਾਂ ਨਵੀਂਆਂ ਆਸਾਂ, ਉਮੀਦਾਂ ਲੈ ਆ ਦਸਤਕ ਦਿੰਦਾ ਹੈ, ਸਾਡੇ ਵਿਹੜੇ, ਸਾਡੇ ਦਰਾਂ ਤੇ ਚਾਈਂ-ਚਾਈਂ।
ਜ਼ਿੰਦਗੀ ਵੀ ਇਸੇ ਤਰ੍ਹਾਂ ਚਲਦੀ ਰਹਿੰਦੀ ਹੈ। ਕਦੀ ਖੁਸ਼ੀਆਂ, ਕਦੀ ਗਮ, ਕਦੀ ਤਿੱਖੜ ਦੁਪਹਿਰਾ, ਕਦੇ ਕੋਸੀਆਂ ਧੁੱਪਾਂ — ਤੇ — ਤੇ ਇਸੇ ਤਰ੍ਹਾਂ ਹੀ ਜਿੰਦਗੀ ਦੇ ਚਰਖੇ ਤੇ ਪੂਣੀਆਂ ਕੱਤ ਹੁੰਦੀਆਂ ਰਹਿਣਗੀਆਂ ਤੇ ਸਾਲ ਦੇ ਸਾਲ ਗਲੋਏ ਬਣ ਲਹਿੰਦੇ ਰਹਿਣਗੇ।
ਹਰ ਸਾਲ ਜਦੋਂ ਨਵਾਂ ਸਾਲ ਚੜ੍ਹਦਾ ਹੈ ਤਾਂ ਅਸੀਂ ਬਹੁਤ ਸਾਰੀਆਂ ਆਸਾਂ ਉਮੀਦਾਂ ਰੱਖਦੇ ਹਾਂ ਨਵੇਂ ਸਾਲ ਦੀ ਆਮਦ ਤੇ ਜੋ ਕੰਮ ਸਾਡੇ ਪਿਛਲੇ ਬੀਤੇ ਵਰ੍ਹੇ ਨਹੀਂ ਹੋ ਸਕੇ, ਅਸੀਂ ਆਸ ਰੱਖਦੇ ਹਾਂ ਕਿ ਇਸ ਚੜੇ ਸਾਲ ਉਹ ਜਰੂਰ ਪੂਰੇ ਹੋ ਜਾਣ। ਕਈ ਵਾਰ ਬੀਤਿਆ ਵਰ੍ਹਾਂ ਸਾਡੇ ਲਈ ਕਈ ਮਿੱਠੀਆਂ ਯਾਦਾਂ ਤੇ ਕੌੜੀਆਂ ਯਾਦਾਂ ਵੀ ਛੱਡ ਜਾਂਦਾ ਹੈ। ਸਾਨੂੰ ਚਾਹੀਦਾ ਕਿ ਮਿੱਠੀਆਂ ਤੇ ਪਿਆਰੀਆਂ ਗੱਲਾਂ ਨੂੰ ਆਪਣੇ ਨਾਲ ਇਸ ਨਵੇਂ ਚੜ੍ਹੇ ਵਰ੍ਹੇ ਵਿੱਚ ਸ਼ਾਮਿਲ ਕਰੀਏ ਤੇ ਕੌੜੀਆਂ ਯਾਦਾਂ ਨੂੰ ਭੁੱਲ ਕੇ ਨਵੇਂ ਸਾਲ ਬੀਤੇ ਸਮੇਂ ਦਾ ਹਿੱਸਾ ਸਮਝ ਛੱਡ ਦਈਏ।
ਪਰ, ਪਰ ਫੇਰ ਵੀ ਕਈ ਵਾਰ ਬੀਤਿਆ ਸਮਾਂ ਕੁੱਝ ਬਹੁਤ ਹੀ ਡੂੰਘੇ ਜ਼ਖਮ ਦੇ ਜਾਂਦਾ ਹੈ। ਇਹ ਸਮਾਜਿਕ ਅਤੇ ਸਾਡੇ ਆਪਣੇ ਨਾਲ ਵੀ ਹੋ ਸਕਦੇ । ਬੀਤੇ ਸਾਲ ਕੁੱਝ ਬਹੁਤ ਹੀ ਦਰਦਨਾਕ ਹਾਦਸੇ ਹੋਏ। ਕਈ ਸੜਕੀ ਹਾਦਸਿਆਂ ਵਿੱਚ ਘਰਾਂ ਦੇ ਚਿਰਾਗ ਬੁਝੇ। ਕਈ ਅਣਹੋਈਆਂ ਘਟਨਾਵਾਂ ਹੋਈਆਂ। ਜਿਨ੍ਹਾਂ ਨੂੰ ਅਸੀਂ ਭੁੱਲ ਤਾਂ ਨਹੀਂ ਸਕਦੇ, ਪਰ ਬਾਕੀਆਂ ਲਈ ਸਬਕ ਦੇ ਤੌਰ ਤੇ ਲੈ ਸਕਦੇ ਹਾਂ। ਕੋਸ਼ਿਸ਼ ਕਰੀਏ ਕਿ ਅੱਗੋਂ ਜਾਂ ਇਸ ਵਰ੍ਹੇ ਇਹ ਭੁੱਲਾਂ ਨਾ ਹੋਣ। ਜਿੰਦਗੀ ਦੇ ਫੁੱਲ ਖਿੜੇ ਰਹਿਣ।
ਬੀਤੇ ਵਰ੍ਹੇ ਕਈ ਬਹੁਤ ਹੀ ਘਿਨਾਉਣੀਆਂ ਵਾਰਦਾਤਾਂ ਵੀ ਹੋਈਆਂ। ਨਿੱਕੀ ਬਾਲੜੀਆਂ ਹਵਸ ਦਾ ਸ਼ਿਕਾਰ ਹੋਈਆਂ। ਅਜਿਹੀਆਂ ਘਟਨਾਵਾਂ ਨਾਲ ਹਿਰਦੇ ਵਲੂਧਰੇ ਜਾਂਦੇ ਨੇ। ਦਿਲ ਰੌਂਦਾ ਹੈ। ਪਰ– ਪਰ ਕੀ ਅਜਿਹੇ ਗਲਤ ਅਨਸਰਾਂ ਨੂੰ ਕਦੇ ਠੱਲ ਪੈ ਸਕੇਗੀ ? ਕੀ ਇਸ ਵਰ੍ਹੇ ਅਜਿਹਾ ਨਾ ਵਾਪਰੇ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ? ਜਾਂ ਸਾਡੀਆਂ ਸਰਕਾਰਾਂ ਜਾਂ ਕਾਨੂੰਨ ਅਜਿਹਾ ਨਾ ਹੋਵੇ ਲਈ ਵਚਨਬੱਧ ਹੋਏਗਾ।
ਇਸ ਨਵੇਂ ਵਰ੍ਹੇ ਵਿੱਚ ਅਸੀਂ ਕੁੱਝ ਗੱਲਾਂ ਨੂੰ ਜਰੂਰ ਆਪਣੀ ਜਿੰਦਗੀ ’ਚ ਸ਼ਾਮਿਲ ਕਰੀਏ ਤੇ ਤੇ ਨਾਲ-ਨਾਲ ਸਮਾਜ ਨੂੰ ਵੀ ਇਹ ਗੱਲਾਂ ਅਪਨਾਉਣ ਲਈ ਲੋੜੀਂਦੇ ਕਾਰਜ, ਹੰਬਲੇ ਮਾਰੀਏ—–।
ਪਾਣੀ ਦਿਨੋ-ਦਿਨ ਖ਼ਤਮ ਹੋ ਰਿਹਾ। ਲੋਕਾਂ ਨੇ ਇਸਦੀ ਦੁਰ ਵਰਤੋਂ ਕਰਕੇ ਇਸ ਨੂੰ ਖਤਮ ਹੋਣ ਦੀ ਕਿਨਾਰੇ ਲਿਆ ਖਲਾਰਿਆ। ਪਾਣੀ ਜੋ ਕਿ ਕਦੇ ਮੁੱਲ ਨਹੀਂ ਸੀ ਵਿਕਦਾ, ਅੱਜ ਮੁੱਲ ਵਿਕ ਰਿਹਾ ਤੇ —-ਤੇ। ਇੱਕ ਅਜਿਹਾ ਸਮਾਂ ਆਏਗਾ ਜਦੋਂ ਸ਼ਾਇਦ ਮੁੱਲ ਵੀ ਨਾ ਮਿਲੇ। ਜਦੋਂ ਕਿ ਪਾਣੀ ਬਿਨ੍ਹਾਂ ਜ਼ਿੰਦਗੀ ਅਸੰਭਵ ਹੈ। ਇਸ ਨਵੇਂ ਵਰ੍ਹੇ ਅਹਿਦ ਕਰਨਾ ਚਾਹੀਦਾ ਕਿ ਅਸੀਂ ਪਾਣੀ ਵਿਆਰਥ ਨਹੀਂ ਡੋਲਾਂਗੇ। ਸਗੋਂ ਮੀਂਹ ਦੇ ਪਾਣੀ ਨੂੰ ਬਚਾਵਾਂਗੇ। ਸੀਵਰੇਜ ਦੇ ਪਾਣੀ ਨੂੰ ਦੁਬਾਰਾ ਵਰਤਣਯੋਗ ਬਣਾ ਕੇ ਆਪਣੇ ਖੇਤਾਂ-ਖਲਿਆਣਾ ਵਿੱਚ ਵਰਤਾਂਗੇ। ਧਰਤੀ ਵਿੱਚ ਜ਼ਹਿਰੀਲਾ ਪਾਣੀ, ਜਾਂ ਗੰਦਗੀ ਨਹੀਂ ਜਾਣ ਦਿਆਂਗੇ। ਦਰਿਆਵਾਂ ਵਿੱਚ ਗੰਦਾ ਪਾਣੀ ਤੇ ਜ਼ਹਿਰੀਲਾ ਪਾਣੀ ਪਾ ਕੇ ਜੀਵ ਜੰਤੂਆਂ ਦੇ ਵੈਰੀ ਨਹੀਂ ਬਣਾਂਗੇ। ਇਸ ਗੰਦੇ ਪਾਣੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਪਿੱਛੇ ਜਿਹੀ ਇੰਜ ਜਸਵੰਤ ਸਿੰਘ ਜਫ਼ਰ ਹੁਰਾਂ ਨੇ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਚਲਣ ਕਰਕੇ ਮਿਸਾਲ ਕਾਇਮ ਕੀਤੀ। ਉਨ੍ਹਾਂ ਦੇ ਨਾਲ ਕਾਫ਼ਲੇ ਰਲ ਗਏ। ਇਹ ਇਕ ਸਾਰਥਕ ਕਦਮ ਤੇ ਸੁਨੇਹਾ ਹੈ। ਅਜਿਹੇ ਕਾਰਜਾਂ ਨੂੰ ਜਾਰੀ ਰੱਖਣਾ ਚਾਹੀਦਾ ਇਸ ਨਵੇਂ ਵਰ੍ਹੇ। ਸਾਰੀ ਮਨੁੱਖਤਾ ਨੂੰ ਅਪੀਲ ਹੈ ਕਿ ਫਿਰ ਤੋਂ ਸੋਹਣੀ ਧਰਤੀ, ਸੋਹਣੇ ਖੇਤ ਵਸਾਉਣ ਵਿੱਚ ਹਿੱਸਾ ਪਾਵੇ। ਜਿਵੇਂ ਕਾਲੀ ਵੇਈਂ ਹੁਣ ਰੌਣਕਾਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਹੁਣਾਂ ਦੀ ਪ੍ਰੇਰਨਾ ਤੇ ਮਿਹਨਤ ਸਦਕਾ ਬਖੇਰ ਰਹੀ ਹੈ। ਪਾਣੀ ਨੂੰ ਬਚਾਉਣਾ ਸਾਡਾ ਧਰਮ ਤੇ ਸਾਡੀ ਮੁੱਢਲੀ ਲੋੜ ਹੈ। ਰੁੱਖਾਂ ਤੇ ਧਰੇਕਾਂ ਨੂੰ ਬਚਾਉਣਾ ਵੀ ਸਾਡਾ ਧਰਮ ਹੈ। ਰੁੱਖ, ਪੰਛੀ, ਸਾਡੀ ਰੌਣਕ ਹਨ।
ਕਿਸਾਨਾਂ ਨੂੰ ਇਸ ਨਵੇਂ ਵਰ੍ਹੇ ਕੁੱਝ ਨਵੇਂ ਫੈਸਲੇ ਲੈਣੇ ਚਾਹੀਦੇ, ਨਵੀਂ ਤਕਨੀਕ ਨਾਲ ਖੇਤੀ ਕਰਨ ਲਈ, ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ। ਦੇਸੀ ਖਾਦਾਂ ਦੀ ਵਰਤੋਂ ਕਰਨ, ਨਾਲੇ ਖਰਚ ਘੱਟ ਹੋਏਗਾ ਤੇ ਫ਼ਸਲ ਵੀ ਵਧੀਆ ਤੇ ਭਰਪੂਰ ਹੋਏਗੀ। ਫ਼ਜੂਲ ਖਰਚੀ ਤੋਂ ਬਚਿਆ ਜਾਵੇ। ਸਬਜੀਆਂ, ਫ਼ਲ, ਦੁੱਧ ਘਰ ਦਾ ਹੀ ਹੋਵੇ ਅਜਿਹੀ ਕੋਸ਼ਿਸ਼ ਕਿਸਾਨ ਲਈ ਕੋਈ ਔਖਾ ਕੰਮ ਨਹੀਂ ਤੇ ਫਾਇਦਾ ਵੀ ਹੋਏਗਾ। ਖੁਦਕਸ਼ੀ ਕਰਨ ਬਾਰੇ ਕਦੇ ਸੋਚਣਾ ਵੀ ਨਹੀਂ ਸਗੋਂ ਇਹਨਾਂ ਸੰਕਟਾਂ ਵਿੱਚੋਂ ਕਿੰਝ ਲੰਘਣਾ ਹੈ, ਹਿੰਮਤ ਕਰਨੀ ਚਾਹੀਦੀ ਹੈ। ਧਰਤੀ ਮਾਂ ਹੈ, ਇਹ ਕਦੇ ਆਪਣੇ ਪੁੱਤਰਾਂ ਨੂੰ ਮਰਦਿਆਂ ਨਹੀਂ ਦੇਖ ਸਕਦੀ।
ਨਵੇਂ ਵਰ੍ਹੇ ਵਿੱਚ ਹੇ! ਮੌਲਾ ਤੇਰੇ ਅੱਗੇ ਅਰਦਾਸ ਹੈ ਕਿ ਕਿਸੇ ਬਾਲੜੀ ਨਾਲ ਕੋਈ ਭਿਆਨਕ ਹਾਦਸਾ ਨਾ ਵਾਪਰੇ। ਲੋਕਾਈ ਨੂੰ ਮੱਤ ਦੇ। ਰੱਬਾ ਉਹ ਆਪਣੀਆਂ ਪਸ਼ੂ-ਬਿਰਤੀਆਂ ਤੇ ਰੋਕ ਲਾ ਸਕਣ। ਹੱਦਾਂ-ਸਰਹੱਦਾਂ ਤੇ ਵੀ ਅਮਨ ਰਹੇ। ਕੋਈ ਵੀ ਕਲੀ ਖਿੜਨ ਤੋਂ ਪਹਿਲਾਂ ਨਾ ਮੁਰਝਾਵੇ।
ਨਵੇਂ ਵਰ੍ਹੇ ਵਿੱਚ ਬਜੁਰਗਾਂ ਦਾ ਸਤਿਕਾਰ ਵੀ ਹੋਰ ਦੂਣਾ ਹੋ ਜਾਵੇ। ਮਾਪੇ ਅਪਣੇ ਬੱਚਿਆਂ ਤੋਂ ਦੁਖੀ ਹੋ ਅੱਖਾਂ ਵਿੱਚ ਹੰਝੂ ਨਾ ਭਰਨ। ਬੱਚੇ ਉਨ੍ਹਾਂ ਨੂੰ ਕਿਸੇ ਵੀ ਓਲਡ ਏਜ ਹੋਮ ’ਚ ਨਾ ਛੱਡ ਕੇ ਆਉਣ। ਦਾਦੇ-ਦਾਦੀ, ਨਾਨੇ-ਨਾਨੀ ਆਪਣੇ ਪੋਤੇ-ਪੋਤੀਆ ਤੇ ਦੋਹਤੇ-ਦੋਹਤੀਆਂ ਨੂੰ ਕਹਾਣੀਆਂ ਸੁਣਾਉਂਦੇ ਰਹਿਣ।
ਬੀਤੇ ਵਰ੍ਹੇ ਦੀਆਂ ਸਫਲਤਾਵਾਂ ਤੇ ਖੁਸ਼ੀਆਂ ਨੂੰ ਯਾਦ ਰੱਖਦੇ ਹੋਏ, ਹੋਈਆਂ ਅਸਫਲਤਾਵਾਂ ਤੇ ਭੈੜੀਆਂ ਘਟਨਾਵਾਂ ਨੂੰ ਚੇਤਿਆਂ ਦੀ ਚੰਗੇਰ ਵਿੱਚੋਂ ਹਟਾ ਕੇ ਇਸ ਨਵੇਂ ਵਰ੍ਹੇ ਸੋਹਣਾ ਤੇ ਸੁਚੱਜਾ ਜੀਵਨ ਜੀਉਣ ਦਾ ਅਹਿਦ ਕਰੀਏ। ਫੁੱਲ ਖਿੜਨ, ਧੁੱਪਾਂ ਪੈਣ, ਇੰਦਰ ਦੇਵਤਾ ਰੱਜ-ਰੱਜ ਮੀਂਹ ਪਾਵੇ ਤੇ ਫ਼ਸਲਾਂ ਖਿੜ-ਖਿੜ ਜਾਣ ਤੇ ਕਿਸਾਨ ਤੇ ਲੋਕਾਈ ਖੁਸ਼ ਹੋਵੇ। ਹੱਥੀਂ ਕਿਰਤ ਕਰਨ ਤੇ ਵੰਡ ਛਕਣ ਦਾ ਬਾਬੇ ਨਾਨਕ ਦਾ ਸਿਧਾਂਤ ਸਦਾ ਪ੍ਰਫੁਲਤ ਹੋਏ। ਇਸ ਵਰ੍ਹੇ ਗੁਰੂ ਨਾਨਕ ਦੇਵ ਜੀ ਦਾ 550 ਗੁਰਪੁਰਬ ਮਨਾਉਂਦੇ ਹੋਏ ਅਸੀਂ ਖੁਸ਼ੀ ਤੇ ਬਰਕਤਾਂ ਨਾਲ ਨਿਵਾਜਿਆ ਜਾਣਾ ਹੈ। ਗੁਰੂ ਨਾਨਕ ਦੀਆਂ ਬਰਕਤਾਂ ਹਰ ਘਰ, ਹਰ ਪ੍ਰਾਣੀ ਦੇ ਹਿੱਸੇ ਆਉਣ। ਸ਼ਾਲਾ ਇਹ ਵਰ੍ਹਾਂ ਬਹੁਤ ਹੀ ਵਧੀਆਂ ਸੁਨੇਹੇ, ਸੋਹਣੀ ਸਿਹਤ, ਸੋਹਣਾ ਸਮਾਜ, ਹਰ ਇੱਕ ਪ੍ਰਾਣੀ ਲਈ ਰੋਟੀ, ਤੰਦਰੁਸਤੀ ਤੇ ਇਮਾਨਦਾਰੀ ਲੈ ਕੇ ਆਵੇ। ਭ੍ਹਿਸ਼ਟਾਚਾਰ ਖਤਮ ਹੋ ਜਾਵੇ। ਇਹੋ ਅਰਦਾਸ ਹੈ। ਹੇ ਆਉਣ ਵਾਲੇ ਨਵੇਂ ਸਾਲ ਖੁਸ਼ ਆਮਦੀਦ ਅੜਿਆ! ਤੇਰੇ ਲਈ ਬਰੂਹੀਂ ਤੇਲ ਚੋਇਆ ਏ…।

WRITTEN BY