May 25, 2026 12:09 am

ਜੀ20 ਸਿਖ਼ਰ ਵਾਰਤਾ ਦੀ ਮੇਜ਼ਬਾਨੀ

ਸੰਸਾਰ ਵਿੱਚ ਭਾਰਤ ਦੀ ਅਹਿਮੀਅਤ ਲਗਾਤਾਰ ਵੱਧ ਰਹੀ ਹੈ। ਇਹੋ ਕਾਰਨ ਹੈ ਕਿ ਭਾਰਤ ਨੂੰ ਪਹਿਲੀ ਵਾਰ 16ਵੀਂ ਜੀ20 ਸਿਖਰ ਸੰਮੇਲਨ ਦੀ ਮੇਜ਼ਬਾਨੀ ਮਿਲ ਗਈ ਹੈ। ਇਹ ਸਿਖਰ ਸੰਮੇਲਨ ਸੰਨ 2022 ਵਿੱਚ ਹੋਵੇਗਾ। ਇਸ ਸਾਲ ਹੀ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ। ਜੀ20 ਇਕ ਅਹਿਮ ਕੌਮਾਂਤਰੀ ਸੰਗਠਨ ਬਣ ਗਿਆ ਹੈ। ਜੀ-20 ਮੁਲਕਾਂ ਵਿਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਯੂਰਪੀ ਸੰਘ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸਿਕੋ, ਰੂਸ, ਸਾਊਦੀ ਅਰਬ, ਦਖਣੀ ਅਫ਼ਰੀਕਾ, ਦਖਣੀ ਕੋਰੀਆ, ਤੁਰਕੀ, ਬਰਤਾਨੀਆ ਤੇ ਅਮਰੀਕਾ ਸ਼ਾਮਲ ਹਨ।ਜੀ-20 ਦੇ ਮੈਂਬਰ ਮੁਲਕ ਦੁਨੀਆ ਦੀ ਕੁਲ ਪੈਦਾਵਾਰ ਦਾ 90 ਫ਼ੀਸਦੀ, ਆਲਮੀ ਵਪਾਰ ਦਾ 80 ਫ਼ੀਸਦ, ਦੁਨੀਆ ਦੀ ਦੋ ਤਿਹਾਈ ਆਬਾਦੀ ਤੇ ਦੁਨੀਆ ਦੇ ਕਰੀਬ ਅਧੇ ਖੇਤਰ ਦੇ ਹਿਸੇਦਾਰ ਹਨ।ਸੰਮੇਲਨ ਦੇ ਨੇਤਾਵਾਂ ਦਾ ਦਿੱਲੀ ਵਿਖੇ ਮਿਲਣਾ ਇਕ ਸ਼ੁੱਭ ਸੰਕੇਤ ਹੈ। ਅਰਜਨਟੀਨਾ ਦੀ ਰਾਜਧਾਨੀ ਵਿਚ 13ਵੇਂ ਜੀ-20 ਸਾਲਾਨਾ ਸਿਖਰ ਵਾਰਤਾ ਦੇ ਸਮਾਪਤੀ ਸਮਾਰੋਹ ਮੌਕੇ ਇਸ ਸਬੰਧੀ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਮੇਜ਼ਬਾਨੀ ਦਾ ਮੌਕਾ ਦੇਣ ਬਦਲੇ ਇਟਲੀ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਹੈ।ਕਿਉਂਕਿ 2022 ਵਿਚ ਜੀ-20 ਸਿਖਰ ਵਾਰਤਾ ਦੀ ਮੇਜ਼ਬਾਨੀ ਦੀ ਵਾਰੀ ਇਟਲੀ ਦੀ ਸੀ।14ਵੀਂ ਸਿਖਰ ਵਾਰਤਾ ਜਪਾਨ ਤੇ 15ਵੀਂ ਸਾਊਦੀ ਅਰਬ ਵਲੋਂ ਕਰਵਾਈ ਜਾਵੇਗੀ।ਇਟਲੀ ਦੀ ਭੂਮਿਕਾ ਕਾਰਨ ਹੀ ਇਹ ਮੇਜ਼ਬਾਨੀ ਭਾਰਤ ਨੂੰ ਮਿਲ ਸਕੀ ਹੈ। 2022 ਵਿਚ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ ਉਸ ਖਾਸ ਮੌਕੇ ’ਤੇ ਭਾਰਤ ਜੀ-20 ਸਿਖਰ ਵਾਰਤਾ ਦਾ ਦਿੱਲੀ ਵਿਖੇ ਹੋਣਾ ਇਕ ਵੱਖਰਾ ਹੀ ਅਨੁਭਵ ਹੋਵੇਗਾ। ਇਸ ਨਾਲ ਦੇਸ਼ ਦੀ ਸ਼ਾਨ ਹੋਰ ਵਧੇਗੀ। ਅਜਿਹੇ ਕੌਮਾਂਤਰੀ ਸਿਖਰ ਸੰਮੇਲਨ ਨਾਲ ਭਾਰਤ ਵਿੱਚ ਆਰਥਿਕ ਸਰਗਰਮੀਆਂ ’ਚ ਹੋਰ ਵਾਧਾ ਹੋਵੇਗਾ। ਭਾਰਤ ਨੂੰ ਇਸ ਮੌਕੇ ਦਾ ਯੋਗ ਤਰੀਕੇ ਨਾਲ ਲਾਭ ਉਠਾਉਣਾ ਚਾਹੀਦਾ ਹੈ। ਇਸ ਮੇਜ਼ਬਾਨੀ ਮਿਲਣ ਨਾਲ ਭਾਰਤ ਨੂੰ ਹੋਰ ਵੱਡੇ ਮੌਕੇ ਮਿਲਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਮਾਣ-ਸਤਿਕਾਰ ਵਿੱਚ ਵੱਡਾ ਵਾਧਾ ਕੀਤਾ ਹੈ। ਹੁਣ ਵੱਡੇ-ਵੱਡੇ ਦੇਸ਼ ਭਾਰਤ ਦੀ ਅਹਿਮੀਅਤ ਨੂੰ ਸਵੀਕਾਰ ਰਹੇ ਹਨ।
– ਬਲਜੀਤ ਸਿੰਘ ਬਰਾੜ

Send this to a friend