May 24, 2026 11:15 pm

ਬਰਗਾੜੀ ਮੋਰਚਾ ਸਮਾਪਤ ਨਵੇਂ ਪੜਾਅ ਦਾ ਐਲਾਨ ਭਲਕੇ

ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਅਗਲੀ ਰੂਪ ਰੇਖਾ ਦਾ ਹੋਵੇਗਾ ਐਲਾਨ : ਭਾਈ ਧਿਆਨ ਸਿੰਘ ਮੰਡ

ਬਰਗਾੜੀ (ਫ਼ਰੀਦਕੋਟ), 9 ਦਸੰਬਰ- ਅਕਾਲੀ-ਭਾਜਪਾ ਸਰਕਾਰ ਸਮੇਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੁਰਾ ਅਤੇ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖ ਬੰਦੀਆਂ ਦੀ ਰਿਹਾਈ ਲਈ ਮਤਵਾਜੀ ਜੱਥੇਦਾਰਾਂ ਦੀਅਗਵਾਈ ਹੇਠ ਸ਼ੁਰੂ ਕੀਤਾ ਗਿਆ ਬਰਗਾੜੀ ਇਨਸਾਫ਼ ਮੋਰਚਾ ਐਤਵਾਰ ਨੂੰ ਆਪਣੇ ਅੰਤਿਮ ਪਲਾਂ ’ਤੇ ਪਹੁੰਚ ਗਿਆ। ਹੁਣ ਇਹ ਮੋਰਚਾ ਨਵੇਂ ਰੂਪ ਵਿੱਚ ਸ਼ੁਰੂ ਹੋਵੇਗਾ। ਇਸ ਬਾਰੇ ਨਵੀਂ ਰੂਪ ਰੇਖਾ ਦਾ ਐਲਾਨ 11 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਤੋਂ ਬਾਅਦ ਹੋਵੇਗਾ। ਇਹ ਐਲਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਵਿਖੇ ਇਕੱਠ ਵਿੱਚ ਬੋਲਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਭਲਕੇ ਸੋਮਵਾਰ ਸੰਗਤਾਂ ਨੂੰ ਬਰਗਾੜੀ ਪਹੁੰਚਣ ਦਾ ਸੱਦਾ ਦਿੱਤਾ ਹੈ ਤਾਂ ਜੋ , ਇਥੋਂ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਣ ਰਵਾਨਾ ਹੋਇਆ ਜਾਵੇਗਾ। ਮਥਾ ਟੇਕਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਜ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵਫ਼ਦ, ਜਿਸ ਵਿੱਚ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਿਲ ਸਨ ਬਰਗਾੜੀ ਪਹੁੰਚੇ। ਉਨ੍ਹਾਂ ਨੇ ਸਰਕਾਰ ਦੀ ਤਰਫੋਂ ਮੋਰਚਾ ਪ੍ਰਬੰਧਕਾਂ ਨੂੰ ਭਰੋਸਾ ਦੁਆਇਆ ਕਿ ਸਿਖ ਸੰਗਤ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ। ਸੰਗਤਾਂ ਨੇ ਲਗਤਾਰ ਬਾਦਲਾਂ ਨੂੰ ਜੇਲ੍ਹ ਵਿਚ ਬੰਦ ਕਰਨ ਦੇ ਨਾਅਰੇ ਲਾਏ। ਆਖਰ ਵਿਚ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਦੀ ਅਗਲੀ ਰੂਪ-ਰੇਖਾ ਜਲਦ ਐਲਾਨੀ ਜਾਏਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀਆਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿਰੁਧ ਰੋਸ ਮੁਜ਼ਾਹਰੇ ਇਕ ਨਵੀਂ ਸ਼ਕਲ ਵਿਚ ਜਾਰੀ ਰਖੇ ਜਾਣਗੇ। ਹਾਲੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਨਹੀਂ ਕੀਤਾ ਜਾ ਰਿਹਾ। ਜਥੇਦਾਰ ਮੰਡ ਨੇ ਹਜ਼ਾਰਾਂ ਦੀ ਗਿਣਤੀ ’ਚ ਮੌਜੂਦ ਸੰਗਤ ਨੂੰ ਦਸਿਆ ਕਿ 1 ਜੂਨ ਤੋਂ ਲੈ ਕੇ ਹੁਣ ਤਕ ਆਮ ਸ਼ਰਧਾਲੂਆਂ ਨੇ 1.48 ਕਰੋੜ ਰੁਪਏ ਦਾਨ ਵਜੋਂ ਦਿਤੇ ਹਨ, ਜਿਨ੍ਹਾਂ ਵਿਚੋਂ ਹੁਣ ਸਿਰਫ਼ 22 ਲਖ ਰੁਪਏ ਬਚੇ ਹਨ। ਬਾਕੀ ਦੀ ਸਾਰੀ ਰਕਮ ਮੋਰਚੇ ’ਤੇ ਰੋਜ਼ਮਰਾ ਦੇ ਇੰਤਜ਼ਾਮਾਂ ’ਤੇ ਖ਼ਰਚ ਹੋ ਗਈ ਹੈ। ਜਥੇਦਾਰ ਮੰਡ ਨੇ ਬਾਕੀ ਦੇ 22 ਲਖ ਰੁਪਏ ਨਕਦ ਇਕ ਕੇਸਰੀ ਕਪੜੇ ਵਿੱਚ ਲਿਪਟੇ ਹੋਏ ਸੰਗਤ ਨੂੰ ਵਿਖਾਏ। ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸਰਕਾਰ ਵਲੋਂ ਐਲਾਨ ਕੀਤਾ ਕਿ ਬਰਗਾੜੀ ਦਾ ਹੁਣ ਬਰਗਾੜੀ ਸਾਹਿਬ ਵਜੋਂ ਨਾਮਕਰਨ ਕੀਤਾ ਜਾਵੇਗਾ। ਇਸੇ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੂੰ ਚੇਤੇ ਵੀ ਕਰਵਾਇਆ ਕਿ ਆਉਂਦੀਆਂ ਲੋਕ ਸਭਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਲਈ ਇਕ ਨਵੀਂ ਪਾਰਟੀ ਕਾਇਮ ਕੀਤੀ ਜਾਣੀ ਚਾਹੀਦੀ ਹੈ। ਇਥੇ ਵਰਨਣਯੋਗ ਹੈ ਕਿ ਪੰਜ ਪੰਥਕ ਪਾਰਟੀਆਂ ਪਹਿਲਾਂ ਹੀ ਜਥੇਦਾਰ ਮੰਡ ਹੁਰਾਂ ਨੂੰ ਇਸ ਮਾਮਲੇ ’ਤੇ ਆਪਣੀ ਸਹਿਮਤੀ ਦੇ ਚੁਕੀਆਂ ਹਨ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਯੂਨਾਇਟਿਡ ਅਕਾਲੀ ਦਲ ਦੇ ਕਨਵੀਨਰ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਭਾਈ ਗੁਰਦੀਪ ਸਿੰਘ, ਕਾਂਗਰਸੀ ਵਿਧਾਇਕ ਸ. ਹਰਮਿੰਦਰ ਸਿੰਘ ਗਿੱਲ, ਵਿਧਾਇਕ ਕੁਲਦੀਪ ਸਿੰਘ ਜ਼ੀਰਾ, ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਮੌਜੂਦ ਸਨ।

Send this to a friend