May 24, 2026 11:15 pm

ਸਵੇਰ ਦੀ ਸੈਰ : ਕਾਇਨਾਤ ਦੀ ਨਿਆਮਤ

ਸਿਆਣਿਆਂ ਦਾ ਕਹਿਣਾ ਹੈ ਕਿ ਸਿਹਤ ਸਭ ਤੋਂ ਵਡਾ ਧਨ ਹੈ। ਜ਼ਿੰਦਗੀ ਦੇ ਹੋਰ ਸਾਰੇ ਸੁਖ ਸਿਹਤ ਦੀ ਤੰਦਰੁਸਤੀ ਨਾਲ ਹੀ ਮਾਣੇ ਜਾ ਸਕਦੇ ਹਨ। ਇਸ ਲਈ ਸਿਹਤ ਨੂੰ ਤੰਦਰੁਸਤ ਰਖਣਾ ਸਾਡੇ ਲਈ ਅਤਿ ਜ਼ਰੂਰੀ ਵੀ ਹੋ ਜਾਂਦਾ ਹੈ । ਪਰ ਅਜ ਕਲ੍ਹ ਦੌੜ – ਭਜ ਦੀ ਜ਼ਿੰਦਗੀ ਵਿਚ ਕਈ ਵਾਰ ਅਸੀਂ ਆਪਣੀ ਸਿਹਤ ਪ੍ਰਤੀ ਅਵੇਸਲੇ ਵੀ ਹੋ ਜਾਂਦੇ ਹਾਂ । ਭੌਤਿਕ ਸੁਖਾਂ ਦੀ ਪ੍ਰਾਪਤੀ ਅਤੇ ਧਨ – ਦੌਲਤ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਕਰਕੇ ਅਜ ਸਿਹਤ ਲਈ ਸਮੇਂ ਦੀ ਘਾਟ ਜਾਪਣ ਲਗ ਪਈ ਹੈ । ਪਰ ਕੁਦਰਤ ਨੇ ਸਾਨੂੰ ਹਰ ਤਰ੍ਹਾਂ ਦੀਆਂ ਸੁਖ – ਸਹੂਲਤਾਂ ਤੇ ਕੁਦਰਤੀ ਤੋਹਫਿਆਂ ਨਾਲ ਨਿਵਾਜਿਆ ਹੈ । ਕਈ ਵਾਰ ਅਣਜਾਣਪੁਣੇ ਵਿਚ ਅਸੀਂ ਉਨ੍ਹਾਂ ਤੋਂ ਸਹੀ ਤੇ ਪੂਰਾ ਲਾਭ ਲੈਣ ਤੋਂ ਅਭਿਜ ਰਹਿ ਜਾਂਦੇ ਹਾਂ। ਇਨ੍ਹਾਂ ਬੇਸ਼ਕੀਮਤੀ ਅਤੇ ਅਨਮੋਲ ਤੋਹਫ਼ਿਆਂ ਵਿਚੋਂ ਕੁਦਰਤ ਦਾ ਬਹੁਤ ਹੀ ਵਡਮੁਲਾ ਤੋਹਫ਼ਾ ਹੈ : ਸਵੇਰ ਦਾ ਸਮਾਂ ( ਸੂਰਜ ਦੇ ਚੜ੍ਹਨ ਤੋਂ ਪਹਿਲਾਂ ਦਾ ਵਕਤ )। ਜੋ ਕਿ ਸਿਹਤ ਪਖੋਂ ਮਨੁਖ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਸ਼ਾਇਦ ਇਸੇ ਲਈ ਸਾਡੇ ਮਹਾਨ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਨੇ ਸਾਨੂੰ ਸਵੇਰ ਦੇ ਸਮੇਂ ਜਲਦੀ ਉਠ ਜਾਣ ਅਤੇ ਸਵੇਰ ਦੀ ਸੈਰ ਜ਼ਰੂਰ ਕਰਨ ਦੀ ਨੈਤਿਕ ਸਿਖਿਆ ਦਿਤੀ । ਕਿਉਂਕਿ ਸਵੇਰ ਦੇ ਸਮੇਂ ਜੋ ਸ਼ਾਂਤੀ , ਸਕੂਨ , ਪੰਛੀਆਂ ਦੀ ਚਹਿ – ਚਹਾਹਟ , ਸ਼ੁਧ ਤੇ ਠੰਢੀ ਹਵਾ ਅਤੇ ਸਿਹਤ ਲਈ ਗੁਣਕਾਰੀ ਵਾਤਾਵਰਣ ਹੁੰਦਾ ਹੈ , ਉਸ ਦੀ ਮਹਿਮਾ ਕਰਨੀ ਤੇ ਦਸਣੀ ਵਸ ਦੀ ਗਲ ਨਹੀ। ਸ਼ਾਇਦ ਇਸੇ ਮਹਾਨਤਾ ਨੂੰ ਦੇਖਦੇ ਹੋਏ ਸਾਡੇ ਵਿਦਵਾਨਾਂ ਨੇ ਸਾਨੂੰ ਸਵੇਰੇ ਜਲਦੀ ਉਠਣ , ਸਵੇਰ ਦੀ ਸੈਰ ਕਰਨ ਅਤੇ ਸ਼ੁਧ ਮਨ ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਦੀ ਸਿਖਿਆ ਤੇ ਪ੍ਰੇਰਨਾ ਵੀ ਦਿਤੀ । ਸਵੇਰ ਦੇ ਸਮੇਂ ਧਾਰਮਿਕ ਸਥਾਨਾਂ ਤੋਂ ਪਰਮਾਤਮਾ ਦੀ ਬੰਦਗੀ ਦੀਆਂ ਆਉਂਦੀਆਂ ਰੂਹਾਨੀ ਅਵਾਜ਼ਾਂ ਜਦੋਂ ਸਾਡੇ ਕੰਨਾਂ ਵਿਚ ਪੈਂਦੀਆਂ ਹਨ ਤਾਂ ਆਤਮਿਕ ਤੌਰ ‘ਤੇ ਬਲ ਪ੍ਰਾਪਤ ਹੁੰਦਾ ਹੈ ਅਤੇ ਨਵੀਂ ਊਰਜਾ ਦਾ ਸੰਚਾਰ ਵੀ ਹੁੰਦਾ ਹੈ। ਸਵੇਰ ਦੀ ਸੈਰ ਕਰਦੇ ਸਮੇਂ ਪਹਾੜਾਂ ਉਤੇ ਜਗਮਗ ਕਰਦੀਆਂ ਰੌਸ਼ਨੀਆਂ , ਚੰਨ ਅਤੇ ਤਾਰਿਆਂ ਦੀ ਅਲੌਕਿਕਤਾ ਦਾ ਦ੍ਰਿਸ਼ ਮਨ ਨੂੰ ਕੀਲ ਲੈਂਦਾ ਹੈ । ਹਰੇ – ਭਰੇ ਘਾਹ ਅਤੇ ਰੁਖਾਂ ਦੇ ਪਤਿਆਂ ‘ਤੇ ਪਈਆਂ ਹੋਈਆਂ ਚਾਂਦੀ ਰੰਗੀਆਂ ਤਰੇਲ ਦੀਆਂ ਬੂੰਦਾਂ ਸਾਡੇ ਮਨ ਨੂੰ ਆਨੰਦ ਨਾਲ ਭਰ ਕੇ ਰਖ ਦਿੰਦੀਆਂ ਹਨ। ਪੰਛੀਆਂ ਦੀ ਚਹਿਚਹਾਟ ਤਨ – ਮਨ ਨੂੰ ਟੁੰਬ ਦਿੰਦੀ ਹੈ ਅਤੇ ਰੂਹ ਵਿਚ ਨਵੀਂ ਖੁਸ਼ੀ ਤੇ ਖੇੜਾ ਉਤਪੰਨ ਹੋ ਜਾਂਦਾ ਹੈ ਜੋ ਕਿ ਖਰੀਦਿਆਂ ਨਹੀਂ ਖਰੀਦਿਆ ਜਾ ਸਕਦਾ। ਠੰਢੀ ਮਿਠੀ ਰੁਮਕਦੀ ਹਵਾ ਦੇ ਬੁਲ੍ਹੇ ਤਨ ਮਨ ਅਤੇ ਦਿਲੋ ਦਿਮਾਗ ਨੂੰ ਊਰਜਾਵਾਨ ਕਰ ਜਾਂਦੇ ਹਨ ਅਤੇ ਮਨ ਵਿਚ ਨਵੀਂ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਵੀ ਕਰਦੇ ਹਨ। ਸਵੇਰ ਦੀ ਸੈਰ ਸਮੇਂ ਹਰਿਆਲੀ ਵਿਚ ਵਿਚਰਨਾ ਸਾਡੇ ਲਈ ਇਕ ਅਨੋਖਾ ਅਨੁਭਵ ਅਤੇ ਖੇੜਾ ਪ੍ਰਦਾਨ ਕਰ ਜਾਂਦੇ ਹਨ। ਅਜਿਹੇ ਅਨੰਦ ਵਿਭੋਰ ਸਮੇਂ ‘ਤੇ ਤੇਜ਼ ਗਤੀ ਨਾਲ ਕਦਮ ਅਗੇ ਵਧਾਉਣਾ ਅਤੇ ਲੰਬੇ – ਲੰਬੇ ਸਾਹ ਲੈਣਾ ਲਾਹੇਵੰਦ ਹੋ ਸਕਦਾ ਹੈ । ਵਿਦਵਾਨਾਂ ਦੀ ਤਾਂ ਇਹ ਵੀ ਰਾਇ ਹੈ ਕਿ ਸਾਨੂੰ ਆਪਣੇ ਸਾਹ ਛੋਟੇ ਅਤੇ ਛਾਤੀ ਤਕ ਹੀ ਸੀਮਤ ਨਹੀਂ ਰਖਣੇ ਚਾਹੀਦੇ , ਸਗੋਂ ਸਾਹ ਪੇਟ , ਧੁੰਨੀ , ਨਾਭੀ ਕੋਲੋਂ ਲੈਣਾ ਅਤੇ ਛਡਣਾ ਚਾਹੀਦਾ ਹੈ । ਕਈ ਵਿਦਵਾਨ ਤਾਂ ਇਸਨੂੰ ਮਣੀਪੁਰ ਚਕਰ ਦੇ ਜਾਗ੍ਰਿਤ ਹੋਣ ਨਾਲ ਵੀ ਜੋੜ ਕੇ ਦੇਖਦੇ ਹਨ , ਜੋ ਕੇ ਹਰ ਤਰ੍ਹਾਂ ਦੀ ਤਰਕੀ , ਖੁਸ਼ਹਾਲੀ ਤੇ ਤੰਦਰੁਸਤੀ ਪ੍ਰਦਾਨ ਕਰ ਦਾ ਸੂਚਕ ਮੰਨਿਆ ਜਾਂਦਾ ਹੈ। ਸਵੇਰ ਦੀ ਸੈਰ ਸਾਨੂੰ ਅਰੋਗਤਾ , ਸਕਾਰਾਤਮਕਤਾ , ਤਾਜ਼ਗੀ , ਊਰਜਾ ਤੇ ਰੂਹਾਨੀਅਤ ਪ੍ਰਦਾਨ ਕਰਕੇ ਤਨ ਮਨ ਨੂੰ ਮਜ਼ਬੂਤ ਬਣਾ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦੀ ਹੈ । ਇਸ ਤਰ੍ਹਾਂ ਸਵੇਰ ਦੀ ਸੈਰ ਸਿਹਤ ਦੀ ਅਰੋਗਤਾ , ਜ਼ਿੰਦਗੀ ਦੀ ਬਹੁਤ ਵਡੀ ਖੁਸ਼ੀ , ਬਹੁਤ ਵਡੀ ਪ੍ਰਾਪਤੀ , ਸਕਾਰਾਤਮਕਤਾ ਅਤੇ ਖੁਸ਼ਹਾਲੀ ਬਣ ਨਿਬੜਦੀ ਹੈ । ਸਿਆਣਿਆਂ ਨੇ ਵੀ ਕਿਹਾ ਹੈ , ਠ ਸੁਤਿਆਂ ਦੇ ਕਟੇ , ਜਾਗਦਿਆਂ ਦੀਆਂ ਕਟੀਆਂ।ਠ ਜੀਵਨ ਵਿਚ ਕਾਮਯਾਬੀ ਪ੍ਰਾਪਤ ਕਰਨ ਦੇ ਲਈ ਦਿਨ ਦੀ ਸ਼ੁਰੂਆਤ ਜਲਦੀ ਉਠ ਕੇ ਅਤੇ ਸਵੇਰ ਦੀ ਸੈਰ ਕਰਕੇ ਕਰਨਾ ਬਹੁਤ ਜ਼ਰੂਰੀ ਹੈ । ਸਚਮੁਚ ਸਵੇਰ ਦੀ ਸੈਰ ਸਾਡੇ ਲਈ , ਸਾਡੇ ਪਰਿਵਾਰ ਲਈ ਤੇ ਸਾਡੇ ਤਨ ਮਨ ਦੇ ਲਈ ਬਰਕਤ ਅਤੇ ਖ਼ੁਸ਼ੀਆਂ ਲੈ ਕੇ ਆਉਂਦੀ ਹੈ ਅਤੇ ਸਾਨੂੰ ਉਸ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਤੇ ਕੁਦਰਤੀ ਵਰਤਾਰਿਆਂ ਨੂੰ ਕੁਦਰਤ ਦੇ ਨਜ਼ਦੀਕ ਹੋ ਕੇ ਮਾਨਣਾ ਚਾਹੀਦਾ ਹੈ । ਸਵੇਰ ਦੀ ਸੈਰ ਹਰ ਕੋਈ ਗਰੀਬ ਅਮੀਰ ਕਰ ਸਕਦਾ ਹੈ । ਇਹ ਕਾਇਨਾਤ ਦੀ ਅਜਿਹੀ ਨਿਆਮਤ ਹੈ ਜਿਸ ਨੂੰ ਬਿਨਾ ਕੁਝ ਖ਼ਰਚ ਕੀਤਿਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ । ਇਸ ਤੋਂ ਪਹਿਲਾਂ ਕਿ ਸਾਨੂੰ ਡਾਕਟਰ , ਵੈਦ ਜਾਂ ਹਕੀਮ ਸਵੇਰ ਦੀ ਸੈਰ ਕਰਨ ਦੀ ਸਲਾਹ ਦੇਣ , ਸਾਨੂੰ ਅਜ ਤੋਂ ਹੀ ਆਪਣੀ ਜ਼ਿੰਦਗੀ ਵਿਚ ਸਵੇਰ ਦੀ ਸੈਰ ਕਰਨ ਦੀ ਆਦਤ ਨੂੰ ਅਪਣਾ ਲੈਣਾ ਚਾਹੀਦਾ ਹੈ ਅਤੇ ਕੁਦਰਤ ਦੇ ਨਜ਼ਦੀਕ ਹੋ ਕੇ ਕੁਦਰਤ ਦਾ ਆਨੰਦ ਮਾਨਣਾ ਚਾਹੀਦਾ ਹੈ । ਵਡੇ ਭਾਗਾਂ ਵਾਲੇ ਹਨ ਉਹ , ਜੋ ਸਵੇਰ ਦੀ ਸੈਰ ਦਾ ਆਨੰਦ ਪ੍ਰਾਪਤ ਕਰਕੇ ਇਕ ਨਵਾਂ ਅਨੁਭਵ ਅਤੇ ਖੇੜਾ ਪ੍ਰਾਪਤ ਕਰਦੇ ਹਨ ।

Send this to a friend