Skip to content
Independent perspectives. Global stories.
BREAKING

84 ਦਾ ਸਿੱਖ ਕਤਲੇਆਮ: ਜਬ ਬੜਾ ਪੇੜ ਗਿਰਾ

Share this story

31 ਅਕਤੂਬਰ 1984 ਨੂੰ ‘ਬੜਾ ਪੇੜ’ ਡਿਗਣ ਅਤੇ ਝੰਜੋੜ ਕੇ ਰਖ ਗਈ ਉਸੇ ਦਿਨ ਤੋਂ ਤਿੰਨ ਦਿਨ ਦਹਿਲੀ ਦਿਲੀ ਦੀ ਇਸ ਵਾਰ 34ਵੀਂ ਸਾਲਗ੍ਰਿਹਾ ਹੈ। ਦਹਿਲੀ ਦਿਲੀ ਤਦ ਜਦ ਜਲ ਰਹੀ ਸੀ ਤਾਂ ਹਕੂਮਤ-ਏ-ਹਿੰਦ ‘ਸੌਂ’ ਰਹੀ ਸੀ, ‘ਬੰਸਰੀ ਵਜਾਉਂਦੇ ਨੀਰੂ ਦੀ ਤਰ੍ਹਾਂ ਆਪਣੇ ਜਲ ਰਹੇ ਰੋਮ ਤੋਂ ਬੇਖ਼ਬਰ।’ ਇਹ ਵੀ ਕੈਸਾ ਇਤਫਾਕ ਕਿ ਹਿੰਦੁਸਤਾਨ ਦੇ ਸਿਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਰਾਜੀਵ ਗਾਂਧੀ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਜਦ ਤਾਜਪੋਸ਼ੀ ਕਰ ਰਹੇ ਸਨ ਤਦ ਰਾਸ਼ਟਰਪਤੀ ਭਵਨ ਤੋਂ ਬਾਹਰ ਦਿਲੀ ਵਿਚ ਸਿਖਾਂ ਨੂੰ ‘ਸਬਕ‘ ਸਿਖਾਇਆ ਜਾ ਰਿਹਾ ਸੀ ਬੇਰਹਿਮੀ ਨਾਲ। ਰੋਜ਼ਾ-ਏ-ਕਿਆਮਤ ਦੀ ਪਹਿਲੀ ਰਾਤ ਦਾ ਆਗਾਜ਼ ਹੋ ਚੁਕਿਆ ਸੀ। ਹਿੰਦੁਸਤਾਨ ਦਾ ਨਵਾਂ ਹੁਕਮਰਾਨ ਬਣਨ ਲਈ ਸੰਨ 2014 ਦੇ ਸ਼ੁਰੂ ਵਿਚ ਹੋਏ ਲੋਕ ਸਭਾ ‘ਯੁਧ‘ ਵਿਚ ਜਜ਼ਬਾਤੀ ਤਕਰੀਰਾਂ ਦਾ ਸਹਾਰਾ ਲੈਂਦੇ ਹੋਏ ਰਾਹੁਲ ਗਾਂਧੀ ਦੁਆਰਾ ਛਡੇ ਗਏ ਅਗਨ-ਬਾਣ ‘‘ਦਾਦੀ ਕੀ ਹਤਿਆ ਦੇ ਬਾਅਦ ਮੁਝੇ ਪਤਾ ਚਲਾ ਕਿ….‘‘ ਨੂੰ ਕਟਣ ਲਈ ਨਰੇਂਦਰ ਮੋਦੀ ਦੇ ‘ਬ੍ਰਹਮ ਅਸਤਰ‘ ਉਹ (ਰਾਹੁਲ) ਆਪਣੀ ਦਾਦੀ ਦੇ ਕਤਲ ਉਤੇ ਤਾਂ ਚੀਖ ਰਿਹਾ ਹੈ ਪਰ ਕਦੇ ਉਸਨੇ ‘84 ਕਤਲੇਆਮ ਵਿਚ ਮਾਰੇ ਜਾਣ ਵਾਲਿਆਂ ‘ਤੇ ਆਪਣੇ ਹੰਝੂ ਵਹਾਏ ਹਨ? ਦਾ ਅਸਰ ਇੰਨਾ ਤੇਜ਼ ਨਿਕਲਿਆ ਕਿ ਅਜੇ ਤਕ ਨਾ ਤਾਂ ਕਾਂਗਰਸ ਦੇ ਵਲੋਂ ਹੀ ਕੋਈ ਤਸਲੀਬਖਸ਼ ਜਵਾਬ ਆਇਆ ਹੈ ਸਗੋਂ ਇਸ ‘ਬ੍ਰਹਮ ਅਸਤਰ‘ ਦੇ ਸਹਾਰੇ ਕਈ ਸਿਖ ਨੇਤਾ ਵੀ ਪਹਿਲਾਂ ਤੋਂ ਜ਼ਿਆਦਾ ਤਾਕਤਵਰ ਵਿਖਾਈ ਦਿਤੇ। ਆਜ਼ਾਦ ਹਿੰਦੁਸਤਾਨ ਦੇ ਆਜ਼ਾਦ ਨਾਗਰਿਕ ਕਿੰਨੇ ਆਜ਼ਾਦ ਹਨ, ਇਹ ਤਾਂ ਇਕ ਵਖਰਾ ਮਸਲਾ ਹੈ, ਪਰ ਇਹ ਇਕ ਕੌੜਾ ਸਚ ਹੈ ਕਿ ਸੰਨ 1984 ਦੀ 31 ਅਕਤੂਬਰ ਦੀ ਸ਼ਾਮ ਤੋਂ 3 ਨਵੰਬਰ ਤਕ ਸਿਖਾਂ ਦੇ ਵਹਿਸ਼ੀ ਸ਼ਿਕਾਰ ਦੀ ਆਜ਼ਾਦੀ ਕੁਝ ਲੋਕਾਂ ਨੂੰ ਜ਼ਰੂਰ ਮਿਲੀ ਹੋਈ ਸੀ। ਇਸ ਚਾਰ ਰੋਜ਼ਾ ‘ਆਜ਼ਾਦੀ’ ਜਿਸਦੇ ਤਾਂਡਵ ਨਾਚ ਨੇ ਦੇਸ਼ ਦੇ ਨਾਂ ‘ਤੇ ਕਲੰਕ ਦਾ ਕਾਲਾ ਧਬਾ ਲਗਾ ਦਿਤਾ, ਨੂੰ ਹਿੰਦੁਸਤਾਨ ਦੇ ਇਤਿਹਾਸ ਵਿਚ ਕਾਲੇ ਪੰਨਿਆਂ ‘ਤੇ ਲਿਖਿਆ ਜਾਵੇਗਾ। ਦੁਖਦ ਤਾਂ ਇਹ ਕਿ ਉਦੋਂ ਤੋਂ ਲੈ ਕੇ ਹੁਣ 34ਵੀਂ ਵਰ੍ਹੇਗੰਢ ਤਕ ਵੀ ਇਸ ਚਾਰ ਰੋਜ਼ਾ ‘ਆਜ਼ਾਦੀ‘ ਨੂੰ ‘ਦੰਗਾ‘ ਪ੍ਰਚਾਰਤ ਕੀਤਾ ਜਾਂਦਾ ਆ ਰਿਹਾ ਹੈ ਜਦੋਂ ਕਿ ਹਕੀਕਤ ਵਿਚ ਇਹ ਸ਼ਰੇਆਮ ਸਿਖ ਕਤਲੇਆਮ ਸੀ ਜਿਸ ਨੇ ਦੁਨੀਆਂ ਭਰ ਦੇ ਲੋਕਾਂ ਵਿਚ ਤਹਿਲਕਾ ਮਚਾਉਂਦੇ ਦੇਸ਼ ਦੀ ਰਾਜਧਾਨੀ ਦੇ ਅੰਦਰ ਸਿਖ ਵਿਧਵਾਵਾਂ ਦੀ ਵਖਰੀ ਕਲੋਨੀ ਹੀ ਵਸਾ ਕੇ ਰਖ ਦਿਤੀ। ਸਿਤਮ ਇਹ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਿਥੇ ਵਿਧਵਾ ਕਲੋਨੀ ਵਜੂਦ ਵਿਚ ਆਈ ਹੋਵੇ, ਪਰ ਮੁਲਕ ਦੇ ਹੋਰਨਾਂ ਖੇਤਰਾਂ ਦੇ ਇਲਾਵਾ ਇਸਦੀ ਰਾਜਧਾਨੀ ਦਿਲੀ ਦੀਆਂ ਸੜਕਾਂ, ਗਲੀ-ਮੁਹਲਿਆਂ ਵਿਚ ਸਿਖਾਂ ਨੂੰ ਮੌਤ ਦਾ ਤਾਂਡਵ ਨਾਚ ਸਹਿਣ ਦੇ ਕਾਰਨ ਦਿਲੀ ਜਿਥੇ ਪੂਰੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ‘ਪ੍ਰਭੂਆਂ’ ਦਾ ਵਾਸ ਹੋਵੇ, ਉਥੇ ਵੀ ਮੁਲਕ ਦੇ ਹੁਕਮਰਾਨਾਂ ਦੇ ਰਿਹਾਇਸ਼ੀ ਬਨਾਮ ਰਾਜ ਚਲਾਉਣ ਵਾਲੇ ਇਸ ਸ਼ਹਿਰ ਵਿਚ ਵਿਧਵਾ ਕਲੋਨੀ ਦਾ ‘ਮਜ਼ਾ ਚਖਣ’ ਲਈ ਮਜਬੂਰ ਹੋਣਾ ਪਿਆ ਹੋਵੇ। ‘ਵਿਧਵਾਵਾਂ ਦੀ ਕਲੋਨੀ‘ ਕਹਿੰਦੇ ਹੋਏ ਇਕ ਪਥਰ ਦਿਲ ਇਨਸਾਨ ਦਾ ਵੀ ਦਿਲ ਕੰਬ ਉਠਦਾ ਹੈ। ਉਸਦਾ ਮਾਹੌਲ ਵੇਖਕੇ, ਇਨ੍ਹਾਂ ਪੀੜਿਤ ਪਰਿਵਾਰਾਂ ਦਾ ਦੁਖ ਸੁਣ ਕੇ ਦਿਲ ਦਹਿਲਦਾ ਹੈ ਤੇ ਅੰਦਰੋਂ ਇਕ ਹੂਕ ਜੇਹੀ ਉਠਦੀ ਹੈ ਕਿ ਦੇਸ਼ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਤੇ ਕੁਰਬਾਨੀ ਦੇਣ ਵਾਲੀ ਇਸ ਕੌਮ ਜਿਸਦੇ ਹਜ਼ਾਰਾਂ ਪਰਿਵਾਰ ਅਨਾਥ ਹੋ ਗਏ, ਬਚੇ ਯਤੀਮ ਹੋ ਗਏ, ਸੁਹਾਗਣਾਂ ਦੇ ਸੁਹਾਗ ਲੁਟੇ ਗਏ, ਪਰ ਉਹੀ ਸਿਖ ਕੌਮ, ਜਿਸਨੇ ਅਰਬਾਂ ਰੁਪਏ ਖਰਚ ਕਰਕੇ ਆਪਣੇ ਗੁਰੂ ਸਾਹਿਬਾਨ ਦੀਆਂ ਆਲੀਸ਼ਾਨ ਯਾਦਗਾਰਾਂ ਸਥਾਪਤ ਕੀਤੀਆਂ ਹੋਣ, ਨੇ ਇਹਨਾਂ ਪੀੜਿਤ ਪਰਿਵਾਰਾਂ ਦੇ ਨਾਲ ਮਹਿਜ਼ ਹਮਦਰਦੀ ਜ਼ਾਹਰ ਕਰਨ, ਪਿਛਲੇ 33 ਸਾਲਾਂ ਤੋਂ ਉਨ੍ਹਾਂ ਨੂੰ ਸਨਮਾਨ ਯੋਗ ਰਹਿਣ ਲਈ ਸਿਵਾਏ ਹੇਜ ਜਤਾਉਣ ਦੇ ਤਸਲੀਬਖਸ਼ ਕੁਝ ਨਹੀਂ ਕੀਤਾ। 1984 ਦੇ ਇਸ ਸ਼ਰਮਨਾਕ ਕਾਂਡ ਜਿਸਨੇ ਭਾਰਤ ਦੇ ਲੋਕਤੰਤਰਿਕ ਚਿਹਰੇ ਉਤੇ ਕਾਲਿਖ ਪੋਤ ਦਿਤੀ, ਕੋਈ ਮਾਮੂਲੀ ਘਟਨਾ ਨਹੀਂ ਸੀ, ਸਗੋਂ ਹਜ਼ਾਰਾਂ ਸਿਖਾਂ ਦੇ ਵਹਿਸ਼ੀ ਕਤਲੇਆਮ, ਲੁਟਮਾਰ, ਅਗਜਨੀ ਅਤੇ ਜਬਰਜਨਾਹ ਦੀਆਂ ਘਟਨਾਵਾਂ ਨੇ ਦੁਨੀਆਂ ਭਰ ਵਿਚ ਝੰਜੋੜ ਕੇ ਰਖ ਦਿਤਾ। ਉਸਦੇ ਬਾਅਦ ਭਾਜਪਾ ਸਹਿਤ ਕਈ ਹਕੂਮਤਾਂ ਆਈਆਂ ਤੇ ਆ ਕੇ ਚਲੀਆਂ ਗਈਆਂ, ਪਰ ਕਿਸੇ ਨੇ ਵੀ ਇਨ੍ਹਾਂ ਸਿਖ ਕਤਲੇਆਮ ਪੀੜਤਾਂ ਦੇ ਦੁਖੀ ਪਰਿਵਾਰਾਂ ਦੇ ਅਲੇ ਜ਼ਖਮਾਂ ‘ਤੇ ਮਲਹਮ ਲਗਾਉਣ ਦਾ ਕਸ਼ਟ ਨਹੀਂ ਕੀਤਾ। 31 ਅਕਤੂਬਰ 1984 ਨੂੰ ਹਿੰਦੁਸਤਾਨ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਨ੍ਹਾਂ ਦੇ ਘਿਣਾਉਣੇ ਕਤਲ ਦੇ ਬਾਅਦ ਇਹ ਵਹਿਸ਼ੀ ਸਿਖ ਕਤਲੇਆਮ ਹੋਇਆ, ਦੇ ਸਪੁਤਰ ਰਾਜੀਵ ਗਾਂਧੀ ਨੇ ਤਾਂ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਵਾਗਡੋਰ ਸੰਭਾਲਦੇ ਹੀ ਐਲਾਨ ਕਰ ਦਿਤਾ ਸੀ, ‘‘ਜਦੋਂ ਵਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ।’’ ….ਤੇ ਇਹ ਧਰਤੀ ਇੰਨੀ ‘ਹਿੱਲੀ’ ਕਿ ਸਿਖ ਕਤਲੇਆਮ ਦਾ ਭੂਚਾਲ ਹੀ ਆ ਗਿਆ। ਵਕਤ ਵਡੇ-ਵਡੇ ਜ਼ਖ਼ਮਾਂ ਨੂੰ ਭਰ ਦਿੰਦਾ ਹੈ, ਪਰ ਕਈ ਲਾ-ਇਲਾਜ ਜ਼ਖ਼ਮ ਅਜਿਹੇ ਵੀ ਹੁੰਦੇ ਹਨ ਜੋ ਹਮੇਸ਼ਾ ਹਰੇ ਰਹਿੰਦੇ ਹਨ। ਇਹਨਾਂ ਜ਼ਖਮਾਂ ਦਾ ਦਰਦ ਤਦ ਹੋਰ ਵੀ ਤਿਖੀ ਚੀਸ ਬਣ ਜਾਂਦਾ ਹੈ ਜਦੋਂ ਉਨ੍ਹਾਂ ਉਤੇ ਮਲਹਮ ਲਗਾਉਣ ਦੀ ਬਜਾਇ ਲੂਣ ਦੇ ਛਿਟੇ ਪੈਂਦੇ ਰਹਿਣ, ਕਿਸੇ ਵੀ ਤਰਫੋਂ ਇਨਸਾਫ਼ ਮਿਲਣ ਦੇ ਸਾਰੇ ਦੁਆਰ ਬੰਦ ਹੋ ਜਾਣ। 1984 ਦੇ ਸਿਖ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਵੀ ਅਜਿਹਾ ਹੀ ਦੁਖਾਂਤ ਵਾਪਰਿਆ ਜਿਨ੍ਹਾਂ ਦੇ ‘ਸਿਰ ਦੇ ਸਾਈਆਂ ਨੂੰ ਤਾਂ ਇਹ ਹਸੀਨ ਦੁਨੀਆਂ ਹੋਰ ਵੇਖਣੀ ਨਸੀਬ ਹੀ ਨਹੀਂ ਸੀ। ਪਰ ਉਹ ਪਿਛੇ ਆਪਣੇ ਪਰਿਵਾਰਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛਡ ਗਏ। ਮਧ ਵਰਗੀ ਪਰਿਵਾਰਾਂ ਉਤੇ ਤਾਂ ਇਹ ਮਾਰ ਜ਼ਿਆਦਾ ਹੀ ਪਈ ਜੋ ਆਪਣੇ ਵਸਦੇ-ਰਸਦੇ ਘਰ ਛਡਕੇ ਝੁਗੀ ਝੌਂਪੜੀਆਂ ਵਿਚ ਡੇਰਾ ਲਾਉਣ ਲਈ ਮਜਬੂਰ ਹੋ ਗਏ। ਆਪਣੇ ਮਰਦਾਂ ਦੇ ਬਿਨਾਂ ਇਹਨਾਂ ਪਰਿਵਾਰਾਂ ਦੀਆਂ ਔਰਤਾਂ ਤੇ ਬਾਪ ਬਿਨਾਂ ਜਿਵੇਂ ਉਨ੍ਹਾਂ ਦੇ ਬਚਿਆਂ ਨੇ ਇਹ ਸਮਾਂ ਕਈ-ਕਈ ਵਕਤ ਭੁਖੇ ਰਹਿ ਕੇ ਠੰਡੀਆਂ ਸਰਦ ਰਾਤਾਂ ਵਿਚ ਖੁਲੇ ਅਸਮਾਨ ਹੇਠ ਗੁਜ਼ਾਰਿਆ ਹੈ, ਉਨ੍ਹਾਂ ਦੇ ਇਲਾਵਾ ਕਿਸੇ ਨੂੰ ਕੀ ਅਹਿਸਾਸ ਹੋ ਸਕਦਾ ਹੈ? ਦਰਅਸਲ 1984 ਦਾ ਇਹ ਕਤਲੇਆਮ ਇੰਨਾ ‘ਪ੍ਰਸਿਧ‘ ਹੋ ਚੁਕਿਆ ਹੈ ਕਿ ਇਸਦੇ ਨਾਲ ਹੁਣ ‘ਸਿਖ‘ ਲਗਾਉਣ ਦੀ ਵੀ ਜ਼ਰੂਰਤ ਨਹੀਂ ਰਹੀ, … ਦੇ ਪੀੜਿਤ ਇਹਨਾਂ ਸਿਖ ਸ਼ਰਨਾਰਥੀਆਂ ਨੂੰ ਆਪਣੇ ਸੌੜੇ ਮੁਫ਼ਾਦਾਂ ਲਈ ਕੈਸ਼ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ ਵਿਖਾਈ। ਇਹੀ ਵਜ੍ਹਾ ਹੈ ਕਿ 1984 ਦੇ ਇਸ ਸਿਖ ਕਤਲੇਆਮ ਦੀ ਅਗ ਵਿਚ ਝੁਲਸੇ ਹਜ਼ਾਰਾਂ ਲੋਕ ਅਜੇ ਵੀ ਯਥਾ-ਯੋਗ ਸੈਟਲ ਨਹੀਂ ਹੋ ਸਕੇ। ਪਰ ਉਨ੍ਹਾਂ ਦੇ ਜ਼ਰੀਏ ਕੁਝ ਲੋਕ ਸਿਖ ਰਾਜਨੀਤੀ ਤੇ ਮਾਲੀ ਖੇਤਰ ਵਿਚ ਆਪਣਾ ਕਦ ਵਧਾਉਣ ਵਿਚ ਜ਼ਰੂਰ ਕਾਮਯਾਬ ਰਹੇ ਜਿਨ੍ਹਾਂ ਨੇ ਸ਼ਰਨਾਰਥੀ ਵਿਧਵਾਵਾਂ ਦਾ ਵੀ ‘ਸਹਾਰਾ‘ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਿਸਦੀ ਬਦੌਲਤ ਇਹ ਕਤਲੇਆਮ ਪੀੜਿਤ ਕੈਂਪ ਦੇਸ਼ ਦੀ ਰਾਜਧਾਨੀ ਵਿਚ ਹਮੇਸ਼ਾ ਸੁਰਖੀਆਂ ‘ਤੇ ਛਾਏ ਰਹੇ। ਇਥੋਂ ਤਕ ਕਿਹਾ ਜਾਣ ਲਗਾ ਕਿ ਕੋਈ ਇਜ਼ਤਦਾਰ ਆਦਮੀ ਓਧਰ ਜਾਣ ਦੀ ਜ਼ੁਰਅਤ ਨਹੀਂ ਕਰ ਸਕਦਾ। ਜ਼ਿਆਦਾਤਰ ਸਿਖ ਸਿਆਸਤਦਾਨਾਂ ਨੇ 1984 ਦੇ ਇਹਨਾਂ ਕਤਲੇਆਮ ਪੀੜਿਤਾਂ ਨੂੰ ਜੰਮ ਕੇ ਕੈਸ਼ ਕੀਤਾ ਆਪਣੇ-ਆਪਣੇ ਮਫ਼ਾਦਾਂ ਦੇ ਲਈ। ਜਿਸ ਵੀ ਸਿਖ ਨੇਤਾ ਨੂੰ ਆਪਣੇ ਰੋਸ ਪ੍ਰਦਰਸ਼ਨ ਦੀ ਰੌਣਕ ਵਧਾਉਣੀ ਹੁੰਦੀ, ਅਕਸਰ ਇਹਨਾਂ ਪੀੜਿਤ ਪਰਿਵਾਰਾਂ ਨੂੰ ਉਧਰ ‘ਜੋਤ‘ ਲਿਆ ਜਾਂਦਾ ਹੈ। ਆਹ! ਜ਼ਿੰਦਗੀ ਦਾ ਨਰਕ ਭੋਗ ਰਹੇ ਇਹ ਪਰਿਵਾਰ ਵੀ ਕਦੇ ਉਚੇ ਮਹਿਲਾਂ ਦੇ ਮਾਲਿਕ ਸਨ। ਹੈਰਾਨੀ ਇਹ ਕਿ ਨਵੰਬਰ 1984 ਦੇ ਬਾਅਦ ਇਥੋਂ ਦੇ ਮਕਾਮੀ ਅਤੇ ਵਿਦੇਸ਼ਾਂ ਵਿਚ ਬੈਠੇ ਸਰਮਾਏਦਾਰ ਸਿਖਾਂ ਨੇ, ਕਹਿੰਦੇ ਨੇ ਖੂਬ ਜਮ ਕੇ ਆਰਥਿਕ ਸਹਾਇਤਾ ਦਿਤੀ ਸੀ। ਹੁਣ ਰਬ ਹੀ ਜਾਣਦਾ ਹੈ ਕਿ ਇਹ ਕਿਸ ਵਿਚ ਤਕਸੀਮ ਹੋਈ ਜਾਂ ਕਿਸਦੀ ਜੇਬ ਵਿਚ ਗਈ। ਇਹੀ ਵਜ੍ਹਾ ਹੈ ਕਿ 1984 ਦੇ ਇਸ ਦਰਦਨਾਕ ਤੇ ਸ਼ਰਮਨਾਕ ਸਿਖ ਕਤਲੇਆਮ ਦੀ ਟੀਸ 34 ਸਾਲ ਦੇ ਲੰਬੇ ਅਰਸੇ ਤਕ ਵੀ ਬਰਕਰਾਰ ਰਹਿਣੀ ਧਰਮ ਨਿਰਪਖ ਜਮਹੂਰੀ ਰਾਜ ਪ੍ਰਬੰਧ ਲਈ ਬਹੁਤ ਵਡਾ ਮਿਹਣਾ ਨਹੀਂ ਤਾਂ ਹੋਰ ਕੀ ਹੈ?……ਤੇ ਉਹ ਵੀ ਤਦ ਜਦ ਪੀੜਿਤ ਪਰਿਵਾਰ ਅਜੇ ਵੀ ਇਨਸਾਫ਼ ਦੀ ਆਸ ਵਿਚ ਨਜ਼ਰਾਂ ਲਗਾਈ ਬੈਠੇ ਹੋਣ।
‘ਜਿਨਕੇ ਮਰ ਜਾਤੇ ਹੈਂ,
ਉਨਸੇ ਤੋ ਜ਼ਰਾ ਪੂਛੀਏ,
ਹਮਨੇ ਤੋਂ ਅਖ਼ਬਾਰ ਕੀ
ਸੁਰਖੀ ਸਮਝ ਕਰ ਪੜ੍ਹ ਲੀਆ।’
ਬਸੰਤਰ ਸਮਝਣ ਵਾਲਿਆਂ ਨੂੰ ਅਗ ਦੇ ਸੇਕ ਦਾ ਕੀ ਅਹਿਸਾਸ? ਦੇਸ਼ ਦੀ ਖਾਤਰ ਸਭ ਤੋਂ ਮੂਹਰੇ ਹੋ ਕੇ ਕੁਰਬਾਨੀਆਂ ਦੇਣ ਵਾਲੀ ਇਸ ਕੌਮ ਨੂੰ ‘ਬੜਾ ਪੇੜ (ਦਰੱਖਤ)’ ਗਿਰਾਉਣ ਦਾ ਮਿਲਿਆ ਇਹ ਸਬਕ ਸਦੀ ਦਾ ਸਭ ਤੋਂ ਸ਼ਰਮਨਾਕ ‘ਸਬਕ’ ਸੀ।

WRITTEN BY