ਭਾਰਤ ਦੇ ਰਾਜਸੀ ਪ੍ਰਬੰਧ ਦੀਆਂ ਉਣਤਾਈਆਂ ਕਾਰਨ ਆਮ ਲੋਕਾਂ ਨੂੰ ਹੀ ਨਹੀਂ ਕਈ ਵਾਰ ਪ੍ਰਭਾਵਸ਼ਾਲੀ ਸਿਆਸੀ ਨੇਤਾਵਾਂ ਨੂੰ ਵੀ ਬਿਨਾਂ ਕਿਸੇ ਕਸੂਰ ਤੋਂ ਡੂੰਘੀ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹ ਪੀੜਾ ਵੀ ਜਦੋਂ ਦਹਾਕਿਆਂ ਤੱਕ ਲੰਬੀ ਹੋ ਜਾਵੇ ਤੱਦ ਇਹ ਹੋਰ ਵੀ ਦੁਖਦਾਇਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਮੁਖੀ ਬੀਬੀ ਜਗੀਰ ਕੌਰ ਦਾ ਕੇਸ ਸਾਹਮਣੇ ਹੈ। ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਵਿੱਚ ਵਾਪਰੀ ਇਕ ਅਣਹੋਣੀ ਕਾਰਨ 18 ਸਾਲ ਤੱਕ ‘ਇਨਸਾਫ’ ਦੀ ਉਡੀਕ ਕਰਨੀ ਪਈ। ਸਿਆਸੀ ਵਿਰੋਧੀਆਂ ਵੱਲੋਂ ਰਚੀ ਗਈ ਸਾਜਿਸ਼ ਕਾਰਨ ਉਨ੍ਹਾਂ ਨੂੰ ਵੱਡੇ ਰੁਤਬੇ ਤਿਆਗਣੇ ਪਏ ਅਤੇ 18 ਸਾਲ ਸਿਆਸੀ ਵਣਵਾਸ ’ਚੋਂ ਗੁਜ਼ਾਰਨਾ ਪਿਆ। ਬੇਸ਼ਕ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਇਨਸਾਫ ਦੇ ਦਿੱਤਾ ਹੈ ਪ੍ਰੰਤੂ ਇਨ੍ਹਾਂ 18 ਸਾਲਾਂ ਵਿੱਚ ਉਨ੍ਹਾਂ ਨੇ ਜਿਹੜੀ ਪੀੜਾ ਅਤੇ ਜਲਾਲਤ ਝੱਲੀ ਹੈ ਉਸ ਨੂੰ ਕੋਈ ਵੀ ਅਦਾਲਤ ਮੇਟ ਨਹੀਂ ਕਰ ਸਕਦੀ। ਸਾਡੇ ਪ੍ਰਬੰਧ ਦੀ ਇਹੋ ਕਮੀ ਹੈ ਕਿ ਅਦਾਲਤਾਂ ਵਿੱਚ ਮੁਕਦਮੇ ਦਹਾਕਿਆਂ ਤੱਕ ਚੱਲਦੇ ਰਹਿੰਦੇ ਹਨ। ਸਿਆਸੀ ਨੇਤਾਵਾਂ ਦੇ ਮਾਮਲੇ ਵਿੱਚ ਇਹ ਮੁਕਦਮੇ ਹੋਰ ਵੀ ਲੰਬੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਸਿਆਸੀ ਵਿਰੋਧੀਆਂ ਅਤੇ ਮੀਡੀਆ ਦੀ ਟਰਾਇਲ ਵਿੱਚੋਂ ਹੀ ਗੁਜ਼ਰਨਾ ਪੈਂਦਾ ਹੈ। ਇਲਜ਼ਾਮ ਬੇਸ਼ਕ ਝੂਠੇ ਹੀ ਹੋਣ ਪ੍ਰੰਤੂ ਸਿਆਸੀ ਵਿਰੋਧੀ ਇਸ ਨੂੰ ਸੱਚ ਬਣਾ ਕੇ ਪੇਸ਼ ਕਰਦੇ ਹਨ। ਇਸ ਸਥਿਤੀ ਦਾ ਸਾਹਮਣਾ ਕਰਨਾ ਇਕ ਸਿਆਸੀ ਨੇਤਾ ਲਈ ਬਹੁਤ ਔਖਾ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਸੀਨੀਅਰ ਆਗੂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਮਿਸਾਲੀ ਕਾਰਜ ਕੀਤੇ ਹਨ। ਆਪਣੇ ਵਿਧਾਨ ਸਭਾ ਹਲਕੇ ਭੁਲੱਥ ਵਿੱਚ ਵੀ ਉਹ ਬਹੁਤ ਹਰਮਨ ਪਿਆਰੇ ਹਨ। ਵੱਡੀ ਸ਼ਰਧਾ ਦਾ ਕੇਂਦਰ ਡੇਰਾ ਸੰਤ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਬੇਗੋਵਾਲ ਦੇ ਮੁਖੀ ਵੱਜੋਂ ਉਨ੍ਹਾਂ ਦਾ ਸੰਗਤ ਵਿੱਚ ਭਾਰੀ ਸਤਿਕਾਰ ਹੈ। ਉਹ ਉਨ੍ਹਾਂ ਨੇਤਾਵਾਂ ਵਿੱਚ ਸ਼ੁਮਾਰ ਹੁੰਦੇ ਹਨ ਜਿਹੜੇ 24 ਘੰਟੇ ਆਮ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਇਸ ਸਭ ਕੁਝ ਦੇ ਬਾਵਜੂਦ ਬੀਬੀ ਜਗੀਰ ਕੌਰ ਨੂੰ ਪਿਛਲੇ ਸਮੇਂ ਵਿੱਚ ਵੱਡੇ ਸੰਕਟ ਅਤੇ ਔਖੇ ਸਮੇਂ ਵਿੱਚੋਂ ਗੁਜ਼ਰਨਾ ਪਿਆ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਫੌਲਾਦੀ ਇਰਾਦੇ ਨਾਲ ਇਸ ਔਖੇ ਸਮੇਂ ਦਾ ਮੁਕਾਬਲਾ ਕੀਤਾ ਅਤੇ ਦ੍ਰਿੜਤਾ ਨਾਲ ਇਨਸਾਫ ਦੀ ਲੜਾਈ ਲੜੀ। ਹਰ ਇਕ ਸਿਆਸੀ ਨੇਤਾ ਅਜਿਹੇ ਹਾਲਤਾਂ ਵਿੱਚ ਇਸ ਤਰ੍ਹਾਂ ਦੀ ਲੜਾਈ ਨਹੀਂ ਲੜ ਸਕਦਾ। ਇਸ ਤਰ੍ਹਾਂ ਦੀ ਸਥਿਤੀ ਅਤੇ ਲੜਾਈ ਵੱਡੇ ਤੋਂ ਵੱਡੇ ਵਿਅਕਤੀ ਨੂੰ ਅੰਦਰੋਂ ਤੋੜ ਦਿੰਦੀ ਹੈ। ਜਿਥੇ ਸਾਨੂੰ ਆਮ ਲੋਕਾਂ ਦੀ ਫਿਕਰ ਕਰਨੀ ਚਾਹੀਦੀ ਹੈ ਉਥੇ ਸਿਆਸੀ ਨੇਤਾਵਾਂ ਪ੍ਰਤੀ ਵੀ ਸਾਨੂੰ ਥੋੜ੍ਹਾ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਆਖਰ ਸਿਆਸੀ ਨੇਤਾ ਵੀ ਹੱਡ ਮਾਸ ਦੇ ਬੰਦੇ ਹਨ। ਉਨ੍ਹਾਂ ਦੀਆਂ ਵੀ ਭਾਵਨਾਵਾਂ ਹਨ। ਸਾਨੂੰ ਇਸ ਗੱਲ ਦੇ ਯਤਨ ਕਰਨੇ ਚਾਹੀਦੇ ਹਨ ਕਿ ਕਿਸੇ ਵੀ ਨਾਗਰਿਕ ਨੂੰ ਬੇਸ਼ਕ ਉਹ ਸਿਆਸੀ ਨੇਤਾ ਕਿਉਂ ਨਾ ਹੋਵੇ, ਇਸ ਤਰ੍ਹਾਂ ਦੇ ਮਾੜੇ ਦੌਰ ਵਿੱਚੋਂ ਨਾ ਲੰਘਣਾ ਪਵੇ। ਬੀਬੀ ਜਗੀਰ ਕੌਰ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ 18 ਸਾਲਾਂ ਬਾਅਦ ਕਤਲ ਦੀ ਸਾਜਿਸ਼ ਦੇ ਮੁਕਦਮੇ ’ਚੋਂ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜੇਕਰ ਅਦਾਲਤ ਉਨ੍ਹਾਂ ਨੂੰ ਬਰੀ ਨਾ ਕਰਦੀ ਤਾਂ ਕਿਸੇ ਨੇ ਇਹ ਨਹੀਂ ਮੰਨਣਾ ਸੀ ਕਿ ਉਨ੍ਹਾਂ ਖਿਲਾਫ ਇਹ ਕੇਸ ਇਕ ਸਾਜਿਸ਼ ਤਹਿਤ ਦਰਜ ਕੀਤਾ ਗਿਆ ਸੀ। ਕਈ ਵਿਰੋਧੀ ਤਾਕਤਾਂ ਲਗਾਤਾਰ ਉਨ੍ਹਾਂ ਨੂੰ ਫਸਾਉਣ ਲਈ ਯਤਨ ਕਰਦੀਆਂ ਰਹੀਆਂ। ਇਸ ਮਾਮਲੇ ਵਿੱਚ ਇਕ ਧਿਰ ਵੱਲੋਂ ਮੋਟੀ ਰਕਮ ਤੱਕ ਖਰਚੀ ਗਈ। ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਸਾਹਿਬਾਨ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਇਸ ਕੇਸ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਇਕ ਸਹੀ ਫੈਸਲਾ ਸੁਣਾਇਆ ਹੈ।
– ਬਲਜੀਤ ਸਿੰਘ ਬਰਾੜ



