Skip to content
Independent perspectives. Global stories.
BREAKING

ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ

Share this story

ਗੀਤ- ਸੰਗੀਤ ਮੁਢ ਤੋਂ ਹੀ ਮਨੁਖੀ ਮਨ ਦੇ ਕੋਮਲ ਭਾਵਾਂ ਦਾ ਪ੍ਰਤੀਕ ਰਿਹਾ ਹੈ। ਸੰਗੀਤ ਦੀਆਂ ਧੁਨੀਆਂ ਉਤੇ ਮਨੁਖ ਨੂੰ ਹਸਦਿਆਂ, ਰੋਂਦਿਆਂ, ਨਚਦਿਆਂ ਅਤੇ ਗਾਉਂਦਿਆਂ ਦੇਖਿਆ ਗਿਆ ਹੈ ਉਥੇ ਹੀ ਆਪਣੀ ਬੋਲੀ ਦੇ ਗੀਤਾਂ ਨੇ ਮਨੁਖੀ ਮਨ ਦੇ ਕੋਮਲ ਭਾਵਾਂ ਨੂੰ ਆਵਾਜ਼ ਦਿਤੀ ਹੈ। ਮਨੁਖ ਦੇ ਸਭਿਅਕ ਹੋਣ ਦੇ ਸਮੇਂ ਤੋਂ ਲੈ ਕੇ ਅਜ ਤਕ ਗੀਤ- ਸੰਗੀਤ ਦਾ ਸਥਾਨ ਨਿਵੇਕਲਾ ਕਿਹਾ ਜਾ ਸਕਦਾ ਹੈ। ਸਾਡੇ ਹਥਲੇ ਲੇਖ ਦਾ ਮੂਲ ਥੀਮ ਪੰਜਾਬੀ ਗੀਤਕਾਰੀ ਨਾਲ ਸੰਬੰਧਤ ਹੈ ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਸਿਧੇ ਪੰਜਾਬੀ ਗੀਤਕਾਰੀ ਦੇ ਬਦਲਦੇ ਸਰੂਪ ਬਾਰੇ ਵਿਚਾਰ- ਚਰਚਾ ਆਰੰਭ ਕਰਦੇ ਹਾਂ ਤਾਂ ਕਿ ਲੇਖ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ।
ਅਜ ਦਾ ਦੌਰ ਭਜ- ਦੌੜ ਦਾ ਦੌਰ ਹੈ। ਹਰ ਮਨੁਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਹਿਤ ਦਿਨ- ਰਾਤ ਭਜਾ ਫ਼ਿਰਦਾ ਹੈ। ਇਸ ਦੌਰ ਵਿਚ ਸਕੂਨ ਦਾ ਸੰਗੀਤ ਸੁਣਨ ਲਈ ਕਿਸੇ ਕੋਲ ਵਕਤ ਨਹੀਂ ਹੈ। ਇਸ ਲਈ ਰਾਹ ਚਲਦਿਆਂ ਅਤੇ ਕੰਮ ਕਰਦਿਆਂ ਆਪਣੇ ਮੋਬਾਈਲ ਫ਼ੋਨ ਤੇ ਲੋਕ ਆਪਣੀ ਬੋਲੀ, ਆਪਣੀ ਪਸੰਦ ਦਾ ਗੀਤ- ਸੰਗੀਤ ਸੁਣਦੇ ਰਹਿੰਦੇ ਹਨ। ਉਹ ਦੌਰ ਬੀਤ ਗਿਆ ਹੈ ਜਦੋਂ ਮਹਿਫ਼ਿਲਾਂ ਵਿਚ ਬੈਠ ਕੇ ਰੂਹਾਨੀ ਸੰਗੀਤ ਦਾ ਆਨੰਦ ਲਿਆ ਜਾਂਦਾ ਸੀ। ਪੰਜਾਬੀ ਗੀਤਕਾਰੀ ਦਾ ਸਰੂਪ ਸਮੇਂ ਦੇ ਅਨੁਸਾਰ ਬਦਲ ਗਿਆ ਹੈ। ਉਂਝ, ਇਹ ਬਦਲਾਓ ਲਾਜ਼ਮੀ ਵੀ ਹੈ ਅਤੇ ਜਾਇਜ਼ ਵੀ ਕਿਉਂਕਿ ਸਮੇਂ ਦੇ ਅਨੁਸਾਰ ਨਾ ਬਦਲਣ ਵਾਲਾ ਮਨੁਖ ਅਤੇ ਰਿਵਾਜ਼ ਅਕਸਰ ਖ਼ਤਮ ਹੋ ਜਾਂਦਾ ਹੈ। ਪਰ, ਇਹ ਬਦਲਾਓ ਇਸ ਰੂਪ ਵਿਚ ਸਾਹਮਣੇ ਆਵੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਪੰਜਾਬੀ ਗੀਤਕਾਰੀ ਵਿਚ ਨਵੇਂ ਲੋਕਾਂ ਦਾ ਪ੍ਰਵੇਸ਼ ਹੋ ਗਿਆ ਹੈ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਜਨ- ਜੀਵਨ ਦਾ ਰਤਾ ਭਰ ਵੀ ਇਲਮ ਨਹੀਂ ਹੈ। ਖ਼ਬਰੇ ! ਇਸੇ ਕਰਕੇ ਹੀ ਪੰਜਾਬੀ ਗੀਤਾਂ ਵਿਚ ਰਿਸ਼ਤਿਆਂ ਦੀ ਭੰਡੀ ਕੀਤੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਜੀਜਾ- ਸਾਲੀ ਦੇ ਰਿਸ਼ਤੇ ਨੂੰ ਬਦਨਾਮ ਕਰਕੇ ਰਖ ਦਿਤਾ ਗਿਆ ਹੈ ਜਦੋਂ ਕਿ ਅਸਲ ਜੀਵਨ ਵਿਚ ਜੀਜਾ- ਸਾਲੀ ਦੇ ਰਿਸ਼ਤੇ ਨੂੰ ਭੈਣ- ਭਰਾ ਦੇ ਰਿਸ਼ਤੇ ਤੁਲ ਸਮਝਿਆ ਜਾਂਦਾ ਹੈ। ਉਂਝ ਵੀ ਸਾਲੀ ਆਪਣੇ ਜੀਜੇ ਨੂੰ ‘ਭਾਅ ਜੀ’ ਕਹਿ ਕੇ ਸੰਬੋਧਨ ਕਰਦੀ ਹੈ ਭਾਵ ਵੀਰ ਸਮਝਦੀ ਹੈ ਪਰ ਅਫ਼ਸੋਸ, ਪੰਜਾਬੀ ਗੀਤਕਾਰੀ ਦੇ ਅਲੰਬੜਦਾਰਾਂ ਨੇ ਜੀਜਾ- ਸਾਲੀ ਦੇ ਮੋਹ ਭਿਜੇ ਰਿਸ਼ਤੇ ਨੂੰ ਨਾਜਾਇਜ਼ ਰਿਸ਼ਤੇ ਵਜੋਂ ਭੰਡ ਕੇ ਰਖ ਦਿਤਾ ਹੈ। ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਅਨੁਸਾਰ ਆਪਣੇ ਤੋਂ ਵਡੀ ਸਾਲੀ ਨੂੰ ਮਾਂ, ਹਮਉਮਰ ਦੀ ਸਾਲੀ ਨੂੰ ਭੈਣ ਅਤੇ ਛੋਟੀ ਨੂੰ ਧੀ ਦੇ ਵਾਂਗ ਸਮਝਿਆ ਜਾਂਦਾ ਰਿਹਾ ਹੈ ਪਰ, ਅਜ ਕਲ੍ਹ ਦੇ ਗੀਤਾਂ ਵਿਚ ਸਭ ਨੂੰ ਮੰਦੀ ਅਖ ਨਾਲ ਤਕਿਆ ਜਾਂਦਾ ਹੈ। ਇਸ ਸਾਡੇ ਸਭਿਆਚਾਰ ਅਤੇ ਜਨ- ਜੀਵਨ ਦਾ ਅੰਗ ਨਾ ਸੀ ਅਤੇ ਨਾ ਹੀ ਹੈ।
ਪੰਜਾਬੀ ਗੀਤਾਂ ਵਿਚ ਵਿਦਿਆ ਦੇ ਮੰਦਰਾਂ (ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ) ਨੂੰ ਆਸ਼ਕੀ ਦੇ ਅਡੇ ਬਣਾ ਕੇ ਰਖ ਦਿਤਾ ਗਿਆ ਹੈ। ਪੰਜਾਬੀ ਗੀਤਕਾਰੀ ਦੇ ਪੈਮਾਨੇ ਅਨੁਸਾਰ ਇਹ ਸੰਸਥਾਵਾਂ ਨਿਰੇ ਆਸ਼ਕੀ ਕਰਨ ਦੇ ਅਡੇ ਹਨ ਅਤੇ ਇਹਨਾਂ ਵਿਚ ਪੜ੍ਹਨ ਵਾਲੇ ਮੁੰਡੇ- ਕੁੜੀਆਂ ‘ਹੀਰ- ਰਾਂਝੇ’ ਦੇ ਵਾਰਿਸ ਹਨ। ਦੂਜੀ ਹੈਰਾਨ ਕਰਨ ਵਾਲੀ ਹਕੀਕਤ ਇਹ ਹੈ ਕਿ ਅਜੋਕੀ ਗੀਤਕਾਰੀ ਅਨੁਸਾਰ ਵਿਦਿਆ ਦੇ ਇਹ ਮੰਦਰ ਸਿਆਸਤ ਕਰਨ ਦੇ ਅਡੇ ਵੀ ਸਮਝੇ ਜਾਂਦੇ ਹਨ। ਇਹਨਾਂ ਵਿਚ ਪ੍ਰਧਾਨਗੀ ਲਈ ਲੜਾਈ- ਝਗੜੇ ਹੁੰਦੇ ਹਨ ਅਤੇ ਚੌਧਰ ਲਈ ਕਤਲ ਵੀ ਕਰ ਦਿਤੇ ਜਾਂਦੇ ਹਨ। ਪੰਜਾਬੀ ਗੀਤਕਾਰੀ ਦੇ ਇਹਨਾਂ ਸਰੋਕਾਰਾਂ ਨੇ ਨੌਜਵਾਨ ਪੀੜੀ ਨੂੰ ਕੁਰਾਹੇ ਪਾ ਦਿਤਾ ਹੈ।
ਪੰਜਾਬੀ ਜਨ- ਜੀਵਨ ਦਾ ਪੇਸ਼ ਕੀਤਾ ਜਾ ਰਿਹਾ ਇਹ ਚਿਹਰਾ ਦੇਖ/ਸੁਣ ਕੇ ਬਹੁਤ ਅਫ਼ੋਸਸ ਹੁੰਦਾ ਹੈ। ਕਿਸਾਨ ਨੂੰ ਖੇਤਾਂ ਵਿਚ ਮਿਹਨਤ ਕਰਦੇ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਜਾਂਦਾ ਬਲਕਿ ਫਾਇਰ ਕਰਦਿਆਂ, ਬਕਰੇ ਬੁਲਾਉਂਦਿਆਂ, ਕਤਲ ਕਰਦਿਆਂ, ਕਚਹਿਰੀਆਂ ’ਚ ਤਰੀਕਾਂ ਭੁਗਤਦਿਆਂ, ਬੁਲਟ ਤੇ ਪਟਾਕੇ ਪਾਉਂਦਿਆਂ ਅਤੇ ਆਸ਼ਕੀ ਕਰਦਿਆਂ ਦਿਖਾ ਕੇ ਅਜੋਕੀ ਨੌਜਵਾਨ ਪੀੜ੍ਹੀ ਦੇ ਮਨਾਂ ਨੂੰ ਪੁਠੇ ਰਾਹ ਤੇ ਤੋਰਿਆ ਜਾ ਰਿਹਾ ਹੈ। ਕਿਸਾਨੀ ਖੁਦਕੁਸ਼ੀਆਂ, ਕਰਜ਼ਾ, ਬੇਰੁਜ਼ਗਾਰੀ, ਭਰੂਣ- ਹਤਿਆ, ਤੇਜਾਬੀ ਹਮਲੇ, ਨਸ਼ਿਆਂ ਦਾ ਪ੍ਰਭਾਵ, ਪ੍ਰਵਾਸ ਅਤੇ ਇਖ਼ਲਾਕੀ ਨਿਗਾਰ ਆਦਿਕ ਵਿਸ਼ੇ ਪੰਜਾਬੀ ਗੀਤਕਾਰੀ ਦੇ ਵਿਸ਼ੇ ਨਹੀਂ ਹਨ ਸਗੋਂ ਆਸ਼ਕੀ, ਜਟਪੁਣਾ, ਮਹਿੰਗੀਆਂ ਗਡੀਆਂ ਦਾ ਸ਼ੌਂਕ, ਰਿਸ਼ਤਿਆਂ ਦਾ ਘਾਣ, ਵਿਦਿਆ ਦੇ ਮੰਦਰਾਂ ਦੀ ਭੰਡੀ, ਬੰਦੂਕਾਂ ਦੇ ਸ਼ੌਂਕ, ਸਿਆਸਤ ਦਾ ਭੂਤ ਅਤੇ ਵਿਆਹਾਂ- ਸ਼ਾਦੀਆਂ ਤੇ ਫ਼ਿਜੂਲਖ਼ਰਚੀ ਆਦਿਕ ਨੂੰ ਵਡੇ ਪਧਰ ਉਪਰ ਪੇਸ਼ ਕਰਕੇ ਪੰਜਾਬੀ ਜੀਵਨ ਨੂੰ ਵਿਸ਼ਵ ਪਧਰ ਉਪਰ ਭੰਡ ਕੇ ਰਖ ਦਿਤਾ ਹੈ।
ਅਜ ਦੀ ਗੀਤਕਾਰੀ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਗਰੁਕ ਨਹੀਂ ਕੀਤਾ ਜਾਂਦਾ ਬਲਕਿ ਸ਼ਰਾਬ ਪੀ ਕੇ ਬਕਰੇ ਬੁਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵੈਲੀਪੁਣੇ ਨੂੰ ਮਾੜਾ ਨਹੀਂ ਗਿਣਿਆ ਜਾਂਦਾ ਬਲਕਿ ਟੌਹਰ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਫ਼ਿਜੂਲਖ਼ਰਚੀ ਨੂੰ ਪਾਗਲਪਣ ਨਹੀਂ ਬਲਕਿ ਜਟਪੁਣੇ ਦਾ ਪ੍ਰਤੀਕ ਬਣਾ ਦਿਤਾ ਗਿਆ ਹੈ। ਕਿਧਰ ਨੂੰ ਤੁਰੀ ਜਾ ਰਹੀ ਹੈ ਪੰਜਾਬੀ ਗਾਇਕੀ/ਗੀਤਕਾਰੀ ਦੀ ਨਵੀਂ ਪੀੜ੍ਹੀ? ਇਥੇ ਸੋਚਣ ਵਾਲੀ ਗਲ ਇਹ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਸ ਬਦਲਾਓ ਮਗਰ ਕੀ ਕਾਰਨ ਹਨ? ਇਹਨਾਂ ਦਾ ਮੂਲ ਕਾਰਨ ਹੈ, ਪ੍ਰਸਿਧੀ ਅਤੇ ਪੈਸਾ ਪ੍ਰਾਪਤ ਕਰਨਾ। ਹਰ ਬੰਦਾ ਆਪਣੇ ਜੀਵਨ ਵਿਚ ਮਸ਼ਹੂਰ ਹੋਣਾ ਚਾਹੁੰਦਾ ਹੈ ਅਤੇ ਪੈਸਾ ਕਮਾਉਣਾ ਚਾਹੁੰਦਾ ਹੈ। ਪੰਜਾਬੀ ਸੰਗੀਤ ਜਗਤ ਇਹਨਾਂ ਲਈ ਪੈਸੇ ਕਮਾਉਣ ਦੀ ਕੰਪਨੀ ਤੋਂ ਵਧ ਕੁਝ ਨਹੀਂ ਹੈ। ਇਸ ਕਰਕੇ ਹੀ ਨੌਜਵਾਨ ਗਾਇਕ ਅਤੇ ਗੀਤਕਾਰ ਬਣਨ ਲਈ ਤਰਲੋਮਛੀ ਹੋ ਰਹੇ ਹਨ। ਅਜ ਕਲ੍ਹ ਦੇ ਨੌਜਵਾਨਾਂ ਦਾ ਵਿਚਾਰ ਹੈ ਪੜ੍ਹਾਈ ਕਰਕੇ ਨੌਕਰੀ ਤਾਂ ਮਿਲਦੀ ਨਹੀਂ। ਹਾਂ, ਜੇਕਰ ਸਰਕਾਰੀ ਨੌਕਰੀ ਮਿਲ ਵੀ ਗਈ ਤਾਂ ਵੀ ਇੰਨਾ ਪੈਸਾ ਨਹੀਂ ਜੋੜਿਆ ਜਾਣਾ, ਜਿੰਨਾ ਗਾਇਕ ਜਾਂ ਗੀਤਕਾਰ ਬਣ ਕੇ ਦੋ- ਚਾਰ ਸਾਲਾਂ ਵਿਚ ਜੋੜ ਲੈਣਾ ਹੈ। ਗੀਤ ਲਿਖ ਕੇ, ਗਾ ਕੇ ਸੋਸ਼ਲ ਮੀਡੀਆ ਉਪਰ ਪਾਉਣ ਦਾ ਰਿਵਾਜ਼ ਵੀ ਜ਼ੋਰ ਫ਼ੜ ਰਿਹਾ ਹੈ। ਖ਼ਬਰੇ ! ਇਕ ਗੀਤ ਨਾਲ ਹੀ ਰਾਤੋ- ਰਾਤ ਸਟਾਰ ਬਣ ਜਾਈਏ। ਇਹ ਭਰਮ ਹਰ ਨੌਜਵਾਨ ਪੰਜਾਬੀ ਦੇ ਮਨ ਵਿਚ ਘਰ ਕਰ ਗਿਆ ਹੈ।
ਪੰਜਾਬੀ ਗਾਇਕੀ/ਗੀਤਕਾਰੀ ਦੇ ਡਿਗਦੇ ਮਿਆਰ ਨੇ ਜਿਥੇ ਪੰਜਾਬੀ ਸਮਾਜ ਦਾ ਨੁਕਸਾਨ ਕੀਤਾ ਹੈ ਉਥੇ ਅੰਤਰ-ਰਾਸ਼ਟਰੀ ਪਧਰ ਉਤੇ ਪੰਜਾਬੀਆਂ ਨੂੰ ਨਸ਼ੇੜੀ ਅਤੇ ਫੁਕਰੇ ਬਣਾ ਕੇ ਹਾਸੇ ਦੇ ਪਾਤਰ ਵੀ ਬਣਾ ਛਡਿਆ ਹੈ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਪੰਜਾਬੀ ਸੰਗੀਤ ਤੋਂ ਭਾਵ ਬਲੇ- ਬਲੇ ਕਰਨ ਤੋਂ ਅਤੇ ਨਚਣ- ਗਾਉਣ ਤੋਂ ਹੀ ਲਿਆ ਜਾਂਦਾ ਹੈ। ਮਨੁਖੀ ਰਿਸ਼ਤਿਆਂ ਦੇ ਮੋਹ ਭਿਜੇ ਬੋਲ, ਪੰਜਾਬੀ ਸੰਗੀਤ ਵਿਚੋਂ ਅਲੋਪ ਹੁੰਦੇ ਜਾ ਰਹੇ ਹਨ। ਸਾਡੇ ਲੇਖ ਦਾ ਮੂਲ ਮਨੋਰਥ ਸਮੁਚੀ ਪੰਜਾਬੀ ਗਾਇਕੀ/ਗੀਤਕਾਰੀ ਬਾਰੇ ਗਲ ਕਰਨ ਦਾ ਯਤਨ ਹੈ ਇਸ ਲਈ ਕਿਸੇ ਇਕ ਗੀਤ ਉਤੇ ਹੀ ਵਿਚਾਰ- ਚਰਚਾ ਨੂੰ ਕੇਂਦਰਿਤ ਨਹੀਂ ਕੀਤਾ ਜਾ ਰਿਹਾ। ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਜਟ, ਬੰਦੂਕ, ਬੁਲਟ, ਜੀਪ ਅਤੇ ਕਚਹਿਰੀਆਂ ਦੇ ਗੀਤ ਤਾਂ ਸੰਗੀਤ ਦੇ ਬਾਜ਼ਾਰ ਵਿਚ ਆ ਰਹੇ ਹਨ ਪਰ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਕਦੇ ਕੰਨੀਂ ਨਹੀਂ ਪੈਂਦਾ।
ਹਾਂ, ਕੁਝ ਗਾਇਕ/ਗੀਤਕਾਰ ਅਜੇ ਵੀ ਸਰਗਰਮ ਹਨ ਜਿਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਅਸਲ ਸਰੂਪ ਨੂੰ ਸੰਭਾਲ ਕੇ ਰਖਿਆ ਹੋਇਆ ਹੈ। ਉਹ ਸਮੇਂ- ਸਮੇਂ ਸਿਰ ਆਪਣੀਆਂ ਕਲਾਮਤਕਾ ਭਰਪੂਰ ਰਚਨਾਵਾਂ ਦੁਆਰਾ ਪੰਜਾਬੀ ਸੰਗੀਤ ਦੀ ਮੂਲ ਧੁਰੀ ਨੂੰ ਆਮ ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਨ ਪਰ 90% ਕਲਾਕਾਰ ਉਹਨਾਂ ਦੀ ਕੀਤੀ ਸਾਰਥਕ ਮਿਹਨਤ ਨੂੰ ਮਿਟੀ ਵਿਚ ਰੋਲਣ ਦਾ ਕੰਮ ਵੀ ਨਾਲ ਹੀ ਸਿਰੇ ਚਾੜ੍ਹ ਦਿੰਦੇ ਹਨ।
ਹੈਰਾਨੀ ਦੀ ਗਲ ਇਹ ਹੈ ਕਿ ਮਰਦ, ਗਾਇਕਾਂ/ਗੀਤਕਾਰਾਂ ਤੋਂ ਇਲਾਵਾ ਔਰਤ ਗੀਤਕਾਰ/ਗਾਇਕਾਵਾਂ ਵੀ ਸੰਗੀਤ ਜਗਤ ਦੀ ਇਸ ਬਰਬਾਦੀ ਲਈ ਬਰਾਬਰ ਦੀਆਂ ਭਾਈਵਾਲ ਬਣੀਆਂ ਹੋਈਆਂ ਹਨ। ਇਹ ਬਹੁਤ ਅਫ਼ਸੋਸਜਨਕ ਹੈ। ਪੰਜਾਬੀ ਮਾਪੇ ਆਪਣੇ ਧੀਆਂ- ਪੁਤਾਂ ਨੂੰ ਗਾਇਕ/ਗੀਤਕਾਰ ਤਾਂ ਬਣਾ ਰਹੇ ਹਨ ਪਰ ਉਹਨਾਂ ਨੂੰ ਆਪਣੇ ਵਿਰਸੇ, ਸਭਿਆਚਾਰ ਅਤੇ ਇਤਿਹਾਸ ਦੀ ਜਾਣਕਾਰੀ ਨਹੀਂ ਦੇ ਰਹੇ, ਜਿਸ ਦੇ ਨਤੀਜੇ ਵਜੋਂ ਅਤ ਘਟੀਆ ਦਰਜ਼ੇ ਦੇ ਗੀਤ ਬਾਜ਼ਾਰ ਵਿਚ ਆ ਰਹੇ ਹਨ ਜਿਨ੍ਹਾਂ ਨੂੰ ਦੇਣ/ਸੁਣ ਕੇ ਆਪਣੇ ਪੰਜਾਬੀ ਹੋਣ ਉਤੇ ਫ਼ਖ਼ਰ ਨਹੀਂ ਹੁੰਦਾ ਸਗੋਂ ਸ਼ਰਮ ਮਹਿਸੂਸ ਹੁੰਦੀ ਹੈ। ਇਥੇ ਖ਼ਾਸ ਗਲ ਇਹ ਹੈ ਕਿ ਗਾਇਕੀ/ਗੀਤਕਾਰੀ ਦੇ ਇਸ ਰੁਝਾਨ ਲਈ ਜਿਥੇ ਪੰਜਾਬੀ ਗੀਤਕਾਰ/ਗਾਇਕ ਕਸੂਰਵਾਰ ਹਨ ਉਥੇ ਨਾਲ ਹੀ ਪੰਜਾਬੀ ਸ਼ਰੋਤੇ ਵੀ ਆਪਣੇ ਫ਼ਰਜ਼ਾਂ ਤੋਂ ਕਿਤੇ ਨਾ ਕਿਤੇ ਮੁਨਕਰ ਹੋਏ ਜਾਪਦੇ ਹਨ ਕਿਉਂਕਿ ਬਿਨਾਂ ਸ਼ਰੋਤਿਆਂ ਦੇ ਕੋਈ ਗਾਇਕ/ਗੀਤਕਾਰ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹੁਣ ਜੇਕਰ ਪੰਜਾਬੀ ਸ਼ਰੋਤੇ ਹੀ ਲਚਰਤਾ ਭਰਪੂਰ ਗੀਤਾਂ ਨੂੰ ਹਥਾਂ ਤੇ ਚੁਕ ਰਹੇ ਹਨ ਤਾਂ ਅਜਿਹੇ ਗੀਤਾਂ ਦਾ ਸੰਗੀਤਕ ਮੰਡੀ ਵਿਚ ਆਉਣਾ ਲਾਜ਼ਮੀ ਹੈ। ਇਥੇ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਜਦੋਂ ਤਕ ਹਰ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ ਉਦੋਂ ਤਕ ਅਜਿਹੇ ਗ਼ੈਰ ਮਿਆਰੀ ਗੀਤਾਂ ਦਾ ਸੰਗੀਤ ਜਗਤ ਵਿਚ ਆਉਣਾ ਜ਼ਾਰੀ ਰਹੇਗਾ।
ਸਿਆਣਿਆਂ ਦਾ ਕਥਨ ਹੈ ‘ਮਨੁਖ ਨੂੰ ਵਡੀ ਤੋਂ ਵਡੀ ਮੁਸੀਬਤ ਦੇ ਸਮੇਂ ਵੀ ਸਾਰਥਕ ਵਿਚਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ।’ ਇਸੇ ਆਸ ਨਾਲ ਅਸੀਂ ਸਾਰਥਕ ਵਿਚਾਰ ਆਪਣੇ ਮਨਾਂ ਵਿਚ ਧਾਰਨ ਕਰੀਏ ਕਿ ਆਉਣ ਵਾਲਾ ਵਕਤ ਪੰਜਾਬੀ ਗਾਇਕੀ/ਗੀਤਕਾਰੀ ਲਈ ਸ਼ੁਭ ਸ਼ਗਨ ਹੋਵੇਗਾ। ਪੰਜਾਬੀ ਸਮਾਜ ਨੂੰ ਆਪਣੇ ਜ਼ਿੰਮਵਾਰੀ ਦਾ ਅਹਿਸਾਸ ਹੋਵੇਗਾ ਜਿਸ ਨਾਲ ਉਹ ਚੰਗੇ ਗੀਤਾਂ ਨੂੰ/ਚੰਗੇ ਗੀਤਕਾਰਾਂ ਨੂੰ ਸਿਰ- ਮਥੇ ਤੇ ਬਿਠਾਉਣਗੇ ਅਤੇ ਪੰਜਾਬੀ ਮਾਂ ਬੋਲੀ ਨੂੰ ਭੰਡਣ ਵਾਲੇ ਮਸਖ਼ਰਿਆਂ ਨੂੰ ਸਬਕ ਸਿਖਾਉਣਗੇ। ਆਮੀਨ!

WRITTEN BY