Skip to content
Independent perspectives. Global stories.
BREAKING

ਵਿਧਾਨ ਸਭਾ ’ਚ ਗੰਭੀਰ ਚਰਚਾ ਹੋਵੇ

Share this story

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਵੱਲੋਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸਮਾਗਮ 13 ਤੋਂ 15 ਦਸੰਬਰ ਤੱਕ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸੈਸ਼ਨ ਦਾ ਪਹਿਲਾ ਦਿਨ ਵਿਛੜੇ ਆਗੂਆਂ ਨੂੰ ਸ਼ਰਧਾਂਜ਼ਲੀਆਂ ਦੇਣ ਨਾਲ ਹੀ ਖਤਮ ਹੋ ਜਾਵੇਗਾ। ਵਿਧਾਨ ਸਭਾ ਦੇ ਇਸ ਸਮਾਗਮ ਵਿੱਚ ਚਰਚਾ ਲਈ ਸਿਰਫ ਦੋ ਹੀ ਦਿਨ ਹਨ। ਪੰਜਾਬ ਨੂੰ ਦਰਪੇਸ਼ ਵੱਖ-ਵੱਖ ਮੁੱਦਿਆਂ ਉਪਰ ਲੰਬੀ ਚਰਚਾ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਨ੍ਹਾਂ ਮੁੱਦਿਆਂ ’ਤੇ ਚਰਚਾ ਲਈ ਦੋ ਦਿਨ ਕਾਫੀ ਨਹੀਂ ਹਨ। ਸਰਦ ਰੁੱਤ ਸਮਾਗਮ ਘੱਟੋ-ਘੱਟ 7 ਦਿਨ ਚੱਲਣਾ ਚਾਹੀਦਾ ਹੈ ਤਾਂ ਜੋ ਸਾਰੇ ਮੁੱਦਿਆਂ ਉਪਰ ਚਰਚਾ ਕੀਤੀ ਜਾ ਸਕੇ। ਵਿਧਾਨ ਸਭਾ ਦੇ ਪ੍ਰਮੁੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇਸ ਵਿਧਾਨ ਸਭਾ ਦਾ ਗਠਨ ਮਾਰਚ 2017 ਵਿੱਚ ਹੋਇਆ ਸੀ। ਤਦ ਤੋਂ ਲੈ ਕੇ ਹੁਣ ਤੱਕ ਸਭਾ ਦਾ ਕੋਈ ਵੀ ਸਮਾਗਮ ਲੰਬਾ ਨਹੀਂ ਚੱਲਿਆ। ਪਿਛਲੇ ਸੈਸ਼ਨਾਂ ਦੌਰਾਨ ਵੀ ਬਹਿਸ ਅੱਧੀ ਅਧੂਰੀ ਹੀ ਰਹੀ। ਵਿਰੋਧੀ ਧਿਰ ਨੂੰ ਬੋਲਣ ਲਈ ਵੀ ਯੋਗ ਸਮਾਂ ਨਹੀਂ ਮਿਲਿਆ। ਲੋਕਤੰਤਰ ਵਿੱਚ ਵਿਧਾਨ ਸਭਾ ਦੀ ਵੱਡੀ ਅਹਿਮੀਅਤ ਹੈ। ਸੂਬੇ ਨੂੰ ਦਰਪੇਸ਼ ਸਾਰੇ ਮਸਲਿਆਂ ਬਾਰੇ ਵਿਧਾਨ ਸਭਾ ਵਿੱਚ ਲੰਬੀ ਚਰਚਾ ਹੋਣੀ ਚਾਹੀਦੀ ਹੈ। ਇਸ ਨਾਲ ਮਸਲਿਆਂ ਦੇ ਹੱਲ ਲਈ ਰਸਤੇ ਨਿਕਲ ਸਕਦੇ ਹਨ। ਵਿਧਾਨ ਸਭਾ ਵਿੱਚ ਚਰਚਾ ਨਾ ਹੋਣ ਦੇਣਾ ਲੋਕਤੰਤਰ ਵਿਰੋਧੀ ਪਹੁੰਚ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਦੇ ਇਸ ਸੈਸ਼ਨ ਨੂੰ ਇਕ ਹਫਤੇ ਲਈ ਬੁਲਾਏ ਤਾਂ ਜੋ ਵਿਰੋਧੀ ਧਿਰ ਦੀਆਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਹੋ ਸਕੇ। ਆਮ ਲੋਕ ਵੀ ਇਹ ਚਾਹੁੰਦੇ ਹਨ ਕਿ ਚੁਣੇ ਹੋਏ ਵਿਧਾਇਕ ਵੱਖ-ਵੱਖ ਮਸਲਿਆਂ ਬਾਰੇ ਬੈਠ ਕੇ ਚਰਚਾ ਕਰਨ ਅਤੇ ਉਨ੍ਹਾਂ ਦੇ ਹੱਲ ਕੱਢੇ ਜਾਣ। ਵਿਧਾਨ ਸਭਾ ਵਿੱਚ ਚਰਚਾ ਤੋਂ ਭੱਜਣਾ ਨਹੀਂ ਚਾਹੀਦਾ। ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਧਾਨ ਸਭਾ ਦਾ ਸਦਉਪਯੋਗ ਕਰਨ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਲੰਬੀ ਵਿਚਾਰ ਚਰਚਾ ਦਾ ਮੌਕਾ ਦੇਣ। ਹੁਕਮਰਾਨ ਅਤੇ ਵਿਰੋਧੀ ਧਿਰ ਨੂੰ ਚਾਹੀਦਾ ਹੈ ਕਿ ਵਿਧਾਨ ਸਭਾ ਦਾ ਸਮਾਂ ਰੌਲੇ-ਰੱਲੇ ਵਿੱਚ ਨਾ ਗਵਾਇਆ ਜਾਵੇ। ਵਿਧਾਨ ਸਭਾ ਵਿੱਚ ਹਰ ਮੁੱਦੇ ’ਤੇ ਗੰਭੀਰ ਚਰਚਾ ਹੋਣੀ ਚਾਹੀਦੀ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਸਬੰਧ ਵਿੱਚ ਆਪੋ-ਆਪਣੀ ਜ਼ਿੰਮੇਵਾਰੀ ਸਮਝਣਗੀਆਂ।
– ਬਲਜੀਤ ਸਿੰਘ ਬਰਾੜ

WRITTEN BY