Skip to content
Independent perspectives. Global stories.
BREAKING

ਬਹੁਪੱਖੀ ਪ੍ਰਤਿਭਾ ਦਾ ਮਾਲਕ ਆਪਣੀ ਕਿਸਮਤ ਆਪ ਬਣਾਉਣ ਵਾਲਾ ਕਰਮਯੋਗੀ ਸੀਤਾ ਰਾਮ ਲਹਿਰੀ

Share this story

ਜਦੋਜਹਿਦ ਦਾ ਦੂਜਾ ਨਾਮ ਜ਼ਿੰਦਗੀ ਹੁੰਦਾ ਹੈ। ਜਿਹੜੇ ਇਨਸਾਨ ਮਿਹਨਤੀ ਨਹੀਂ ਹੁੰਦੇ, ਹੌਸਲੇ ਢਾਹ ਬੈਠਦੇ ਹਨ, ਉਹ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਹਨ। ਜ਼ਿੰਦਗੀ ਹਰ ਇਨਸਾਨ ਨੂੰ ਆਪਣਾ ਭਵਿਖ ਸੁਨਹਿਰਾ ਬਣਾਉਣ ਦਾ ਇੱਕ ਮੌਕਾ ਦਿੰਦੀ ਹੈ। ਉਸ ਮੌਕੇ ਲਾਭ ਉਠਾਕੇ ਉਸਨੂੰ ਸਾਂਭਣ ਵਾਲਾ ਵਿਅਕਤੀ ਨਵੀਆਂ ਪਗਡੰਡੀਆਂ ਬਣਾਕੇ ਸਫਲ ਹੁੰਦਾ ਹੈ। ਅਜਿਹਾ ਹੀ ਇਕ ਵਿਅਕਤੀ ਹੈ ਸੀਤਾ ਰਾਮ ਲਹਿਰੀ, ਜਿਹੜਾ ਮੁਸੀਬਤਾਂ ਦੀ ਘੁੰਮਣਘੇਰੀ ਨੂੰ ਧੱਕਾ ਮਾਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਣਾਉਣ ਵਿਚ ਸਫਲ ਹੀ ਨਹੀਂ ਹੋਇਆ, ਸਗੋਂ ਸਮਾਜ ਲਈ ਚਾਨਣ ਮੁਨਾਰਾ ਬਣਿਆ ਹੈ। ਸਮੇਂ ਦੀ ਗਰਦਸ਼ ਨੇ ਉਸਦਾ ਭਵਿਖ ਧੁੰਦਲਾ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਮਹਿਜ 14 ਸਾਲ ਦੀ ਉਮਰ ਵਿਚ ਹੀ ਉਸਦੇ ਸਿਰ ਤੋਂ ਪਿਤਾ ਸਾਇਆ ਉਠ ਗਿਆ ਪ੍ਰੰਤੂ ਉਸਨੇ ਹੌਸਲਾ ਨਹੀਂ ਹਾਰਿਆ। ਉਸ ਸਮੇਂ ਸੀਤਾ ਰਾਮ ਲਹਿਰੀ ਚੌਥੀ ਜਮਾਤ ਵਿਚ ਸੰਗਰੂਰ ਜਿਲ੍ਹੇ ਦੇ ਲਹਿਰੇ ਕਸਬੇ ਵਿਖੇ ਪੜ੍ਹ ਰਿਹਾ ਸੀ ਪ੍ਰੰਤੂ ਪਿਤਾ ਦੀ ਮੌਤ ਕਰਕੇ ਪਰਿਵਾਰ ਦੇ ਗੁਜ਼ਾਰੇ ਲਈ ਪੜ੍ਹਾਈ ਛੱਡਕੇ ਕੰਮ ਕਰਨਾ ਪਿਆ। ਉਸਦਾ ਪਿਤਾ ਖਲ ਅਤੇ ਵੜੇਮਿਆਂ ਦਾ ਵਿਓਪਾਰੀ ਸੀ। ਇਲਾਕੇ ਵਿਚ ਚੰਗੀ ਭੱਲ ਸੀ ਪ੍ਰੰਤੂ ਬਿਮਾਰੀ ਨੇ ਉਸਦੇ ਪਿਤਾ ਦੀ ਸਾਰੀ ਪੂੰਜੀ ਬਿਲੇ ਲਾ ਦਿੱਤੀ। ਉਲਟਾ ਉਹ ਕਰਜ਼ੇ ਵਿਚ ਫਸ ਗਿਆ। 1945 ਵਿਚ ਜਦੋਂ ਉਸਦੇ ਪਿਤਾ ਦੀ ਮੌਤ ਹੋਈ ਤਾਂ ਉਸਦੀ ਦੁਕਾਨ ਬੰਦ ਹੋ ਚੁੱਕੀ ਸੀ, ਉਸ ਸਿਰ 100 ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਦਿਨਾ ਵਿਚ 100 ਰੁਪਿਆ ਵੱਡੀ ਰਕਮ ਗਿਣੀ ਜਾਂਦੀ ਸੀ। ਖਾਸ ਤੌਰ ਤੇ ਉਸ ਵਿਅਕਤੀ ਲਈ, ਜਿਸਦੀ ਲਹਿਰੇ ਵਰਗੇ ਦਿਹਾਤੀ ਇਲਾਕੇ ਵਿਚ ਆਮਦਨ ਦਾ ਕੋਈ ਸਾਧਨ ਨਾ ਹੋਵੇ, ਉਸ ਲਈ 100 ਰੁਪਿਆ ਮੋੜਨਾ ਬਹੁਤ ਹੀ ਮੁਸ਼ਕਲ ਸੀ। ਅ੍ਯਣਖ਼ੀ ਸੁਭਾਅ ਦਾ ਸੀਤਾ ਰਾਮ ਲਹਿਰੀ ਸਭ ਤੋਂ ਪਹਿਲਾਂ ਆਪਣੇ ਪਿਤਾ ਦਾ ਕਰਜ਼ਾ ਮੋੜਨ ਲਈ ਉਤਾਵਲਾ ਸੀ। ਸੀਤਾ ਰਾਮ ਲਹਿਰੀ ਨੂੰ ਪਿਤਾ ਦੀ ਮੌਤ ਸਮੇਂ ਰਿਸ਼ਤੇਦਾਰਾਂ ਨੇ ਜਿਹੜੇ 80 ਰੁਪਏ ਪਰੰਪਰਾਵਾਦੀ ਰਿਵਾਜਾਂ ਅਨੁਸਾਰ ਸ਼ਗਨ ਵਜੋਂ ਦਿੱਤੇ ਸਨ। ਉਹ ਸਭ ਤੋਂ ਪਹਿਲਾਂ ਕਰਜ਼ੇ ਵਾਲੇ ਸੇਠ ਨੂੰ ਅਦਾ ਕੀਤੇ। ਉਸ ਸਮੇਂ ਉਸਨੂੰ ਜ਼ਿੰਦਗੀ ਦਾ ਸੂਰਜ ਡੁਬਦਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਪਰਿਵਾਰ ਵਿਚ ਉਸਦੀ ਮਾਤਾ ਅਤੇ 2 ਕੁਆਰੀਆਂ ਭੈਣਾਂ ਸਨ। ਭੈਣਾਂ ਦੇ ਵਿਆਹ ਦੀ ਤਲਵਾਰ ਸਿਰ ਤੇ ਲਟਕਦੀ ਸੀ। ਰੋਜ਼ੀ ਰੋਟੀ ਦਾ ਸਵਾਲ ਚਟਾਨ ਵਾਂਗ ਖੜ੍ਹਾ ਸੀ। ਪਰਿਵਾਰ ਦੀ 7 ਏਕੜ ਜ਼ਮੀਨ ਸੀ ਪ੍ਰੰਤੂ ਉਨ੍ਹਾਂ ਦਿਨਾਂ ਵਿਚ ਬਰਾਨੀ ਜ਼ਮੀਨ ਵਿਚ ਪੈਦਾਵਾਰ ਨਾਮਾਤਰ ਹੀ ਹੁੰਦੀ ਸੀ। ਸੀਤਾ ਰਾਮ ਲਹਿਰੀ ਇੱਕ ਪ੍ਰਾਈਵੇਟ ਵਿਓਪਾਰੀ ਕੋਲ ਨੌਕਰੀ ਲਈ ਗਿਆ, ਜਦੋਂ ਉਸ ਵਿਓਪਾਰੀ ਨੂੰ ਪਤਾ ਲੱਗਾ ਕਿ ਸੀਤਾ ਰਾਮ ਉਸਦੇ ਸਾਥੀ ਸਵਰਗਵਾਸੀ ਵਿਓਪਾਰੀ ਦਾ ਲੜਕਾ ਹੈ ਤਾਂ ਉਸਨੇ ਉਸਨੂੰ ਨਾਇਬ ਮੁਣਸ਼ੀ ਦੀ ਨੌਕਰੀ ਦੇ ਦਿੱਤੀ। ਥੋੜ੍ਹੀ ਦੇਰ ਬਾਅਦ ਉਸਨੇ ਆਪਣੇ ਸੀਨੀਅਰ ਮੁਣਸ਼ੀ ਦੀ ਸੀਟ ਦੇ ਪਿਛਲੇ ਪਾਸੇ ਲਿਖਿਆ ਪੜ੍ਹਿਆ ਕਿ ‘‘ਨੌਕਰੀ ਨਾ ਕੀਜੀਏ, ਘਾਸ ਖੋਦ ਲੀਜੀਏ’’। ਉਸਦੇ ਬਾਲਪਨ ਅਣਖੀ ਮਨ ਨੇ ਤੁਰੰਤ ਨੌਕਰੀ ਛੱਡਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦਿਨਾ ਵਿਚ ਮਾਰਕੀਟ ਕਮੇਟੀਆਂ ਨਵੀਂਆਂ ਹੀ ਬਣੀਆਂ ਸਨ। ਉਸਨੇ ਅਰਜੀ ਦੇ ਦਿੱਤੀ ਅਤੇ ਉਹ ਮਾਰਕੀਟ ਕਮੇਟੀ ਲਹਿਰੇ ਵਿਚ ਚੁਣਿਆਂ ਗਿਆ। ਸੀਤਾ ਰਾਮ ਲਹਿਰੀ ਇੱਕ ਪੇਂਟਰ, ਅਦਾਕਾਰ ਅਤੇ ਕਵਿਤਾ ਵੀ ਲਿਖਦਾ ਸੀ। ਉਸਦੀਆਂ ਕਵਿਤਾਵਾਂ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਤੇ ਨਿਰਭਰ ਹੁੰਦੀਆਂ ਸਨ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਿਸਾਨਾ ਅਤੇ ਗ਼ਰੀਬਾਂ ਦੀ ਦੁਰਦਸ਼ਾ, ਭਰਿਸ਼ਟਾਚਾਰ, ਬੇਰੋਜਗਾਰੀ, ਦਾਜ ਦਹੇਜ, ਵਾਤਵਰਨ ਅਤੇ ਆਨਿਆਏ ਆਦਿ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਉਪਰ ਉਹ ਕਵਿਤਾਵਾਂ ਲਿਖਦਾ ਹੈ। 87 ਸਾਲ ਦੀ ਉਮਰ ਵਿਚ ਵੀ ਉਹ ਸਮਾਜਿਕ ਤੌਰ ਤੇ ਚੇਤੰਨ ਹੈ। ਗ਼ਰੀਬਾਂ ਦੀ ਦੁਰਦਸ਼ਾ ਅਤੇ ਉਨ੍ਹਾਂ ਨਾਲ ਹੋ ਰਹੇ ਆਨਿਆਏ ਬਾਰੇ ਉਸਨੇ ‘‘ ਭਗਵਾਨ ਇਹ ਘੋਰ ਆਨਿਆਏ ਅਬ ਦੇਖਾ ਨਹੀਂ ਜਾਤਾ’’ ਸਿਰਲੇਖ ਵਾਲੀ ਕਵਿਤਾ ਵਿਚ ਲਿਖਿਆ ਹੈ-
ਭ੍ਯਗਵਾਨ ਇਹ ਘੋਰ ਅਨਿਆਂ ਅਬ ਦੇਖਾ ਨਹੀਂ ਜਾਤਾ,
ਗ਼ਰੀਬ ਕੀ ਕਮਾਈ ਕੋ ਪੂੰਜੀਪਤੀ
ਬੈਠਾ ਖਾਤਾ।
ਅਦਾਕਾਰ ਵੀ ਉਹ ਬਿਹਤਰੀਨ ਹੈ। ਲਗਪਗ 30 ਸਾਲ ਉਹ ਰਾਮ ਲੀਲਾ ਵਿਚ ਅਦਾਕਾਰੀ ਕਰਦਾ ਰਿਹਾ। ਇਹ ਵੀ ਕਮਾਲ ਦੀ ਗੱਲ ਹੈ ਕਿ ਉਹ ਰਾਮ ਲੀਲਾ ਵਿਚ ਹਰ ਰੋਲ ਕਰ ਲੈਂਦਾ ਸੀ। ਸਰੂਪ ਨਖ਼ਾਂ ਤੋਂ ਲੈ ਕੇ ਮਲਾਹ ਤੱਕ ਦੇ ਸਾਰੇ ਰੋਲ ਉਸਨੇ ਕੀਤੇ ਹਨ। ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਵੱਲੋਂ ਆਪਣੇ ਅਧੀਨ ਕਰਮਚਾਰੀਆਂ ਨਾਲ ਕੀਤੀਆਂ ਜ਼ਿਆਦਤੀਆਂ ਬਾਰੇ ਲਿਖਦਾ ਹੈ ਕਿ ਕਰਮਚਾਰੀ ਬੇਬਸ ਹੋ ਜਾਂਦਾ ਹੈ। ਅਧਿਕਾਰੀ ਬਿਨਾ ਕਸੂਰ ਤੋਂ ਵੀ ਸਜਾ ਦੇ ਦਿੰਦੇ ਹਨ-
ਅਫ਼ਸਰ ਖ਼ਿਲਾਫ ਲਿਖੇ ਤੋ ਦਿਲ ਕੋ ਥਾਮ ਲੋ, ਕਸੂਰ ਹੋ ਜਾ ਨਾ ਹੋ ਮਾਫੀ ਮਾਂਗ ਲੋ।
ਉਹ ਆਰ ਐਸ ਐਸ ਦੀ ਸ਼ਾਖ਼ਾ ਵਿਚ ਵੀ ਜਾਂਦਾ ਸੀ, ਜਿਥੋਂ ਉਸਨੂੰ ਮਿਹਨਤ ਕਰਨ ਦੀ ਰੁਚੀ ਪੈਦਾ ਹੋਈ। ਉਸਨੇ ਗੁਰੂ ਗੋਬਿੰਦ ਸਿੰਘ ਦੀ ਇੱਕ ਪੇਂਟਿੰਗ ਬਣਾਈ, ਜਿਸਦੀ ਭਰਪੂਰ ਸ਼ਲਾਘਾ ਹੋਈ। ਇਸ ਪ੍ਰਸੰਸਾ ਤੋਂ ਉਸਨੂੰ ਹੋਰ ਪੇਂਟਿੰਗਜ਼ ਬਣਾਉਣ ਦਾ ਉਤਸ਼ਾਹ ਮਿਲਿਆ। ਸੀਤਾ ਰਾਮ ਦੀ ਉਸ ਸਮੇਂ ਦੇ ਆਰ ਐਸ ਦੇ ਮੁੱਖੀ ਸ਼ਾਮਾ ਪ੍ਰਸਾਦਿ ਮੁਕਰਜੀ ਦੀ ਬਣਾਈ ਪੇਂਟਿੰਗ ਸੰਗਰੂਰ ਵਿਖੇ ਆਰ ਐਸ ਐਸ ਦੇ ਦਫਤਰ ਵਿਚ ਲਗਾਈ ਗਈ ਸੀ। ਫਿਰ ਉਹ ਪੇਂਟਿੰਗ ਦੇ ਗੁਰ ਸਿੱਖਣ ਲਈ ਦਿੱਲੀ ਗਿਆ। ਜਦੋਂ ਦਿੱਲੀ ਉਸਨੇ ਕੁਝ ਪੇਂਟਰਾਂ ਨੂੰ ਜ਼ਰਦੇ ਬਗੈਰਾ ਖਾਂਦੇ ਅਤੇ ਰੰਗਾਂ ਵਿਚ ਲਿਬੜੇ ਵੇਖਿਆ ਤਾਂ ਪੇਂਟਿੰਗ ਨੂੰ ਕਿੱਤਾ ਬਣਾਉਣ ਤੋਂ ਕਿਨਾਰਾ ਕਰ ਲਿਆ ਪ੍ਰੰਤੂ ਆਪਣੇ ਸ਼ੌਕ ਦੀ ਪੂਰਤੀ ਲਈ ਪੇਂਟਿੰਗਜ਼ ਕਰਦਾ ਰਿਹਾ। ਥੋੜ੍ਹੇ ਸਮੇਂ ਬਾਅਦ ਇਤਫਾਕਨ ਉਸਦਾ ਮੇਲ ਇਕ ਤਹਿਸੀਲਦਾਰ ਨਾਲ ਹੋਇਆ ਜੋ ਉਸ ਦੀ ਕੈਲੀਗਰਾਫੀ ਅਤੇ ਕਲਾਕ੍ਰਿਤਾਂ ਤੋਂ ਬਹੁਤ ਹੀ ਪ੍ਰਭਾਵਤ ਸੀ। ਉਨ੍ਹਾਂ ਦਿਨਾ ਵਿਚ ਨਗਰਪਾਲਿਕਾ ਦੇ ਪ੍ਰਧਾਨ ਦੀ ਚੋਣ ਨਹੀਂ ਹੁੰਦੀ ਸੀ ਸਗੋਂ ਸਥਾਨਕ ਤਹਿਸੀਲਦਾਰ ਉਸਦਾ ਪ੍ਰਧਾਨ ਹੁੰਦਾ ਸੀ। ਉਸਦੀਆਂ ਪੇਂਟਿੰਗਜ਼ ਵੇਖਕੇ ਉਸ ਤਹਿਸੀਲਦਾਰ ਨੇ ਸੀਤਾ ਰਾਮ ਲਹਿਰੀ ਨੂੰ ਨਗਰ ਪਾਲਿਕਾ ਸੁਨਾਮ ਵਿਚ ਕਲਰਕ ਭਰਤੀ ਕਰ ਲਿਆ। ਸੀਤਾ ਰਾਮ ਧਾਰਮਿਕ ਪ੍ਰਵਿਰਤੀ ਦਾ ਮਾਲਕ ਸੀ। ਉਹ ਧਰਮ ਦਾ ਡੂੰਘਾ ਅਧਿਐਨ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਇਸ ਸਮੇਂ ਦੌਰਾਨ ਹਿੰਦੀ ਰਤਨ ਦੀ ਪੜ੍ਹਾਈ ਕੀਤੀ। ਇਸ ਪੜ੍ਹਾਈ ਦੇ ਆਧਾਰ ਤੇ ਉਸਤੋਂ ਬਾਅਦ ਦਸਵੀਂ ਦੇ ਅੰਗਰੇਜ਼ੀ ਅਤੇ ਹਿੰਦੀ ਦੇ ਵਿਸ਼ਿਆਂ ਦੀ ਪੜ੍ਹਾਈ ਕੀਤੀ। ਸਾਲ 1950 ਵਿਚ ਸੀਤਾ ਰਾਮ ਦੀ ਬਰੇਟਾ ਦੀ ਚੰਮੇਲੀ ਦੇਵੀ ਨਾਲ ਸ਼ਾਦੀ ਹੋ ਗਈ। ਇਸਤੋਂ ਬਾਅਦ ਉਸ ਦੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ। ਉਹ ਘਬਰਾਇਆ ਨਹੀਂ ਸਗੋਂ ਹੋਰ ਜੋਸ਼ ਅਤੇ ਹੋਸ਼ ਨਾਲ ਆਪਣੇ ਫਰਜ ਨਿਭਾਉਂਦਾ ਰਿਹਾ। ਉਹ ਇੱਕ ਸਮਾਜ ਸੇਵੀ ਸੰਸਥਾ ‘‘ਨੈਣਾ ਦੇਵੀ ¦ਗਰ ਕਮੇਟੀ’’ ਵਿਚ ਕੰਮ ਕਰਨ ਲੱਗ ਗਿਆ। ਸੰਸਥਾ ਨੇ ਨੈਣਾ ਦੇਵੀ ਬਿਰਧ ਆਸ਼ਰਮ ਖੋਲ੍ਹ ਲਿਆ। ਆਸ਼ਰਮ ਵਿਚ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਸਨ। ਸੀਤਾ ਰਾਮ ਲਹਿਰੀ 20 ਸਾਲ ਇਸ ਸੰਸਥਾ ਦੇ ਪ੍ਰਧਾਨ ਰਹੇ। ਫਿਰ ਉਹ ਪਟਿਆਲਾ ਆਪਣੇ ਲੜਕੇ ਕੋਲ ਆ ਗਏ। ਸੀਤਾ ਰਾਮ ਦਾ ਜਨਮ 2 ਜਨਵਰੀ 1932 ਨੂੰ ਲਹਿਰਾ ਵਿਖੇ ਪਿਤਾ ਕੈਂਥਲੀ ਰਾਮ ਅਤੇ ਮਾਤਾ ਰੂੜੀ ਦੇਵੀ ਦੇ ਘਰ ਹੋਇਆ। ਸੀਤਾ ਰਾਮ ਦੀਆਂ 3 ਭੈਣਾਂ ਸਨ, ਜਿਨ੍ਹਾਂ ਵਿਚੋਂ 2 ਕੁਆਰੀਆਂ ਸਨ, ਉਸਦੀ ਫਿਰ ਇਨਸਪੈਕਟਰ ਦੀ ਤਰੱਕੀ ਹੋ ਗਈ। ਇਸ ਨੌਕਰੀ ਦੌਰਾਨ ਵੀ ਸੀਤਾ ਰਾਮ ਨੂੰ ਕਈ ਤਲਖ਼ ਤਜਰਬੇ ਹੋਏ ਕਿਉਂਕਿ ਇਮਾਨਦਾਰ ਕਰਮਚਾਰੀ ਨੂੰ ਨੌਕਰੀ ਸਮੇਂ ਅਨੇਕਾਂ ਸਮੱਸਿਆਵਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਸੀਤਾ ਰਾਮ ਲਹਿਰੀ ਦੇ ਘਰ 4 ਲੜਕੇ ਅਤੇ ਇਕ ਲੜਕੀ ਪੈਦਾ ਹੋਈ। ਉਹ ਭਾਵੇਂ ਆਪ ਬਹੁਤਾ ਪੜ੍ਹ ਨਹੀਂ ਸਕਿਆ ਪ੍ਰੰਤੂ ਜ਼ਿੰਦਗੀ ਵਿਚ ਗੁੜ੍ਹਿਆ ਹੋਇਆ ਸੀ। ਉਸਨੇ ਠਾਨ ਲਈ ਕਿ ਉਹ ਤਾਂ ਪੜ੍ਹ ਨਹੀਂ ਸਕਿਆ ਪ੍ਰੰਤੂ ਇਸ ਘਾਟ ਨੂੰ ਆਪਣੇ ਬੱਚਿਆਂ ਰਾਹੀਂ ਉਨ੍ਹਾਂ ਨੂੰ ਪੜ੍ਹਾਕੇ ਪੂਰੀ ਕਰੇਗਾ। ਉਸਦੇ ਤਿੰਨ ਸਪੁੱਤਰ ਉਚੇ ਅਹੁਦਿਆਂ ਤੇ ਕੰਮ ਕਰਦੇ ਰਹੇ ਹਨ ਉਨ੍ਹਾਂ ਵਿਚੋਂ ਇੱਕ ਸਪੁੱਤਰ ਬੈਂਕ ਮੈਨੇਜਰ ਸੇਵਾ ਮੁਕਤ ਹੋਇਆ ਹੈ। ਇਕ ਲੜਕਾ ਸਫਲ ਵਿਓਪਾਰੀ ਹੈ। ਤੀਜਾ ਲੜਕਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ। ਚੌਥਾ ਗੁਣੀ ਗਿਆਨੀ ਹੈ, ਉਸਨੇ ਸਿੱਖ ਧਰਮ ਅਪਣਾ ਲਿਆ ਹੈ। ਸੀਤਾ ਰਾਮ ਲਹਿਰੀ ਦੇ ਪੋਤਰੇ ਪੜ੍ਹੇ ਲਿਖੇ ਹਨ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਉਹ ਉਚ ਪੜ੍ਹਾਈ ਨਹੀਂ ਕਰ ਸਕਿਆ ਪ੍ਰੰਤੂ ਉਸਦਾ ਗਿਆਨ ਵਿਸ਼ਾਲ ਹੈ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਬ੍ਰਜ ਭਾਸ਼ਾ ਦਾ ਗਿਆਤਾ ਹੈ। ਉਹ ਸੰਸਾਰ ਦੀ ਹਰ ਘਟਨਾ ਬਾਰੇ ਸੰਪੂਰਨ ਜਾਣਕਾਰੀ ਰੱਖਦਾ ਹੈ। ਉਸ ਨਾਲ ਕਿਸੇ ਵਿਸ਼ੇ ਤੇ ਗੱਲ ਕੀਤੀ ਜਾ ਸਕਦੀ ਹੈ। ਉਸ ਕੋਲ ਹਰ ਗੱਲ ਦਾ ਜਵਾਬ ਹੈ। ਉਸ ਵਿਚ ਇਕ ਹੋਰ ਵਿਲੱਖਣਤਾ ਹੈ ਕਿ ਉਹ ਹਰ ਰੋਜ਼ ਪਟਿਆਲਾ ਵਿਖੇ ਅਰਬਨ ਅਸਟੇਟ ਫੇਜ-2 ਦੇ ਪਾਰਕ ਵਿਚ ਸੈਰ ਕਰਨ ਵਾਲਿਆਂ ਦੀਆਂ ਯੋਗਾ ਦੀਆਂ ਕਲਾਸਾਂ ਲਾਉਂਦਾ ਹੈ। ਧਾਰਮਿਕ ਗਿਆਨ ਦਾ ਖ਼ਜਾਨਾ ਹੈ। ਸਫਲ ਜ਼ਿੰਦਗੀ ਜਿਓਣ ਦੇ ਗੁਰ ਦਸਦਾ ਹੈ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਰੰਗਲਾ ਸੱਜਣ ਹੈ, ਜੋ ਅਸਫਲਤਾ ਨੂੰ ਸਫਲਤਾ ਵਿਚ ਬਦਲਕੇ ਲੋਕਾਂ ਦਾ ਰਾਹ ਦਸੇਰਾ ਬਣਿਆਂ ਹੈ।

WRITTEN BY