ਪੰਜਾਬ ਸਿਰਫ ਆਰਥਿਕ ਕੰਗਾਲੀ ਵਿੱਚੋਂ ਹੀ ਨਹੀਂ ਸਗੋਂ ਬੌਧਿਕ ਕੰਗਾਲੀ ਵਿੱਚੋਂ ਵੀ ਗੁਜ਼ਰ ਰਿਹਾ ਹੈ। ਪੰਜਾਬ ਦੇ ਸਾਰੇ ਸੰਕਟਾਂ ਦੀ ਜੜ੍ਹ ਵੀ ਬੌਧਿਕ ਕੰਗਾਲੀ ਵਿੱਚ ਹੀ ਲੱਗੀ ਹੋਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਹਾਲੇ ਤੱਕ ਇਸ ਗੱਲ ਨੂੰ ਤਸਲੀਮ ਕਰਨ ਲਈ ਤਿਆਰ ਨਹੀਂ ਹਨ ਕਿ ਉਹ ਬੌਧਿਕ ਕੰਗਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਸੰਸਾਰ ਵਿੱਚ ਉਭਰਨ ਲਈ ਬੌਧਿਕ ਤੌਰ ’ਤੇ ਸਮਰੱਥ ਹੋਣਾ ਬੇਹਦ ਜ਼ਰੂਰੀ ਹੈ। ਪੰਜਾਬੀ ਭਾਈਚਾਰੇ ਨੂੰ ਬੌਧਿਕ ਕੰਗਾਲੀ ’ਚੋਂ ਉਭਾਰਨ ਲਈ ਵੱਡੇ ਯਤਨਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਬੌਧਿਕ ਸਮਰੱਥਾ ਦੀ ਘਾਟ ਕਾਰਨ ਹੀ ਪੰਜਾਬੀ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੇ ਸਹੀ ਹਲ ਨਹੀਂ ਲੱਭ ਰਹੇ। ਮੌਜੂਦਾ ਸਮੇਂ ਪੰਜਾਬ ਜਿਸ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ, ਉਸ ਨਾਲ ਨਿਪਟਣ ਲਈ ਸਮਰੱਥ ਬੌਧਿਕਤਾ ਦੀ ਲੋੜ ਹੈ। ਸਹੀ ਮੁਦਿਆਂ ਅਤੇ ਮਸਲਿਆਂ ਦੀ ਪਹਿਚਾਣ ਲਈ ਇਕ ਵਿਸ਼ੇਸ਼ ਬੌਧਿਕਤਾ ਦੀ ਜ਼ਰੂਰਤ ਹੈ। ਇਹ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸੰਕਟ ਦੇ ਇਸ ਸਮੇਂ ਪੰਜਾਬ ਦਾ ਬੁੱਧੀਜੀਵੀ ਵਰਗ ਵੀ ਤਮਾਸ਼ਬੀਨੀ ਦੀ ਜੂਨ ਭੋਗ ਰਿਹਾ ਹੈ। ਉਨ੍ਹਾਂ ਵੱਲੋਂ ਕੋਈ ਪਹਿਲਕਦਮੀ ਨਹੀਂ ਲਈ ਜਾ ਰਹੀ। ਅਸਲ ਵਿੱਚ ਪੰਜਾਬ ਦੇ ਜ਼ਿਆਦਾਤਰ ਲੇਖਕ ਅਤੇ ਵਿਦਵਾਨ ਸੂਬੇ ਦੇ ਮੌਜੂਦਾ ਹਾਲਾਤਾਂ ਤੋਂ ਇਕ ਦੂਰੀ ਬਣਾ ਕੇ ਬੈਠੇ ਹਨ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਹੈ ਕਿ ਪੰਜਾਬ ਨਾਲ ਕੀ ਬੀਤ ਰਹੀ ਹੈ। ਪੰਜਾਬ ਦਾ ਸਾਹਿਤ ਅਤੇ ਖੋਜ ਕਾਰਜ ਵੀ ਇਕ ਖੜੋਤ ਦਾ ਸ਼ਿਕਾਰ ਹੋ ਚੁੱਕੇ ਹਨ। ਸਮਾਜ ਨੂੰ ਇਸ ਰਾਹੀਂ ਜੋ ਸੇਧ ਮਿਲਣੀ ਸੀ ਉਹ ਨਹੀਂ ਮਿਲ ਰਹੀ। ਪੰਜਾਬੀ ਲੇਖਕ ਅਤੇ ਵਿਦਵਾਨ ਸਿਰਫ ਗੱਲੀਂਬਾਤੀਂ ਹੀ ਸਮਾਂ ਲੰਘਾ ਰਹੇ ਹਨ। ਵਿਵਸਥਾ ਦੀ ਤਬਦੀਲੀ ਲਈ ਉਨ੍ਹਾਂ ਵੱਲੋਂ ਕੋਈ ਯੋਗਦਾਨ ਨਹੀਂ ਪਾਇਆ ਜਾ ਰਿਹਾ। ਲੇਖਕਾਂ ਦੀਆਂ ਜਥੇਬੰਦੀਆਂ ਵੀ ਆਪਸੀ ਧੜੇਬੰਦੀ ਅਤੇ ਬੇਲੋੜੀ ਸਰਗਰਮੀ ਵਿੱਚ ਸ਼ਾਮਿਲ ਹਨ। ਬਹੁਤੇ ਲੇਖਕਾਂ, ਵਿਦਵਾਨਾਂ ਅਤੇ ਅਧਿਆਪਕਾਂ ਨੂੰ ਸਥਾਪਨਾ ਅਤੇ ਕਾਬਿਜ਼ ਧਿਰਾਂ ਆਪਣੇ ਹਿੱਤਾਂ ਲਈ ਵਰਤ ਰਹੀਆਂ ਹਨ। ਸਮਾਜ ਦੇ ਦੂਜੇ ਵਰਗਾਂ ਦੀ ਤਰ੍ਹਾਂ ਇਸ ਕਾਰਨ ਹੀ ਲੇਖਕ/ ਵਿਦਵਾਨ ਅਤੇ ਬੌਧਿਕ ਹਲਕੇ ਵੀ ਭ੍ਰਿਸ਼ਟਾਚਾਰ ਦੇ ਛੱਪੜ ਵਿੱਚ ਡੁੱਬੇ ਹੋਏ ਹਨ। ਚੰਗੇ ਸਮਾਜ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਕਿਸੇ ਪੱਧਰ ’ਤੇ ਕੋਈ ਸੰਵਾਦ ਨਹੀਂ ਤੁਰ ਰਿਹਾ। ਬੁੱਧੀਜੀਵੀ ਇਸ ਸਬੰਧੀ ਨੀਤੀ ਬਣਾਉਣ ਵੱਲ ਵੀ ਕੋਈ ਕਦਮ ਨਹੀਂ ਚੁੱਕ ਰਹੇ ਹਨ। ਸੱਭਿਆਚਾਰਕ ਸੰਸਥਾਵਾਂ ਤਾਂ ਲਗਪਗ ਮਰ ਚੁੱਕੀਆਂ ਹਨ। ਸਰਕਾਰੀ ਨੀਤੀਆਂ ਕਾਰਨ ਪੰਜਾਬ ਆਰਥਿਕ ਅਤੇ ਮਾਨਸਿਕ ਤੌਰ ’ਤੇ ਟੁੱਟ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹਨ। ਨੌਜਵਾਨਾਂ ਲਈ ਨੌਕਰੀਆਂ ਨਹੀਂ ਹਨ। ਸਰਕਾਰੀ ਅਦਾਰੇ, ਅਧਿਕਾਰੀ ਅਤੇ ਨੇਤਾ ਹੀ ਪੰਜਾਬ ਦੀ ਆਰਥਿਕਤਾ ਉਪਰ ਬੋਝ ਬਣ ਗਏ ਹਨ। ਖੇਤੀ, ਵਪਾਰ ਅਤੇ ਉਦਯੋਗ ਦੀ ਮੰਦਹਾਲੀ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਇਨ੍ਹਾਂ ਖੇਤਰਾਂ ਦੀ ਬਹਾਲੀ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਇਸ ਤੋਂ ਬਿਨਾਂ ਪੰਜਾਬ ਨੂੰ ਮੁੜ ਲੀਹ ’ਤੇ ਨਹੀਂ ਲਿਆਂਦਾ ਜਾ ਸਕਦਾ। ਸਿਖਿਆ ਦੇ ਖੇਤਰ ਵਿੱਚ ਵੀ ਹਾਲਾਤ ਬਹੁਤ ਨਿਰਾਸ਼ਾਜਨਕ ਹਨ। ਸਿਖਿਆ ਨੂੰ ਮੌਜੂਦਾ ਆਰਥਿਕ ਪ੍ਰਬੰਧਾਂ ਨਾਲ ਨਹੀਂ ਜੋੜਿਆ ਗਿਆ ਜਿਸ ਕਾਰਨ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਨਿਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਹਾਲਤ ਹੋਰ ਵੀ ਸੰਕਟ ਵਾਲੇ ਬਣਾ ਦਿੱਤੇ ਹਨ। ਸਮਾਜ ਵਿੱਚ ਇਕ ਤਰ੍ਹਾਂ ਨਾਲ ਹਫਰਾ-ਤਫਰੀ ਦਾ ਮਾਹੌਲ ਹੈ। ਪਰਿਵਾਰ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਨੌਜਵਾਨ ਗਲਤ ਰੁਚੀਆਂ ਦਾ ਸ਼ਿਕਾਰ ਹਨ। ਨੇਤਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਸਿਵਾਅ ਕੁਝ ਨਹੀਂ ਦਿਖ ਰਿਹਾ। ਅਜਿਹੇ ਹਾਲਾਤਾਂ ਵਿੱਚ ਸਿਰਫ ਬੁੱਧੀਜੀਵੀ ਵਰਗ ਹੀ ਇਕ ਆਸ ਦੀ ਕਿਰਨ ਸੀ ਪ੍ਰੰਤੂ ਉਹ ਵੀ ਇਸ ਸੰਕਟ ਦੇ ਦੌਰ ਵਿੱਚ ਕਿਧਰੇ ਦਿਖਾਈ ਨਹੀਂ ਦੇ ਰਿਹਾ। ਪੰਜਾਬ ਦੇ ਆਮ ਬੌਧਿਕ ਵਿਕਾਸ ਬਾਰੇ ਸਰਕਾਰਾਂ ਦਾ ਰਵੱਈਆ ਬਹੁਤ ਹੀ ਢਾਹੂ ਹੈ। ਭਾਸ਼ਾ ਵਿਭਾਗ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ ਸਭ ਦਾ ਦੀਵਾਲਾ ਨਿਕਲ ਚੁੱਕਾ ਹੈ। ਲਾਇਬ੍ਰੇਰੀਆਂ ਚਾਨਣ ਮੁਨਾਰੇ ਬਣਨ ਦੀ ਥਾਂ ਖ਼ੁਦ ਹਨੇਰੇ ਵਿੱਚ ਗੁੰਮ ਹੁੰਦੀਆਂ ਜਾ ਰਹੀਆਂ ਹਨ। ਮਨੋਰੰਜਨ ਦੇ ਖੇਤਰ ਉਪਰ ਕਲਾਕਾਰਾਂ ਜਾਂ ਜਨਤਾ ਦੀ ਥਾਂ ਮੁਨਾਫੇਖੋਰਾਂ ਦਾ ਕਬਜ਼ਾ ਹੈ। ਗਰੀਬੀ-ਅਮੀਰੀ ਦੇ ਪਾੜੇ ’ਚ ਪਏ ਵਾਧੇ ਨੇ ਪੰਜਾਬ 1 ਫੀਸਦੀ ਬਨਾਮ 99 ਫੀਸਦੀ ਦੇ ਦੌਰ ਵਿੱਚ ਪਹੁੰਚਾ ਦਿੱਤਾ ਹੈ। ਕੁਝ ਖ਼ਾਸ ਵਿਅਕਤੀਆਂ ਅਤੇ ਘਰਾਣਿਆਂ ਦਾ ਵਿਕਾਸ ਹੋ ਰਿਹਾ ਹੈ ਜਦਕਿ ਸੂਬਾ, ਸਮਾਜ, ਸੱਭਿਆਚਾਰ ਅਤੇ ਲੋਕਤੰਤਰ ਵਿਨਾਸ਼ ਵੱਲ ਵਧ ਰਿਹਾ ਹੈ। ਇਸ ਬੇਉਮੀਦੀ ਅਤੇ ਖਾਲੀਪਣ ਤੋਂ ਪੰਜਾਬ ਨੂੰ ਕੱਢਣ ਲਈ ਬਹੁਤ ਵਿਆਪਕ ਅਤੇ ਗੰਭੀਰ ਯਤਨਾਂ ਦੀ ਜ਼ਰੂਰਤ ਹੈ। ਦੂਰਗਾਮੀ ਸੋਚ ਵਾਲੇ ਪੰਜਾਬੀਆਂ ਨੂੰ ਇਸ ਸਬੰਧੀ ਚਰਚਾ ਛੇੜਨੀ ਚਾਹੀਦੀ ਹੈ। ਬੌਧਿਕ, ਸਮਾਜਿਕ ਅਤੇ ਆਰਥਿਕ ਬਦਲਾਅ ਲਈ ਪੰਜਾਬ ਦੇ ਜਾਏ ਕਦੋਂ ਜਾਗਣਗੇ ਇਸ ਸਮੇਂ ਦੀ ਉਡੀਕ ਹੈ।



