ਹਿੰਸਕ ਵਾਰਦਾਤਾਂ ਰਾਜਨੀਤੀ ਦਾ ਇਕ ਹਿੱਸਾ ਬਣ ਗਈਆਂ ਹਨ। ਜਦੋਂ ਵੀ ਰਾਜਸੀ ਹਾਲਾਤਾਂ ਨੂੰ ਕੋਈ ਮੋੜਾ ਦੇਣਾ ਹੋਵੇ ਤਦ ਹਿੰਸਕ ਵਾਰਦਾਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਬੇਸ਼ਕ ਅਜਿਹੀਆਂ ਘਟਨਾਵਾਂ ਨੂੰ ਓਪਰੀ ਤੌਰ ’ਤੇ ਅੱਤਵਾਦ ਨਾਲ ਜੋੜ ਕੇ ਸਮਾਜ ਦਾ ਧਰੁੱਵੀਕਰਨ ਕੀਤਾ ਜਾਂਦਾ ਹੈ ਪ੍ਰੰਤੂ ਇਸ ਦੀ ਸਚਾਈ ਕਈ ਵਾਰ ਹੋਰ ਹੁੰਦੀ ਹੈ। ਪੰਜਾਬ ਵਿੱਚ ਅਜਿਹਾ ਕਈ ਵਾਰ ਵਾਪਰ ਚੁੱਕਾ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਵੀ ਲੋਕਾਂ ਨੇ ਇਹ ਦੇਖਿਆ ਹੈ ਕਿ ਤਲਵੰਡੀ ਸਾਬੋ ਵਿਖੇ ਚੋਣਾਂ ਤੋਂ ਐਨ ਪਹਿਲਾਂ ਇਕ ਬੰਬ ਧਮਾਕਾ ਕੀਤਾ ਗਿਆ ਜਿਸ ਵਿੱਚ 7 ਨਿਰਦੋਸ਼ ਨਾਗਰਿਕ ਮਾਰੇ ਗਏ। ਇਸ ਬੰਬ ਧਮਾਕੇ ਦੇ ਤਾਰ ਵੀ ਪਹਿਲਾਂ ਜਾਣਬੁਝ ਕੇ ਪਾਕਿਸਤਾਨ, ਖਾੜਕੂ ਸਿੱਖਾਂ ਅਤੇ ਇਥੋਂ ਤੱਕ ਪੰਜਾਬ ਵਿੱਚ ਉਭਰ ਰਹੀ ਨਵੀਂ ਸਿਆਸੀ ਧਿਰ ਆਮ ਆਦਮੀ ਪਾਰਟੀ ਨਾਲ ਜੋੜੇ ਗਏ। ਲੰਬੀ ਜਾਂਚ ਤੋਂ ਬਾਅਦ ਇਸ ਬੰਬ ਕਾਂਡ ਦੀ ਤਾਰ ਡੇਰਾ ਸਿਰਸਾ ਨਾਲ ਜਾ ਜੁੜੀ। ਇਹ ਗੱਲ ਵੱਖਰੀ ਹੈ ਕਿ ਸਰਕਾਰ ਅਤੇ ਪੁਲਿਸ ਨੇ ਹਾਲੇ ਤੱਕ ਇਸ ਬੰਬ ਕਾਂਡ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹੁਣ ਅੰਮ੍ਰਿਤਸਰ ਵਿੱਚ ਅਜਿਹੀ ਵੀ ਇਕ ਘਟਨਾ ਵਾਪਰੀ ਹੈ। ਇਕ ਪਿੰਡ ਦੇ ਨਿਰੰਕਾਰੀ ਸਤਸੰਗਿ ਉਪਰ ਹਮਲਾ ਕਰਕੇ 3 ਜਾਣਿਆ ਨੂੰ ਮਾਰ ਦਿੱਤਾ ਗਿਆ। ਇਸ ਘਟਨਾ ਨੂੰ ਵੀ ਬਿਨਾਂ ਕਿਸੇ ਜਾਂਚ ਪੜਤਾਲ ਪਾਕਿਸਤਾਨ ਅਤੇ ਸਿੱਖ ਖਾੜਕੂਆਂ ਨਾਲ ਜੋੜਿਆ ਜਾ ਰਿਹਾ ਹੈ। ਅਜਿਹਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਸ ਨਾਲ ਕੁਝ ਸਿਆਸੀ ਧਿਰਾਂ ਨੂੰ ਲਾਭ ਮਿਲਦਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਗ੍ਰਨੇਡ ਹਮਲੇ ਤੋਂ ਪਹਿਲਾਂ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਕਿ ਅੱਤਵਾਦੀ ਹਮਲਾ ਹੋਣ ਵਾਲਾ ਹੈ। ਹੋਰ ਤਾਂ ਹੋਰ ਫੌਜ ਦਾ ਮੁਖੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਪੰਜਾਬ ਵਿੱਚ ਅੱਤਵਾਦੀ ਖਤਰੇ ਦਾ ਰੌਲਾ ਪਾਉਂਦਾ ਹੈ ਅਤੇ ਫਿਰ ਇਹ ਖਤਰਾ ਪੈਦਾ ਹੋ ਜਾਂਦਾ ਹੈ। ਇਹ ਮਹਿਜ਼ ਇਤਫ਼ਾਕ ਨਹੀਂ ਹੈ। ਇਸ ਸਮੁੱਚੇ ਘਟਨਾਕ੍ਰਮ ਪਿੱਛੇ ਇਕ ਵੱਡੀ ਸਾਜਿਸ਼ ਨਜ਼ਰ ਆ ਰਹੀ ਹੈ। ਘਟਨਾ ਨੂੰ ਬੇਸ਼ਕ ਕਿਸੇ ਨੇ ਵੀ ਅੰਜ਼ਾਮ ਦਿੱਤਾ ਹੋਵੇ ਪ੍ਰੰਤੂ ਇਸ ਦੇ ਮਕਸਦ ਪੂਰੀ ਤਰ੍ਹਾਂ ਸਿਆਸੀ ਹਨ। ਮਕਸਦ ਹੈ ਕਥਿਤ ਰਾਸ਼ਟਰਵਾਦੀ ਤਾਕਤਾਂ ਨੂੰ ਪੰਜਾਬ ਵਿੱਚ ਪੈਰ ਲਗਾਉਣ ਲਈ ਮਾਹੌਲ ਮੁਹੱਈਆ ਕਰਵਾਇਆ ਜਾਵੇ। ਸਿੱਖ ਭਾਈਚਾਰੇ ਦੇ ਰਾਜਨੀਤਿਕ ਉਭਾਰ ਨੂੰ ਰੋਕਣਾ। ਡਰ ਦਾ ਮਾਹੌਲ ਪੈਦਾ ਕਰਕੇ ਪੰਜਾਬ ਵਿੱਚ ਵਿਕਾਸ ਵਿਰੋਧੀ ਮਾਹੌਲ ਬਣਾਉਣਾ ਤਾਂ ਜੋ ਇਥੇ ਕੋਈ ਨਿਵੇਸ਼ ਨਾ ਕਰੇ। ਇਸ ਸਾਜਿਸ਼ ਵਿੱਚ ਕਈ ਸ਼ੱਕੀ ਧਿਰਾਂ ਸ਼ਾਮਿਲ ਹੋ ਸਕਦੀਆਂ ਹਨ। ਲਾਜ਼ਮੀ ਤੌਰ ’ਤੇ ਇਨ੍ਹਾਂ ਤਾਕਤਾਂ ਵੱਲੋਂ ਹੀ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ ਨਿਰਮਾਣ ਕੀਤਾ ਗਿਆ ਹੈ। ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਪੰਜਾਬ ਦਾ ਭਲਾ ਇਸ ਵਿੱਚ ਹੈ ਕਿ ਇਸ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਨੂੰ ਰੋਕਿਆ ਜਾਵੇ। ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਘਟਨਾ ਦੇ ਆਧਾਰ ਉਪਰ ਨਿਰਦੋਸ਼ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ। ਇਸ ਘਟਨਾ ਦੀ ਪੜਤਾਲ ਇਸ ਨਜ਼ਰੀਏ ਨਾਲ ਕੀਤੀ ਜਾਵੇ ਕਿ ਆਖਰ ਉਹ ਕਿਹੜੀਆਂ ਧਿਰਾਂ ਹਨ ਜਿਨ੍ਹਾਂ ਨੂੰ ਅਜਿਹੀਆਂ ਵਾਰਦਾਤਾਂ ਦਾ ਲਾਭ ਮਿਲਦਾ ਹੈ। ਮੀਡੀਆ ਨੂੰ ਵੀ ਇਸ ਮਾਮਲੇ ਵਿੱਚ ਸੰਜਮ ਰੱਖਣ ਦੀ ਲੋੜ ਹੈ। ਬਿਨਾਂ ਸਿਰ-ਪੈਰਾਂ ਤੋਂ ਨਿਊਜ਼ ਸਟੋਰੀਆਂ ਤੋਂ ਗੁਰੇਜ਼ ਕੀਤਾ ਜਾਵੇ। ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਹਿੰਸਕ ਵਾਰਦਾਤਾਂ ਦਾ ਨਿਰਮਾਣ ਕਰਨ ਵਾਲੀਆਂ ਤਾਕਤਾਂ ਨੂੰ ਨੰਗਾ ਕੀਤਾ ਜਾਵੇ ਤਾਂ ਜੋ ਪੰਜਾਬ ਅਮਨ ਚੈਨ ਨਾਲ ਰਹਿ ਸਕੇ।।



