ਨਿਜੀਕਰਨ ਦੇ ਦੌਰ ਦੀ ਅੰਨ੍ਹੀ ਦੌੜ ‘ਚ ਸਿਹਤ ਸੇਵਾਵਾਂ ਅੰਤਾਂ ਦੀਆਂ ਮਹਿੰਗੀਆਂ ਹੋਣ ਕਰਕੇ ਲੋਕਾਂ ਦੀ ਪਹੁੰਚੋਂ ਬਾਹਰ ਹੋ ਰਹੀਆਂ ਹਨ। ਭ੍ਰਿਸ਼ਟਚਾਰ ਸਿਖ਼ਰਾਂ ਨੂੰ ਛੋਹ ਰਿਹਾ ਹੈ। ਗੁਣਵੰਤਾਂ ਦਿਨੋ-ਦਿਨ ਨਿਘਰ ਰਹੀ ਹੈ। ਨਿਜੀਕਰਨ ਨੂੰ ਸਰਕਾਰੀ ਨੀਤੀਗਤ ਤਰਜੀਹ ਮਿਲਣ ਕਾਰਨ ਹਾਸ਼ੀਏ ‘ਤੇ ਧਕੇ ਜਨਤਕ ਸਿਹਤ ਖੇਤਰ ਦਾ ਘੌਰੜੂ ਵਜ ਰਿਹਾ ਹੈ। ਮਿਆਰੀ ਤੇ ਕਿਆਫ਼ਤੀ ਸਿਹਤ ਸੇਵਾਵਾਂ ਹਰ ਇਕ ਤਕ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਨਿਜੀ ਸਿਹਤ ਸੇਵਾਵਾਂ ‘ਤੇ ਨਿਰਭਰਤਾ ਘਟਾਈ ਅਤੇ ਜਨਤਕ ਸੇਵਾਵਾਂ ‘ਤੇ ਵਧਾਈ ਜਾਵੇ। ਇਸ ਲਈ ਡਾਕਟਰੀ ਤੇ ਸਹਾਇਕ ਸਟਾਫ਼, ਆਧੁਨਿਕ ਤਕਨੀਕ, ਸਾਜ਼ੋ ਸਮਾਨ, ਮਸ਼ੀਨਰੀ, ਦੁਆਈਆ ਤੇ ਹੋਰ ਲੋੜੀਂਦੀ ਹਰ ਸਹੂਲਤ ਉਪਲਬਧ ਕਰਵਾ ਕੇ ਜਨਤਕ ਸਿਹਤ ਖੇਤਰ ਨੂੰ ਮੁੜ ਖੜ੍ਹੇ ਪੈਰੀਂ ਕੀਤਾ ਜਾਵੇ। ਕੇਂਦਰ ਸਰਕਾਰ ਇੰਜ ਕਰਨ ਦੀ ਬਜਾਏ ਆਪਣੀ ਸਰਕਾਰ ਦੇ ਹੀ ਨਿਜੀਕਰਨ ਦੇ ਤਰਜੀਹੀ ਸ਼ਾਹ-ਰਾਹ ‘ਤੇ ਹੀ ਸਿਹਤ ਸੇਵਾਵਾਂ ਦੀ ਤੋਰ ਨੂੰ ਹੋਰ ਰਵਾਂ ਕਰ ਰਹੀ ਹੈ। ਪ੍ਰਧਾਨ ਮੰਤਰੀ ਜਨ ਆਰੋਗਿਆ ਅਭਿਆਨ (ਪੀ.ਐਮ.ਜੇ.ਈ.ਏ) ਜਿਸਨੂੰ ‘ਉਬਾਮਾ‘ ਹੈਲਥ ਕੇਅਰ ਦੀ ਤਰਜ਼ ‘ਤੇ ‘ਮੋਦੀ ਹੈਲਥ ਕੇਅਰ ਯੋਜਨਾ‘ ਵੀ ਆਖਿਆ ਜਾਂਦਾ ਹੈ। ਕੇਂਦਰ ਸਰਕਾਰ 25 ਸਤੰਬਰ ਨੂੰ ਜਨਸੰਘ ਦੇ ਨੇਤਾ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਹਾੜੇ ਮੌਕੇ ਲਾਗੂ ਕਰ ਦਿਤਾ ਹੈ। ਇਸ ਯੋਜਨਾ ਅਧੀਨ ਮੁਲਕ ਦੀ 1.35 ਅਰਬ ਵਸੋਂ ‘ਚ 10.74 ਕਰੋੜ ਭਾਰਤੀ ਪਰਿਵਾਰਾਂ ਦਾ ਪ੍ਰਤੀ ਪਰਿਵਾਰ ਸਾਲਾਨਾ 5 ਲਖ ਦਾ ਸਿਹਤ ਬੀਮਾ ਕੀਤਾ ਗਿਆ ਹੈ ਅਤੇ ਲਾਭਪਾਤਰੀਆਂ ਦੀ ਸੰਭਾਵੀ 55 ਕਰੋੜ ਦੇ ਕਰੀਬ ਵਸੋਂ ਸਦਕਾ ਇਹ ਵਿਸ਼ਵ ਦੇ ਕਿਸੇ ਇਕ ਮੁਲਕ ਵਲੋਂ ਸਰਕਾਰੀ ਪਧਰ ‘ਤੇ ਚਲਾਈ ਜਾਣ ਵਾਲੀ ਸਭ ਤੋਂ ਵਡੀ ਸਿਹਤ ਬੀਮਾ ਯੋਜਨਾ ਬਣ ਗਈ ਹੈ।
ਚਲੰਤ ਵਿਤੀ ਵਰ੍ਹੇਂ ਦਾ ਬਜਟ ਪੇਸ਼ ਕਰਦਿਆਂ ਵਿਤ ਮੰਤਰੀ ਅਰੁਣ ਜੇਤਲੀ ਵਲੋਂ ਇਸ ਬਹੁ-ਇਛਵੀ ਯੋਜਨਾ ਨੂੰ ਕੇਂਦਰ ਸਰਕਾਰ ਭਾਰਤੀ ਸਿਹਤਤੰਤਰ ਦੀ ਕਾਇਆ ਕਲਪ ਕਰਨ ਵਾਲੀ ਅਤੇ ਲੋਕਾਂ ਲਈ ਬੇਹਦ ਲਾਹੇਵੰਦੀ ਯੋਜਨਾ ਵਜੋਂ ਉਤਸ਼ਾਹੀ ਪ੍ਰਚਾਰ ਵਜੋਂ ਪ੍ਰਚਾਰ ਰਹੀ ਹੈ। ਸ਼ੁਰੂ ਵਿਚ ਇਸਨੂੰ 6 ਸੂਬਿਆਂ ਦੇ 16 ਜ਼ਿਲ੍ਹਿਆਂ ‘ਚ ਅਜਮਾਇਸ਼ੀ ਤੌਰ ‘ਤੇ ਲਾਗੂ ਕੀਤਾ ਗਿਆ ਸੀ। ਹੁਣ ਇਸ ਨੂੰ ਮੁਲਕ ਭਰ ‘ਚ ਲਾਗੂ ਕੀਤਾ ਜਾ ਰਿਹਾ ਹੈ।
ਦਰਅਸਲ ਸਿਹਤ ਬੀਮਾ ਯੋਜਨਾ ਸਿਹਤ ਸੇਵਾ ਖੇਤਰ ਵਿਚ ਹੋਰ ਵਧੇਰੇ ਨਿਜੀ ਸਰਮਾਏ ਨੂੰ ਅਡਜਸਟ ਕਰਨ ਅਤੇ ਸਰਮਾਏ ਲਈ ਹੋਰ ਵਧੇਰੇ ‘ਤੇ ਨਿਰੰਤਰ ਮੁਨਾਫ਼ੇ ਦਾ ਵਾਧਾ ਯਕੀਨੀ ਬਣਾਉਣ ਦਾ ਰਾਹ ਮੋਕਲਾ ਕਰਨਾ ਹੈ। ਐਲਾਨੀ ਸਿਹਤ ਬੀਮਾ ਨੀਤੀ ਦਾ ਮਨੋਰਥ ਵੀ ਅਸਲ ਵਿਚ ਡਾ. ਮਨਮੋਹਨ ਸਿੰਘ ਸਰਕਾਰ ਵਲੋਂ 2009 ਵਿਚ ਸ਼ੁਰੂ ਕੀਤੀ ਕੌਮੀ ਸਿਹਤ ਬੀਮਾ ਯੋਜਨਾ ਦਾ ਹੋਰ ਵਿਸਥਾਰ ਕਰਕੇ ਮੁਲਕ ਦੀ ਸਮੁਚੀ ਵਸੋਂ ਨੂੰ ਹੀ ਇਸਦੇ ਘੇਰੇ ਵਿਚ ਲਿਆਉਣਾ ਹੈ। ਉਂਝ ਸਿਹਤ ਬੀਮਾ ਯੋਜਨਾ ਆਖ਼ਰ ਹੈ ਕੀ? ਜਾਣਕਾਰਾਂ ਅਨੁਸਾਰ ਸਰਕਾਰ ਦੇ ਨੀਤੀਘਾੜੇ ਸਮਝਦੇ ਹਨ ਕਿ ਪਹਿਲਾਂ ਤਾਂ ਸਰਕਾਰ ਦੇ ਸਿਹਤ ਸੇਵਾਵਾਂ ਦੇ ਇਲਾਜ ਵਾਲੇ ਹਿਸੇ ਦਾ ‘ਬੋਝ‘ ਖ਼ੁਦ ਨਹੀਂ ਚੁਕਣਾ ਚਾਹੀਦਾ। ਇਸ ਲਈ ਉਸਨੂੰ ਕਾਰਪੋਰੇਸ਼ਨ/ਨਿਜੀ ਸੈਕਟਰ ਦੀ ‘ਮਦਦ‘ ਲੈਣੀ ਚਾਹੀਦੀ ਹੈ। ਉਸਨੂੰ ਇਹ ਵਡੀ ‘ਜ਼ੁੰਮੇਵਾਰੀ‘ ਚੁਕਣ ਤੇ ਉਤਸ਼ਾਹ ਦੇਣ ਲਈ ਵਿਚਾਰਕ, ਵਿਹਾਰਕ ਤੇ ਆਰਥਕ ਪ੍ਰੇਰਕ ਹਲਾਸ਼ੇਰੀ ਦੇਣੀ ਚਾਹੀਦੀ ਹੈ। ਇਕ ਤਰ੍ਹਾਂ ਸੈਕੰਡਰੀ ਸਿਹਤ ਸੇਵਾਵਾਂ ਇਸ ਖੇਤਰ ਨੂੰ ਸੌਂਪਣ ਤੋਂ ਬਾਅਦ ਆਪਣੀ ਪੂਰੀ ਤਵਜੋਂ ਜਨਤਕ ਸਿਹਤ ਸੇਵਾਵਾਂ ਖੇਤਰ ਰਾਹੀਂ ਮੁਢਲੀਆਂ ਸਿਹਤ ਸੇਵਾਵਾਂ ਨੂੰ ਹੀ ਦੇਣੀ ਚਾਹੀਦੀ ਹੈ। ਬੀਮਾਰੀਆਂ, ਉਨ੍ਹਾਂ ਦੇ ਲਛਣਾਂ ਤੋਂ ਪ੍ਰਹੇਜ਼ ਬਾਰੇ ਲੋਕਾਂ ਨੇ ਜਾਗਰੂਕ ਕਰਨ, ਟੀਕਾਕਰਨ, ਕੁਪੋਸ਼ਣ ਰੋਕਣ ਸਮੇਤ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਵਖ-ਵਖ ਸਿਹਤ ਯੋਜਨਾਵਾਂ ਬਾਰੇ ਪ੍ਰਚਾਰ ਤੇ ਇਨ੍ਹਾਂ ਨੂੰ ਲਾਗੂ ਕਰਨ ਦਾ ਜਿੰਮਾ ਇਸ ਖੇਤਰ ਨੂੰ ਸੌਂਪਣਾ ਚਾਹੀਦਾ ਹੈ।
ਇਹ ਜੁੰਮੇਵਾਰੀ ਵੀ ਇਸ ਖੇਤਰ ਨੂੰ ਨਿਭਾਉਣ ਲਈ ਕਿੰਨ੍ਹੀ ਕੁ ਸਰਕਾਰੀ ਖੁਲ੍ਹ ਹੈ? ਕੋਈ ਭੁਲੇਖਾ ਨਹੀਂ। ਜ਼ਿਕਰ-ਏ-ਖਾਸ ਹੈ ਕਿ ਸਿਹਤ ਸੇਵਾਵਾਂ ਦਾ ਖੇਤਰ ਹੁਣ ਸੇਵਾ ਵਾਲਾ ਨਹੀਂ ਰਿਹਾ ਇਸ ਨੂੰ ਕਾਰੋਬਾਰ ‘ਚ ਬਦਲ ਦਿਤਾ ਗਿਆ ਹੈ। ਉਸ ਕਾਰੋਬਾਰ ਵਾਂਗ ਜਿਸ ‘ਚ ਨਿਵੇਸ਼ ਹੀ ਮੁਨਾਫ਼ਾ ਤੇ ਹੋਰ ਮੁਨਾਫ਼ਾ ਕਮਾਉਣ ਲਈ ਕੀਤਾ ਜਾਂਦਾ ਹੈ। ਨਿਜੀ ਖੇਤਰ ਦੀ ਤਾਂ ਹੋਂਦ ਹੀ ਇਸ ‘ਤੇ ਟਿਕੀ ਹੋਈ ਹੈ। ਦਵਾਈਆਂ, ਸਾਜ਼ੋ-ਸਮਾਨ, ਮਸ਼ੀਨਰੀ, ਤਕਨੀਕੀ ਤੇ ਤਕਨੀਕ ਰਿਸਰਚ, ਡਾਕਟਰੀ ਵਿਦਿਆ ਸਮੇਤ ਹੋਰ ਸਭ ਕੁਝ ਇਸ ਉਦਯੋਗ ਤੇ ਵਪਾਰ ਦੇ ਨਿਵੇਸ਼ ਤੇ ਮੁਨਾਫ਼ੇ ਦੇ ਨਿਸ਼ਾਨੇ ‘ਤੇ ਹੈ। ਜਿੰਨ੍ਹੀਆਂ ਬੀਮਾਰੀਆਂ ਤੇ ਜਿੰਨ੍ਹੇ ਬੀਮਾਰ ਵਧਣਗੇ ਉਨ੍ਹਾਂ ਹੀ ਇਸ ਕਾਰੋਬਾਰ ਤੇ ਇਸਦੇ ਮੁਨਾਫ਼ੇ ਦਾ ਵਿਸਥਾਰ ਵੀ ਹੋਵੇਗਾ। ਅਸਲ ‘ਚ ਸਿਹਤ ਚੇਤਨਾ, ਬੀਮਾਰੀਆਂ ਤੇ ਉਨ੍ਹਾਂ ਦੇ ਪੈਦਾ ਹੋਣ/ਵਧਣ ਬਾਰੇ ਜਾਗਰੂਕਤਾ ਤੇ ਇਤਹਾਦੀ ਕਦਮ ਇਸ ਉਦਯੋਗ ਨੂੰ ਰਾਸ ਨਹੀਂ।
ਸਿਹਤ ਨੀਤੀ ਘਾੜਿਆਂ ਤੇ ਰਾਜਨੀਤਕ ਸ਼ਾਸਕਾਂ ਨਾਲ ਇਸ ਦੀ ਅਕਸਰ ਹੀ ਲੁਕਵੀ ਗੰਢ ਤੁਪ ਹੋ ਜਾਂਦੀ ਹੈ। ਮੁਢਲੀਆਂ ਸਿਹਤ ਸੇਵਾਵਾਂ ਦੇ ਪ੍ਰਭਾਵਹੀਣ ਅਮਲ ਤੇ ਸਰਕਾਰਾਂ ਦੇ ਇਸ ਬਾਰੇ ਨੀਤੀਗਤ ਉਦਾਸ ਅਮਲ ‘ਚੋਂ ਇਹ ਕਈ ਵਾਰ ਝਲਕਦੀ ਵੀ ਹੈ। ਐਲਾਨੀ ਸਿਹਤ ਬੀਮਾ ਯੋਜਨਾ ‘ਚ ਵੀ ਇਸ ਦਾ ਸਾਫ਼ ਝਲਕਾਰਾ ਪੈਂਦਾ ਹੈ ਜਿਸ ਅਨੁਸਾਰ ਕੇਂਦਰ ਸਰਕਾਰ ਦਾ ਸਰੋਕਾਰ ਲੋਕਾਂ ਦੀ ਸਿਹਤਮੰਦੀ ਅਤੇ ਇਸ ਲਈ ਸਿਹਤਤੰਤਰ ਨੂੰ ਮਿਆਰੀ ਤੇ ਮਰੀਜ਼ ਮੁਖੀ ਬਣਾਉਣ ਨਾਲੋਂ ਨਿਜੀ ਸਿਹਤਤੰਤਰ ਤੇ ਮੁਲਕੀ ਤੇ ਗ਼ੈਰ-ਮੁਲਕੀ ਬੀਮਾ ਕੰਪਨੀਆਂ ਦੇ ਮੁਨਾਫ਼ਿਆਂ ‘ਚ ਵਾਧਾ ਕਰਨਾ ਵਧੇਰੇ ਹੈ। ਇਸ ਦੀ ਪੁਸ਼ਟੀ ਫਸਲੀ ਬੀਮਾ ਯੋਜਨਾ ਦੇ ਤਥਮੁਖੀ ਅਨੁਭਵ ਤੋਂ ਵੀ ਹੁੰਦੀ ਹੈ ਜਿਸ ਅਨੁਸਾਰ ਪ੍ਰਭਾਵਤ ਕਿਸਾਨਾਂ ਵਲੋਂ ਪੇਸ਼ ਮੁਆਵਜ਼ਾ ਦਾਅਵਿਆ ‘ਤੇ ਬੇਲੋੜੇ ਇਤਰਾਜ਼ ਲਾਕੇ ਘਟ ਤੋਂ ਘਟ ਭੁਗਤਾਨ ਕਰਕੇ 10,000 ਕਰੋੜ ਆਪਣੀ ਜੇਬ ‘ਚ ਪਾਉਣ ਦੀਆਂ ਮੀਡੀਆ ਰਿਪੋਰਟਾਂ ‘ਚ ਚਰਚਾ ਹੁੰਦੀ ਰਹੀ ਹੈ।
ਸਿਹਤ ਬੀਮਾ ਯੋਜਨਾ ਅਧੀਨ ਸਰਕਾਰ ਜਾਂ ਬੀਮਾਂ ਕੰਪਨੀ ਵਲੋਂ ਚੋਣਵੇਂ ਹਸਪਤਾਲ ਨਾਲ ਇਕਰਾਰ ਕੀਤਾ ਜਾਂਦਾ ਹੈ। ਇਹ ਹਸਪਤਾਲ ਇਕ ਨਿਸ਼ਚਿਤ ਰਕਮ ਹਾਸਲ ਕਰਕੇ ਮਰੀਜ਼ਾਂ ਦਾ ਇਲਾਜ ਕਰਦੇ ਹਨ। ਨਿਜੀ ਹਸਪਤਾਲ ਅਕਸਰ ਹੀ ਆਪਣੇ ਅਸਰ ਰਸੂਖ ਕਾਰਨ ਇਸ ਯੋਜਨਾ ਹਿਤ ਚੁਣੇ ਪੈਨਲ ‘ਚ ਆਪਣੇ ਆਪ ਨੂੰ ਦਰਜ ਕਰਾਉਣ ‘ਚ ਕਾਮਯਾਬ ਹੋ ਜਾਂਦੇ ਹਨ ਜਦੋਂ ਕਿ ਜਨਤਕ ਹਸਪਤਾਲ ਪਿਛੜ ਜਾਂਦੇ ਹਨ। ਇਸ ਕਰਕੇ ਫੰਡਜ਼ ਅਲਾਟਮੈਂਟ ਵੇਲੇ ਵੀ ਨਿਜੀ ਹਸਪਤਾਲਾਂ ਨਾਲੋਂ ਸਰਕਰਾਰੀ ਹਸਪਤਾਲ ਕਾਫ਼ੀ ਪਿਛੜ ਜਾਂਦੇ ਹਨ। ਪੰਜਾਬ ’ਚ ਸਰਕਾਰੀ ਮੁਲਾਜ਼ਮਾਂ ਲਈ ਅਕਾਲੀ-ਭਾਜਪਾ ਸਰਕਾਰ ਵੇਲੇ 2016 ‘ਚ ਲਾਗੂ ਕੀਤੀ ਨਗਦੀ ਰਹਿਤ ਇਲਾਜ ਯੋਜਨਾ ਵਿਚ ਵੀ ਤਾਂ ਇਸ ਤਰ੍ਹਾਂ ਹੀ ਹੋਇਆ ਸੀ। ਇਸ ‘ਚ ਤਾਂ ਉਹ ਨਿਜੀ ਹਸਪਤਾਲ ਵੀ ਸਪੈਸਲਿਸਟ ਹਸਪਤਾਲ ਕੈਟਾਗਿਰੀ ‘ਚ ਦਰਜ ਹੋਣ ‘ਚ ਕਾਮਯਾਬ ਹੋ ਗਏ ਸਨ ਜਿਸਦੀ ਇਲਾਜ ਸਹੂਲਤ ਉਨ੍ਹਾਂ ਕੋਲ ਹੈ ਵੀ ਨਹੀਂ ਸੀ। ਬੇਲੋੜੇ ਅਪ੍ਰੇਸ਼ਨ, ਬੇਲੋੜੇ ਟੈਸਟ, ਬੇਲੋੜੀਆਂ ਦਵਾਈਆਂ ਤੇ ਹੋਰ ਬੇਲੋੜ ਖ਼ਰਚੇ ਜੋੜ ਕੇ ਬਿਲ ਖੁਲ੍ਹੇ ਹਥੀ ਵਸੂਲਣ ਦਾ ਚਰਚਾ-ਏ-ਆਮ ਸੀ। ਮੁਲਾਜ਼ਮਾਂ ਨਾਲੋਂ ਨਿਜੀ ਹਸਪਤਾਲ ਤੇ ਬੀਮਾ ਕੰਪਨੀ ਨੂੰ ਇਸ ਦਾ ਲਾਹਾ ਵਧੇਰੇ ਹੋਇਆ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਤਹਿਤ 2011 ‘ਚ ਬਿਹਾਰ ਬਚੇਦਾਨੀ ‘ਚ ਕੈਂਸਰ ਹੋਣ ਦਾ ਡਰਾਵਾਂ ਦੇ ਕੇ 16000 ਬਚੇਦਾਨੀਆਂ ਕਢਣ ਦੇ ਬੀਮਾ ਹਸਪਤਾਲਾਂ ‘ਚ ਅਪ੍ਰੇਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। 2013 ‘ਚ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਦੇ 38 ਪਿੰਡਾਂ ਦਾ ਜਦੋਂ ਸਰਵੇ ਕੀਤਾ ਗਿਆ ਤਾਂ 707 ਔਰਤਾਂ ਦੀਆਂ ਬਚੇਦਾਨਾਂ ਕਢਣ ਦੇ ਕੇਸ ਮਿਲੇ ਜਿਨ੍ਹਾਂ ‘ਚ ਅਧੀਆਂ ਤਾਂ 35 ਵਰ੍ਹਿਆਂ ਤੋਂ ਵੀ ਘਟ ਉਮਰ ਦੀਆਂ ਸਨ, 20 ਫ਼ੀਸਦ ਤਾਂ 30 ਵਰ੍ਹਿਆਂ ਤੋਂ ਵੀ ਘਟ ਤੇ ਕੁਝ ਤਾਂ ਵਰ੍ਹਿਆਂ ਦੀ ਹੀ ਸਨ। ਢਿਡ ਪੀੜ ਹੋਈ, ਡਾਕਟਰ ਨੂੰ ਦਿਖਾਇਆ ਤਾਂ ਬਚੇਦਾਨੀ ਖ਼ਰਾਬ ਹੈ ਕਢਵਾ ਦਿਓ ਨਹੀਂ ਤਾਂ ਕੈਂਸਰ ਹੋ ਜਾਏਗਾ। ਡਰਾਓ, ਅਪ੍ਰੇਸ਼ਨ ਕਰੋ, ਬੀਮਾ ਵਸੂਲੋ, ਇਹੋ ਜਿਹੇ ਮਾਮਲੇ ਰਾਜਸਥਾਨ, ਆਂਧਰਾ ਪ੍ਰਦੇਸ਼, ਛਤੀਸਗੜ੍ਹ ਸਮੇਤ ਮੁਲਕਦੇ ਹੋਰ ਵੀ ਹਿਸਿਆਂ ‘ਚ ਸਾਹਮਣੇ ਆਏ ਸੀ।
ਵਿਤੀ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਯੋਜਨਾ ਤਹਿਤ 50 ਲਖ ਕਰੋੜ ਦੀ ਵਡੀ ਰਕਮ ਦੇ ਮੁਕਾਬਲੇ ਬਜਟ ‘ਚ ਮਹਿਜ 2000 ਕਰੋੜ ਹੀ ਪ੍ਰਬੰਧ ਕੀਤਾ ਗਿਆ ਹੈ। ਸਿਹਤ ਤੇ ਸਿਖਿਆ ਸੈਂਸ ‘ਚ ਵਾਧੇ ਨਾਲ 10,000 ਤੋਂ 12,000 ਕਰੋੜ ਤਕ ਹੀ ਇਕਠਾ ਹੋਣ ਵਾਲਾ ਮਾਲੀਆਂ ਹੈ ਪਰ ਹੋਰ ਇਸ ਯੋਜਨਾ ਨੂੰ ਦੇਣ ਦਾ ਭਰੋਸਾ ਦਿਤਾ ਗਿਆ। ਇਸ ਯੋਜਨਾ ਤਹਿਤ ਪ੍ਰੀਮੀਅਮ ਕਿੰਨ੍ਹਾਂ ਹੋਵੇਗਾ ਤੇ ਕੌਣ ਦਾ ਭਰੇਗਾਂ? ਬਾਰੇ ਕੋਈ ਸਪਸਟ ਨਹੀਂ। ਐਲਾਨ ਮੁਤਾਬਿਕ ਇਸ ‘ਤੇ ਅਨੁਮਾਨਿਤ ਖ਼ਰਚੇ ‘ਚ ਕੇਂਦਰ ਤੇ ਰਾਜ ਸਰਕਾਰਾਂ ਦੀ 60:40 ਦੀ ਭਾਗੀਦਾਰੀ ਹੋਵੇਗੀ। ਪਰ ਅਜੇ ਤਕ 28 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੀ ਸਹਿਮਤੀ ਪ੍ਰਗਟਾਈ ਹੈ। 7ਰਾਜ ਖਾਮੋਸ਼ ਹਨ ਅਤੇ ਇਨ੍ਹਾਂ ਖਾਮੋਸ਼ ਰਾਜਾਂ ਚੋਂ ਮਹਾਂਰਾਸ਼ਟਰ, ਕਰਨਾਟਕ,ਤੇ ਤਾਮਿਲਨਾਡੂ ਵੀ ਹਨ। ਇਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਰਾਜ ਸਰਕਾਰਾਂ ਇਸ ਯੋਜਨਾ ਲਈ ਫੰਡ ਵੰਡ ਦੇ ਪ੍ਰਸਤਾਵਿਤ ਢਾਂਚੇ ਤੋਂ ਸੰਤੁਸ਼ਟ ਨਹੀਂ ਜਾਂ ਇਸ ਲਈ ਲੋੜੀਂਦੇ ਮਾਇਕ ਵਸੀਲੇ ਪੈਦਾ ਕਰਨ ਤੋਂ ਇਨਕਾਰੀ ਹਨ। ਪੰਜਾਬ ਸਰਕਾਰ ਨੇ ਪਹਿਲਾ ਤਾਂ ਆਰਥਕ ਤੰਗੀ ਕਾਰਨ ਇਸਨੂੰ ਲਾਗੂ ਕਰਨ ਤੋ ਅਸਮਰਥਾ ਜ਼ਾਹਿਰ ਕੀਤੀ ਪਰ ਬਾਅਦ ਚ ਕੂਹਣੀ ਮੋੜ ਕਟਦਿਆ ਇਸ ਨੂੰ ਲਾਗੂ ਕਰਨ ਦਾ ਫੈਸਲਾ ਵੀ ਕਰ ਲਿਆ । ਆਰਥਿਕ ਮੰਦਹਾਲੀ ਕਾਰਨ ਆਪਣੀ ਹਿਸੇਦਾਰੀ ਨਾ ਅਦਾ ਕਰਨ ਕਰਕੇ ਰਾਜ ‘ਚ ਚਲ ਰਹੀਆਂ ਕੇਂਦਰੀ ਯੋਜਨਾਵਾਂ ਪਹਿਲਾ ਹੀ ਡਾਵਾਂ ਡੋਲ ਹਨ। ਇਸ ਹਾਲਤ ‘ਚ ਇਸ ਯੋਜਨਾ ਦੇ ਲਾਗੂ ਹੋਣਾ ਹੀ ਸ਼ਕ ਦੇ ਘੇਰੇ ‘ਚ ਹੈ। ਉਂਝ ਵੀ ਤਾਂ ਭਾਈ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤੇ ਭਾਈ ਘਨ੍ਹਈਆ ਬੀਮਾ ਯੋਜਨਾ ਪਹਿਲਾ ਹੀ ਪੰਜਾਬ ਸਰਕਾਰ ਚਲਾ ਰਹੀ ਹੈ। ਇਹੋ ਸਥਿਤੀ ਹੀ ਹੋਰ ਰਾਜ ਸਰਕਾਰਾਂ ਦੀ ਵੀ ਹੈ। ਕਈ ਤਾਂ ਇਸ ਨੂੰ ਸੰਘੀ ਢਾਂਚੇ ਨੂੰ ਅਮਲ ‘ਚ ਕੇਂਦਰੀਕਰਨ ਢਾਂਚੇ ‘ਚ ਬਦਲਣ ਲਈ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਝੋਟੀਦਾਰਾਂ ਦੇ ਇਕ ਹੋਰ ਕਦਮ ਵਜੋਂ ਵੇਖ ਰਹੇ ਹਨ।
ਵਸੋਂ ਦੇ ਵਡੇ ਹਿਸੇ ਦੀ ਮਿਆਰੀ ਹਸਪਤਾਲਾਂ ਤਕ ਵਿਹਾਰਕ ਪਹੁੰਚ ਵਡੀ ਔਕੜ ਹੈ। ਮਿਆਰੀ ਤੇ ਅਧੁਨਿਕ ਇਲਾਜ ਸਹੂਲਤਾਂ ਦਾ ਸ਼ਹਿਰਾਂ ਤੇ ਸ਼ਹਿਰਾਂ ‘ਚੋਂ ਵੀ ਵਡੇ ਸ਼ਹਿਰਾਂ ਤਕ ਹੀ ਸੀਮਤ ਹੋ ਜਾਣਾ ਤੇ ਪੇਡੂ ਖਿਤੇ ਦਾ ਇਕ ਤਰ੍ਹਾਂ ਇਨ੍ਹਾਂ ਤੋਂ ਵਾਂਝਾ ਹੋ ਜਾਣਾ ਵੀ ਹੈ। ਆਰਥਿਕ ਤੰਗਹਾਲੀ ਇਸ ਦਾ ਹੋਰ ਕਾਰਨ ਹੈ। ਜਾਣਕਾਰਾਂ ਅਨੁਸਾਰ ਇਲਾਜ ਲਈ ਸਰਕਾਰੀ ਹਸਪਤਾਲਾਂ ‘ਚ ਵੀ ਮਰੀਜ਼ਾਂ ਨੂੰ 70ਫ਼ੀਸਦ ਤਾਂ ਆਪਣੇ ਪਲਿਓ ਹੀ ਕਰਨਾ ਪੈਂਦਾ ਹੈ। ਡੇਗੂ ਦੇ ਇਲਾਜ ਲਈ ਹੀ 16 ਲਖ ਤਕ ਦੀ ਵਡੀ ਰਕਮ ਇਨ੍ਹਾਂ ਹਸਪਤਾਲਾਂ ਵਲੋਂ ਮੰਗਣ ਦੀਆਂ ਖ਼ਬਰਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਇਕ ਸਰਵੇ ਅਨੁਸਾਰ ਅਤੀ ਮਹਿੰਗੇ ਇਲਾਜ ਕਰਨ ਵਸੋਂ ਦਾ ਇਕ ਵਡਾ ਹਿਸਾ ਹਰ ਵਰ੍ਹੇ ਗਰੀਬੀ ਰੇਖਾਂ ਤੇ ਹੇਠਲੇ ਵਰਗ ‘ਚ ਜਾ ਰਲਦਾ ਹੈ। ਆਰਥਿਕ ਤੰਗੀ ਕਾਰਨ ਇਲਾਜ ਨਾ ਕਰਾ ਸਕਣ ਜਾਂ ਅਧਾ-ਅਧੂਰਾ ਕਰਾ ਸਕਣ ਕਾਰਨ ਹੁੰਦੀਆਂ ਮੌਤਾਂ ‘ਚ ਹਰ ਵਰ੍ਹੇ ਹੋ ਰਿਹਾ ਵਾਧਾ ਵੀ ਇਹੋ ਦਰਸਾਉਂਦਾ ਹੈ। ਇਸ ਸਕੀਮ ਅਧੀਨ ਹਸਪਤਾਲ ‘ਚ ਦਾਖ਼ਲ ਮਰੀਜਾਂ ਦੇ ਇਲਾਜ ਨੂੰ ਸ਼ਾਮਲ ਕੀਤਾ ਹੈ। ਬਿਨਾਂ ਦਾਖ਼ਲੇ ਦੇ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਇਸ ਦੇ ਘੇਰੇ ‘ਚ ਬਾਹਰ ਰਖਿਆ ਗਿਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਉਸ ਦੀ ਸਰਕਾਰ ਸਚਮੁਚ ਲੋਕਾਂ ਦੀਆਂ ਸਿਹਤ ਸਮਸਿਆਵਾਂ ਦੇ ਇਲਾਜ ਲਈ ਫ਼ਿਕਰਮੰਦ ਹੈ ਤੇ ਉਹ ਸਿਹਤ ਇਲਾਜ ਸਹੂਲਤਾਂ ‘ਚ ਸੁਧਾਰ ਤੇ ਵਿਸਥਾਰ ਕਰਨਾ ਚਾਹੁੰਦੀ ਹੈ। ਇਸ ਲਈ ਉਸਨੂੰ ਬੀਮਾ ਕੰਪਨੀਆਂ ਤ ਕਾਰਪੋਰੇਟ/ਨਿਜੀ ਹਸਪਤਾਲਾਂ ‘ਤੇ ਆਪਣੀ ਟੇਕ ਛਡ ਕੇ ਜਨਤਕ ਸਿਹਤਤੰਤਰ ਨੂੰ ਮਜ਼ਬੂਤ ਕਨਾ ਚਾਹੀਦਾ ਹੈ। ਲੋੜ ਮੁਤਾਬਕ ਡਾਕਟਰ ਤੇ ਸਹਾਇਕ ਸਟਾਫ਼ ਅਧੁਨਿਕ ਸਾਜ਼ੋ ਸਮਾਨ, ਮਸ਼ੀਨਰੀ, ਦਵਾਈਆਂ, ਤਕਨੀਕੀ ਖੋਜ ਤੇ ਆਧੁਨਿਕ ਤਕਨੀਕ ਸਮੇਤ ਹੋਰ ਲੋੜੀਦੀਆਂ ਸਹੂਲਤਾਂ ਸਮੇਤ ਢਾਂਚਾਗਤ ਸਹੂਲਤਾਂ ਨਾਲ ਸਿਹਤਤੰਤਰ ਨੂੰ ਜਨਤਕ ਮਜਬੂਤ ਕਰਨਾ ਚਾਹੀਦਾ ਹੈ। ਸਰਕਾਰ ਇੰਜ ਕਰੇਗੀ? ਸ਼ਾਇਦ ਨਹੀਂ ਕਿਉਂਕਿ ਸਰਕਾਰ ਦਾ ਇਰਾਦਾ ਤਾਂ ਬਿਨਾਂ ਕੁਝ ਬਹੁਤਾ ਕੀਤਿਆ ਇਸ ਬੀਮਾ ਯੋਜਨਾਂ ਦੇ ਵਡੇ ਯੋਜਨਾਬੰਦ ਪ੍ਰਚਾਰ ਦੇ ਸਹਾਰੇ ਹੀ “ਉਨ੍ਹੀਂ” ਦੀ ਚੋਣ ਵੈਤਰਣੀ ਪਾਰ ਕਰਨੀ ਹੈ ਪਰ ਇਓ ਉਹ ਇਹ ਵੈਤਰਣੀ ਪਾਰ ਕਰ ਸਕੇਗੀ? ਸੁਆਲ ਤਾਂ ਇਹ ਵੀ ਹੈ ਜਿਸਦਾ ਜੁਆਬ ਭਵਿਖ ਦੀ ਕੁਖ ‘ਚ ਪਲ ਰਿਹਾ ਹੈ ।
ਬੀਮੇ ਦੀ ਨਹੀਂ ਮਿਆਰੀ ਜਨਤਕ ਸਿਹਤਤੰਤਰ ਦੀ ਲੋੜ



