Skip to content
Independent perspectives. Global stories.
BREAKING

ਭਾਰਤ ਦੀਆਂ ਕਠਪੁਤਲੀ ਸਰਕਾਰਾਂ

Share this story

ਭਾਰਤ ਦੇ ਸੰਵਿਧਾਨ ਵਿੱਚ ਲਿਖੇ ਹੋਏ ਇਹ ਸ਼ਬਦ, ਲੋਕਾਂ ਦੁਆਰਾ, ਲੋਕਾਂ ਲਈ ਦਾ ਕੋਈ ਹੁਣ ਕੋਈ ਅਰਥ ਨਹੀਂ ਰਿਹਾ। ਇਹ ਸ਼ਬਦ ਬੇਮਾਇਨਾ ਹੋ ਚੁੱਕੇ ਹਨ। ਦੇਸ਼ ਦੀ ਸਰਕਾਰ, ਪ੍ਰਬੰਧ ਅਤੇ ਨੀਤੀਆਂ ਨੂੰ ਲੋਕਾਂ ਦੀ ਥਾਂ ਬਾਹਰਲੇ ਲੋਕ ਅਤੇ ਪੈਸਾ ਤੈਅ ਕਰ ਰਿਹਾ ਹੈ। ਪਹਿਲਾਂ ਅਜਿਹੇ ਦੋਸ਼ਾਂ ਉੱਤੇ ਕੋਈ ਯਕੀਨ ਨਹੀਂ ਕਰਦਾ ਸੀ, ਜਦੋਂ ਇਹ ਆਖਿਆ ਜਾਂਦਾ ਸੀ ਕਿ ਭਾਰਤ ਦੀ ਸਰਕਾਰ ਦੁਨੀਆਂ ਦੀਆਂ ਦੋ ਵੱਡੀਆਂ ਸ਼ਕਤੀਆਂ ਦੇ ਕਹਿਣੇ ਉੱਤੇ ਫੈਸਲੇ ਲੈਂਦੀ ਹੈ। ਉਸ ਸਮੇਂ ਸੰਸਾਰ ਦੋ ਧਰੁਵੀ ਸੀ। ਇੱਕ ਪਾਸੇ ਅਮਰੀਕਾ ਦਾ ਸ਼ਕਤੀਸ਼ਾਲੀ ਗਰੁੱਪ ਆਪਣੇ ਹਿੱਤਾਂ ਲਈ ਦੂਸਰੇ ਦੇਸ਼ਾਂ ਨੂੰ ਚਲਾਉਂਦਾ ਸੀ। ਦੂਸਰੇ ਪਾਸੇ ਸਮਾਜਵਾਦ ਦੇ ਭੁਚਲਾਵੇ ਹੇਠ ਰੂਸ ਵੱਲੋਂ ਵੱਖ-ਵੱਖ ਦੇਸ਼ਾਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਸਰਗਰਮੀ ਕੀਤੀ ਜਾਂਦੀ ਸੀ। ਬਾਅਦ ਵਿੱਚ ਰੂਸ ਬਿਖਰ ਗਿਆ ਅਤੇ ਦੁਨੀਆਂ ਵਿੱਚ ਅਮਰੀਕਾ ਇੱਕ ਪ੍ਰਭਾਵਸ਼ਾਲੀ ਸ਼ਕਤੀ ਵੱਜੋਂ ਉਭਰ ਆਇਆ। ਵਿਲਕਲੀਸ ਦੇ ਖੁਲਾਸਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਭਾਰਤ ਸਰਕਾਰ ਦੇ ਵੱਡੇ ਫੈਸਲੇ ਅਮਰੀਕਾ ਦੇ ਦਬਾਅ ਹੇਠ ਹੀ ਹੁੰਦੇ ਹਨ। ਅਮਰੀਕਾ ਸਰਕਾਰ ਆਪਣੀ ਮਰਜ਼ੀ ਨਾਲ ਮੰਤਰੀ ਬਣਾਉਂਦਾ ਹੈ। ਇਸੇ ਤਰ੍ਹਾਂ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਬੰਧ ਬਾਰੇ ਵੀ ਅਮਰੀਕਾ ਮਰਜੀ ਚੱਲਦੀ ਹੈ। ਹੋਰ ਤਾਂ ਹੋਰ ਅਮਰੀਕਾ ਇਹ ਸਭ ਕੁੱਝ ਲੁਕ-ਛਿੱਪ ਕੇ ਨਹੀਂ ਕਰਦਾ। ਅਮਰੀਕਾ ਦੇ ਮੰਤਰੀ, ਦੂਸਰੇ ਰਾਜਦੂਤ ਅਤੇ ਦੂਸਰੇ ਅਧਿਕਾਰੀ ਆਪਣੀ ਇੱਛਾ ਦਾ ਖੁੱਲ੍ਹੇਆਮ ਪ੍ਰਗਟਾਵਾ ਕਰਦੇ ਹਨ ਅਤੇ ਸਰਕਾਰ ਤੋਂ ਆਪਣੀ ਗੱਲ ਮੰਨਵਾ ਕੇ ਹੀ ਹਟਦੇ ਹਨ। ਇਹ ਸਿਰਫ ਵਪਾਰਕ ਹਿੱਤਾਂ ਦਾ ਮਸਲਾ ਨਹੀਂ ਹੈ। ਇਸ ਵਿੱਚ ਦੇਸ਼ ਦੀ ਰਾਜਸੀ ਹੋਂਦ ਨਾਲ ਜੁੜੇ ਮੁੱਦੇ ਵੀ ਸ਼ਾਮਲ ਹਨ। ਭਾਰਤ ਨੇ ਦੂਸਰੇ ਦੇਸ਼ਾਂ ਨਾਲ ਕਿਸ ਤਰ੍ਹਾਂ ਦੇ ਸਬੰਧ ਬਣਾਉਣੇ ਹਨ ਜਾਂ ਦੱਖਣੀ ਏਸ਼ੀਆ ਨੇ ਕਿਸ ਦਿਸ਼ਾ ਵੱਲ ਜਾਣਾ ਹੈ? ਇਸ ਲਈ ਵੀ ਅਮਰੀਕਾ ਹੀ ਦਿਸ਼ਾ-ਨਿਰਦੇਸ਼ ਦਿੰਦਾ ਹੈ। ਭਾਰਤ ਵਰਗੇ ਲੋਕਤੰਤਰੀ ਦੇਸ਼ ਲਈ ਇਹ ਬੇਹੱਦ ਨਮੋਸ਼ੀ ਦਾ ਸਮਾਂ ਹੈ। ਇੱਕ ਪਾਸੇ ਭਾਰਤ ਦਾ ਸੰਵਿਧਾਨ ਅਤੇ ਭਾਰਤ ਦੇ ਸਿਆਸੀ ਨੇਤਾ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਦੇਸ਼ ਵਿੱਚ ਸਰਕਾਰ ਦੇ ਸਰੂਪ, ਪ੍ਰਬੰਧ ਅਤੇ ਨੀਤੀਆਂ ਦਾ ਫੈਸਲਾ ਲੋਕਾਂ ਦੀ ਵੋਟ ਦੁਆਰਾ ਹੁੰਦਾ ਹੈ। ਹੁਣ ਪਤਾ ਲੱਗ ਰਿਹਾ ਹੈ ਕਿ ਲੋਕਾਂ ਨੂੰ ਤਾਂ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ। ਅਸਲੀਅਤ ਵਿੱਚ ਦੇਸ਼ ਨੂੰ ਚਲਾਉਣ ਵਾਲੀ ਸ਼ਕਤੀ ਤਾਂ ਬਾਹਰ ਤੋਂ ਕੰਮ ਕਰ ਰਹੀ ਹੈ। ਲੋਕਾਂ ਦੀ ਮਰਜ਼ੀ ਦਾ ਨਾ ਸਰਕਾਰ ਨੂੰ ਕੋਈ ਖਿਆਲ ਹੈ ਨਾ ਸਰਕਾਰ ਨੂੰ ਚਲਾ ਰਹੇ ਨੇਤਾਵਾਂ ਨੂੰ। ਇਸੇ ਤਰ੍ਹਾਂ ਭਾਰਤੀ ਲੋਕਤੰਤਰ ਵੋਟਾਂ ਦੀ ਥਾਂ ਨੋਟਾਂ ਨਾਲ ਦਿਸ਼ਾ ਤੈਅ ਕਰਦਾ ਹੈ। ਭਾਰਤ ਦੀ ਪਾਰਲੀਮੈਂਟ ਵਿੱਚ ਸਰਕਾਰ ਦੀ ਹੋਣੀ ਦਾ ਫੈਸਲਾ ਹੋਣਾ ਹੋਵੇ ਤਾਂ ਨੇਤਾਵਾਂ ਦੀ ਇੱਛਾ ਨੋਟਾਂ ਨਾਲ ਖਰੀਦੀ ਜਾਂਦੀ ਹੈ। ਡਾ. ਮਨਮੋਹਣ ਸਿੰਘ ਦੀ ਪਿਛਲੀ ਸਰਕਾਰ ਜੇਕਰ ਕਾਲਾ ਧਨ ਨਾ ਖਰਚਦੀ ਤਾਂ ਟੁੱਟ ਜਾਂਦੀ। ਭਾਰਤ ਦੇ ਵੱਡੀ ਗਿਣਤੀ ਵਿੱਚ ਲੋਕ ਹੁਣ ਇਸ ਦੀ ਸੱਚਾਈ ਜਾਣ ਚੁੱਕੇ ਹਨ।
-ਬਲਜੀਤ ਸਿੰਘ ਬਰਾੜ

WRITTEN BY