ਫਤਿਹਗੜ੍ਹ ਸਾਹਿਬ, 1 ਨਵੰਬਰ- ਮਾਤਾ ਗੁਜਰੀ ਕਾਲਜ ਵਿਖੇ ਖ਼ਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੁਆਰਾ ਸੰਪਾਦਤ ਪੁਸਤਕ ‘ਸਾਕ ਸੁਹਾਵੇ’ ਦੀ ਘੁੰਡ ਚੁਕਾਈ ਕੀਤੀ ਗਈ। ਇਸ ਪੁਸਤਕ ਵਿਚ ਉਭਾ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਵੱਲੋਂ ਰਿਸ਼ਤਿਆਂ ਦੀ ਮੱਹਤਤਾ ਨੂੰ ਦਰਸਾਉਂਦੇ 31 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਦਾ ਵਿਮੋਚਨ ਅੱਜ ਮਾਤਾ ਗੁਜਰੀ ਕਾਲਜ ਵਿਖੇ ਉਹਨਾਂ ਦੇ ਬੇਟੇ ਸ. ਸੋਹਜਬੀਰ ਸਿੰਘ ਉਭਾ ਅਤੇ ਉਹਨਾਂ ਦੀ ਹੋਣ ਵਾਲੀ ਨੂੰਹ ਰਾਣੀ ਕੰਵਲਦੀਪ ਕੌਰ ਨੇ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਇਹ ਪੁਸਤਕ ਡਾ. ਉਭਾ ਦੇ ਬੇਟੇ ਸ. ਸੋਹਜਬੀਰ ਸਿੰਘ ਉਭਾ ਦੇ ਵਿਆਹ ਸਮੇਂ ਰਿਸ਼ਤੇਦਾਰਾਂ, ਸਨੇਹੀਆਂ ਤੇ ਦੋਸਤਾਂ-ਮਿਤਰਾਂ ਨੂੰ ਦਿੱਤੇ ਜਾਣ ਵਾਲੇ ਸੱਦਾ ਪੱਤਰਾਂ ਸਮੇਂ ਦਿੱਤੀ ਜਾਵੇਗੀ ਜੋ ਕਿ ਇਕ ਨਿਵੇਕਲਾ ਉਪਰਾਲਾ ਹੋਵੇਗਾ। ਡਾ. ਧਰਮਿੰਦਰ ਸਿੰਘ ਉਭਾ ਨੇ ਕਿਹਾ ਕਿ ਉਹਨਾਂ ਦੀ ਇਹ ਕਿਤਾਬ ਰਿਸ਼ਤਿਆਂ ਦੀ ਕਿਤਾਬ ਹੈ ਜਿਸ ਵਿਚ ਅਲੱਗ ਅਲੱਗ ਰਿਸ਼ਤਿਆਂ ਦੀ ਖੂਬਸੂਰਤੀ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ, ਮੈਂ ਜਜ਼ਬਾਤੀ ਕਿਸਮ ਦਾ ਵਿਅਕਤੀ ਹਾਂ ਤੇ ਹਰ ਰਿਸ਼ਤੇ ਵਿਚ ਪਿਆਰ, ਸਤਿਕਾਰ ਦਾ ਨਿੱਘ ਮਾਨਦਾ ਹਾਂ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਮੈਂ ਬਹੁਤ ਭਾਗਾਂ ਵਾਲਾ ਹਾਂ ਜਿਸਨੂੰ ਹਰ ਰਿਸ਼ਤੇ ਵਿਚ ਭਰਵਾਂ ਪਿਆਰ ਤੇ ਸਤਿਕਾਰ ਮਿਲਿਆ ਹੈ। ਇਸ ਮੌਕੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਜੀ ਨੇ ਕਿਹਾ ਕਿ ਇਸ ਪੁਸਤਕ ਵਿਚ ਸਾਰੇ ਦੇ ਸਾਰੇ ਨਿਬੰਧ ਵੱਖ-ਵੱਖ ਰਿਸ਼ਤਿਆਂ ਦੇ ਆਪਸੀ ਪਿਆਰ ਤੇ ਸਤਿਕਾਰ ਦੀ ਗਵਾਹੀ ਭਰਦੇ ਹਨ ਤੇ ਪ੍ਰੇਰਨਾ ਦਿੰਦੇ ਹਨ ਕਿ ਖੁਸ਼ੀ ਨੂੰ ਮਾਨਣ ਲਈ ਰਿਸ਼ਤਿਆਂ ਵਿਚ ਆਪਸੀ ਨਿੱਘ ਅਤੇ ਸਤਿਕਾਰ ਬਹੁਤ ਜਰੂਰੀ ਹੈ।ਇਸ ਮੌਕੇ ਡਾ. ਧਰਮਿੰਦਰ ਸਿੰਘ ਉਭਾ ਦੇ ਪਿਤਾ ਪ੍ਰੋ. ਅਛਰੂ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਸੀ ਪਿਆਰ, ਸਹਿਯੋਗ ਅਤੇ ਸਤਿਕਾਰ ਹੀ ਰਿਸ਼ਤਿਆਂ ਦੀ ਮਿਠਾਸ ਨੂੰ ਵਧਾਉਂਦੇ ਹਨ ਅਤੇ ਇਕ ਪਰਿਵਾਰ ਨੂੰ ਜੋੜੇ ਰੱਖਣ ਵਿਚ ਇਹਨਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ।ਉਹਨਾਂ ਦੱਸਿਆ ਕਿ ਇਹ ਕਿਤਾਬ ਉਹਨਾਂ ਸਾਰੇ ਹੀ ਰਿਸ਼ਤਿਆਂ ਉਤੇ ਹੈ ਜੋ ਅਸੀਂ ਇਕ ਪਰਿਵਾਰ ਵਿਚ ਹੁੰਦੇ ਹੋਏ ਨਿਭਾਉਂਦੇ ਹਾਂ। ਸਮਾਰੋਹ ਵਿਚ ਮੰਚ ਸੰਚਾਲਕ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਡਾ. ਸੁਖਜੀਤ ਕੌਰ ਨੇ ਨਿਭਾਈ ਅਤੇ ਵਾਇਸ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਜਗਜੀਤ ਸਿੰਘ, ਪ੍ਰੋ. ਹਰਵੀਨ ਕੌਰ, ਡੀਨ ਅਕਾਦਮਿਕ ਅਤੇ ਕੰਟਰੋਲਰ ਪ੍ਰੋ. ਬਿਕਰਮਜੀਤ ਸਿੰਘ ਸੰਧੂ ਅਤੇ ਹੋਰ ਸੀਨੀਅਰ ਅਧਿਆਪਕ ਸਾਹਿਬਾਨ ਹਾਜ਼ਰ ਸਨ।
ਮਾਤਾ ਗੁਜਰੀ ਕਾਲਜ ਵਿਖੇ ਡਾ. ਧਰਮਿੰਦਰ ਸਿੰਘ ਉਭਾ ਦੁਆਰਾ ਸੰਪਾਦਤ ਪੁਸਤਕ ‘ਸਾਕ ਸੁਹਾਵੇ’ ਦੀ ਘੁੰਡ ਚੁਕਾਈ



