Skip to content
Independent perspectives. Global stories.
BREAKING

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਸਿਮਰੇ ਜਿਨ ਜਮ ਭੈਨ॥

Share this story

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ 30 ਜਨਵਰੀ ਸੰਨ 1630 ਦਿਨ ਐਤਵਾਰ ਨੂੰ ਪਿਤਾ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਉਦਰ ਤੋਂ ਕੀਰਤਪੁਰ ਸਾਹਬ ਵਿੱਚ ਅਵਤਾਰ ਧਾਰਿਆ। (ਵੱਖ-ਵੱਖ ਇਤਹਾਸਕਾਰਾਂ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਮਾਤਾ ਜੀ ਦੇ ਨਾਂ ਵੱਖ-ਵੱਖ ਲਿਖੇ ਹਨ, ਜਿਵੇਂ ਮਾਤਾ ਅਨੰਤੀ ਜੀ , ਮਾਤਾ ਨਿਹਾਲ ਕੌਰ ਜੀ, ਮਾਤਾ ਰਾਜ ਕੌਰ ਜੀ ਆਦਿ) ਧੀਰਮੱਲ ਆਪ ਦੇ ਵੱਡੇ ਭਰਾ ਸਨ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜਨਮ ਸਮੇਂ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਨ, ਜਦ ਉਹਨਾਂ ਨੂੰ ਬਾਲਕ ਦੇ ਜਨਮ ਦੀ ਖਬਰ ਮਿਲੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਠ ਵੱਡੀ ਚੀਜ਼ ਦਾ ਗਾਹਕ ਆਇਆ ਹੈ।ੂ ਕੀਰਤਪੁਰ ਸਾਹਿਬ ਪਹੁੰਚ ਕੇ ਬਾਲਕ ਨੂੰ ਗੋਦੀ ਵਿੱਚ ਚੁੱਕਿਆ ਤੇ ਕਈ ਵਰ ਦਿੱਤੇ ਤੇ ਨਾਮ ‘ਹਰਿ ਰਾਇ’ ਰੱਖਿਆ ਤੇ ਫੁਰਮਾਇਆ ਕਿ ‘ਇਹ ਧਰਤੀ ਦਾ ਭਾਰ ਹੌਲਾ ਕਰਨ ਲਈ ਆਏ ਹਨ।’ ਆਪ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਬੇਇੰਤਹਾ ਪਿਆਰ ਕਰਦੇ ਸਨ। ਪਸ਼ੂ, ਪੰਛੀ, ਫੁੱਲ, ਬੂਟਿਆ ਨੂੰ ਵੀ ਮਨੁੱਖਾਂ ਵਾਂਗ ਹੀ ਪਿਆਰ ਕਰਦੇ ਸਨ। ਇਤਹਾਸ ਵਿੱਚ ਆਉਦਾ ਹੈ ਕਿ ਇੱਕ ਵਾਰ ਸ੍ਰੀ ਗੁਰੂ ਹਰਿਰਾਇ ਜੀ ਨਿੱਤਨੇਮ ਅਨੁਸਾਰ ਸਵੇਰ ਦੀ ਸੈਰ ਕਰ ਰਹੇ ਸਨ ਕਿ ਆਪ ਦੇ ਲੰਬੇ ਚੋਲੇ ਨਾਲ ਖਹਿ ਕੇ ਫੁੱਲ ਟੁੱਟ ਕੇ ਪੱਤੀ-ਪੱਤੀ ਹੋ ਗਏ। ਜਦ ਆਪ ਜੀ ਨੇ ਦੇਖਿਆ ਕਿ ਫੁੱਲ ਟੁੱਟ ਗਏ ਹਨ ਤਾਂ ਗਹਿਰੀ ਸੋਚ ਵਿੱਚ ਪੈ ਗਏ ਤੇ ਸੋਚ ਕੇ ਉਦਾਸ ਹੋ ਗਏ ਕਿ ਮੇਰੇ ਕਾਰਨ ਇਹ ਫੁੱਲ ਟੁੱਟ ਗਏ ਹਨ ਤਾਂ ਉਸੇ ਵਕਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਉਥੇ ਆ ਗਏ ਤੇ ਪੁੱਛਿਆ ਕਿ ਫੁੱਲ ਕਿਸ ਤਰ੍ਹਾਂ ਟੁੱਟੇ ਹਨ ਤਾਂ ਆਪ ਜੀ ਨੇ ਨਿਮਰਤਾ ਨਾਲ ਹੱਥ ਜੋੜ ਕੇ ਉਤਰ ਦਿੱਤਾ ਕਿ ਇਹ ਮੇਰੇ ਲੰਬੇ ਚੋਲੇ ਨਾਲ ਅੜ ਕੇ ਟੁੱਟ ਗਏ ਹਨ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਬ ਜੀ ਨੇ ਸਮਝਾਇਆ ਕਿ ਜਦ ਦੁਨੀਆਂ ਰੂਪੀ ਬਾਗ ਵਿੱਚ ਵਿਚਰਨਾ ਹੋਵੇ ਤਾਂ ਚੋਲਾ ਸਮੇਟ ਕੇ ਚੱਲੀਦਾ ਹੈ। ਉਸ ਦਿਨ ਤੋਂ ਹੀ ਆਪ ਆਪਣਾ ਚੋਲਾ ਸਮੇਟ ਕੇ ਸੈਰ ਕਰਨ ਲੱਗ ਪਏ। 1644 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪ ਜੀ ਨੂੰ ਸੋਂਪੀ। ਜਦ 8 ਮਾਰਚ 1644 ਨੂੰ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਵਕਤ ਆਪ ਜੀ ਦੀ ਉਮਰ 14 ਸਾਲ ਸੀ। ਗੁਰਗੱਦੀ ਸੰਭਾਲਣ ਤੋਂ ਬਾਅਦ ਆਪ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਆਵਾਂ ਨੂੰ ਘਰ-ਘਰ ਪਹੁੰਚਾਇਆ। ਗੁਰੂ ਹਰਿਰਾਇ ਜੀ ਸ਼ਾਤ ਸੁਭਾਅ ਦੇ ਮਾਲਕ ਸਨ।ਸ੍ਰੀ ਗੁਰੂ ਹਰਿ ਰਾਇ ਜੀ ਦਾ ਹਿਰਦਾ ਬੜਾ ਕੋਮਲ ਸੀ। ਆਪ ਨਾਮ ਸਿਮਰਨ ਦੀ ਮੂਰਤ ਸਨ। ਸੰਤ ਸੁਭਾਅ ਤੇ ਨਿਮ੍ਰਤਾ ਦੇ ਪੁੰਜ ਸਨ।ਦਯਾਵਾਨ ਸਨ। ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਵਾਰ ਭਾਈ ਕਾਲੇ ਨੇ ਆਪਣੇ ਭਤਜਿਆਂ ਨੂੰ ਸਿਖਾਇਆ ਕਿ ਗੁਰੂ ਹਰਿਰਾਇ ਸਾਹਿਬ ਜੀ ਦੇ ਸਨਮੁੱਖ ਜਾ ਕੇ ਪੇਟ ਤੇ ਹੱਥ ਮਾਰ ਕੇ ਪੇਟ ਖੜਕਾਉਣ ਲੱਗ ਜਾਣਾ ਤੇ ਜਦ ਗੁਰੂ ਜੀ ਪੁੱਛਣ ਤਾਂ ਕਹਿਣਾ ਕਿ ਅਸੀਂ ਪੇਟੋਂ ਭੁੱਖੇ ਹਾਂ। ਬੱਿਚਆਂ ਨੇ ਇਸੇ ਤਰ੍ਹਾਂ ਹੀ ਕੀਤਾ।ਜਦ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਬੱਚਿਉ ਪੇਟ ਕਿਉਂ ਖੜਕਾਂਦੇ ਹੋ ਤਾਂ ਸਿੱਖੇ ਸਿਖਾਏ ਬੱਚਿਆਂ ਨੇ ਕਿਹਾ ਕਿ ਅਸੀਂ ਪੇਟੋਂ ਭੁੱਖੇ ਹਾਂ। ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਤੁਸੀਂ ਮਾਲਵੇ ਦੇ ਰਾਜੇ ਹੋਵੋਗੇ। ਤੁਹਾਡਾ ਰਾਜ ਜਮਨਾ ਤੱਕ ਫੈਲੇਗਾ। ਸ੍ਰੀ ਗੁਰ ਪ੍ਰਤਾਪ ਗ੍ਰੰਥ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਦੀ ਸਿਫਤ ਵਿੱਚ ਲਿਖਿਆ ਹੈ ਕਿ:
ਕਰੇ ਰੰਕ ਤੇ ਰਾਵ ਗਨ, ਸ੍ਰੀ ਮੁਖ ਤੇ ਕਹਿ ਬੈਨ।
ਸ੍ਰੀ ਸਤਿਗੁਰ ਹਰਿਰਾਇ ਜੀ,
ਸਿਮਰੇ ਜਿਨ ਜਮ ਭੈਨ।
ਆਪ ਜੀ ਪਾਸ 2200 ਘੋੜ ਸਵਾਰ ਸਿੰਘਾਂ ਦੀ ਫੌਜ ਸੀ, ਪਰ ਆਪ ਨੇ ਕਦੇ ਵੀ ਕਿਸੇ ਤੇ ਹਮਲਾ ਨਹੀ ਕੀਤਾ ਸੀ। ਭਾਈ ਨੰਦ ਲਾਲ ਜੀ ‘ਗੰਜ਼ਨਾਮਾ’ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਦੀ ਸਿਫਤ ਵਿੱਚ ਲਿੱਖਦੇ ਹਨ ਕਿ:
ਹਕ ਪਰਵਰ ਹਕ ਕੇਸ਼
ਗੁਰੂ ਕਰਤਾ ਹਰਿ ਰਾਇ॥
ਸੁਲਤਾਨ ਹਮ ਦਰਵੇਸ਼
ਗੁਰੂ ਕਰਤਾ ਹਰਿ ਰਾਇ॥
ਭਾਵ ਕਿ ਗੁਰੂ ਹਰਿ ਰਾਇ ਸਾਹਿਬ ਜੀ ਸੱਚ ਦੇ ਪਾਲਣਹਾਰੇ ਅਤੇ ਸੱਚ ਨੂੰ ਅਮਲ ਵਿੱਚ ਲਿਆਉਣ ਵਾਲੇ ਹਨ। ਆਪ ਸੁਲਤਾਨ ਭਾਵ ਬਾਦਸ਼ਾਹ ਵੀ ਹਨ ਅਤੇ ਦਰਵੇਸ਼ ਭਾਵ ਫਕੀਰ ਵੀ ਹਨ। ਜਦ ਮਾਲਵਾ ਇਲਾਕੇ ਵਿੱਚ ਕਾਲ ਪੈ ਗਿਆ ਸੀ ਤਾਂ ਗੁਰੂ ਹਰਿਰਾਇ ਜੀ ਨੇ ਮਾਲਵੇ ਇਲਾਕੇ ਵਿੱਚ ਲੰਗਰ ਲਗਵਾ ਦਿੱਤੇ ਸਨ। ਨਗਾਰਾ ਵਜਾਉਣ ਦੀ ਰੀਤ ਵੀ ਆਪ ਨੇ ਹੀ ਚਲਾਈ ਸੀ ਤਾਂ ਜੋ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਅਵਾਜ਼ ਸੁਣ ਕੇ ਲੰਗਰ ਛੱਕਣ ਲਈ ਆ ਸਕਣ। ਗੁਰੂ ਹਰਿਰਾਇ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ੁਰੂ ਕੀਤੇ ਰੋਗੀਆਂ ਦੇ ਇਲਾਜ ਲਈ ਦਵਾਖਾਨੇ ਨੂੰ ਵੀ ਬਾਦਸਤੂਰ ਜਾਰੀ ਰੱਖਿਆ, ਸਗੋਂ ਹੋਰ ਵੱਡੇ ਦਵਾਖਾਨੇ ਦੇ ਰੂਪ ਵਿੱਚ ਵਿਕਸਤ ਕੀਤਾ। ਆਪ ਕੋਲ ਸ਼ਾਹੀ ਵੈਦ ਹਕੀਮਾਂ ਤੋਂ ਵੀ ਵਧੀਆ ਦਵਾਈਆਂ ਸਨ। ਮਿਸਾਲ ਵਜੋਂ ਜਦੋਂ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਧੋਖੇ ਨਾਲ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਤਾਂ ਉਸ ਨੂੰ ਕਿਧਰੋਂ ਵੀ ਅਰਾਮ ਨਹੀ ਸੀ ਆ ਰਿਹਾ। ਸ਼ਾਹ ਜਹਾਨ ਦੇ ਕਿਸੇ ਦਰਬਾਰੀ ਨੇ ਦੱਸਿਆ ਕਿ ਇਹ ਦਵਾਈ ਸਿਰਫ ਤੇ ਸਿਰਫ ਗੁਰੂ ਹਰਿਰਾਇ ਜੀ ਕੋਲ ਹੀ ਮਿਲ ਸਕਦੀ ਹੈ ਤਾਂ ਸ਼ਾਹ ਜਹਾਨ ਨੇ ਨਿਮਰਤਾ ਸਹਿਤ ਦਰਬਾਰੀ ਭੇਜਿਆ ਤਾਂ ਗੁਰੂ ਹਰਿਰਾਇ ਜੀ ਨੇ ਬਿਨ੍ਹਾਂ ਕਿਸੇ ਵੈਰ ਵਿਰੋਧ ਦੇ ਦਵਾਈ ਦੇ ਦਿੱਤੀ, ਜਿਸਨੂੰ ਖਾਣ ਉਪਰੰਤ ਦਾਰਾ ਸ਼ਿਕੋਹ ਨੂੰ ਅਰਾਮ ਆ ਗਿਆ ਤਾਂ ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਸ਼ਾਹ ਜਹਾਨ ਦੇ ਚਾਰ ਪੁੱਤਰ ਸਨ- ਦਾਰਾ ਸ਼ਿਕੋਹ, ਸ਼ੁਜਾਹ, ਔਰੰਗਜ਼ੇਬ ਤੇ ਮੁਰਾਦ। ਸ਼ਾਹ ਜਹਾਨ ਬੀਮਾਰ ਪੈ ਗਿਆ ਤਾਂ ਉਸਨੇ ਆਪਣੀ ਬਾਦਸ਼ਾਹੀ ਚਾਰ ਹਿੱਸਿਆ ਵਿੱਚ ਵੰਡ ਦਿੱਤੀ। ਜਦੋਂ ਗੁਰੂ ਜੀ ਬਾਬਾ ਬਕਾਲਾ ਤੇ ਗੋਇੰਦਵਾਲ ਸਾਹਬ ਦੇ ਪ੍ਰਚਾਰ ਦੋਰੇ ਤੇ ਗਏ ਤਾਂ ਉਧਰ ਉਹਨਾਂ ਦਿਨਾਂ ਵਿੱਚ ਹੀ ਚਲਾਕੀ ਨਾਲ ਔਰੰਗਜ਼ੇਬ ਨੇ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਸੀ ਤੇ ਦਾਰਾ ਸ਼ਿਕੋਹ ਜੋ ਸ਼ਾਹ ਜਹਾਨ ਦਾ ਪੁੱਤਰ ਸੀ, ਜਾਨ ਬਚਾ ਕੇ ਭੱਜ ਨਿਕਲਿਆ ਸੀ ਤੇ ਉਸ ਵਕਤ ਗੁਰੂ ਜੀ ਦੇ ਦਰਸ਼ਨ ਕੀਤੇ ਸਨ। ਦਾਰਾ ਸ਼ਿਕੋਹ ਲਾਹੌਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ, ਪਰ ਔਰੰਗਜ਼ੇਬ ਨੇ ਪਿੱਛਾ ਕਰਕੇ ਉਸ ਨੂੰ ਪੱਕੜ ਲਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਔਰੰਗਜ਼ੇਬ ਨੇ ਆਪਣੇ ਤਿੰਨਾਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪ ਤਖਤ ਦਾ ਵਾਰਿਸ ਬਣ ਗਿਆ। ਜਦ ਔਰੰਗਜ਼ੇਬ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਨੇ ਦਾਰਾ ਸ਼ਿਕੋਹ ਗੁਰੂ ਹਰਿਰਾਇ ਜੀ ਪਾਸ ਠਹਿਰਿਆ ਸੀ। ਇਸੇ ਗੁੱਸੇ ਨੂੰ ਮਨ ਵਿੱਚ ਰੱਖ ਕੇ ਗੁਰੂ ਜੀ ਨੂੰ ਦਿੱਲੀ ਸੱਦਿਆ, ਪਰ ਗੁਰੂ ਜੀ ਨੇ ਉਸ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਦਿੱਤਾ। ਸੰਗਤਾਂ ਦੇ ਬਾਰ-ਬਾਰ ਕਹਿਣ ਤੇ ਕਿ ਹੰਕਾਰੀ ਬਾਦਸ਼ਾਹ ਨੇ ਬਾਣੀ ਤੇ ਜੋ ਉਂਗਲ ਉਠਾਈ ਹੈ, ਉਸ ਦਾ ਜਵਾਬ ਦੇਣ ਲਈ ਜਰੂਰ ਜਾਣਾ ਚਾਹੀਦਾ ਹੈ ਤਾਂ ਆਪ ਨੇ ਆਪਣੇ ਪੁੱਤਰ ਰਾਮਰਾਇ ਨੂੰ ਇਹ ਕਹਿ ਕੇ ਭੇਜਿਆ ਕਿ ਅਕਾਲ ਪੁਰਖ ਤੋਂ ਸਿਵਾ ਕਿਸੇ ਦਾ ਵੀ ਮਨ ਵਿੱਚ ਭੈਅ ਨਹੀ ਰੱਖਣਾ ਤੇ ਹਮੇਸ਼ਾਂ ਸੱਚਾਈ ਤੇ ਪਹਿਰਾ ਦੇਣਾ, ਪਰ ਰਾਮਰਾਇ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਰਾਮਾਤਾਂ ਕਰ ਕੇ ਵਿਖਾਈਆਂ ਜਿਵੇਂ ਸ਼ੇਰ ਦਾ ਖਾਲੀ ਹੱਥ ਵਾਰ ਰੋਕਣਾ, ਕਲਪ ਬ੍ਰਿਛ ਦੇ ਫਲ ਧਰਤੀ ਤੇ ਲਿਆਉਣੇ, ਕਾਜ਼ੀ ਦੀ ਚਿੱਟੀ ਦਾੜੀ ਨੂੰ ਰੁਮਾਲ ਫੇਰ ਕੇ ਕਾਲਾ ਕਰਨਾ, ਦਿਨੇ ਅਕਾਸ਼ ਵਿੱਚ ਤਾਰੇ ਦਿਖਾਉਣੇ ਆਦਿ ਤੇ ਆਖਰ ਵਿੱਚ ਜਦੋਂ ਕਾਜ਼ੀਆਂ ਦੇ ਕਹਿਣ ਤੇ ਔਰੰਗਜ਼ੇਬ ਨੇ ਪੁੱਛਿਆਂ ਕਿ ਬਾਬੇ ਨਾਨਕ ਨੇ ਇਹ ਲਿਖਿਆ ਹੈ ਇਸ ਦਾ ਕੀ ਮਤਲਬ ਹੈ।
ਸਲੋਕ ਮਹਲਾ 1
ਮਿਟੀ ਮੁਸਲਮਾਨ ਕੀ,
ਪੇੜੇ ਪਈ ਕੁਮ੍ਹਿਆਰ॥
ਘੜਿ ਭਾਂਡੇ ਇਟਾ ਕੀਆਂ,
ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ,
ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ (ਅੰਗ) 466
ਤਾਂ ਰਾਮਰਾਇ ਕੁੱਝ ਡਰ ਕਰਕੇ ਤੇ ਕੁੱਝ ਲਾਲਚ ਲੋਭ ਕਰਕੇ ਡੋਲ ਗਿਆ ਤੇ ਪਵਿੱਤਰ ਬਾਣੀ ਦੀ ਤੁੱਕ ਬਦਲ ਦਿੱਤੀ। ਕਿਹਾ ਕਿ ‘ਮਿਟੀ ਮੁਸਲਮਾਨ ਕੀ’ ਨਹੀ ਹੈ ‘ਮਿਟੀ ਬੇਈਮਾਨ ਕੀ’ ਹੈ।ਇਹ ਸਭ ਜਾਣ ਕੇ ਗੁਰੂ ਹਰਿਰਾਇ ਜੀ ਨੇ ਵਿਸ਼ੇਸ਼ ਸਜੇ ਦੀਵਾਨ ਵਿੱਚ ਸਮੁੱਚੀ ਸੰਗਤ ਦੇ ਰੂਬਰੂ ਕੀਰਤਪੁਰ ਦੀ ਧਰਤੀ ਤੋਂ ਹੁਕਮਨਾਮਾ ਸੁਣਾਇਆ ਕਿ ਠਰਾਮ ਰਾਏ ਨੇ ਜੋ ਅਪਰਾਧ ਕੀਤਾ ਹੈ, ਉਹ ਨਿੰਦਣਯੋਗ ਹੈ, ਅਸੀਂ ਇਸ ਅਪਰਾਧ ਦੇ ਬਦਲੇ, ਆਪਣੇ ਜੇਠੇ ਪੁੱਤਰ ਰਾਮ ਰਾਇ ਦਾ ਜੀਵਨ ਭਰ ਲਈ ਤਿਆਗ ਕਰਦੇ ਹਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਹੁਕਮਨਾਮੇ ਰਾਹੀਂ ਹੁਕਮ ਕਰਦੇ ਹਾਂ ਕਿ ਕੋਈ ਵੀ ਗੁਰੂ ਦਾ ਸਿੱਖ, ਰਾਮ ਰਾਇ ਨੂੰ ਮੱਥਾ ਨਾ ਲਾਏ ਅਤੇ ਰੋਟੀ ਬੇਟੀ ਦੀ ਸਾਂਝ ਨਾ ਕਰੇ।ੂ ਪ੍ਰੋ. ਪੂਰਨ ਸਿੰਘ ਬੜੀ ਅੱਛੀ ਗੱਲ ਲਿੱਖਦੇ ਹਨ ਕਿ: ਠਜਿਹੜੀ ਗੱਲ ਗੁਰੂ ਜੀ ਦੀ ਅੰਤਰ ਆਤਮਾ ਮੰਨਦੀ ਸੀ ਅਤੇ ਦੂਜਿਆਂ ਨੂੰ ਕਹਿਣੀ ਹੁੰਦੀ ਸੀ, ਪਹਿਲਾਂ ਉਸਨੂੰ ਆਪਣੇ ਤੇ ਫੌਜੀ ਜ਼ਬਤ ਵਾਂਗੂੰ ਲਾਗੂ ਕਰਦੇ ਸਨ।ੂ ਔਰੰਗਜ਼ੇਬ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਤੇ ਬਾਬਾ ਰਾਮ ਰਾਇ ਨੂੰ ਜਗੀਰ ਬਖਸ਼ ਦਿੱਤੀ। ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਗੁਰੂ ਹਰਿਰਾਇ ਜੀ ਗੁਰਗੱਦੀ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸੋਂਪ ਕੇ ਆਪ 6 ਅਕਤੂਬਰ 1661 ਈ: ਵਿੱਚ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿੱਚ ਜੋਤੀ ਜੋਤ ਸਮਾ ਗਏ।

WRITTEN BY