Skip to content
Independent perspectives. Global stories.
BREAKING

ਪਾਣੀ ਦੀ ਸਮੱਸਿਆ ਦਾ ਹੱਲ ਨਿਕਲੇ

Share this story

ਭਾਰਤ ’ਚ ਖੇਤੀ ਦਾ ਧੰਦਾ 10 ਹਜ਼ਾਰ ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ।ਖੇਤੀ ਨੂੰ ਸਦੀਆਂ ਤੱਕ ਉਤਮ ਮੰਨਿਆ ਜਾਂਦਾ ਰਿਹਾ ਹੈ। ਦੂਜੀ ਸੰਸਾਰ ਜੰਗ ਬਾਅਦ ਅਨਾਜ ਪਦਾਰਥਾਂ ਦੀ ਥੁੜ੍ਹ ਨੇ ਖੇਤੀ ਦੇ ਮਹੱਤਵ ਹੋਰ ਵਧਾ ਦਿੱਤਾ। ਇਸ ਦੌਰਾਨ ਕਿਸਾਨਾਂ ਨੂੰ ਜਿਣਸਾਂ ਦੇ ਵਧੇਰੇ ਮੁੱਲ ਦੇ ਕੇ ਹੋਰ ਵੱਧ ਉਤਪਾਦਨ ਲਈ ਉਤਸ਼ਾਹਿਤ ਕੀਤਾ ਗਿਆ। ਫਿਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਪੰਜ ਸਾਲਾ ਯੋਜਨਾ ’ਚ ਅਨਾਜ ਦੀ ਥੁੜ੍ਹ ਨੂੰ ਦੂਰ ਕਰਨ ਲਈ ਖੇਤੀ ਖੇਤਰ ਦੇ ਵਿਕਾਸ ਨੂੰ ਮੁਖ ਤਰਜੀਹ ਦਿਤੀ ਗਈ।ਸੁਭਾਵਕ ਤੌਰ ’ਤੇ ਇਸ ਨਾਲ ਦੇਸ਼ ਵਿੱਚ ਅਨਾਜ ਦਾ ਉਤਪਾਦਨ ਵਧਿਆ ਅਤੇ ਇਸ ਦੀ ਥੁੜ ਖਤਮ ਹੋ ਗਈ। ਵਧੇਰੇ ਉਤਪਾਦਨ ਦੀ ਲਾਲਸਾ ਕਾਰਨ ਖੇਤੀ ਦਾ ਰੰਗ-ਢੰਗ ਬਦਲ ਗਿਆ। ਦੂਸਰੇ ਪਾਸੇ ਸਰਕਾਰ ਲਈ ਖੇਤੀ ਤਰਜੀਹੀ ਖੇਤਰ ਨਾ ਰਿਹਾ। ਦੂਸਰੀ 5 ਸਾਲਾ ਯੋਜਨਾ ਵਿੱਚ ਉਦਯੋਗਿਕ ਖੇਤਰ ਨੂੰ ਤਰਜੀਹ ਦਿੱਤੀ ਗਈ। ਨਤੀਜੇ ਵੱਜੋਂ ਭਾਰਤ ਵਿਚ ਫਿਰ ਅਨਾਜ ਦੀ ਥੁੜ੍ਹ ਪੈਦਾ ਹੋ ਗਈ। ਦੇਸ਼ ਨੂੰ ਬਾਹਰੋਂ ਕਣਕ ਖਰੀਦਣੀ ਪਈ। ਭਾਰਤ ਸਰਕਾਰ ਨੇ 60ਵਿਆਂ ਦੌਰਾਨ ਨਵੀਂ ਖੇਤੀ ਜੁਗਤ ਸ਼ੁਰੂ ਕਰਨ ਦੀ ਯੋਜਨਾ ਬਣਾਈ।ਇਸ ਤਹਿਤ ਬਹੁਤਾ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਚਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਅਤੇ ਉਲੀਨਾਸ਼ਕ ਦਵਾਈਆਂ, ਖੇਤੀ ਮਸ਼ੀਨਰੀ ਅਤੇ ਸੰਦਾਂ ਅਤੇ ਖੇਤੀ ਦੇ ਆਧੁਨਿਕ ਢੰਗਾਂ ’ਤੇ ਜ਼ੋਰ ਦਿੱਤਾ ਗਿਆ।ਇਸ ਦੇ ਚਲਦਿਆਂ ਪੰਜਾਬ ਵਿੱਚ ਕੁਦਰਤੀ ਖੇਤੀ ਦਾ ਦੌਰ ਸਮਾਪਤ ਹੋ ਗਿਆ। ਪੰਜਾਬ ਖੇਤਰਫਲ ਦੇ ਪਖੋਂ ਰਕਬੇ ਦਾ 1.53 ਫ਼ੀਸਦੀ ਹੋਣ ਦੇ ਬਾਵਜੂਦ ਕੇਂਦਰੀ ਅੰਨ-ਭੰਡਾਰ ਵਿਚ ਲਗਾਤਾਰ ਬਾਕੀ ਸਾਰੇ ਸੂਬਿਆਂ ਤੋਂ ਵਧ ਯੋਗਦਾਨ ਪਾਉਂਦਾ ਰਿਹਾ। ਖੇਤੀ ਵਿਕਾਸ ਦੇ ਇਸ ਨਵੇਂ ਮਾਡਲ ਨੇ ਪੰਜਾਬ ਵਿੱਚ ਪਾਣੀ ਅਤੇ ਕੁਦਰਤੀ ਸੋਮਿਆਂ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ। ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਪੰਜਾਬ ਦੇ ਖੇਤ ਉਜਾੜ ਦਿੱਤੇ। ਖੇਤੀ ਜਿਣਸਾਂ ਦੀਆਂ ਯੋਗ ਕੀਮਤਾਂ ਨਾ ਮਿਲਣ ਕਾਰਨ ਕਿਸਾਨ ਕਰਜਈ ਹੋ ਗਏ। ਖੁਦਕੁਸ਼ੀਆਂ ਦਾ ਦੌਰ ਚੱਲ ਪਿਆ। ਕੇਂਦਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੁੱਟਿਆ ਗਿਆ। ਪੰਜਾਬ ਦੇ ਕਿਸਾਨਾਂ ਦੀ ਪਾਣੀ ਲਈ ਨਿਰਭਰਤਾ ਟਿਊਬਵੈਲਾਂ ਉਪਰ ਵਧੇਰੇ ਹੋਣ ਕਾਰਨ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ। ਪੰਜਾਬ ਦੇ ਤਿੰਨ-ਚੌਥਾਈ ਤੋਂ ਵੀ ਵਧ ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੀ ਸਤਹਿ ਲਗਾਤਾਰ ਹੇਠਾਂ ਜਾ ਰਹੀ ਹੈ ਕਿਉਂਕਿ ਵਧ ਅਨਾਜ/ਫ਼ਸਲਾਂ ਪੈਦਾ ਕਰਨ ਲਈ ਸਿੰਚਾਈ ਵਾਲੇ ਪਾਣੀ ਦੀ ਉਪਲਬਧ ਮਾਤਰਾ ਦੇ ਮੁਕਾਬਲੇ ਕਿਤੇ ਵਧ ਵਰਤੋਂ ਹੋ ਰਹੀ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਕੇਂਦਰੀ ਪੰਜਾਬ ਦੇ ਸੰਗਰੂਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਬਰਨਾਲਾ, ਮੋਗਾ ਜ਼ਿਲ੍ਹਿਆਂ ਅਤੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਨੂੰ ਭਿਆਨਕ ਦਸਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਰੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਤਹਿ 10 ਸੈਂਟੀਮੀਟਰ ਤੋਂ 1.2 ਮੀਟਰ ਤਕ ਹਰ ਸਾਲ ਥਲੇ ਜਾ ਰਹੀ ਹੈ।ਪਿਛਲੇ 15 ਸਾਲਾਂ ਦੌਰਾਨ ਉਪਰੋਕਤ ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਸਤਹਿ 8 ਮੀਟਰ ਤੋਂ 15 ਮੀਟਰ ਤਕ ਥਲੇ ਗਈ ਹੈ।ਝੋਨੇ ਦੀ ਅੰਨ੍ਹੇਵਾਹ ਖੇਤੀ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ। 1970-71 ਵਿਚ ਟਿਊਬਵੈਲਾਂ ਦੀ ਗਿਣਤੀ 1.92 ਲਖ ਸੀ ਜੋ ਸੰਨ 2009-10 ਵਿਚ ਵਧਕੇ 13.15 ਲਖ ਹੋ ਗਈ ਹੈ।ਧਰਤੀ ਹੇਠਲੇ ਪਾਣੀ ਦੀ ਪਾਣੀ ਤੋਂ ਲੋੜੋਂ ਵਧ ਵਰਤੋਂ ਹੋਣ ਕਰਕੇ ਹੁਣ ਪੰਜਾਬ ਦੇ ਬਹੁਤੇ ਹਿਸਿਆਂ ਵਿਚ ਸਿੰਚਾਈ ਅਤੇ ਘਰਾਂ ਦੀ ਵਰਤੋਂ ਲਈ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬ ਜਾਂ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਦਿਸ਼ਾ ਵਿੱਚ ਕਦਮ ਨਹੀਂ ਚੁੱਕਿਆ। ਦਰਿਆਈ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਵੀ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਕਾਰਨ ਪੰਜਾਬ ਹੌਲੀ-ਹੌਲੀ ਉਜਾੜੇ ਵੱਲ ਵਧ ਰਿਹਾ ਹੈ। ਜੇਕਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਨਾ ਘਟਾਈ ਗਈ ਅਤੇ ਖੇਤੀ ਲੋੜਾਂ ਲਈ ਯੋਗ ਮਾਤਰਾ ਵਿੱਚ ਦਰਿਆਈ ਪਾਣੀ ਮੁਹੱਈਆ ਨਾ ਕਰਵਾਇਆ ਗਿਆ ਤਦ ਹਾਲਾਤ ਹੋਰ ਬਦੱਤਰ ਬਣ ਜਾਣਗੇ। ਇਸ ਦਿਸ਼ਾ ਵਿੱਚ ਵੱਡੇ ਕਦਮ ਚੁੱਕੇ ਜਾਣੇ ਬੇਹੱਦ ਜ਼ਰੂਰੀ ਹਨ।
– ਬਲਜੀਤ ਸਿੰਘ ਬਰਾੜ

WRITTEN BY