Skip to content
Independent perspectives. Global stories.
BREAKING

ਸ਼ਹੀਦੀ ਸਾਕਾ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ

Share this story

ਗੁਰਦੁਆਰਾ ਪੰਜਾ ਸਾਹਿਬ (ਪਾਕਿਸਤਾਨ) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਦੀ ਵਾਪਸੀ ਸਮੇਂ ਹਸਨ ਅਬਦਾਲ ਪੰਜਾ ਸਾਹਿਬ ਵਿਖੇ ਇੱਕ ਸਾਵਣ ਨੂੰ ਠਹਿਰੇ ਸਨ। ਹਸਨ ਅਬਦਾਲ ਰਾਵਲਪਿੰਡੀ ਤੋਂ 29 ਮੀਲ ਤੇ ਹੈ। ਇਸ ਦਾ ਵੇਰਵਾ ਮਹਾਨ ਕੋਸ਼ ਦੇ ਪੰਨਾ ਨੰ. 792 ਤੇ ਅੰਕਿਤ ਹੈ। ਵੀਹਵੀਂ ਸਦੀ ਦੇ ਆਰੰਭ ਵਿੱਚ ਕੁੱਝ ਘਟਨਾਵਾਂ ਘਟੀਆਂ ਜਿੰਨ੍ਹਾਂ ਨੇ ਸਿੱਖ ਹਿਰਦੇ ਵਲੂੰਧਰ ਕੇ ਰੱਖ ਦਿੱਤੇ।ਦੋ ਘਟਨਾਵਾਂ ਨੇ ਸਿੱਖਾਂ ਨੂੰ ਕੁੱਝ ਜ਼ਿਆਦਾ ਹੀ ਝੰਜੋੜਿਆ ਪਹਿਲੀ ਤਾਂ ਇਹ ਕਿ 1914 ਈ: ਨੂੰ ਕਲਕੱਤੇ ਬਜਬਜ ਘਾਟ ਤੇ ਸ਼ਹੀਦ ਹੋਣ ਵਾਲੇ 22 ਸਿੱਖ ਮੁਸਾਫਿਰਾਂ ਦੇ ਬਾਰੇ ਅੰਗਰੇਜ਼ ਸਰਕਾਰ ਦੀ ਸ਼ਹਿ ਉਪਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰ. ਅਰੂੜ ਸਿੰਘ ਰਾਹੀਂ ਹੁਕਮਨਾਮਾ ਜਾਰੀ ਕਰਵਾਇਆ ਗਿਆ ਕਿ ਉਹ ਸਿੱਖ ਨਹੀ ਸਨ। ਦੂਜਾ ਜਲ੍ਹਿਆਂ ਵਾਲੇ ਬਾਗ ਵਿੱਚ 1919 ਈ: ਦੀ ਵਿਸਾਖੀ ਨੂੰ ਘਟਨਾ ਘਟੀ, ਜਿਸ ਵਿੱਚ 800 ਦੇ ਕਰੀਬ ਸਿੱਖ ਸਨ। ਜਿੰਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਕਾਇਰ ਜਨਰਲ ਡਾਇਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਰਬਰਾਹ ਸ੍ਰ. ਅਰੂੜ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਜਦ ਪੰਥ ਦਰਦੀਆਂ ਨੇ 5 ਅਕਤੂਬਰ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵੀਂ ਜਾਗ੍ਰਿਤੀ ਲਹਿਰ ਪੈਦਾ ਹੋਈ ਜੋ ਗੁਰਦੁਆਰਾ ਸੁਧਾਰ ਲਹਿਰ ਦੇ ਨਾਮ ਨਾਲ ਜਾਣੀ ਗਈ। ਇਸ ਸਮੇਂ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ, ਜਿਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤ ਸ਼੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਸਾਥੋਂ ਖੁੱਸ ਜਾਵੇਗਾ, ਕਿਉਂਕਿ ਗੁਰਦੁਆਰਿਆਂ ਨੂੰ ਉਹ ਆਪਣੀ ਨਿੱਜੀ ਜਾਇਦਾਦ ਅਤੇ ਨਿੱਜੀ ਆਮਦਨ ਦੇ ਸਾਧਨ ਸਮਝਦੇ ਸਨ, ਚਾਹੇ ਸਿੱਖ ਪੰਥ ਨੂੰ ਗੁਰਦੁਆਰਿਆਂ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲੈਣ ਲਈ ਕਾਫੀ ਘਾਲਣਾ ਘਾਲਣੀ ਪਈ ਅਤੇ ਕਈ ਕੁਰਬਾਨੀਆਂ ਦੇਣੀਆਂ ਪਈਆਂ। ਅੰਮ੍ਰਿਤਸਰ ਦੇ ਨੇੜ੍ਹੇ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਵਿੱਚ 8 ਫਰਵਰੀ 1921 ਨੂੰ ਮਹੰਤ ਕੋਲੋਂ ਗੁ: ਸਾਹਬ ਦਾ ਕਬਜ਼ਾ ਛਡਾਉਣ ਲਈ ਪੰਥ ਦਰਦੀਆਂ ਵੱਲੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ। ਮਹੰਤ ਨੇ ਪੁਲਿਸ ਇੰਚਾਰਜ਼ ਮਿ: ਬੀ.ਟੀ ਨਾਲ ਮਿਲ ਕੇ ਇੱਕ ਚਾਲ ਚੱਲੀ। ਜਿਹੜੇ ਸਿੰਘ ਬਾਗ ਵਿੱਚੋਂ ਗੁਰੂ ਘਰ ਦੇ ਲੰਗਰ ਲਈ ਲੱਕੜਾਂ ਕੱਟਣ ਲਈ ਗਏ ਸਨ, ਉਹਨਾਂ ਨੂੰ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਤਾਂ ਉਥੇ ਮੋਰਚਾ ਲੱਗ ਗਿਆ।ਇੰਨ੍ਹਾਂ ਪੰਜ ਛੇ ਦਿਨਾਂ ਵਿੱਚ 836 ਸਿੰਘ ਅੰਮ੍ਰਿਤਸਰ ਦੀਆਂ ਜੇਲਾਂ ਵਿੱਚ ਬੰਦ ਕਰ ਦਿੱਤੇ ਗਏ। ਕੋਈ 1200 ਸੌ ਤੋਂ ਜ਼ਿਆਦਾ ਹਸਪਤਾਲਾਂ ਵਿੱਚ ਜ਼ਖਮੀ ਹਾਲਤ ਵਿੱਚ ਪਹੁੰਚਾਏ ਗਏ। ਤਿੰਨ ਸਿੰਘ ਹਸਪਤਾਲਾਂ ਵਿੱਚ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਿੱਖ ਸਾਬਕਾ ਫੌਜੀ ਅਫਸਰਾਂ ਨੇ ਵੀ ਜਥੇ ’ਚ ਸ਼ਾਮਿਲ ਹੋਣ ਲਈ ਕਮਰਕੱਸੇ ਕਰ ਲਏ। ਜਦ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁ: ਸਾਹਬ ਵੱਲ ਚੱਲਣ ਲੱਗਾ ਤਾਂ ਇੰਨ੍ਹਾਂ ਨੂੰ ਵੀ ਉਸੇ ਤਰ੍ਹਾਂ ਗ੍ਰਿਫਤਾਰ ਕਰਕੇ ਜਦ ਰੇਲ ਗੱਡੀ ਰਾਹੀਂ ਅਟਕ ਦੀ ਜੇਲ ਵਿੱਚ ਭੇਜਿਆ ਜਾਣ ਲੱਗਾ ਤਾਂ ਜਦ ਇਸ ਗੱਲ ਦਾ ਪਤਾ ਗੁਜਰਾਂਵਾਲੇ ਦੇ ਸਿੰਘਾਂ ਨੂੰ ਲੱਗਾ ਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਅਟਕ ਜੇਲ ਲਿਜਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਰੇਲ ਗੱਡੀ ਨੂੰ ਗੁਜਰਾਂਵਾਲੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਉਸ ਤੋਂ ਅੱਗੇ ਜਦ ਹਸਨ ਅਬਦਾਲ (ਪੰਜਾ ਸਾਹਬ) ਦੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ 100 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤਾਂ ਉਹਨਾਂ ਇਸ ਗੱਡੀ ਨੂੰ ਰੋਕ ਕੇ ਗ੍ਰਿਫਤਾਰ ਸਿੰਘਾਂ ਨੂੰ ਲੰਗਰ ਛਕਾਉਣ ਦਾ ਮਨ ਬਣਾਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਹੋਰ ਸਿੰਘਾਂ ਨੇ ਸਟੇਸ਼ਨ ਮਾਸਟਰ ਨਾਲ ਗੱਡੀ ਰੋਕਣ ਬਾਰੇ ਗੱਲ ਕੀਤੀ ਤਾਂ ਉਸਨੇ ਨਾਂਹ ਕਰ ਦਿੱਤੀ। ਸਿੰਘਾਂ ਨੇ ਕਿਹਾ ਕਿ ਤੁਸੀ ਸਾਡੇ ਭਰਾਵਾਂ ਨੂੰ ਜੇਲ ਵਿੱਚ ਬੰਦ ਕਰਨ ਲਈ ਲਿਜਾ ਰਹੇ ਹੋ। ਗੱਡੀ ਤਾਂ ਇੱਥੇ ਜਰੂਰ ਰੁਕੇਗੀ, ਭਾਵੇਂ ਇਸ ਲਈ ਸਾਨੂੰ ਸ਼ਹਾਦਤਾਂ ਹੀ ਕਿਉਂ ਨਾ ਦੇਣੀਆਂ ਪੈਣ। ਸਿੰਘ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਗੱਡੀ ਰੋਕਣ ਲਈ ਰੇਲ ਦੀ ਪੱਟੜੀ ਉਪਰ ਬੈਠ ਗਏ। ਦੂਰੋਂ ਗੱਡੀ ਆਉਂਦੀ ਨਜ਼ਰੀਂ ਪਈ। ਗੱਡੀ ਦੇ ਡਰਾਈਵਰ ਨੇ ਕਈ ਵਿਸਲਾਂ ਦਿੱਤੀਆਂ, ਪਰ ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੱਟੜੀ ਤੇ ਡਟੇ ਰਹੇ, ਉਥੋਂ ਉਠੇ ਨਹੀ, ਡਰਦੇ ਮਾਰੇ ਭੱਜੇ ਨਹੀਂ। ਗੱਡੀ ਸਿੰਘਾਂ ਨੂੰ ਮਸਲਦੀ ਹੋਈ 11 ਸਿੰਘਾਂ ਸਮੇਤ ਦਰੜਦੀ ਹੋਈ ਅੱਗੇ ਜਾ ਕੇ ਰੁਕ ਗਈ। ਉਸ ਸਮੇਂ ਉਥੇ ਮੌਕੇ ਦੇ ਗਵਾਹ ਗਿਆਨੀ ਭਜਨ ਸਿੰਘ ਲਿੱਖਦੇ ਹਨ ਕਿ ਸ੍ਰ. ਪਰਤਾਪ ਸਿੰਘ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਖਜ਼ਨਾਚੀ ਸਨ ਤਾਂ ਮੌਕੇ ਤੇ ਹੀ ਚੜ੍ਹਾਈ ਕਰ ਚੁੱਕੇ ਸਨ ਤੇ ਸ੍ਰ. ਕਰਮ ਸਿੰਘ ਜੋ ਗੁਰਦੁਆਰਾ ਪੰਜਾ ਸਾਹਿਬ ਦੇ ਕੀਰਤਨੀਏ ਸਨ, ਦਾ ਜਿਸਮ ਇੰਜਣ ਵਿੱਚ ਫਸਿਆ ਹੋਇਆ ਸੀ। ਜਿਸਨੂੰ ਸੰਗਤ ਨੇ ਕਿਸੇ ਤਰ੍ਹਾਂ ਨਾਲ ਬਾਹਰ ਕੱਢਿਆ ਤੇ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਸ੍ਰ. ਕਰਮ ਸਿੰਘ ਨੇ ਕੁਝ ਇਸ਼ਾਰਿਆਂ ਨਾਲ ਤੇ ਕੁਝ ਬਚੀ ਖੁਚੀ ਅਵਾਜ ਵਿੱਚ ਕਿਹਾ ਕਿ ‘ਪਹਿਲੇ ਸਿੰਘਾਂ ਨੂੰ ਲੰਗਰ ਛਕਾਉ। ਮੇਰੀ ਪ੍ਰਵਾਹ ਨਾ ਕਰੋ’। ਅਖੀਰ ਉਹ ਵੀ ਸ਼ਹੀਦ ਹੋ ਗਏ। ਇਸ ਸਾਲ 30 ਅਕਤੂਬਰ ਨੂੰ ਉਹਨਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ।

WRITTEN BY