ਮਾੜਾ ਕੰਟੇਂਟ ਪਰੋਸਦਾ ਹੈ ‘ਬਿਗ ਬਾਸ’
ਲੋਕਾਂ ਦਾ ਚਹੇਤਾ ਰਿਐਲੀਟੀ ਸ਼ੋਅ ਬਿਗ ਬਾਸ 12 ਸ਼ੁਰੂ ਹੋਣ ਦੇ ਨਾਲ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਜਿਸ ਦਾ ਵੱਡਾ ਕਾਰਨ ਪ੍ਰਸਿੱਧ ਗਾਇਕ ਅਨੂਪ ਜਲੋਟਾ ਅਤੇ ਜਸਲੀਨ ਦੀ ਜੋੜੀ ਹੈ। ਇਹ ਸੁਪਰਹਿੱਟ ਸ਼ੋਅ ਹਮੇਸ਼ਾ ਹੀ ਟੀ.ਆਰ.ਪੀ ਦੇ ਹਿਸਾਬ ਤੋਂ ਪਹਿਲੇ ਨੰਬਰ ਤੇ ਰਹਿੰਦਾ ਹੈ। ਇਸ ਮਸਾਲੇ ਵਿਚ ਰੋਮਾਂਸ, ਸਨਸਨੀ, ਲੜ੍ਹਾਈ, ਝਗੜੇ ਅਤੇ ਮਨੋਰੰਜਨ ਸਭ ਹੁੰਦਾ ਹੈ। ਇਕ ਦੂਜੇ ਤੋਂ ਅੱਗੇ ਰਹਿਣ ਲਈ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਪੂਰੀ ਦੁਨੀਆ ਦੇ ਸਾਹਮਣੇ 24 ਘੰਟੇ ਰਹਿਣਾ, ਬਿਗ ਬਾਸ ਵੱਲੋ ਦਿੱਤੇ ਟਾਸਕ ਪੂਰੇ ਕਰਨਾ, ਲੜਾਈ-ਝਗੜੇ, ਦੋਸਤੀ ਸ਼ੋਅ ਵਿੱਚ ਸਭ ਕੁਝ ਦੇਖਣ ਨੂੰ ਮਿਲਦਾ ਹੈ।
ਦਰਸ਼ਕਾਂ ਦੇ ਇਕ ਵਡੇ ਭਾਗ ਨੂੰ ਬਿਗ ਬਾਸ ਬਹੁਤ ਪਸੰਦ ਆਉਂਦਾ ਹੈ, ਪਰ ਅਸਲ ਵਿੱਚ ਇਹ ਸ਼ੋਅ ਭਾਰਤ ਦੇ ਸੱਭਿਆਚਾਰ ਨੂੰ ਖਰਾਬ ਕਰਦਾ ਹੈ। ਇਸ ਤਰ੍ਹਾਂ ਦੇ ਸ਼ੋਅ ਨੂੰ ਮਨੋਰੰਜਨ ਦਾ ਨਾਂ ਦੇ ਕੇ ਕੂੜਾ-ਕਰਕਟ ਪਰੋਸਿਆ ਜਾਂਦਾ ਹੈ, ਜਿਸਨੂੰ ਲੋਕ ਬੜੇ ਸੁਆਦ ਨਾਲ ਖਾਂਦੇ ਹਨ। ਇਸ ਵਿੱਚ ਘਟੀਆ ਕੰਟੇਂਟ ਪੇਸ਼ ਕੀਤਾ ਜਾਂਦਾ ਹੈ, ਜਿਸ ਕਰਕੇ ਬੀਤੇ ਸਾਲ ਇਸ ਦਾ ਸਮਾਂ ਵੀ ਬਦਲ ਕੇ ਦੇਰ ਰਾਤ ਦਾ ਕਰ ਦਿੱਤਾ ਗਿਆ ਸੀ। ਦਿਲਚਸਪ ਗਲ ਇਹ ਹੈ ਕਿ ਬਿਗ ਬਾਸ ਵਿਚ ਬਹੁਤ ਕੁਝ ਹੁੰਦਾ ਹੈ ਜੋ ਭਾਰਤੀ ਮਰਿਆਦਾ ਵਿਚ ਆਪਤੀਜਨਕ ਮੰਨਿਆ ਜਾਂਦਾ ਹੈ, ਪਰੰਤੂ ਫਿਰ ਵੀ ਕੋਈ ਵਿਰੋਧ ਨਹੀਂ ਕਰਦਾ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਚੇਤਾਵਨੀਆਂ ਦੇ ਬਾਵਜੂਦ ਬਿਗ ਬਾਸ ਚਲ ਰਿਹਾ ਹੈ ਤੇ ਡੰਕੇ ਦੀ ਚੋਟ ਤੇ ਚਲ ਰਿਹਾ ਹੈ। ਕੋਈ ਇਸਦਾ ਕੁਝ ਨਹੀਂ ਵਿਗਾੜ ਸਕਦਾ। ਇਸ ਵਿਚ ਭਾਗ ਲੈਣ ਵਾਲੇ ਲੋਕ ਪੈਸੇ ਅਤੇ ਸੁਰਖੀਆਂ ਹਾਸਿਲ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਬਿੱਗ ਬਾਸ ਵਿੱਚ ਆਉਣ ਵਾਲੇ ਲੋਕ ਜ਼ਿਆਦਾਤਰ ਫੈਸ਼ਨ, ਫਿਲਮ ਜਾਂ ਖੇਡ ਇੰਡਸਟਰੀ ਨਾਲ ਜੁੜੇ ਹੁੰਦੇ ਹਨ। ਮੋਟੀ ਰਕਮ ਦੇ ਲਾਲਚ ਵਿਚ ਕੈਮਰੇ ਸਾਹਮਣੇ ਬਣੇ ਰਹਿਣ ਲਈ ਉਹ ਘਟੀਆ ਹਰਕਤਾਂ ਕਰਦੇ ਹਨ ਤਾਂ ਜੋ ਉਹ ਸ਼ੋਅ ਵਿਚ ਆਪਣੀ ਥਾਂ ਬਣਾਈ ਰਖ ਸਕਣ। ਅਜ ਦੇ ਸਮੇਂ ਵਿਚ ਇਸ ਤਰ੍ਹਾਂ ਦੇ ਸ਼ੋਅ ਬੰਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਚੰਗੀ ਸਿਖਿਆ ਦਿਤੀ ਜਾ ਸਕੇ। ਸਰਕਾਰ ਨੂੰ ਵੀ ਇਸ ਪ੍ਰਕਾਰ ਦੇ ਰਿਐਲੀਟੀ ਸ਼ੋਅ ਉਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
– ਵਰਸ਼ਾ ਵਰਮਾ, ਪਟਿਆਲਾ