ਪੰਜਾਬ ਸਰਕਾਰ ਦੀ ਸਹਿਕਾਰੀ ਗਰੀਨ ਐਨਰਜੀ ਕਰਜ਼ਾ ਸਕੀਮ ਨੂੰ ਜ਼ਿਲ੍ਹਾ ਮਾਨਸਾ ’ਚ ਮਿਲ ਰਿਹੈ ਭਰਵਾਂ ਹੁੰਗਾਰਾ, ਛੱਤ ’ਤੇ ਲੱਗਣ ਵਾਲੇ ਗਰਿੱਡ ਸੋਲਰ ਊਰਜਾ ਪਲਾਂਟਾਂ ਸਬੰਧੀ ਜਾਣਕਾਰੀ ਲੈ ਰਹੇ ਨੇ ਲੋਕ
ਖਿਆਲਾ ਕਲਾਂ/ਮਾਨਸਾ- ਪੰਜਾਬ ਸਰਕਾਰ ਵਲੋਂ ਸਬਸਿਡੀ ਅਤੇ ਆਸਾਨ ਕਿਸ਼ਤਾਂ ‘ਤੇ ਮੁਹਈਆ ਕਰਵਾਏ ਜਾ ਰਹੇ ਛਤ ਉਪਰ ਲਗਣ ਵਾਲੇ ਸੋਲਰ ਪੈਨਲ ਜ਼ਿਲ੍ਹਾ ਮਾਨਸਾ ਵਾਸੀਆਂ ਲਈ ਨਵੀਂ ਤਰਜੀਹ ਬਣ ਰਹੇ ਹਨ ਕਿਉਂਜੋ ਚਾਹਵਾਨ ਵਿਅਕਤੀ ਵਲੋਂ ਸਿਰਫ਼ 15 ਫ਼ੀਸਦੀ ਰਕਮ ਦੀ ਅਦਾਇਗੀ ਕਰਨ ਨਾਲ ਜਿਥੇ 25 ਸਾਲ ਤਕ ਬਿਜਲੀ ਮੁਫ਼ਤ ਹੋ ਜਾਂਦੀ ਹੈ, ਉਥੇ ਸੋਲਰ ਪੈਨਲ ਲਾਉਣ ਲਈ ਖ਼ਰਚੀ ਕੁਲ ਰਕਮ ‘ਤੇ, ਕਿਲੋਵਾਟ ਦੇ ਮੁਤਾਬਕ, ਲਗਭਗ 25 ਤੋਂ 31 ਫ਼ੀਸਦੀ ਸਬਸਿਡੀ ਵੀ ਮਿਲ ਰਹੀ ਹੈ ਅਤੇ ਰਹਿੰਦੀ ਰਕਮ ਦੀ ਅਦਾਇਗੀ ਆਸਾਨ ਕਿਸ਼ਤਾਂ ਰਾਹੀਂ ਕਰਨ ਦੀ ਖੁਲ੍ਹ ਵੀ ਦਿਤੀ ਗਈ ਹੈ। ਇਨ੍ਹਾਂ ਨਵੇਂ ਆਨ ਗਰਿਡ (ਬਿਨਾਂ ਬੈਟਰੀ) ਸੋਲਰ ਪੈਨਲਾਂ ਦੇ ਰਖ-ਰਖਾਅ ਦਾ ਖ਼ਰਚਾ ਨਾਮਾਤਰ ਹੋਣ ਕਾਰਨ ਲੋਕਾਂ ਵਲੋਂ ਇਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ 15 ਅਗਸਤ ਨੂੰ ਸੂਬੇ ਦੇ ਸਮੂਹ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ 800 ਸ਼ਾਖਾਵਾਂ ਵਿਚ ਸ਼ੁਰੂ ਕੀਤੀ ਗਈ ‘‘ਸਹਿਕਾਰੀ ਗਰੀਨ ਐਨਰਜੀ ਕਰਜ਼ਾ ਸਕੀਮ‘‘ (ਐਸ.ਈ.ਜੀ. ਈ.ਐਲ.) ਦਾ ਲਾਭ ਲੈਣ ਲਈ ਜ਼ਿਲ੍ਹਾ ਮਾਨਸਾ ਵਿਚ ਹੁਣ ਤਕ ਸੈਂਕੜੇ ਵਿਅਕਤੀਆਂ ਵਲੋਂ ਦਿਲਚਸਪੀ ਵਿਖਾਈ ਗਈ ਹੈ ਅਤੇ ਕਰੀਬ 60 ਤੋਂ 70 ਵਿਅਕਤੀਆਂ ਵਲੋਂ ਫ਼ਾਰਮ ਭਰੇ ਗਏ ਹਨ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਹਰਵਿੰਦਰ ਸਿੰਘ ਢਿਲੋਂ ਅਨੁਸਾਰ 5 ਕੇ.ਵੀ. ਰੂਫ਼ਟਾਪ ਸੋਲਰ ਪੈਨਲ ਲਗਾਉਣ ‘ਤੇ ਕਰੀਬ 3.25 ਲਖ ਰੁਪਏ ਖ਼ਰਚਾ ਆਉਂਦਾ ਹੈ ਜਿਸ ‘ਤੇ ਲਗਭਗ 87,000 ਰੁਪਏ ਸਬਸਿਡੀ ਸਰਕਾਰ ਵਲੋਂ ਦਿਤੀ ਜਾ ਰਹੀ ਹੈ। ਚਾਹਵਾਨ ਵਿਅਕਤੀ ਕੁਲ ਰਕਮ ਦੀ 15 ਫ਼ੀਸਦੀ, ਜੋ 48,750 ਬਣਦੀ ਹੈ, ਅਦਾਇਗੀ ਕਰਨ ਉਪਰੰਤ ਸੋਲਰ ਪੈਨਲ ਲਗਵਾ ਸਕਦਾ ਹੈ ਅਤੇ 60 ਆਸਾਨ ਕਿਸ਼ਤਾਂ ‘ਤੇ ਰਹਿੰਦੀ ਰਕਮ ਦਾ ਨਿਬੇੜਾ ਕਰ ਸਕਦਾ ਹੈ। ਉਨ੍ਹਾਂ ਦਸਿਆ ਕਿ 5 ਕੇ.ਵੀ. ਸੋਲਰ ਪੈਨਲ ਰੋਜ਼ 20 ਯੂਨਿਟਾਂ ਦੇ ਹਿਸਾਬ ਨਾਲ ਮਹੀਨੇ ਦੀਆਂ 600 ਯੂਨਿਟਾਂ ਪੈਦਾ ਕਰਦਾ ਹੈ।ਸੂਬੇ ਦੀ ਮੌਜੂਦਾ ਬਿਜਲੀ ਦਰ 8.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੋਲਰ ਪੈਨਲ ਕਰੀਬ 5100 ਰੁਪਏ ਦੀ ਬਿਜਲੀ ਮਹੀਨੇ ਵਿਚ ਪੈਦਾ ਕਰੇਗਾ ਜਦਕਿ ਕਿਸ਼ਤ 4300 ਰੁਪਏ ਦੇ ਕਰੀਬ ਬਣੇਗੀ। ਇਸ ਤਰ੍ਹਾਂ ਨਾਲ ਸੋਲਰ ਪੈਨਲ ਲਗਾਉਣ ਵਾਲੇ ਵਿਅਕਤੀ ਲਈ ਕਿਸ਼ਤਾਂ ਦੀ ਅਦਾਇਗੀ ਦੇ ਸਮੇਂ ਦੌਰਾਨ, ਕਿਸ਼ਤ ਦੇ ਮੁਲ ਦੀ ਬਿਜਲੀ ਮੁਫ਼ਤ ਹੋਵੇਗੀ ਜਦਕਿ ਕਿਸ਼ਤਾਂ ਮੁਕੰਮਲ ਹੋਣ ਉਪਰੰਤ ਅਗਲੇ 20 ਸਾਲਾਂ ਲਈ ਬਿਜਲੀ ਦੀ ਪੈਦਾਵਾਰ ਬਿਲਕੁਲ ਮੁਫ਼ਤ ਹੋ ਜਾਵੇਗੀ ਜਿਸ ਦੀ ਮੌਜੂਦਾ ਦਰ ਦੇ ਹਿਸਾਬ ਨਾਲ ਬਾਜ਼ਾਰੀ ਕੀਮਤ 11 ਲਖ ਰੁਪਏ ਤੋਂ ਵਧ ਬਣਦੀ ਹੈ। ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਆਪਣੇ ਘਰ ਦੇ ਕੁਲ ਮਨਜ਼ੂਰਸ਼ੁਦਾ ਬਿਜਲੀ ਲੋਡ ਦੇ 80 ਫ਼ੀਸਦੀ ਤਕ ਦਾ ਸੋਲਰ ਪੈਨਲ ਪਲਾਂਟ ਲਗਵਾ ਸਕਦਾ ਹੈ।
ਸ. ਢਿਲੋਂ ਨੇ ਦਸਿਆ ਕਿ ‘‘ਸਹਿਕਾਰੀ ਗਰੀਨ ਐਨਰਜੀ ਕਰਜ਼ਾ ਸਕੀਮ‘‘ (ਐਸ.ਈ.ਜੀ. ਈ.ਐਲ.) ਦਾ ਲਾਭ ਲੈਣ ਲਈ ਸੋਲਰ ਪੈਨਲ ਲਵਾਉਣ ਦੇ ਚਾਹਵਾਨ ਵਿਅਕਤੀ ਨੂੰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੀ ਵੈਬਸਾਈਟ ਤੋਂ ਪ੍ਰਵਾਨਤ ਵਿਕਰੇਤਾ ਦੀ ਚੋਣ ਕਰਨ ਉਪਰੰਤ ਪੀ.ਐਸ.ਪੀ.ਸੀ.ਐਲ. ਕੋਲ ਮਨਜ਼ੂਰੀ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਪੇਡਾ ਵਲੋਂ ਉਸ ਦੇ ਈਮੇਲ ਜਾਂ ਮੋਬਾਈਲ ਪਤੇ ‘ਤੇ ਪਲਾਂਟ ਦੀ ਮਨਜ਼ੂਰੀ ਭੇਜ ਦਿਤੀ ਜਾਵੇਗੀ ਅਤੇ ਸਬੰਧਤ ਕੇਂਦਰੀ ਸਹਿਕਾਰੀ ਬੈਂਕ ਵਲੋਂ ਯੋਗ ਪ੍ਰਾਰਥੀ ਦਾ ਸੋਲਰ ਪਲਾਂਟ ਸਬੰਧੀ ਬੈਂਕ ਕਰਜ਼ਾ ਮਨਜ਼ੂਰ ਕਰ ਦਿਤਾ ਜਾਵੇਗਾ।
– ਰਵਿੰਦਰ ਸਿੰਘ ਖਿਆਲਾ
ਪੱਤਰਕਾਰ ‘ਪੰਜਾਬ ਟਾਇਮਜ਼’
ਸੰਪਰਕ : 99152-99946