May 4, 2026 2:47 am

ਅਸਫਲਤਾਵਾਂ ਨੂੰ ਪਾਰ ਕਰਨਾ ਹੀ ਸਫਲਤਾ

ਜਿੰਦਗੀ ‘ਚ ਹਾਰ ਮਿਲਣ ਕਾਰਨ ਕਈ ਮਨੁਖ ਅਕਸਰ ਟੁਟ ਜਾਂਦੇ ਹਨ। ਕਈ ਵਾਰ ਮਨੁਖ ਏਨਾ ਉਦਾਸ ਹੋ ਜਾਂਦਾ ਹੈ ਕਿ ਉਹ ਕੋਸ਼ਿਸ਼ ਕਰਨੀ ਹੀ ਛਡ ਦਿੰਦਾ ਹੈ। ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਹਾਰ ਦੇ ਪਿਛੇ ਹੀ ਜਿਤ ਛੁਪੀ ਹੁੰਦੀ ਹੈ। ਜੇਕਰ ਅਸਫਲਤਾ ਨੂੰ ਸਫਲਤਾ ਤਕ ਜਾਣ ਦਾ ਰਸਤਾ ਸਮਝ ਲਿਆ ਜਾਵੇ ਤਾਂ ਹਾਰ ਤੋਂ ਡਰ ਕੇ ਮਾਯੂਸ ਨਹੀਂ ਹੋਣਾ ਪੈਂਦਾ। ਭਾਵੇਂ ਕਿ ਜਿਤ ਪ੍ਰਾਪਤ ਕਰਕੇ ਖੁਸ਼ੀ ਮਿਲਦੀ ਹੈ ਪਰ ਹਾਰ ਜਾਣ ਕਾਰਨ ਇਕ ਸਬਕ ਮਿਲਦਾ ਹੈ, ਜਿਸ ਤੋਂ ਮਨੁਖ ਨੂੰ ਅਗੇ ਤੋਂ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਅਸਲ ਵਿਚ ਹਾਰਾਂ ਤੋਂ ਡਰ ਕੇ ਕੋਸ਼ਿਸ਼ ਛਡ ਦੇਣ ਵਾਲਾ ਮਨੁਖ ਕਾਇਰ ਹੁੰਦਾ ਹੈ।
ਦਰਅਸਲ ਉਹੀ ਜਿਤ ਖੁਸ਼ੀ ਤੇ ਸਕੂਨ ਦੇ ਸਕਦੀ ਹੈ ਜੋ ਹਾਰਾਂ ਤੋਂ ਬਾਅਦ ਮਿਲੀ ਹੋਵੇ। ਲਗਾਤਾਰ ਮਿਹਨਤ ਕਰਦੇ ਰਹਿਣ ਨਾਲ ਪ੍ਰਾਪਤ ਕੀਤੀ ਜਿਤ ਦੀ ਖੁਸ਼ੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸਫਲਤਾਵਾਂ ਹੀ ਮਨੁਖ ਨੂੰ ਉਦਮੀ ਬਣਾਉਂਦੀਆਂ ਹਨ। ਇਸ ਲਈ ਮਨੁਖ ਨੂੰ ਅਸਫਲਤਾ ਤੋਂ ਡਰ ਕੇ ਹਥ ਤੇ ਹਥ ਰਖ ਕੇ ਨਹੀਂ ਬੈਠਣਾ ਚਾਹੀਂਦਾ। ਉਸ ਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਵਿਚ ਜੁਟ ਜਾਣਾ ਚਾਹੀਦਾ ਹੈ।
ਮਿਹਨਤ ਕਰਨ ਵਾਲਾ ਇਨਸਾਨ ਜਦੋਂ ਅਸਫਲ ਹੁੰਦਾ ਹੈ ਤਾਂ ਕਈ ਵਾਰ ਉਸਦਾ ਆਤਮ ਵਿਸ਼ਵਾਸ ਸੁਕੀ ਰੇਤ ਵਾਂਗ ਮੁਠੀਆਂ ਚੋਂ ਫਿਸਲਣ ਲਗ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮਨੁਖ ਨੂੰ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਨਜਰ ਆਉਂਦਾ ਹੈ। ਕਈ ਵਾਰ ਤਾਂ ਉਸ ਨੂੰ ਸਫਲਤਾ ਦੇ ਸਾਰੇ ਰਸਤੇ ਬੰਦ ਹੁੰਦੇ ਦਿਖਾਈ ਦਿੰਦੇ ਹਨ। ਪਰ ਸਚ ਇਹ ਹੈ ਕਿ ਸਫਲਤਾ ਦੇ ਰਸਤੇ ਕਦੇ ਵੀ ਬੰਦ ਨਹੀਂ ਹੁੰਦੇ। ਜੇਕਰ ਅਸੀਂ ਸਕਾਰਾਤਮਕ ਸੋਚ ਬਣਾ ਕੇ ਰਖਾਂਗੇ ਤਾਂ ਸਫਲ ਹੋਣ ਦੇ ਅਨੇਕਾਂ ਰਸਤੇ ਖੁਲ੍ਹ ਜਾਂਦੇ ਹਨ। ਅਸਲ ਵਿਚ ਅਸੀਂ ਸਫਲਤਾ ਅਤੇ ਅਸਫਲਤਾ ਨੂੰ ਇਕ ਦੂਜੇ ਦੇ ਵਿਰੁਧ ਸਮਝਦੇ ਹਾਂ। ਪਰ ਸਚਾਈ ਇਹ ਹੈ ਕਿ ਇਹ ਇਕ ਦੂਜੇ ਦੇ ਵਿਰੁਧ ਨਹੀਂ ਸਗੋਂ ਇਕ ਦੂਜੇ ਦੇ ਪੂਰਕ ਹਨ। ਅਸਫਲਤਾ ਨੂੰ ਪਾਰ ਕਰਕੇ ਹੀ ਸਫਲਤਾ ਤਕ ਪਹੁੰਚਿਆ ਜਾ ਸਕਦਾ ਹੈ।
ਕੁਦਰਤ ਦਾ ਨਿਯਮ ਹੈ ਕਿ ਹਨੇਰੀ ਕਾਲੀ ਰਾਤ ਤੋਂ ਬਾਅਦ ਹੀ ਚਾਨਣ ਹੁੰਦਾ ਹੈ। ਇਸ ਲਈ ਚੁਣੌਤੀਆਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਚੁਣੌਤੀਆਂ ਦਾ ਸਾਹਮਣਾ ਕਰ ਕੇ ਅਗੇ ਵਧਣ ਵਾਲਾ ਮਨੁਖ ਹੀ ਸਫਲਤਾ ਪ੍ਰਾਪਤ ਕਰ ਸਕਦਾ ਹੈ। ਅਸਫਲਤਾ, ਸਫਲਤਾ ਤਕ ਪਹੁੰਚਣ ਦਾ ਹੀ ਇਕ ਜਰੀਆ ਹੈ। ਇਤਿਹਾਸ ਗਵਾਹ ਹੈ ਕਿ ਦੁਨੀਆਂ ‘ਚ ਜਿੰਨੇ ਵੀ ਮਹਾਨ ਇਨਸਾਨ ਹੋਏ ਹਨ, ਉਹ ਆਪਣੇ ਜੀਵਨ ਚ ਅਨੇਕਾਂ ਅਸਫਲਤਾਵਾਂ ਨੂੰ ਪਾਰ ਕਰ ਕੇ ਸਫਲਤਾ ਤਕ ਪਹੁੰਚੇ ਹਨ। ਬਲਬ ਦੀ ਖੋਜ ਕਰਨ ਵਾਲੇ ਮਹਾਨ ਵਿਗਿਆਨੀ ਥਾਮਸ ਐਡੀਸ਼ਨ ਨੇ ਸੈਂਕੜੇ ਵਾਰ ਅਸਫਲ ਹੋਣ ਦੇ ਬਾਵਜੂਦ, ਦ੍ਰਿੜਤਾ ਨਾਲ ਮਿਹਨਤ ਕਰ ਕੇ ਦੁਨੀਆਂ ਨੂੰ ਰੌਸ਼ਨ ਕਰ ਦਿਤਾ ਹੈ।ਕਈ ਵਾਰ ਮਨੁਖ ਛਲ-ਕਪਟ ਕਰ ਕੇ ਜਾਂ ਦੂਜਿਆਂ ਨੂੰ ਧੋਖਾ ਦੇ ਕੇ ਜਿਤ ਪ੍ਰਾਪਤ ਕਰ ਲੈਂਦਾ ਹੈ, ਪਰ ਅਜਿਹੀ ਜਿਤ ਕਦੇ ਵੀ ਸਕੂਨ ਤੇ ਸੰਤੁਸ਼ਟੀ ਨਹੀਂ ਦੇ ਸਕਦੀ। ਇਮਾਨਦਾਰੀ ਨਾਲ ਪ੍ਰਾਪਤ ਕੀਤੀ ਨਿਕੀ ਜਿਹੀ ਜਿਤ ਵੀ ਅਦਭੁਤ ਖੁਸ਼ੀ ਤੇ ਸਕੂਨ ਦਿੰਦੀ ਹੈ। ਬੇਈਮਾਨੀ ਤੇ ਧੋਖੇ ਨਾਲ ਭਾਵੇਂ ਅਸੀਂ ਵਡੀ ਤੋਂ ਵਡੀ ਜਿਤ ਵੀ ਪ੍ਰਾਪਤ ਕਰ ਲਈਏ ਪਰ ਉਸ ਨਾਲ ਕਦੇ ਵੀ ਸੰਤੁਸ਼ਟੀ ਨਹੀਂ ਮਿਲਦੀ। ਮਿਹਨਤ ਕਰ ਕੇ ਮੁਕਾਮ ਤੇ ਪਹੁੰਚਣ ਵਿਚ ਜੋ ਅਨੰਦ ਹੈ ਉਹ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਕੀਤੀ ਸਫਲਤਾ ਚੋਂ ਕਦੇ ਵੀ ਨਹੀਂ ਮਿਲ ਸਕਦਾ। ਸ਼ਾਮ ਸੂਰਜ ਕੋ ਢਲਨਾ ਸਿਖਾਤੀ ਹੈ, ਸ਼ਮਾ ਪਰਵਾਨੇ ਜਲਨਾ ਸਿਖਾਤੀ ਹੈ। ਗਿਰਨੇ ਵਾਲੋਂ ਕੋ ਹੋਤੀ ਤੋ ਹੈ ਤਕਲੀਫ ਪਰ ਠੋਕਰ ਹੀ ਇਨਸਾਨ ਕੋ ਚਲਨਾ ਸਿਖਾਤੀ ਹੈ।

Send this to a friend