ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਅਤੇ ਨਾਲ ਲਗਦੇ ਖੇਤਰਾਂ ’ਚ ਮੀਂਹ ਦਾ ਕਹਿਰ ਦੂਸਰੇ ਦਿਨ ਵੀ ਜਾਰੀ ਰਿਹਾ। ਬੀਤੀ ਰਾਤ ਤੋਂ ਜਾਰੀ ਮੋਹਲੇਧਾਰ ਬਾਰਿਸ਼ ਨੇ ਜਨਜੀਵਨ ਅਸਤ ਵਿਅਸਤ ਕੀਤਾ ਹੋਇਆ ਹੈ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਚੁਕੀਆਂ ਹਨ, ਜਿਸ ਕਾਰਣ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਰਿਸ਼ ਅਤੇ ਸੜਕਾਂ ਦੇ ਜਲ ਮਗਨ ਹੋਣ ਕਾਰਣ ਸ਼ਹਿਰ ਵਾਸੀਆਂ ਦੇ ਨਾਲ ਨਾਲ ਬਾਹਰੋਂ ਆਏ ਸੈਲਾਨੀ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ’ਚ ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਸ਼ਹਿਰ ਦੇ ਲਾਰੰਸ ਰੋਡ ਤੋਂ ਫੋਰ ਐਸ ਚੌਕ ਵਲ ਜਾਂਦਿਆਂ ਕੰਪਨੀ ਬਾਗ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਸੌ ਫੁਟ ਤੋਂ ਜ਼ਿਆਦਾ ਖੇਤਰ ਵਿਚ ਜ਼ਮੀਨ ਅੰਦਰ ਧਸ ਗਈ। ਇਸ ਘਟਨਾ ਬਾਅਦ ਆਵਾਜਾਈ ਪੂਰੀ ਤਰ੍ਹਾਂ ਠਪ ਹੋ ਗਈ। ਹਾਦਸੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਉਧਰ ਹਿਮਾਚਲ ਵਿੱਚ ਭਾਰੀ ਬਾਰਿਸ਼ ਕਾਰਨ ਕਈ ਮਾਰਗ ਬੰਦ ਹੋ ਗਏ ਹਨ। ਬਿਆਸ ਵਿੱਚ ਹੜ ਆਉਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ ਹੈ। ਬਾਰਿਸ਼ ਕਾਰਨ ਕੁੱਲੂ ਅਤੇ ਕਨੌਰ ਜ਼ਿਲ੍ਹੇ ਵਿੱਚ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਕੁੱਲੂ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਪੂਰੇ ਪੰਜਾਬ ਵਿਚ ਬੀਤੇ ਦੋ ਦਿਨਾਂ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਇਹ ਬਾਰਸ਼ ਸੋਮਵਾਰ ਵੀ ਜਾਰੀ ਰਹੇਗੀ।ਸੂਬੇ ਦੇ ਸਿਖਰਲੇ ਹਿਸਿਆਂ ਯਾਨੀ ਰੋਹਤਾਂਗ, ਲਾਹੌਲ-ਸਪਿਤੀ ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ ਡੇਢ ਫੁਟ ਬਰਫਬਾਰੀ ਹੋ ਚੁਕੀ ਹੈ।ਬਾਰਸ਼ ਤੋਂ ਬਾਅਦ ਸਾਰੇ ਦਰਿਆਵਾਂ ਅਤੇ ਨਦੀ ਨਾਲਿਆਂ ਵਿੱਚ ਪਾਣੀ ਉਪਰ ਦੀ ਉਛਲ ਰਿਹਾ ਹੈ। ਤਾਪਮਾਨ ਵਿੱਚ ਵੀਕਮੀ ਆਈ ਹੈ।