April 24, 2026 2:57 pm

ਬਰਗਾੜੀ ਮੋਰਚੇ ’ਚ ਸੰਗਤਾਂ ਦੀ ਹਜ਼ਾਰਾਂ ਦੀ ਆਮਦ ’ਤੇ ਬਰਸਾਤ ਦੇ ਮੌਸਮ ਨੂੰ ਮੁੱਖ ਰੱਖਕੇ ਸਰਕਾਰ ਮਲੇਰੀਆ, ਹੈਜਾ ਦੇ ਪ੍ਰਬੰਧ ਲਈ ਸਪਰੇਅ ਕਰਵਾਏ : ਸ. ਟਿਵਾਣਾ

ਫ਼ਤਹਿਗੜ੍ਹ ਸਾਹਿਬ – ‘‘ਬੀਤੇ 2 ਮਹੀਨਿਆ ਤੋਂ ਬਰਗਾੜੀ ਵਿਖੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਜੀ ਦੀ ਅਗਵਾਈ ਵਿਚ ਜੋ ਮੋਰਚਾ ਚੱਲ ਰਿਹਾ ਹੈ, ਉਥੇ ਰੋਜ਼ਾਨਾ ਹੀ ਦੂਰ-ਦੁਰਾਡਿਓ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਦੀਆ ਹਨ । ਦੂਸਰੇ ਪਾਸੇ ਬਰਸਾਤ ਦਾ ਮੌਸਮ ਵੀ ਜੋਰਾ ਤੇ ਹੈ । ਜਿਸ ਵਿਚ ਉਥੇ ਮਲੇਰੀਆ, ਹੈਜਾ, ਗਲਘੋਟੂ ਅਤੇ ਬੁਖਾਰ ਆਦਿ ਦੇ ਫੈਲਣ ਦਾ ਵੱਡਾ ਡਰ ਹੈ । ਇਸ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਸੰਬੰਧਤ ਫ਼ਰੀਦਕੋਟ ਅਤੇ ਬਠਿੰਡਾ ਪ੍ਰਸ਼ਾਸ਼ਨ ਇਨ੍ਹਾਂ ਬਿਮਾਰੀਆ ਦੀ ਰੋਕਥਾਮ ਲਈ ਮੱਛਰਾਂ, ਕੀੜ-ਮਕੌੜਿਆ, ਮੱਖੀਆ ਆਦਿ ਦੀਆਂ ਦਵਾਈਆ ਦਾ ਜਿਥੇ ਸਪਰੇਅ ਦਾ ਪ੍ਰਬੰਧ ਕਰਨਾ ਬਣਦਾ ਹੈ, ਉਥੇ ਇਨ੍ਹਾਂ ਦੋਵਾਂ ਸੰਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸ਼ਨ ਵੱਲੋਂ ਉਚ ਪੱਧਰੀ ਡਾਕਟਰਾਂ ਦੀ ਟੀਮ ਅਤੇ ਉਪਰੋਕਤ ਬਿਮਾਰੀਆ ਦੀ ਦਵਾਈਆ ਦਾ ਵੀ ਉਚੇਚੇ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ । ਕਿਉਂਕਿ ਇਹ ਮੋਰਚਾ ਜਥੇਦਾਰ ਸਾਹਿਬਾਨ ਨੇ ਕਿਸੇ ਵੀ ਆਪਣੇ ਨਿੱਜੀ ਮਕਸਦ ਲਈ ਨਹੀਂ ਲਗਾਇਆ, ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਉਣ, ਜੇਲ੍ਹਾਂ ਵਿਚ ਬੰਦੀਆ ਨੂੰ ਰਿਹਾਅ ਕਰਵਾਉਣ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜਾਵਾਂ ਦਿਵਾਉਣ ਲਈ ਲਗਾਇਆ ਹੋਇਆ ਹੈ।ੂ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਕਰਨਰਾਜ ਸਿੰਘ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਨੇ ਸਾਂਝੇ ਤੌਰ ਤੇ ਦਸਤਖ਼ਤ ਕੀਤੇ ਗਏ ਇਕ ਬਿਆਨ ਵਿਚ ਮੌਜੂਦਾ ਪੰਜਾਬ ਸਰਕਾਰ ਅਤੇ ਸੰਬੰਧਤ ਦੋਵੇ ਜ਼ਿਲ੍ਹਿਆ ਦੇ ਪ੍ਰਸ਼ਾਸ਼ਨ ਤੋਂ ਸਮਾਜਿਕ ਅਤੇ ਇਨਸਾਨੀਅਤ ਦੇ ਨਾਤੇ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਪ੍ਰਚਾਰ ਸਾਧਨਾਂ ਅਤੇ ਬਿਜਲਈ ਮੀਡੀਏ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕੌਮੀ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਨਿਰੰਤਰ 60 ਦਿਨਾਂ ਤੋਂ ਬਰਗਾੜੀ ਮੰਡੀ ਵਿਚ ਹੀ ਹਾਜ਼ਰ ਹਨ ਅਤੇ ਸੰਗਤਾਂ ਨੂੰ ਸੁਬੋਧਿਤ ਕਰਦੇ ਹੋਏ ਉਨ੍ਹਾਂ ਦੇ ਲੰਗਰ, ਰਹਿਣ ਆਦਿ ਦਾ ਪ੍ਰਬੰਧ ਨੂੰ ਬਹੁਤ ਹੀ ਅੱਛੇ ਢੰਗ ਨਾਲ ਆਪਣੀ ਨਿਗਰਾਨੀ ਹੇਠ ਚਲਾ ਰਹੇ ਹਨ । ਉਹ ਵੀ ਇਸ ਬਰਸਾਤੀ ਮੌਸਮ ਵਿਚ ਬੁਖਾਰ ਦੀ ਲਪੇਟ ਵਿਚ ਆ ਗਏ ਸਨ । ਅਜਿਹੇ ਸਮੇਂ ਪੰਜਾਬ ਸਰਕਾਰ ਅਤੇ ਸੰਬੰਧਤ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਅੱਛੀ ਸਿਹਤ ਨੂੰ ਮੁੱਖ ਰੱਖਦੇ ਹੋਏ ਬਰਗਾੜੀ ਮੰਡੀ ਵਿਖੇ ਉਚ ਪੱਧਰੀ ਡਾਕਟਰਾਂ ਦੀ ਟੀਮ ਦਾ ਉਚੇਚੇ ਤੌਰ ਤੇ ਪ੍ਰਬੰਧ ਕਰਨ ਜੋ ਕਿ ਜਥੇਦਾਰ ਸਾਹਿਬਾਨ ਜੀ ਨੂੰ ਨਿਰੰਤਰ ਚੈਕਅੱਪ ਕਰਦੇ ਰਹਿਣ ਅਤੇ ਲੋੜ ਪੈਣ ਤੇ ਉਨ੍ਹਾਂ ਦੇ ਇਲਾਜ ਲਈ ਫੌਰੀ ਦਵਾਈਆ ਅਤੇ ਡਾਕਟਰੀ ਸਹਾਇਤਾ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸੰਗਤਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਆਮਦ ਅਤੇ ਬਿਮਾਰੀਆ ਫੈਲਣ ਦੇ ਡਰ ਨੂੰ ਸੰਜ਼ੀਦਗੀ ਨਾਲ ਨਾ ਲੈਦੇ ਹੋਏ ਇਸ ਦਿਸ਼ਾ ਵੱਲ ਕੋਈ ਉਚੇਚਾ ਪ੍ਰਬੰਧ ਨਾ ਕੀਤਾ ਤਾਂ ਜੇਕਰ ਕੋਈ ਅਣਹੋਣੀ ਘਟਨਾ ਵਾਪਰੀ ਤਾਂ ਉਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਸੰਬੰਧਤ ਬਠਿੰਡਾ ਤੇ ਫਰੀਦਕੋਟ ਜ਼ਿਲ੍ਹੇ ਦਾ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ । ਆਗੂਆ ਨੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਇਸ ਵੱਡੇ ਕੌਮੀ ਮੋਰਚੇ ਅਤੇ ਕੌਮ ਦੇ ਜਥੇਦਾਰ ਸਾਹਿਬਾਨ ਅਤੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸਰਕਾਰ ਫੌਰੀ ਉਚੇਚਾ ਪ੍ਰਬੰਧ ਕਰ ਦੇਵੇਗੀ। ਆਗੂਆ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਬੀਤੇ ਸਮੇਂ ਦੀਆ ਇੰਡੀਆ ਅਤੇ ਪੰਜਾਬ ਦੀਆ ਸਰਕਾਰਾਂ ਨੇ ਸਿੱਖ ਕੌਮ ਦੀਆਂ ਉਪਰੋਕਤ ਸੰਜ਼ੀਦਗੀ ਭਰੀਆ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਕੋਈ ਇਮਾਨਦਾਰੀ ਨਾ ਦਿਖਾਕੇ ਸਿੱਖ ਕੌਮ ਵਿਰੋਧੀ ਹੋਣ ਦਾ ਪ੍ਰਤੱਖ ਜ਼ਾਹਰ ਕਰ ਦਿੱਤਾ ਸੀ । ਕਿਉਂਕਿ ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੇ ਭਾਈਵਾਲ ਬਾਦਲ ਦਲੀਆ ਨੂੰ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ. ਪੀ.ਸੀ. ਦੇ ਕੌਮੀ ਖਜ਼ਾਨਿਆ ਅਤੇ ਉਸਦੇ ਸਾਧਨਾਂ ਦੀ ਦੁਰਵਰਤੋਂ ਕਰਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨ ਦਾ ਟੀਚਾ ਤਾ ਹੈ ਲੇਕਿਨ ਜਿਸ ਸਿੱਖ ਕੌਮ ਦੀਆਂ ਇਹ ਸੰਸਥਾਵਾਂ ਹਨ, ਉਨ੍ਹਾਂ ਦੀਆਂ ਸਮਾਜਿਕ, ਧਾਰਮਿਕ ਅਤੇ ਇਨਸਾਨੀ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਜਿਵੇਂ ਕਦੀ ਵੀ ਤਵੱਜੋ ਨਹੀਂ ਦਿੱਤੀ ਗਈ, ਉਸੇ ਤਰ੍ਹਾਂ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਉਨ੍ਹਾਂ ਲੀਹਾਂ ਤੇ ਚੱਲਦੀ ਹੋਈ ਦੋ ਮਹੀਨਿਆ ਤੋਂ ਪੂਰੇ ਜੋਸ਼ ਅਤੇ ਹੋਸ ਨਾਲ ਚੱਲਦੇ ਆ ਰਹੇ ਮੋਰਚੇ ਦੀਆਂ ਮੁੱਖ ਮੰਗਾਂ ਨੂੰ ਪੂਰਨ ਕਰਨ ਵੱਲ ਆਨਾਕਾਨੀ ਕੀਤੀ ਜਾ ਰਹੀ ਹੈ । ਜਿਸ ਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਹੋਣਗੇ ਅਤੇ ਇਹ ਸਰਕਾਰ ਮੁਤੱਸਵੀਆ ਦੀ ਤਰ੍ਹਾਂ ਹੀ ਸਿੱਖ ਕੌਮ ਨਾਲ ਵਿਚਰ ਰਹੀ ਹੈ । ਜਦੋਂਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਪੂਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਉਪਰੋਕਤ ਕੌਮੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਉਹ ਕਦਮ ਉਠਾਉਣ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਹਨ, ਜਿਸਦੀ ਸਿੱਖ ਕੌਮ ਦਾ ਬੀਤੇ ਸਮੇਂ ਦਾ ਇਤਿਹਾਸ ਅਗਵਾਈ ਕਰਦਾ ਆ ਰਿਹਾ ਹੈ । ਇਹ ਜਮਹੂਰੀਅਤ ਤੇ ਅਮਨ ਪਸੰ ਢੰਗ ਨਾਲ ਚੱਲ ਰਿਹਾ ਮੋਰਚਾ ਇਸੇ ਸੋਚ ਨਾਲ ਮੁਸ਼ਕਿਲਾਂ ਨੂੰ ਹੱਲ ਕਰਦਾ ਹੋਇਆ ਆਪਣੀ ਮੰਜ਼ਿਲ ਤੇ ਪਹੁੰਚੇ ਅਤੇ ਖ਼ਾਲਸਾ ਪੰਥ ਆਪਣੀਆ ਇਤਿਹਾਸਿਕ ਲੀਹਾ ਤੇ ਪਹਿਰਾ ਦਿੰਦਾ ਹੋਇਆ ਇਸ ਦਿਸ਼ਾ ਵੱਲ ਹੋਰ ਸਖਤ ਹੋਵੇ, ਉਸ ਤੋਂ ਪਹਿਲੇ ਬੀਜੇਪੀ-ਆਰ.ਐਸ.ਐਸ. ਦੀ ਮੁਤੱਸਵੀ ਹਕੂਮਤ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਇਸ ਮੋਰਚੇ ਦੀਆਂ ਕੌਮੀ ਮੰਗਾਂ ਦੀ ਪੂਰਤੀ ਕਰਕੇ ਸਿੱਖ ਕੌਮ ਦੀ ਸੰਤੁਸਟੀ ਕਰੇ।
– ਪੰਜਾਬ ਟਾਇਮਜ਼ ਬਿਊਰੋ

Send this to a friend