April 24, 2026 4:31 pm

ਗੁਰਮਤਿ ਸੰਗੀਤ ਦੀਆਂ ਮਹਿਕਾਂ ਵੰਡਣ ਵਾਲੇ ਸੰਤ ਗੁਰਮੇਲ ਸਿੰਘ ਜੀ ਰਾਮਪੁਰ ਵਾਲੇ

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਰਾਮਪੁਰ ਦੀ ਪਵਿੱਤਰ ਧਰਤੀ ਨੂੰ ਜੇਕਰ ਸੰਤਾਂ ਦੀ ਤਪ ਭੂਮੀ ਕਹਿ ਲਿਆ ਜਾਵੇ ਤਾਂ ਅਤਿ ਕਥਨੀ ਨਹੀ ਹੋਵੇਗੀ। ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਭਗਵਾਨ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਨੇ ਰਾਮਪੁਰ ਨਗਰ ਤੇ ਰਹਿਮਤਾਂ ਦੀ ਬਖਸ਼ਿਸ ਕੀਤੀ। ਇਸੇ ਤਰਾਂ ਗੁਰਮਤਿ ਸੰਗੀਤ ਦੀਆਂ ਮਹਿਕਾਂ ਵੰਡਣ ਵਾਲੇ ਸੱਚਖੰਡ ਵਾਸੀ, ਨਿਸ਼ਕਾਮ ਕੀਰਤਨੀਏ ਸੰਤ ਗੁਰਮੇਲ ਸਿੰਘ ਜੀ ਬਾਨੀ ਗੁਰਮਿਤ ਸੰਗੀਤ ਵਿਦਿਆਲਾ ਬੁੰਗਾਂ ਰਾਮਪੁਰ ਦੀ ਚਲਾਈ ਸੰਸਥਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ। ਸੰਤਾਂ ਦਾ ਜਨਮ ਪਿੰਡ ਰਾਮਪੁਰ ਜਿਲ੍ਹਾਂ ਲੁਧਿਆਣਾ ਵਿਖੇ ਪਿਤਾ ਸ. ਸਾਧਾ ਸਿੰਘ ਦੇ ਘਰ ਮਾਤਾ ਅਮਰ ਕੌਰ ਜੀ ਦੀ ਕੁੱਖੋਂ 2 ਅਪ੍ਰੈਲ 1947 ਨੂੰ ਹੋਇਆ। ਆਪ ਨੇ ਦਸਵੀ ਤੱਕ ਦੀ ਵਿਦਿਆ ਸਰਕਾਰੀ ਹਾਈ ਸਕੂਲ ਦੋਰਾਹਾ ਤੋਂ ਪ੍ਰਾਪਤ ਕਰਕੇ ਪਿਤਾ ਜੀ ਨਾਲ ਖੇਤੀਬਾੜੀ ਵਿੱਚ ਹੱਥ ਵਟਾਇਆ। ਸੰਨ 1964 ਵਿੱਚ ਕਰੀਬ 50 ਵਿੱਘੇ ਦੀ ਹੱਥੀ ਖੇਤੀ ਕਰਦਿਆਂ ਨੇੜਲੇ ਧਾਰਮਿਕ ਸਥਾਨ ਬਾਬਾ ਭਗਵਾਨ ਸਿੰਘ ਜੀ ਦੇ ਤਪ ਅਸਥਾਨ ਦੀ ਖਿੱਚ ਆਪ ਨੂੰ ਧਾਰਮਿਕ ਅਕੀਦਿਆ ਵੱਲ ਖਿੱਚ ਲਿਆਈ, ਤੇ ਆਪ ਨੇ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਰੇਰੂ ਸਾਹਿਬ ਰਾਮਪੁਰ ਵਿਖੇ ਸੇਵਾ ਸਿਮਰਨ ਵਿੱਚ ਜੁੱਟ ਗਏ। ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਸੰਗਤ ਵਿੱਚ ਜਿੱਥੇ ਗੁਰੂ ਘਰ ਦੀ ਸੇਵਾ ਕਰਨੀ ਅਤੇ ਗੁਰਬਾਣੀ ਨਾਲ ਅੰਤਾਂ ਦਾ ਮੋਹ ਪਾਲ੍ਹਿਆ ਉਥੇ ਹੀ ਆਪ ਨੇ ਸੰਸਾਰੀ ਕਾਰਜ ਤਿਆਗ ਕੇ 1975 ਤੋਂ ਆਪਣੇ ਸਮਕਾਲੀ ਭਾਈ ਨਿਰਮਲ ਸਿੰਘ ਜੀ ਹਾਪੜ ਵਾਲਿਆਂ ਨਾਲ ਪੱਕੇ ਤੌਰ ਤੇ ਰੇਰੂ ਸਾਹਿਬ ਰਾਮਪੁਰ ਵਿਖੇ ਕੀਰਤਨ ਦੀ ਸੇਵਾ ਕਰਨੀ ਸ਼ੁਰੂ ਕੀਤੀ।
ਉਪ੍ਰੰਤ 1983 ’ਚ ਗੁਰਦੁਆਰਾ ਰੇਰੂ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆ ਜਾਣ ਕਾਰਨ ਅਤੇ ਸੰਤ ਭਗਵਾਨ ਸਿੰਘ ਜੀ ਦੇ ਬ੍ਰਹਮਲੀਨ ਹੋਣ ਬਾਅਦ ਕਰੀਬ ਤਿੰਨ ਸਾਲ ਦਮਦਮੀ ਟਕਸਾਲ ਟਿੱਬੀਸਰ ਨਗਰ ਕੱਟੂ ਵਿਖੇ ਨਾਮ ਸਿਮਰਨ ਦੀ ਕਮਾਈ ਕੀਤੀ। ਮੁਰੱਬੇ ਬੰਦੀ ਦੋਰਾਨ ਸਰਪੰਚ ਹਰਭਜਨ ਸਿੰਘ ਦੇ ਯਤਨਾ ਸਦਕਾ ਵਿਸ਼ਵਕਰਮਾ ਭਾਈਚਾਰੇ ਨੂੰ ਧਾਰਮਿਕ ਕਾਰਜਾਂ ਲਈ ਦਿੱਤੇ ਗਏ ਇਸ ਸਥਾਨ ਦਾ ਨੀਂਹ ਪੱਥਰ ਸੰਤ ਬਾਬਾ ਭਗਵਾਨ ਸਿੰਘ ਰੇਰੂ ਸਾਹਿਬ ਵਾਲਿਆ ਨੇ ਰੱਖ ਕੇ ਬੁੰਗਾ ਸਾਹਿਬ ਦਾ ਨਾਮ ਦਿੱਤਾ। ਸੰਨ 1987 ਵਿੱਚ ਪਿੰਡ ਰਾਮਪੁਰ ਵਾਸੀਆਂ ਨੇ ਇਸ ਅਸਥਾਨ ਦੀ ਵਾਂਗ ਡੋਰ ਸੰਤ ਬਾਬਾ ਗੁਰਮੇਲ ਸਿੰਘ ਜੀ ਨੂੰ ਸੌਪੀ। ਆਪ ਨੇ ਆਪਣੇ ਹਿੱਸੇ ਆਉਦੀ ਜਮੀਨ ਵੀ ਇਸ ਅਸਥਾਨ ਦੇ ਨਾਮ ਕਰ ਕੇ ਮੋਹ ਮਾਇਆ ਦੇ ਬੰਧਨਾ ਨੂੰ ਦਰ ਕਿਨਾਰ ਕੀਤਾ। ਇੱਥੇ ਆਪ ਨੇ ਗੁਰਦੁਆਰਾ ਗੁਰਮਤਿ ਸੰਗੀਤ ਵਿਦਿਆਲਾ ਦੀ ਸਥਾਪਨਾ ਕਰਕੇ ਬੱਚੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਉਪਰਾਲਾ ਕੀਤਾ, ਜਿੱਥੋਂ ਸੈਂਕੜੇ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਸੇਵਾ ਨਿਭਾ ਰਹੇ ਹਨ। ਯੂ.ਪੀ, ਬਿਹਾਰ, ਉਤਰਾਖੰਡ ਦੇ ਯਤੀਮ, ਅਨਾਥ ਅਤੇ ਆਪੰਗ ਬੱਚਿਆਂ ਨੂੰ ਪੜਾਉਣ ਦੇ ਨਾਲ-ਨਾਲ 21 ਸਾਲ ਖਾਲਸਾ ਪੰਥ ਦੀ ਚੜਦੀ ਕਲਾ ਲਈ ਹਰ ਮਹੀਨੇ ਚਾਰ ਸਹਿਜ ਪਾਠ ਕਰਨਾ ਕੀਤੇ। ਸੰਤ ਗੁਰਮੇਲ ਸਿੰਘ ਜੀ ਨੇ ਅਮ੍ਰਿਤ ਵੇਲੇ 2 ਵਜੇ ਉਠ ਕੇ 7 ਵਜੇ ਤੱਕ ਨਾਮ ਸਿਮਰਨ ਕਰਨਾ ਜੋ ਅੰਤਮ ਸਮੇਂ ਤੱਕ ਨਿਰੰਤਰ ਜਾਰੀ ਰਿਹਾ। ਸਾਹਿਤ ਦੇ ਧਨੀ ਹੋਣ ਕਰਕੇ ਆਪ ਨੇ ਛੇ ਪੁਸਤਕਾਂ ਰਾਂਹੀ ਸੰਸਾਰੀ ਅਤੇ ਬ੍ਰਹਮ ਦਾ ਗਿਆਨ ਵੰਡਿਆ ਅਤੇ ਗੁਰਮਤਿ ਦੇ ਕਾਰਜਾਂ ਨੂੁੰ ਸਮ੍ਰਪਿਤ ਰਹਿੰਦੇ ਹੋਏ 31 ਜੁਲਾਈ 2005 ਨੂੰ ਪੰਜ ਭੂਤਕ ਸਰੀਰ ਤਿਆਗ ਗਏ।
ਪੰਥ ਵਲੋਂ ਦਮਦਮੀ ਟਕਸਾਲ, ਸਿੱਖ ਜੱਥੇਬੰਦੀਆਂ, ਨਿਹੰਗ ਜੱਥੇਬੰਦੀਆਂ ਨੇ ਗੁਰਮਤਿ ਸੰਗੀਤ ਵਿਦਿਆਲੇ ਦੀ ਜਿੰਮੇਵਾਰੀ ਸੰਤ ਗੁਰਮੇਲ ਸਿੰਘ ਜੀ ਦੇ ਉਤਰਾ-ਅਧਿਕਾਰੀ ਬਾਬਾ ਹਰਨੇਕ ਸਿੰਘ ਜੀ ਨੂੰ ਦਸਤਾਰ ਬੰਦੀ ਕਰਕੇ ਸੌਪੀ ਗਈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਪ੍ਰੰਪਰਾਂ ਅਨੁਸਾਰ ਵਿਦਿਆਰਥੀਆਂ ਨੂੰ ਗੁਰਬਾਣੀ ਪਾਠ, ਕੀਰਤਨ ਦੀ ਵਿਦਿਆ ਅਤੇ ਹਰ ਵੇਲੇ ਲੰਗਰ ਦਾ ਵਰਤਾਰਾ ਜਾਰੀ ਰੱਖਿਆ ਹੋਇਆ ਹੈ। ਇਸ ਵੇਲੇ ਇਸ ਅਸਥਾਨ ਤੇ ਕਰੀਬ 30 ਬੱਚੇ ਗੁਰਮਤਿ ਵਿਦਿਆ ਅਤੇ ਕੀਰਤਨ ਦੀ ਦਾਤ ਪ੍ਰਾਪਤ ਕਰ ਰਹੇ ਹਨ, ਜਿਨ੍ਹਾ ਲਈ ਰਿਹਾਇਸ਼, ਲੰਗਰ ਪਾਣੀ ਅਤੇ ਦਵਾਈ ਬੂਟੀ ਦਾ ਫਰੀ ਪ੍ਰਬੰਧ ਕੀਤਾ ਗਿਆ ਹੈ। ਇੱਥੇ ਬਿਨਾਂ ਉਗਰਾਹੀ, ਬਿਨਾਂ ਰਸੀਦ, ਬਿਨਾਂ ਡਾਲੀ ਕੀਤੇ ਦੁਨਿਆਵੀ ਅਤੇ ਪ੍ਰਮਾਰਥੀ ਕਾਰਜ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਨਿਰਵਿਘਨ ਚਲ ਰਹੇ ਹਨ। ਗੁਰੂ ਘਰ ਦੀ ਸੁੰਦਰ ਇਮਾਰਤ, ਦੀਵਾਨ ਹਾਲ ਅਤੇ ਲੰਗਰ ਹਾਲ ਸਮੂੰਹ ਸੰਗਤ ਦੇ ਸਹਿਯੋਗ ਨਾਲ ਨਵਿਆਏ ਗਏ ਹਨ। ਇੱਥੇ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਸਮੇਤ ਮਹਾਂਪੁਰਸ਼ ਬਾਬਾ ਗੁਰਮੇਲ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਖਾਸ ਕਰ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦਿਹਾੜਾ 17, 18, 19 ਦਸੰਬਰ ਨੂੰ ਸ਼ਰਧਾਂ ਨਾਲ ਮਨਾਇਆ ਜਾਦਾ ਹੈ, ਜਿੱਥੇ ਸੰਤ ਮਹਾਂਪੁਰਸ਼, ਰਾਗੀ, ਢਾਡੀ, ਕਵੀਸ਼ਰ, ਕਥਾ ਵਾਚਕ ਅਤੇ ਪ੍ਰਚਾਰਕ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹਨ। ਅੱਜ ਬਰਸੀ ਮੌਕੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮਹਾਂਪੁਰਖਾਂ ਨੂੰ ਸ਼ਰਧਾਂ ਅਤੇ ਸਤਿਕਾਰ ਨਾਲ ਅਕੀਦਤ ਦੇ ਫੁੱਲ ਭੇਂਟ ਕਰਨਗੇ।

 

Send this to a friend