ਸਿਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚਲ ਰਿਹਾ। ਕਈ ਵਰ੍ਹਿਆਂ ਤੋਂ ਵਿਸ਼ਵ ਪਧਰ ਤੇ ਸਿਖਾਂ ਨਾਲ ਜੋ ਵਾਪਰ ਰਿਹਾ ਹੈ ਉਹ ਕੌਮ ਦੇ ਲਗਾਤਾਰ ਨਿਘਾਰ ਵਲ ਜਾਣ ਦਾ ਇਸ਼ਾਰਾ ਕਰਦਾ ਹੈ। ਸਿਖਾਂ ਨਾਲ ਅਨਿਆ , ਵਿਤਕਰਾ ਤੇ ਹਿੰਸਾ ਸੰਸਾਰ ਦੇ ਆਮ ਸਮਾਜਕ , ਆਰਥਕ ਤੇ ਸਿਆਸੀ ਹਾਲਾਤ ਦਾ ਹੀ ਨਤੀਜਾ ਹਨ। ਇਹ ਘਟਨਾਵਾਂ ਕਿਸੇ ਨਾਲ ਵੀ ਵਾਪਰ ਸਕਦੀਆਂ ਹਨ ਤੇ ਵਾਪਰ ਰਹੀਆਂ ਹਨ . ਅਸਲ ਮੁਦਾ ਇਸ ਬਾਰੇ ਕੌਮ ਦੀ ਸੋਚ ਤੇ ਚੇਤਨਾ ਦਾ ਹੈ। ਲਗਾਤਾਰ ਕੋਈ ਕੌਮ ਨਿਸ਼ਾਨੇ ਤੇ ਬਣੀ ਰਹੇ ਤਾਂ ਪੜਤਾਲ ਜਰੂਰੀ ਹੋ ਜਾਂਦੀ ਹੈ ਕਿ ਇਹ ਕਿਉਂ ਹੋ ਰਿਹਾ ਹੈ ਤੇ ਇਸ ‘ਚ ਉਸ ਕੌਮ ਦੀ ਆਪਣੀ ਕੀ ਜਵਾਬਦੇਹੀ ਬਣਦੀ ਹੈ। ਸਿਖ ਕੌਮ ਤੇ ਹੋ ਰਹੇ ਹੰਮਲਿਆਂ ਪਿਛੇ ਜੋ ਵੀ ਕਾਰਣ ਹੋਣ ਮਹਤਵਪੂਰਨ ਹੈ ਕਿ ਅਸੀਂ ਕਿਸ ਦ੍ਰਿਸ਼ਟੀ ਤੇ ਕਿੰਨੀ ਗੰਭੀਰਤਾ ਨਾਲ ਉਨ੍ਹਾਂ ਨੂੰ ਵੇਖ ਰਹੇ ਹਾਂ ਤੇ ਕੀ ਸਾਡੇ ਕੋਲ ਇਨ੍ਹਾਂ ਤੋਂ ਨਿਪਟਣ ਲਈ ਕੋਈ ਠੋਸ ਨੀਤੀ ਮੌਜੂਦ ਹੈ। ਹਰ ਘਟਨਾ ਦੇ ਪਿਛੇ ਖਾਸ ਕਾਰਣ ਹੁੰਦੇ ਹਨ ਪਰ ਘਟਨਾਵਾਂ ਜਦੋਂ ਲਗਾਤਾਰ ਵਾਪਰਦੀਆਂ ਹਨ ਤਾਂ ਉਹਨਾਂ ਪਿਛੇ ਕੁਝ ਸਮਾਨ ਕਾਰਣ ਵੀ ਹੁੰਦੇ ਹਨ। ਇਨ੍ਹਾਂ ਸਮਾਨ ਕਾਰਣਾਂ ਦੀ ਪਛਾਣ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਅਜੇ ਵੀ ਲਗਦਾ ਹੈ ਕਿ ਅਸੀਂ ਜਾਗੇ ਨਹੀਂ। ਕਿਸੇ ਤੇ ਹੰਮਲਾ ਕਿਉਂ ਹੁੰਦਾ ਹੈ ਇਹ ਜਾਣਨਾ ਕੋਈ ਬਹੁਤ ਵਡਾ ਵਿਗਿਆਨ ਨਹੀਂ। ਜਦੋਂ ਵੈਰੀ ਸਾਹਮਣੇ ਵਾਲੇ ਨੂੰ ਕਮਜੋਰ ਸਮਝਦਾ ਹੈ ਤਾਂ ਬੇਹਿਚਕ ਜਬਰ , ਜੁਲਮ ਤੇ ਉਤਰ ਆਉਂਦਾ ਹੈ। ਸਿਖ ਕੌਮ ਨਾਲ ਇਹੋ ਹੋ ਰਿਹਾ ਹੈ। ਇਸ ਸਚ ਨੂੰ ਸਵੀਕਾਰ ਕਰਨਾ ਪਵੇਗਾ ਕਿ ਬਹਾਦਰੀ ਤੇ ਬਲਿਦਾਨਾਂ ਦੇ ਬੇਮਿਸਾਲ ਇਤਿਹਾਸ ਦੇ ਬਾਵਜੂਦ ਦੋ ਕਮਜ਼ੋਰਿਆਂ ਕੌਮ ਨਾਲ ਜੁੜਿਆਂ ਵਿਖਾਈ ਦਿੰਦਿਆਂ ਹਨ। ਇਕ ਤਾਂ ਕੌਮ ਦਾ ਘਟ ਗਿਣਤੀ ਹੋਣਾ ਦੂਜਾ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾਣਾ। ਸਿਖ ਗੁਰੂ ਸਾਹਿਬਾਨ ਦੇ ਸਮੇਂ ਵੀ ਘਟ ਗਿਣਤੀ ਸਨ ਪਰ ਇਸ ਘਾਟ ਨੂੰ ਉਹਨਾਂ ਆਪਣੇ ਸਿਦਕ ਤੇ ਸਵੈਮਾਨ ਨਾਲ ਪੂਰਾ ਕੀਤਾ ਸੀ। ਚਮਕੌਰ ਦੀ ਜੰਗ ਵਿਚ ਜਿਥੇ 40 ਸਿਖਾਂ ਦਾ ਮੁਕਾਬਲਾ ਦਸ ਲਖ ਦੀ ਵੈਰੀ ਫੌਜ ਨਾਲ ਸੀ , ਉਹਨਾਂ ਸਾਬਤ ਕਰ ਵਿਖਾਇਆ ਸੀ ਕਿ ਗਿਣਤੀ ਨਾਲੋਂ ਗੁਣ ਜਿਆਦਾ ਬਲਵਾਨ ਹੁੰਦੇ ਹਨ। ਸਿਖ ਪੰਥ ਦੀ ਰਾਹ ਹੀ ਗੁਣਾਂ ਦੀ ਹੈ “ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ “। ਸਿਖੀ ਦੀ ਸ਼ਾਨ ਉਨ੍ਹਾਂ ਤੋਂ ਹੈ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਸੀ। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਪ੍ਰਤੀਤਿ ਹੋਵੇ , ਤਨ ਅੰਦਰ ਉਸ ਪ੍ਰੀਤਿ ਅਨੁਸਾਰ ਸੁਭ ਕਰਮ ਕਰਨ ਜਾ ਉਤਸਾਹ ਹੋਵੇ ਤਾਂ ਇਕ ਗੁਰਸਿਖ ਸਵਾ ਲਖ ਬਣ ਕੇ ਗਿਣਤੀ ਪੂਰੀ ਕਰ ਦਿੰਦਾ ਹੈ। ਅਜਿਹੇ ਸਿਖਾਂ ਦੀ ਨਜਰ ਆਉਂਦੀ ਘਾਟ ਸਿਖ ਕੌਮ ਲਈ ਵਡਾ ਸੰਕਟ ਬਣ ਗਈ ਹੈ। ਲਗਦੇ ਅਸੀਂ ਆਪ ਆਈਨਾ ਵੇਖਣ ਦੀ ਆਦਤ ਨਹੀਂ ਪਾਈ , ਜੇ ਕੋਈ ਵਿਖਾਏ ਤਾਂ ਅਖਾਂ ਮੀਟ ਲੈਂਦੇ ਹਾਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸ੍ਰੀ ਪਟਨਾ ਸਾਹਿਬ ਦੇ ਸਮਾਗਮ ਵਿਚ ਜੋ ਗਲ ਸਾਨੂੰ ਵੀਚਾਰਨੀ ਚਾਹੀਦੀ ਸੀ ਉਹ ਇਕ ਮੁਸਲਿਮ ਬੁਲਾਰੇ ਨੇ ਚੁਕੀ ਕਿ ਸਿਖ ਨੌਜਵਾਨ ਸਿਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਅਸੀਂ ਕਿਉਂ ਨਹੀਂ ਸੁਚੇਤ ਹੁੰਦੇ ਕਿ ਸਾਡੀ ਕਮਜ਼ੋਰਿਆਂ ਨੂੰ ਸੰਸਾਰ ਵੇਖ ਰਿਹਾ ਹੈ। ਇਸ ਸਮਾਗਮ ਅੰਦਰ ਹਰ ਬੁਲਾਰਾ ਇਕੋ ਸੁਰ ‘ਚ ਬੋਲ ਰਿਹਾ ਸੀ ਪਰ ਉਸ ਮੁਸਲਿਮ ਬੁਲਾਰੇ ਦੀ ਗਲ ਵਖਰੀ ਸੀ। ਇਹ ਗਲ ਸਾਰੀਆਂ ਸੁਣੀ ਪਰ ਉਸ ਤੇ ਕਿਥੇ ਸੋਚ ਵੀਚਾਰ ਹੋਈ ਤੇ ਕੀ ਵਿਉਂਤ ਬਣਾਈ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ। ਸੰਸਾਰ ਦੇ ਕਿਸੇ ਵੀ ਕੋਨੇ ਅੰਦਰ ਕਿਸੇ ਵੀ ਸਿਖ ਨਾਲ ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਵਿਰੋਧ ‘ਚ ਆਵਾਜਾਂ ਉਠਦੀਆਂ ਹਨ। ਇਹ ਸੁਭਾਵਕ ਹੈ ਕਿ ਕੌਮ ਆਪਣੇ ਕਿਸੇ ਅੰਗ ਦਾ ਦਰਦ ਮਹਿਸੂਸ ਕਰੇ ਤੇ ਉਸ ਲਈ ਖੜੀ ਹੋਵੇ। ਪਰ ਇਹ ਚਿਰਾਂ ਤੋਂ ਚਲਿਆ ਆ ਰਿਹਾ ਹੈ ਤੇ ਹੁਣ ਰਸਮੀ ਜਿਹਾ ਹੋ ਗਿਆ ਹੈ। ਭਾਰਤ ਅੰਦਰ ਹੀ ਸਹਾਰਨਪੁਰ ਕਾਂਡ , ਸਿਕਲੀਗਰ ਸਿਖਾਂ ਦਾ ਮਸਲਾ , ਗੁਰਦੁਆਰਾ ਗਿਆਨ ਗੋਦੜੀ , ਗੁਰਦੁਆਰਾ ਡਾਂਗਮਾਰ , ਸ਼ਿਲਾਂਗ ਦੇ ਸਿਖਾਂ ਦਾ ਮਸਲਾ ਆਦਿਕ ਵਡੇ ਤਾਜਾ ਮੁਦੇ ਬਿਆਨਾਂ ਤੇ ਮੁਲਾਕਾਤਾਂ ‘ਚ ਹੀ ਨਿਬੇੜ ਦਿਤੇ ਗਏ। ਜੂਨ ਤੇ ਨਵੰਬਰ ਚੁਰਾਸੀ ਵੀ ਹੁਣ ਮੁਦੇ ਨਹੀਂ ਰਹੇ ਦਿਵਸ ਬਣ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਗੇ ਸਿਖ ਕੌਮ ਬੇਬਸ ਨਜਰ ਆਈ ਤੇ ਅਜ ਵੀ ਕੋਈ ਪਕੀ ਵਿਉਂਤ ਸਾਡੇ ਕੋਲ ਨਹੀਂ ਜੋ ਵਿਸ਼ਵ ਪਧਰ ਤੇ ਕਾਰਜਸ਼ੀਲ ਹੋ ਗਈ ਹੋਵੇ। ਦਰਅਸਲ ਕੌਮੀ ਮਸਲਿਆਂ ਦੀ ਵਾਹਿਦ ਜਿੰਮੇਵਾਰੀ ਲੈਣ ਵਾਲੀ ਕੋਈ ਕੌਮਾਂਤਰੀ ਸਿਖ ਸੰਸਥਾ ਅਜੇ ਤਕ ਹੋਂਦ ‘ਚ ਹੀ ਨਹੀਂ ਆ ਸਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲ ਆਸ ਬੰਨਦੀ ਹੈ ਪਰ ਇਸ ਮਹਾਨ ਸੰਸਥਾ ਦੀ ਆਪਣੀ ਮਰਿਆਦਾ ਤੇ ਹਦ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲ ਧਾਰਮਕ ਸੇਧ ਲਈ ਵੇਖਿਆ ਜਾਣਾ ਸਿਖੀ ਫਰਜ ਹੈ। ਵਡੇ ਸੰਕਟ ਤਾਂ ਸਮਾਜਕ ਤੇ ਰਾਜਸੀ ਵਿਵਸਥਾ ਤੋਂ ਪੈਦਾ ਹੋ ਰਹੇ ਹਨ। ਆਮ ਜਿੰਦਗੀ ‘ਚ ਸਿਆਸਤ ਦਾ ਦਖਲ ਦਿਨੋ ਦਿਨ ਵਧ ਰਿਹਾ ਹੈ। ਇਸ ਨੂੰ ਠਲ ਪਾਉਣ ਲਈ ਸੰਪੂਰਣ ਤੇ ਵਿਸ਼ਵ ਵਿਆਪੀ ਸੋਚ ਦੀ ਲੋੜ ਹੈ। ਜਿਸ ਕੌਮ ਦੀ ਅਗੁਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਨ ਉਸ ਕੌਮ ਸਾਹਮਣੇ ਸੋਚ ਦਾ ਕੋਈ ਸੰਕਟ ਨਹੀਂ। ਸਵਾਲ ਉਸ ਸੋਚ ਨੂੰ ਧਾਰਣ ਕਰ ਵਿਵਹਾਰਕ ਰੂਪ ਦੇਣ ਦਾ ਹੈ “ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ , ਸਾਹਿਬੁ ਸੇਵਨਿ ਆਪਣਾ ਪੂਰੈ ਸਬਦਿ ਵੀਚਾਰਿ “। ਸਿਖ ਕੌਮ ਦੇ ਹਰ ਮਸਲੇ ਹਰ ਸੰਕਟ ਦਾ ਨਿਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਲੈਣ ਤੇ ਗੁਰ ਸ਼ਬਦ ਅਨੁਸਾਰ ਵਿਉਹਾਰ ਕਰਨ ‘ਚ ਹੈ। ਸਿਖ ਅਜ ਚੁਫੇਰੇ ਖਿੰਡਰੇ ਹੋਏ ਹਨ। ਭਾਰਤ ਦੇ ਹਰ ਪ੍ਰਾਂਤ ‘ਚ , ਵਿਸ਼ਵ ਦੇ ਲਗਭਗ ਹਰ ਦੇਸ਼ ‘ਚ ਸਿਖਾਂ ਨੇ ਵਸੋਂ ਬਣਾ ਲਈ ਹੈ। ਇਸ ਖਿੰਡਰੇ ਹੋਏ ਸਿਖ ਸਮਾਜ ਨੂੰ ਇਕ ਥਾਂ ਜੋੜਨ ਲਈ ਕਿਸੇ ਵਡੀ ਤੇ ਤਾਕਤਵਰ ਸੰਸਥਾ ਦੀ ਲੋੜ ਹੈ। ਇਕ ਅਜਿਹੀ ਵਿਸ਼ਵ ਵਿਆਪੀ ਸੰਸਥਾ ਹੋਂਦ ‘ਚ ਆਵੇ ਜਿਸ ਵਿਚ ਹਰ ਕਿਤੇ , ਹਰ ਵੀਚਾਰ ਦੇ ਸਿਖਾਂ ਦੀ ਨੁਮਾਇੰਦਗੀ ਹੋਵੇ। ਇਹ ਸੰਸਥਾ ਮਾਤਰ ਕੌਮ ਦੇ ਹਿਤਾਂ ਲਈ ਹੋਵੇ ਕਿਸੇ ਦੀ ਨਿਜੀ ਸਿਆਸਤ ਦਾ ਹਿਸਾ ਨਾ ਬਣੇ . ਹਰ ਮਸਲੇ ਤੇ ਸਿਖ ਕੌਮ ਦੀ ਇਕ ਸੋਚ ਪ੍ਰਕਟ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪਿਆਰਿਆਂ ਦੀ ਥਾਪਨਾ ਕਰ ਸਮੂਹਕ ਜਿੰਮੇਵਾਰੀ ਦੀ ਲੀਕ ਪਾ ਗਏ ਸਨ। ਇਸ ਲੀਕ ਨੂੰ ਸੁਰਜੀਤ ਕਰ ਉਸ ਤੇ ਚਲਣ ਦੀ ਲੋੜ ਹੈ। ਅਗਲੇ ਘਟੋ ਘਟ ਪੰਜਾਹ ਸਾਲ ਲਈ ਇਕ ਪ੍ਰੋਗ੍ਰਾਮ ਉਲੀਕਿਆ ਜਾਣਾ ਚਾਹੀਦੇ ਕਿ ਸੰਸਾਰ ਭਰ ‘ਚ ਸਿਖ ਕੌਮ ਦੀਆਂ ਕੀ ਜਮੀਨੀ ਲੋੜਾਂ ਹਨ ਤੇ ਉਹਨਾਂ ਦੀ ਪ੍ਰਾਪਤੀ ਲਈ ਕਿਹੋ ਜਿਹੇ ਜਤਨ ਕੀਤੇ ਜਾਣ। ਅਜ ਜਦੋਂ ਪੰਜਾਬ ਅੰਦਰ ਬਹਿ ਕੇ ਸਿਖ ਹਿਤਾਂ ਦੀ ਗਲ ਕੀਤੀ ਜਾਂਦੀ ਹੈ ਤਾਂ ਲੋੜਾਂ ਕੁਝ ਨਜਰ ਆਉਂਦੀਆਂ ਹਨ। ਪਰ ਵਿਦੇਸ਼ਾਂ ‘ਚ ਬਹਿ ਕੇ ਵੀਚਾਰਨ ਲਗੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਇਸ ਕਾਰਣ ਤਮਾਮ ਅੰਤਰ ਵਿਰੋਧ ਪੈਦਾ ਹੋ ਗਏ ਹਨ ਤੇ ਨੁਕਸਾਨ ਕੌਮ ਦਾ ਹੋ ਰਿਹਾ ਹੈ। ਹਰ ਜਗਹ ਦੇ ਸਿਖਾਂ ਦੇ ਸਥਾਨਕ ਮਸਲੇ ਵਖ ਹੋ ਸਕਦੇ ਹਨ ਪਰ ਸਮੂਹ ਕੌਮ ਦੇ ਮਸਲੇ ਇਕ ਹੀ ਨਿਤਰ ਕੇ ਸਾਹਮਣੇ ਆਉਂਦੇ ਹਨ। ਸਿਖ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਇਹ ਸੰਸਾਰ ਦੇ ਹਰ ਕੋਨੇ ‘ਚ ਬੈਠੇ ਸਿਖ ਦੀ ਚਿੰਤਾ ਹੈ। ਸਿਖ ਰਹਿਤ ਮਰਿਆਦਾ ਦਾ ਪਾਲਨ ਹੋਵੇ ਇਸ ਤੇ ਕੋਈ ਦੋ ਰਾਇ ਨਹੀਂ ਹੋ ਸਕਦੀ। ਇਥੋਂ ਹੀ ਕੌਮ ਦੀ ਤਾਕਤ ਪੈਦਾ ਹੁੰਦੀ ਆਈ ਹੈ ਤੇ ਹੋਣੀ ਹੈ। ਪੂਰਣ ਸਮਰਪਣ ਹੀ ਸਿਖ ਅਗੇ ਇਕੋ ਇਕ ਵਿਕਲਪ ਹੈ “ ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ , ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ “। ਕੌਮ ਜਦੋਂ ਇਸ ਗੁਰ ਦਰਸਾਈ ਸਚੀ ਰਾਹ ਤੇ ਹਕੀਕਤ ‘ਚ ਚਲਣ ਲਗ ਪਏਗੀ ਤਾਂ ਨਿਜੀ , ਸਿਆਸੀ ਲੋਭ ਆਪ ਹੀ ਦਰਕਿਨਾਰ ਹੋ ਜਾਣਗੇ। ਇਹ ਅਤਿ ਕਠਿਨ ਹੈ ਪਰ ਕੌਮ ਦੀ ਆਨ ਕਾਇਮ ਰਖਣੀ ਹੈ ਤਾਂ ਹੋਰ ਕੋਈ ਚਾਰਾ ਨਹੀਂ। ਕੌਮ ਦੀ ਸ਼ਾਨ ਨਾਲ ਹੀ ਹਰ ਸਿਖ ਦੀ ਸ਼ਾਨ ਹੈ।
ਅਫਗਾਨਿਸਤਾਨ ਦੇ ਜਲਾਲਾਬਾਦ ਵਿਚ ਸਿਖਾਂ ਤੇ ਜੋ ਖੂਨੀ ਸਾਕਾ ਵਾਪਰਿਆ ਉਸ ਤੋਂ ਪੂਰੀ ਸਿਖ ਕੌਮ ਨੂੰ ਸਬਕ ਲੈਣ ਦੀ ਲੋੜ ਹੈ। ਅਫਗਾਨਿਸਤਾਨ ਅੰਦਰ ਸਿਖ ਪੀੜ੍ਹੀਆਂ ਤੋਂ ਰਹਿ ਰਹੇ ਹਨ . ਜਦੋਂ ਸਿਖਾਂ ਦੀ ਤਦਾਦ ਇਥੇ ਜਿਆਦਾ ਸੀ। ਸਮਾਜ ਅੰਦਰ ਇਨ੍ਹਾਂ ਕੋਈ ਅਸਰਦਾਰ ਭੂਮਿਕਾ ਜਾਂ ਜਗਹ ਬਣਾਉਣ ਲਈ ਕੋਈ ਖਾਸ ਜਤਨ ਨਹੀਂ ਕੀਤੇ। ਅਤਵਾਦ ਤੇ ਹਿੰਸਾ ਨੇ ਅਫਗਾਨਿਸਤਾਨ ਦੇ ਮਾਹੌਲ ‘ਚ ਜਹਰ ਘੋਲ ਦਿਤਾ। ਇਸ ਮਾਹੌਲ ‘ਚ ਕਿਸੇ ਨਵੀਂ ਸਮਾਜਕ ਜਾਂ ਸਿਆਸੀ ਤਾਕਤ ਦਾ ਉਭਰਨਾ ਕਿਵੇਂ ਕਿਸੇ ਨੂੰ ਬਰਦਾਸ਼ਤ ਹੋਣਾ ਸੀ। ਖਾਸ ਤੌਰ ਤੇ ਉਸ ਵੇਲੇ ਜਦੋਂ ਸਿਖਾਂ ਦੀ ਆਬਾਦੀ ਕਾਫੀ ਘਟ ਗਈ। ਅਜ ਸਿਖਾਂ ਨੂੰ ਕੌਮ ਦੇ ਤੌਰ ਤੇ ਸੋਚਣਾ ਚਾਹੀਦੇ ਕਿ ਉਹ ਆਪਣੀ ਸਥਾਨਕ ਸਵੀਕਾਰਤਾ ਕਿਵੇਂ ਵਧਾਉਣ। ਇਸ ਦਾ ਸਭ ਤੋਂ ਸ੍ਰੇਸ਼ਟ ਢੰਗ ਹੈ ਵਿਦਿਆ ਪ੍ਰਤੀ ਜਾਗਰੂਕ ਹੋਣਾ। ਸੰਸਾਰ ਦੇ ਵਰਤਮਾਨ ਸੰਦਰਭਾਂ ‘ਚ ਸਫਲਤਾ ਲਈ ਵਿਦਿਆ ਇਕ ਵਡਾ ਪੈਮਾਨਾ ਬਣ ਗਿਆ ਹੈ। ਕੌਮ ਦੀ ਤਰਕੀ ਤੇ ਮਜਬੂਤੀ ਲਈ ਵਿਦਿਆ ਪ੍ਰਤੀ ਵਡੇ ਪਧਰ ਤੇ ਰੁਝਾਣ ਪੈਦਾ ਕਰਨ ਦੀ ਲੋੜ ਹੈ। ਨਵੇਂ ਖਾਲਸਾ ਸਕੂਲ , ਕਾਲਜ ਖੋਲੇ ਜਾਣ , ਸਿਖ ਵਿਦਿਆਰਥੀਆਂ ਨੂੰ ਲੋੜੀਂਦੀ ਸੇਧ ਤੇ ਆਰਥਕ ਮਦਦ ਦਿਤੀ ਜਾਏ। ਉਹਨਾਂ ਦਾ ਹੌਸਲਾ ਵਧਾਉਣ ਲਈ ਕਾਮਿਆਬ ਸਿਖ ਵਿਦਿਆਰਥੀਆਂ ਦਾ ਗੁਰਦੁਆਰਿਆਂ ਅੰਦਰ ਬਾਕਾਇਦਾ ਸਨਮਾਨ ਕੀਤਾ ਜਾਏ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਕਿ ਸਾਰੇ ਗੁਰਦੁਆਰੇ ਆਪਣੀ ਆਮਦਨ ਦਾ ਦਸ ਫ਼ੀਸਦ ਵਿਦਿਅਕ ਕਾਰਜਾਂ ਲਈ ਖਰਚ ਕਰਨ। ਇਸ ਦੀ ਪਾਲਨਾ ਲਈ ਕਠੋਰ ਜਤਨ ਕਰਨ ਦੀ ਲੋੜ ਹੈ। ਸਿਖੀ ਸਿਦਕ ਦੇ ਦ੍ਰਿੜ੍ਹ ਤੇ ਪੜ੍ਹੀ ਲਿਖੀ ਕੌਮ ਹੀ ਸਾਡੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਹ ਵੇਲਾ ਜਾਗਣ ਦਾ ਹੈ ਤੇ ਕੁਝ ਠੋਸ ਕਰਨ ਦਾ ਹੈ ਨਹੀਂ ਦਾ ਅਸੀਂ ਸਾਰੇ ਇਤਿਹਾਸ ਦੇ ਦੋਖੀ ਸਿਧ ਹੋਵਣਗੇ।



