ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਵੱਡਾ ਸਿਆਸੀ ਮੋੜ ਕੱਟ ਰਹੇ ਹਨ। ਉਨ੍ਹਾਂ ਨੇ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ਵੱਲ ਵੀ ਹੁਣ ਵਿਸ਼ੇਸ਼ ਤਵੱਜੋਂ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਅਤੇ ਸੂਬੇ ਵਿੱਚ ਕਾਂਗਰਸ ਸਰਕਾਰ ਦੀ ਅਗਵਾਈ ਸੰਭਾਲਣ ਤੋਂ ਬਾਅਦ ਰਣਨੀਤਿਕ ਕਾਰਨਾਂ ਕਰਕੇ ਉਨ੍ਹਾਂ ਨੇ ਕੁਝ ਸਮਾਂ ਸਿੱਖ ਏਜੰਡੇ ਤੋਂ ਇਕ ਦੂਰੀ ਬਣਾ ਲਈ ਸੀ। ਇਕ ਮੌਕੇ ’ਤੇ ਤਾਂ ਇਹ ਜਾਪਣ ਲੱਗਾ ਸੀ ਕਿ ਉਹ ਸਿੱਖ ਵਿਰੋਧੀਆਂ ਦੇ ਘੇਰੇ ਵਿੱਚ ਹਨ। ਇਸ ਕਾਰਨ ਹੀ ਉਨ੍ਹਾਂ ਵੱਲੋਂ ਕੈਨੇਡਾ ਦੇ ਸਿੱਖ ਮੰਤਰੀਆਂ ਦਾ ਵਿਰੋਧ ਕੀਤਾ ਗਿਆ। ਵੱਡੀ ਸਿਆਸੀ ਸਿਆਣਪ ਦਿਖਾਉਂਦੇ ਹੋਏ ਹੁਣ ਉਨ੍ਹਾਂ ਨੇ ਸਿੱਖ ਏਜੰਡੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਉਹ ਇਕ ਤਰ੍ਹਾਂ ਨਾਲ ਸਿੱਖ ਏਜੰਡੇ ਦੇ ਬੇਲੋੜੇ ਵਿਰੋਧ ’ਚੋਂ ਬਾਹਰ ਆ ਗਏ ਹਨ। ਰਾਜਸੀ ਤੌਰ ’ਤੇ ਇਹ ਬਹੁਤ ਅਹਿਮ ਫੈਸਲਾ ਹੈ। ਇਸ ਦਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਵੱਡਾ ਲਾਭ ਮਿਲੇਗਾ। ਮੁੱਖ ਮੰਤਰੀ ਦੀ ਇਸ ਸੋਚ ਨਾਲ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਧਰਾਤਲ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਸਿੱਖ ਏਜੰਡੇ ਵੱਲ ਮੋੜਾ ਕਟਦਿਆਂ ਹੀ ਉਨ੍ਹਾਂ ਨੇ ਪਹਿਲਾਂ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਨਾਲ ਆਏ ਮੰਤਰੀਆਂ ਦਾ ਸਵਾਗਤ ਕੀਤਾ ਅਤੇ ਦਵੱਲੇ ਮਾਮਲਿਆਂ ’ਤੇ ਚਰਚਾ ਕੀਤੀ। ਇਸ ਮਹੀਨੇ ਦੇ ਸ਼ੁਰੂ ਵਿੱਚ ਮੁੱਖ ਮੰਤਰੀ ਬਗਰਾੜੀ ਇਨਸਾਫ ਮੋਰਚਾ ਚਲਾ ਰਹੀਆਂ ਸਿੱਖ ਜਥੇਬੰਦੀਆਂ ਦੇ ਵਫਦ ਨੂੰ ਮਿਲੇ। ਵਫਦ ਨਾਲ ਲੰਬੀ ਗੱਲਬਾਤ ਤੋਂ ਬਾਅਦ ਹੀ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੀ ਜਾਂਚ ਨੂੰ ਤੇਜ਼ ਕੀਤਾ ਗਿਆ। ਕੁਝ ਗ੍ਰਿਫਤਾਰੀਆਂ ਵੀ ਹੋਈਆਂ ਹਨ। ਹੁਣ ਇਕ ਵਾਰ ਫਿਰ ਉਹ ਸਿੱਖ ਭਾਈਚਾਰੇ ਨਾਲ ਸਬੰਧਤ ਬਹੁਤ ਹੀ ਅਹਿਮ ਅਤੇ ਜਜ਼ਬਾਤੀ ਮੁੱਦੇ ’ਤੇ ਨਵੀਂ ਪਹੁੰਚ ਲੈ ਕੇ ਸਾਹਮਣੇ ਆਏ ਸਨ। ਉਨ੍ਹਾਂ ਨੇ ਜੂਨ 1984 ਦੇ ਫੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਗ੍ਰਿਫਤਾਰ ਕਰਕੇ ਲੰਬਾ ਸਮਾਂ ਜੋਧਪੁਰ ਜੇਲ੍ਹ ਵਿਖੇ ਨਜ਼ਰਬੰਦ ਰੱਖੇ ਗਏ ਪੀੜਤ ਸਿੱਖਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਮੁਤਾਬਿਕ ਜੋਧਪੁਰ ਦੇ 40 ਨਜ਼ਰਬੰਦਾਂ ਨੂੰ ਮੁਆਵਜ਼ੇ ’ਚ ਚੈਕ ਦਿੱਤੇ ਗਏ। ਉਨ੍ਹਾਂ ਨੇ ਅਦਾਲਤ ’ਚ ਕੇਸ ਨਾ ਕਰਨ ਵਾਲੇ 325 ਹੋਰ ਸਿੱਖ ਨਜ਼ਰਬੰਦਾਂ ਨੂੰ ਵੀ ਇਸੇ ਤਰਜ਼ ’ਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 1984 ਵਿੱਚ ਬਲੂ ਸਟਾਰ ਅਪ੍ਰੇਸ਼ਨ ਦੇ ਸਬੰਧ ਵਿੱਚ ਕੁੱਲ 365 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਜਿੱਥੋਂ ਉਨ੍ਹਾਂ ਨੂੰ 1986 ਵਿੱਚ ਰਿਹਾਅ ਕੀਤਾ ਗਿਆ ਸੀ। ਸਿੱਖ ਨਜ਼ਰਬੰਦ ਬਹੁਤ ਔਖੀਆਂ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਵੱਲੋਂ ਪਿਛਲੇ ਤਿੰਨ ਦਹਾਕਿਆਂ ਦੌਰਾਨ ਸਹਿਣ ਕੀਤੀ ਗਈ ਪੀੜਾ ਅਤੇ ਦਰਦ ਦਾ ਕੋਈ ਵੀ ਮੁਆਵਜ਼ਾ ਘੱਟ ਹੈ। ਮੁੱਖ ਮੰਤਰੀ ਇਕ ਸਿੱਖ ਵਜੋਂ ਉਸ ਸਮੇਂ ਖੁਦ ਵੀ ਅਜਿਹੀ ਹੀ ਪੀੜਾ ਵਿੱਚੋਂ ਗੁਜ਼ਰੇ ਹਨ। ਉਨ੍ਹਾਂ ਨੇ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਸਾਰੀਆਂ ਸਿਆਸੀ ਗਿਣਤੀਆਂ-ਮਿਣਤੀਆਂ ਤੋਂ ਉਪਰ ਉਠ ਕੇ ਇਨਸਾਫ ਅਤੇ ਮਾਨਵੀ ਪਹੁੰਚ ਤਹਿਤ ਫੈਸਲਾ ਲਿਆ ਹੈ। ਸਿੱਖ ਭਾਈਚਾਰਾ ਇਸ ਕਦਮ ਲਈ ਉਨ੍ਹਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਉਹ ਅਸਲ ਵਿੱਚ ਇਸ ਮੁੱਦੇ ’ਤੇ ਸਿੱਖ ਭਾਈਚਾਰੇ ਅਤੇ ਮਨੁੱਖੀ ਭਲਾਈ ਦੀਆਂ ਤਾਕਤਾਂ ਲਈ ‘ਮੈਨ ਆਫ ਦਾ ਮੈਚ’ ਬਣ ਗਏ ਹਨ। ਇਸ ਮਸਲੇ ਉਪਰ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ-ਭਾਜਪਾ ਸਰਕਾਰ 10 ਸਾਲਾਂ ’ਚ ਕੋਈ ਪਹਿਲਕਦਮੀ ਨਹੀਂ ਲੈ ਸਕੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁੱਦੇ ’ਤੇ ਤੇਜ਼ੀ ਨਾਲ ਲਿਆ ਗਿਆ ਫੈਸਲਾ ਸਿਆਸੀ ਅਤੇ ਪ੍ਰਸ਼ਾਸਨਿਕ ਪੱਖ ਤੋਂ ਉਨ੍ਹਾਂ ਦੀ ਅਸੀਮ ਯੋਗਤਾ ਨੂੰ ਵੀ ਦਰਸਾਉਂਦਾ ਹੈ।
29 ਜੂਨ 218 – ਬਲਜੀਤ ਸਿੰਘ ਬਰਾੜ



