Skip to content
Independent perspectives. Global stories.
BREAKING

ਪੰਜ ਪਿਆਲੇ ਪੰਜ ਪੀਰ ਛਠਮੁ ਪੀਰ ਬੈਠਾ ਗੁਰ ਭਾਰੀ॥

Share this story

ਜਦ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਪੁੱਤਰ ਦਾ ਵਰ ਲੈਣ ਬੀੜ ਸਾਹਬ ਗਏ ਸਨ ਤਾਂ ਬਾਬਾ ਬੁੱਢਾ ਜੀ ਨੇ ਫੁਰਮਾਇਾਆ ਸੀ ਕਿ:
ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ,
ਜਾਕੋ ਬਲ ਗੁਨ ਕਿਨਹੂੰ ਨ ਸੋਧਾ।
ਬਾਬਾ ਬੁੱਢਾ ਜੀ ਦੇ ਵਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 9 ਜੂਨ 1595 ਈ: ਨੂੰ ਪਿੰਡ ਵਡਾਲੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਾਝੇ ਵਿੱਚ ਹੀ ਪ੍ਰਚਾਰ ਕਰ ਰਹੇ ਸਨ। ਪ੍ਰਿਥੀ ਚੰਦ ਨੇ ਸਾਜਿਸ਼ਾਂ ਕਰਨੀਆਂ ਆਰੰਭ ਕਰ ਦਿੱਤੀਆਂ। ਪਹਿਲਾਂ ਦਾਈ ਕੋਲੋਂ ਬਾਲਕ ਸ੍ਰੀ ਹਰਿਗੋਬਿੰਦ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਜੋ ਨਾਕਾਮ ਰਹੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਬਾਲਕ ਸ੍ਰੀ ਹਰਿਗੋਬਿੰਦ ਦੀ ਆਪ ਰੱਖਿਆ ਕੀਤੀ ਹੈ। ਦੂਜਾ ਵਾਰ ਪ੍ਰਿਥੀ ਚੰਦ ਨੇ ਸਪੇਰੇ ਰਾਹੀ ਕਰਵਾਇਆ ਕਿ ਬਾਲਕ ਨੂੰ ਹੱਥ ਵਿੱਚ ਸੱਪ ਫੜਾ ਦੇਣਾ ਤੇ ਆਪੇ ਹੀ ਸੱਪ ਲੜ ਕੇ ਮਰ ਜਾਵੇਗਾ, ਪਰ ਸ੍ਰੀ ਹਰਿਗੋਬਿੰਦ ਜੀ ਨੇ ਸੱਪ ਦੀ ਧੌਣ ਹੀ ਮਰੋੜ ਦਿੱਤੀ ਤੇ ਸੱਪ ਮਰ ਗਿਆ। ਸਪੇਰੇ ਨੂੰ ਜਦ ਫੜ ਕੇ ਪੁੱਛਿਆ ਗਿਆ ਤਾਂ ਉਸਨੇ ਸਭ ਸੱਚ-ਸੱਚ ਦੱਸ ਦਿੱਤਾ।ਤੀਜਾ ਵਾਰ ਪ੍ਰਿਥੀ ਚੰਦ ਨੇ ਰਸੋਈਏ ਰਾਹੀਂ ਦਹੀਂ ਵਿੱਚ ਜ਼ਹਿਰ ਦੇ ਕੇ ਮਾਰਨ ਦਾ ਕੀਤਾ। ਉਸ ਸਮੇਂ ਬਾਲ ਹਰਿਗੋਬਿੰਦ ਜੀ ਚਾਰ ਸਾਲ ਦੇ ਹੋ ਚੁੱਕੇ ਸਨ, ਜਦ ਰਸੋਈਏ ਨੇ ਜ਼ਬਰਦਸਤੀ ਦਹੀਂ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਬਾਲਕ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ। ਸਭ ਪ੍ਰੀਵਾਰ ਭੱਜਿਆ ਆਇਆ, ਜਦ ਰਸੋਈਏ ਕੋਲੋਂ ਦਹੀਂ ਲੈ ਕੇ ਕੁੱਤੇ ਨੂੰ ਪਾਇਆ ਤਾਂ ਉਹ ਕੁੱਤਾ ਥਾਂ ਹੀ ਮਰ ਗਿਆ। ਰਸੋਈਏ ਨੇ ਵੀ ਸੱਚ ਉਗਲ ਦਿੱਤਾ। ਚੌਥਾ ਵਾਰ ਪ੍ਰਿਥੀ ਚੰਦ ਨੇ ਬਾਲ ਹਰਿਗੋਬਿੰਦ ਨਾਲ ਖੇਡਣ ਵਾਲੇ ਹਾਣੀ ਰਾਹੀਂ ਕਰਵਾਇਆ। ਉਸਦੇ ਚਾਚੇ ਨੂੰ ਲਾਲਚ ਦੇ ਕੇ ਦੋ ਤਰ੍ਹਾਂ ਦੀਆਂ ਮਠਿਆਈਆਂ ਬਾਲਕ ਨੂੰ ਦਿੱਤੀਆਂ ਇੱਕ ਤੇ ਜ਼ਹਿਰ ਲਗਾ ਦਿੱਤਾ ਤੇ ਦੂਜੀ ਸਾਫ ਸੀ। ਉਸ ਹਾਣੀ ਨੂੰ ਬੜੀ ਪੱਕੀ ਤਰ੍ਹਾਂ ਸਮਝਾਇਆਂ ਗਿਆ ਕਿ ਇਹ ਜ਼ਹਿਰ ਵਾਲੀ ਮਠਿਆਈ ਤੂੰ ਹਰਿਗੋਬਿੰਦ ਨੂੰ ਦੇਣੀ ਤੇ ਇਧਰਲੀ ਜੇਬ ਵਾਲੀ ਸਾਫ ਮਠਿਆਈ ਆਪ ਖਾਣੀ ਹੈ, ਪਰ ਉਹ ਸਾਫ ਮਠਿਆਈ ਹਰਿਗੋਬਿੰਦ ਪਾਤਸ਼ਾਹ ਜੀ ਨੂੰ ਦੇਈ ਜਾਏ ਤੇ ਜ਼ਹਿਰ ਵਾਲੀ ਆਪ ਖਾਈ ਜਾਏ ਤੇ ਜ਼ਹਿਰ ਵਾਲੀ ਮਠਿਆਈ ਖਾ ਕੇ ਉਹ ਹਾਣੀ ਨੰਦ ਰਾਮ ਮਰ ਗਿਆ। ਬੰਸਾਵਲੀਨਾਮੇ ਵਿੱਚ ਇਸਦਾ ਜ਼ਿਕਰ ਆਉਂਦਾ ਹੈ:
ਜਾਇ ਖੇਡ ਨਾਲੇ ਮਠਿਆਈ ਖਾਈ।
ਇਕ ਮੁਠ ਹਰਿਗੋਬਿੰਦ ਮੁਖ ਪਾਏ।
ਚੰਗੀ ਦੇਵੈ ਸਾਹਿਬ ਨੂੰ, ਮੰਦੀ ਖਾਇ ਆਪ।
ਪ੍ਰਿਥੀ ਚੰਦ ਦਾ ਇਹ ਚੌਥਾ ਵਾਰ ਵੀ ਖਾਲੀ ਗਿਆ। ਬਚਪਨ ਵਿੱਚ ਹੀ ਹਰਿਗੋਬਿੰਦ ਪਾਤਸ਼ਾਹ ਜੀ ਨੂੰ ਚੇਚਕ ਵੀ ਹੋ ਗਿਆ ਸੀ। ਹਾਲਤ ਬਹੁਤ ਹੀ ਵਿਗੜਣ ਲੱਗੀ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫੁਰਮਾਇਆ ਕਿ ਮਾਲਕ ਆਪ ਬਾਲਕ ਹਰਿਗੋਬਿੰਦ ਦੀ ਰੱਖਿਆ ਕਰੇਗਾ। ਕੁੱਝ ਦਿਨਾਂ ਬਾਅਦ ਸ੍ਰੀ ਹਰਿਗੋਬਿੰਦ ਸਾਹਿਬ ਜੀ ਨਰੋਏ ਹੋ ਗਏ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਲਕ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਹਿਲੇ ਸਿੱਖ ਗੁਰੂ ਹੋਏ ਹਨ, ਜਿੰਨ੍ਹਾਂ ਜਬਰ ਜ਼ੁਲਮ ਵਿਰੁੱਧ ਅਵਾਜ਼ ਉਠਾਈ ਤੇ ਜ਼ਾਲਮਾ ਦਾ ਡੱਟ ਕੇ ਮੁਕਾਬਲਾ ਕੀਤਾ। ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖੀ ਵਿੱਚ ਇੱਕ ਮੋੜ ਲੈ ਆਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਈ ਕਾਰਨ ਸਨ। ਪਹਿਲਾਂ ਗੁਰਗੱਦੀ ਨਾ ਮਿਲਣ ਕਰਕੇ ਗੁਰੂ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਵੱਲੋਂ ਵਿਰੋਧ ਕਰਨਾ। ਦੂਜਾ ਕਾਨ੍ਹਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਾ ਕਰਨਾ। ਤੀਜਾ ਹੰਕਾਰੀ ਬੋਲ ਬੋਲਣ ਕਰਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਆਪਣੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਨਾ ਕਰਨਾ। ਚੌਥਾ ਬਾਗੀ ਖੁਸਰੋ ਦੀ ਮਦਦ ਕਰਨ ਦਾ ਇਲਜ਼ਾਮ ਲੱਗਣਾ। ਇੰਨ੍ਹਾਂ ਸਾਰਿਆਂ ਨੇ ਮਿਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਜਹਾਂਗੀਰ ਨੇ ਬਾਗੀ ਖੁਸਰੋ ਦੀ ਗ੍ਰਿਫਤਾਰੀ ਕੀਤੀ। ਉਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਮੋਹਸਿਨ ਫਾਨੀ ਆਪਣੀ ਲਿੱਖਤ ‘ਦਬਿਸਤਾਨੇ ਮਜ਼ਾਹਿਬ’ ਵਿੱਚ ਜ਼ਿਕਰ ਕਰਦਾ ਹੈ ਕਿ ਗੁਰੂ ਜੀ ਨੂੰ ਗੁਰੂ ਘਰ ਵਿੱਚੋਂ ਦੋ ਲੱਖ ਰੁਪਏ ਜੁਰਮਾਨੇ ਦੇ ਰੂਪ ਵਿੱਚ ਦੇਣ ਲਈ ਕਿਹਾ। ਗੁਰੂ ਜੀ ਨੇ ਸੰਗਤ ਦਾ ਰੁਪਿਆ ਹੈ, ਇਹ ਕਹਿ ਕੇ ਦੋ ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਆਖਰ ਮਈ 1606 ਈ: ਨੂੰ ਗੁਰੂ ਜੀ ਨੂੰ ਲਾਹੌਰ ਬੁਲਾ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਵਕਤ ਗੁਰੂ ਹਰਿਗੋਬਿੰਦ ਸਾਹਬ ਜੀ ਦੀ ਉਮਰ 11 ਸਾਲ ਸੀ।
ਪੰਜ ਪਿਆਲੇ ਪੰਜ ਪੀਰ ਛਠਮੁ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆਂ ਪਲਟ ਕੇ ਮੂਰਤ ਹਰਿਗੋਬਿੰਦ ਸਵਾਰੀ॥
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁੰਦਰ ਦਸਤਾਰ ਉਪਰ ਕਲਗੀ ਸਜਾ ਕੇ ਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾ ਕੇ ਬਾਬਾ ਬੁੱਢਾ ਜੀ ਨੇ ਤਿਲਕ ਲਾ ਕੇ ਗੁਰਿਆਈ ਦੀ ਬਖਸ਼ਿਸ਼ ਕੀਤੀ ਗਈ।ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਗੁਰੂ ਘਰ ਲਈ ਵਧੀਆਂ ਹਥਿਆਰ ਤੇ ਵਧੀਆਂ ਨਸਲ ਦੇ ਘੋੜੇ ਭੇਟ ਕਰਨ ਲਈ ਕਿਹਾ। 1608 ਈ: ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ 12 ਫੁੱਟ ਉਚੇ ਅਕਾਲ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਮਾਣ ਕਰਵਾਇਆ। ਦੋ ਨਿਸ਼ਾਨ ਸਾਹਿਬ ਝੁਲਾਏ ਗਏ।ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜ਼ਮਾਨ ਹੋ ਕੇ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਜਾਰੀ ਕੀਤੇ ਗਏ।ਹਰ ਦੀਨ ਦੁਖੀ ਦੇ ਦੁੱਖ ਨਵਿਰਤ ਕੀਤੇ।ਢਾਡੀ ਪ੍ਰੰਪਰਾ ਦਾ ਅਗਾਜ਼ ਕੀਤਾ।ਬੀਰ ਰਸੀ ਵਾਰਾਂ ਰਾਹੀ ਸਿੱਖ ਸੰਗਤਾਂ ਵਿੱਚ ਜੋਸ਼ ਭਰਨ ਦਾ ਇਹ ਇੱਕ ਉਪਰਾਲਾ ਸੀ। 1609 ਈ: ਵਿੱਚ ਅੰਮ੍ਰਿਤਸਰ ਵਿੱਚ ਲੋਹਗੜ੍ਹ ਕਿਲੇ ਦੀ ਉਸਾਰੀ ਕਰਵਾਈ। ਅਗਲੇ ਹੀ ਸਾਲ ਬਿਬੇਕਸਰ ਸਰੋਵਰ ਦਾ ਨਿਰਮਾਣ ਕਰਵਾਇਆ। ਇਸੇ ਹੀ ਸਾਲ ਬਾਦਸ਼ਾਹ ਨੇ ਬਹਾਨੇ ਨਾਲ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਸਿੱਖ ਸੰਗਤਾਂ ਬਾਬਾ ਬੁੱਢਾ ਜੀ ਅਤੇ ਸਾਈਂ ਮੀਆਂ ਮੀਰ ਜੀ ਨਾਲ ਗਵਾਲੀਅਰ ਦੇ ਕਿਲੇ ਦੇ ਬਾਹਰ ਕੀਰਤਨ ਕਰਦੀਆਂ ਤੇ ਵਾਪਸ ਮੁੜ ਆਉਂਦੀਆਂ। ਇਸ ਪ੍ਰੰਪਰਾ ਨੂੰ ‘ਚੌਂਕੀ ਸਾਹਬ’ ਦਾ ਨਾਂ ਦਿੱਤਾ ਗਿਆ। ਜਦੋਂ ਗੁਰੂ ਸਾਹਬ ਜੀ ਨੂੰ ਰਿਹਾਅ ਕੀਤਾ ਗਿਆ ਤਾਂ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਕਿ ਜਿੰਨ੍ਹੀ ਦੇਰ ਕਿਲੇ ਅੰਦਰ ਬੰਦ 52 ਹਿੰਦੂ ਰਾਜੇ ਰਿਹਾਅ ਨਹੀ ਕੀਤੇ ਜਾਂਦੇ, ਉਨ੍ਹੀ ਦੇਰ ਅਸੀ ਬਾਹਰ ਨਹੀ ਆ ਸਕਦੇ। ਬਾਦਸ਼ਾਹ ਦੇ ਕਹਿਣ ਤੇ ਕਿ ਜਿੰਨ੍ਹੇ ਤੁਹਾਡਾ ਚੋਲਾ ਫੜ੍ਹ ਕੇ ਬਾਹਰ ਆ ਜਾਣ ਉਹ ਰਿਹਾਅ ਕਰ ਦਿੱਤੇ ਜਾਣਗੇ। ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਵਾਇਆ ਤੇ ਉਸ ਚੋਲੇ ਦੀ ਇੱਕ-ਇੱਕ ਕਲੀ ਫੜ ਕੇ 52 ਰਾਜੇ ਹੀ ਬਾਹਰ ਆ ਗਏ। ਉਸ ਦਿਨ ਤੋਂ ਆਪ ‘ਬੰਦੀ ਛੋੜ’ ਦਾਤੇ ਬਣ ਗਏ। ਅੰਮ੍ਰਿਤਸਰ ਪੁੱਜਣ ਤੇ ਸਿੱਖ ਸੰਗਤਾਂ ਨੇ ਗੁਰੂ ਸਾਹਬ ਜੀ ਦੀ ਆਉਣ ਦੀ ਖੁਸ਼ੀ ਵਿੱਚ ਦੀਪ ਮਾਲਾ ਕੀਤੀ ਤੇ ਦੀਵਾਲੀ ਮਨਾਈ। ਜੋ ਇਹ ਪ੍ਰੰਪਰਾ ਨਿਰੰਤਰ ਜਾਰੀ ਹੈ। ਇਤਹਾਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਤਿੰਨ ਸ਼ਾਦੀਆਂ ਦਾ ਜ਼ਿਕਰ ਆਉਂਦਾ ਹੈ। ਪਹਿਲੀ ਸ਼ਾਦੀ 1604 ਈ: ਵਿੱਚ ਪਿੰਡ ਡੱਲੇ ਦੇ ਵਸਨੀਕ ਨਰਾਇਣ ਦਾਸ ਜੀ ਦੀ ਸਪੁੱਤਰੀ ਬੀਬੀ ਦਮੋਦਰੀ ਜੀ ਨਾਲ ਹੋਈ। ਦੂਸਰੀ ਸ਼ਾਦੀ 1613 ਈ: ਵਿੱਚ ਬਾਬਾ ਬਕਾਲਾ ਨਿਵਾਸੀ ਹਰੀ ਚੰਦ ਜੀ ਦੀ ਸਪੁੱਤਰੀ ਮਾਤਾ ਨਾਨਕੀ ਜੀ ਨਾਲ ਹੋਈ। ਤੀਜੀ ਸ਼ਾਦੀ 1615 ਈ: ਵਿੱਚ ਦਯਾ ਰਾਮ ਜੀ ਦੀ ਸਪੁੱਤਰੀ ਮਹਾਂਦੇਵੀ ਜੀ ਨਾਲ ਹੋਈ।ਆਪ ਜੀ ਦੇ ਗ੍ਰਹਿ ਪੰਜ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟੱਲ ਰਾਏ ਜੀ, ਗੁਰੂ ਤੇਗ ਬਹਾਦਰ ਜੀ ਤੇ ਇੱਕ ਸਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। 1628 ਈ: ਨੂੰ ਜਹਾਂਗੀਰ ਇਸ ਜਹਾਨੋਂ ਰੁਖਸਤ ਹੋ ਗਿਆ। ਉਸ ਤੋਂ ਬਾਦ ਉਸਦਾ ਪੁੱਤਰ ਸ਼ਾਹ ਜਹਾਨ ਤਖਤ ਤੇ ਬੈਠਾ।ਰਾਜ ਭਾਗ ਦੀ ਵਾਗਡੋਰ ਸੰਭਾਲਦਿਆ ਹੀ ਉਸਨੇ ਸਿੱਖਾਂ ਤੇ ਜ਼ੁਲਮ ਢਾਹੁੰਣੇ ਸ਼ੁਰੂ ਕਰ ਦਿੱਤੇ। ਇਸ ਦਾ ਮੂੰਹ ਤੋੜ ਜਵਾਬ ਦੇਣ ਲਈ ਗੁਰੂ ਸਾਹਬ ਜੀ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਪ੍ਰਮੁੱਖ ਜੰਗਾਂ ਲੜੀਆਂ ਤੇ ਚਾਰੋਂ ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।1626 ਈ: ਵਿੱਚ ਗੁਰੂ ਸਾਹਬ ਜੀ ਨੇ ਕੀਰਤਪੁਰ ਸ਼ਹਿਰ ਵਸਾਇਆਂ। ਸਿੱਖਾਂ ਨੂੰ ਜ਼ਾਲਮਾਂ ਵਿਰੁੱਧ ਡਟਣ ਤੇ ਸਿਰ ਉਚਾ ਕਰਕੇ ਜੀਊਣ ਦੀ ਜਾਚ ਦੱਸੀ।

WRITTEN BY