ਪੰਜਾਬ ’ਚ ਇੱਕ ਅਜਿਹਾ ਸਿਆਸਤਦਾਨ ਵੀ ਹੋਇਆ ਹੈ ਜਿਹੜਾ ਅਹੁਦਿਆਂ ਪਿਛੇ ਨਹੀਂ ਭੱਜਿਆ ਸਗੋਂ ਜੋ ਵੀ ਅਹੁਦਾ ਮਿਲਿਆ ਜਾਂ ਨਹੀਂ ਮਿਲਿਆ ਉਹ ਸਬਰ ਸੰਤੁਸ਼ਟੀ ਨਾਲ ਪਾਰਟੀ ਦਾ ਵਫਾਦਾਰ ਰਹਿਕੇ ਆਪਣੇ ਫਰਜ ਨਿਭਾਉਂਦਾ ਰਹੇ। ਉਹ ਵਿਅਕਤੀ ਹੈ, ਓਮ ਪ੍ਰਕਾਸ ਬੈਕਟਰ ਜਿਹੜਾ ਪੈਪਸੂ ਦੀ ਪਰਜਾ ਮੰਡਲ ਲਹਿਰ ਦੇ ਸਿਰਕੱਢ ਆਗੂਆਂ ਵਿਚੋਂ ਇਕ ਸੀ। ਸਮਾਜ ਸੇਵਕ ਅਤੇ ਸਿਆਸਤਦਾਨ ਸ਼੍ਰੀ ਬੈਕਟਰ ਮਾਲਵੇ ਦੀ ਸਿਆਸਤ ਦੇ ਪ੍ਰਮੁੱਖ ਕਾਰਕੁਨ ਰਹੇ ਹਨ। ਉਨ੍ਹਾਂ ਦਾ ਜਨਮ 4 ਅਗਸਤ 1920 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਡਾਣੀ ਕਲਾਂ ਵਿਖੇ ਪਿਤਾ ਜੀਵਨ ਰਾਮ ਬੈਕਟਰ ਅਤੇ ਮਾਤਾ ਦਰੋਪਤੀ ਦੇ ਘਰ ਹੋਇਆ। ਜੀਵਨ ਰਾਮ ਬੈਕਟਰ ਲੋਹੇ ਦੇ ਵਿਓਪਾਰੀ ਸਨ। ਪਿੰਡ ਵਿਚ ਹੀ ਉਨ੍ਹਾਂ ਦੀ ਲੋਹੇ ਦੀ ਦੁਕਾਨ ਸੀ। ਇਸ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਲੋਹਟੀ ਵੀ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਲਾਹੌਰ ਦੇ ਨੇੜੇ ਉਨ੍ਹਾਂ ਦੀ ਜ਼ਮੀਨ ਦੇ ਮੁਰੱਬੇ ਸਨ। ਉਸ ਇਲਾਕੇ ਦੇ ਖ਼ਾਨਦਾਨੀ ਪਰਿਵਾਰਾਂ ਵਿਚ ਗਿਣੇ ਜਾਂਦੇ ਸਨ। ਇਸ ਲਈ ਓਮ ਪ੍ਰਕਾਸ਼ ਬੈਕਟਰ ਨੂੰ ਲਾਹੌਰ ਵਿਚ ਹੀ ਪੜ੍ਹਨੇ ਪਾ ਦਿੱਤਾ। ਉਥੇ ਹੀ ਆਪਣੇ ਪ੍ਰਾਇਮਰੀ ਤੱਕ ਦੀ ਵਿਦਿਆ ਪ੍ਰਾਪਤ ਕੀਤੀ। 12-13 ਸਾਲ ਦੇ ਹੀ ਸਨ ਜਦੋਂ ਮਾਤਾ ਦੀ ਮੌਤ ਹੋ ਗਈ ਸੀ। ਫਿਰ ਉਨ੍ਹਾਂ ਦਾ ਪਰਿਵਾਰ 1932-33 ਵਿਚ ਘੁਡਾਣੀ ਕਲਾਂ ਤੋਂ ਦੋਰਾਹੇ ਆ ਕੇ ਵੱਸ ਗਿਆ। ਸਭ ਤੋਂ ਪਹਿਲਾਂ ਉਨ੍ਹਾਂ ਸਮਾਜ ਸੇਵਾ ਦਾ ਬੀੜਾ ਚੁੱਕਿਆ। ਉਨ੍ਹਾਂ ਦਿਨਾਂ ਵਿਚ ਪਿੰਡਾਂ ਦੇ ਲੋਕ ਬੱਚਿਆਂ ਨੂੰ ਪੜ੍ਹਾਉਣ ਵਿਚ ਦਿਲਚਸਪੀ ਨਹੀਂ ਲੈਂਦੇ ਸਨ। ਲੜਕੀਆਂ ਨੂੰ ਪੜ੍ਹਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਨ੍ਹਾਂ ਗ਼ਰੀਬਾਂ ਅਤੇ ਲੜਕੀਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚਾ ਫੀਸ, ਪੁਸਤਕਾਂ, ਸਟੇਸ਼ਨਰੀ ਅਤੇ ਵਰਦੀਆਂ ਖ੍ਰੀਦਕੇ ਆਪ ਚੁੱਕਿਆ। ਉਨ੍ਹਾਂ ਮੈਡੀਕਲ ਕੈਂਪ ਲਗਾਉਣੇ ਸ਼ੁਰੂ ਕੀਤੇ। ਜਿਨ੍ਹਾਂ ਵਿਚ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਸਨ। ਮੈਡੀਕਲ ਕੈਂਪਾਂ ਦੀ ਪ੍ਰੰਪਰਾ ਉਨ੍ਹਾਂ ਦਾ ਪਰਿਵਾਰ ਜਾਰੀ ਰੱਖ ਰਿਹਾ ਹੈ। ਦੋਰਾਹੇ ਆ ਕੇ ਉਹ ਪੈਪਸੂ ਦੀ ਸਿਆਸਤ ਵਿਚ ਕੁੱਦ ਪਏੇ, ਉਚੇਰੀ ਪੜ੍ਹਾਈ ਅੱਧ ਵਿਚਕਾਰ ਹੀ ਛੱਡਣੀ ਪਈ। ਆਪ ਨੇ 1938 ਤੋਂ ਪਰਜਾ ਮੰਡਲ ਲਹਿਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਲੁਧਿਆਣਾ ਵਿਖੇ ਪੀਪਲਜ਼ ਕਾਨਫਰੰਸ ਆਯੋਜਤ ਕੀਤੀ ਗਈ ਤਾਂ ਆਪਨੇ ਉਸ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਪਰਿਵਾਰ ਦਾ ਵਿਓਪਾਰ ਚੰਗਾ ਸੀ। ਪਰਿਵਾਰ ਵੱਲੋਂ ਕੋਈ ਰੋਕ ਟੋਕ ਨਾ ਹੋਣ ਕਰਕੇ ਆਪ ਸਿਆਸਤ ਨੂੰ ਹੀ ਆਪਣਾ ਵਧੇਰੇ ਸਮਾਂ ਬਿਤਾਉਣੇ ਲੱਗ ਪਏ। ਭਾਰਤ ਛੋੜੋ ਅੰਦੋਲਨ ਜਦੋਂ ਕਾਂਗਰਸ ਪਾਰਟੀ ਨੇ ਸ਼ੁਰੂ ਕੀਤਾ ਤਾਂ ਆਪ ਉਸ ਵਿਚ ਵੀ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਏ। ਆਪਦਾ ਵਿਆਹ ਖੰਨੇ ਦੇ ਕੋਲ ਭੜੀ ਪਿੰਡ ਵਿਚ ਰਖਸ਼ਾ ਦੇਵੀ ਨਾਲ ਹਕੀਮ ਮਾਧੋ ਰਾਮ ਦੇ ਪਰਿਵਾਰ ਵਿਚ ਹੋ ਗਿਆ। ਆਪਦੇ ਦੋ ਲੜਕੇ ਅਰੁਨ ਕੁਮਾਰ ਬੈਕਟਰ ਅਤੇ ਵਿਜੈ ਕੁਮਾਰ ਬੈਕਟਰ ਹਨ। ਅਰੁਨ ਕੁਮਾਰ ਬੈਕਟਰ ਦੋਰਾਹਾ ਵਿਖੇ ਅਤੇ ਵਿਜੈ ਕੁਮਾਰ ਬੈਕਟਰ ਸਰਹੰਦ ਵਿਖੇ ਕਾਰੋਬਾਰ ਕਰ ਰਹੇ ਹਨ। ਆਪਦੀ ਇਕ ਲੜਕੀ ਵੀ ਹੈ। ਅਰੁਨ ਕੁਮਾਰ ਬੈਕਟਰ ਪਿਤਾ ਦੀ ਤਰ੍ਹਾਂ ਸਿਆਸਤ ਅਤੇ ਸਮਾਜ ਸੇਵਾ ਵਿਚ ਸਰਗਰਮ ਹੈ। ਉਹ ਦੋਰਾਹਾ ਵਿਖੇ ਹਰ ਸਾਲ ਪਿਤਾ ਦੀ ਯਾਦ ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਮੁਫ਼ਤ ਇਲਾਜ ਕਰਵਾਉਣ ਦੇ ਕੈਂਪ ਲਗਾਉਂਦੇ ਹਨ। ਓਮ ਪ੍ਰਕਾਸ਼ ਬੈਕਟਰ ਨੇ ਜੈਤੋ ਦੇ ਮੋਰਚੇ ਵਿਚ 1946 ਵਿਚ ਬਿਜਲਾ ਸਿੰਘ ਦੀ ਅਗਵਾਈ ਵਿਚ 31 ਵਰਕਰਾਂ ਨਾਲ ਫਰੀਦਕੋਟ ਵਿਖੇ ਗ੍ਰਿਫ਼ਤਾਰੀ ਦਿੱਤੀ ਅਤੇ ਜੇਲ੍ਹ ਵਿਚ ਬੰਦ ਰਹੇ। ਆਪ ਪੈਪਸੂ ਦੀ ਕਾਂਗਰਸ ਕਮੇਟੀ ਦੇ ਵੀ ਅਹਿਮ ਮੈਂਬਰ ਸਨ। ਲੁਧਿਆਣਾ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਦੇ ਦੋ ਪ੍ਰਮੁੱਖ ਧੜੇ ਸਨ। ਆਪ ਸ੍ਰ. ਪ੍ਰਤਾਪ ਸਿੰਘ ਕੈਰੋਂ ਧੜੇ ਦੇ ਪ੍ਰਮੁੱਖ ਆਗੂ ਸਨ। ਪੈਪਸੂ ਦੇ ਸਾਬਕਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ, ਪ੍ਰਤਾਪ ਸਿੰਘ ਕੈਰੋਂ ਦੇ ਵਿਰੋਧੀ ਧੜੇ ਦੀ ਅਗਵਾਈ ਕਰ ਰਹੇ ਸਨ। ਬੈਕਟਰ ਪਰਿਵਾਰ ਦੀ ਇਲਾਕੇ ਵਿਚ ਮਹੱਤਤਾ ਬਾਰੇ ਇੰਗਲੈਂਡ ਦੇ ਇਕ ਲੇਖਕ ਨੇ ਆਪਣੀ ਪੁਸਤਕ ਵਿਚ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਪੰਜਾਬ ਦੇ ਜੱਟਾਂ ਅਤੇ ਸਿੱਖਾਂ ਦੀ ਸਿਆਸਤ ਬਾਰੇ ‘‘ਰੌਬਰ ਨੋਬਲਮੈਨ’’ ਨਾਂ ਦੀ ਇਹ ਪੁਸਤਕ 1975 ਵਿਚ ਜੋਆਇਸੀ ਪੈਟੀਗਰਿਊ ਸ਼ੋਸ਼ਲ ਐਥਰਾਲੋਜੀ ਵਿਭਾਗ ਕੁਈਨਜ਼ ਯੂਨੀਵਰਸਿਟੀ ਆਫ ਬੈਲਫਾਸਟ ਨੇਰੌਬਰ ਨੋਬਲਮੈਨ ਨੇ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਪਾਇਲ ਹਲਕੇ ਵਿਚ ਬੈਕਟਰ ਪਰਿਵਾਰ ਦੀ ਮਹੱਤਤਾ ਬਾਰੇ ਲਿਖਦਿਆਂ ਕਿਹਾ ਹੈ ਕਿ ‘‘ ਉਹ ਇਸ ਹਲਕੇ ਵਿਚ ਇਕੱਲਾ ਹਿੰਦੂ ਲੀਡਰ ਸੀ, ਜਿਹੜਾ ਸਰਦਾਰ ਪਰਤਾਪ ਸਿੰਘ ਕੈਰੋਂ ਧੜੇ ਵਿਚੋਂ ਗਿਆਨ ਸਿੰਘ ਰਾੜੇਵਾਲੇ ਦਾ ਮੁਕਾਬਲਾ ਕਰਦਾ ਸੀ। ਉਸ ਪਰਿਵਾਰ ਦਾ ਲੋਹੇ ਅਤੇ ਸੀਮਿੰਟ ਦਾ ਵਿਓਪਾਰ ਹੈ’’। ਸੰਤ ਹਜ਼ਾਰਾ ਸਿੰਘ ਪ੍ਰਤਾਪ ਸਿੰਘ ਕੈਰੋਂ ਦੇ ਖਾਸਮ ਖਾਸ ਸਨ। ਲੁਧਿਆਣਾ ਜ਼ਿਲ੍ਹੇ ਵਿਚ ਸੰਤ ਹਜ਼ਾਰਾ ਸਿੰਘ, ਬੇਅੰਤ ਸਿੰਘ ਅਤੇ ਓਮ ਪ੍ਰਕਾਸ਼ ਬੈਕਟਰ ਦੀ ਤਿਕੜੀ ਗਿਣੀ ਜਾਂਦੀ ਸੀ, ਜਿਸਦੀ ੍ਯਇਲਾਕੇ ਵਿਚ ਤੂਤੀ ਬੋਲਦੀ ਸੀ। 1969 ਵਿਚ ਆਪ ਦੀਆਂ ਕਾਂਗਰਸ ਪਾਰਟੀ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਆਪਨੂੰ ਲੁਧਿਆਣਾ ਜਿਲ੍ਹੇ ਦੇ ਪਾਇਲ ਹਲਕੇ ਤੋਂ ਗਿਆਨ ਸਿੰਘ ਰਾੜੇਵਾਲਾ ਦੇ ਵਿਰੁਧ ਕਾਂਗਰਸ ਪਾਰਟੀ ਦਾ ਟਿਕਟ ਦਿੱਤਾ ਗਿਆ। ਪ੍ਰੰਤੂ ਕੁਝ ਸਿਆਸੀ ਕਾਰਨਾ ਕਰਕੇ ਆਪਨੂੰ ਚੋਣ ਮੈਦਾਨ ਵਿਚੋਂ ਬਾਹਰ ਹੋਣਾ ਪਿਆ ਅਤੇ ਆਪਨੇ ਸ੍ਰ.ਬੇਅੰਤ ਸਿੰਘ ਅਜ਼ਾਦ ਉਮੀਦਵਾਰ ਦੀ ਮੱਦਦ ਕੀਤੀ। ਸ੍ਰ. ਬੇਅੰਤ ਸਿੰਘ ਗਿਆਨ ਸਿੰਘ ਰਾੜੇਵਾਲਾ ਨੂੰ ਹਰਾਕੇ ਚੋਣ ਜਿੱਤ ਗ ੇ। 1977 ਦੀ ਵਿਧਾਨ ਸਭਾ ਦੀ ਚੋਣ ਸਮੇਂ ਆਪਨੂੰ ਕਾਂਗਰਸ ਪਾਰਟੀ ਨੇ ਸ੍ਰ.ਬੇਅੰਤ ਸਿੰਘ ਦਾ ਪਾਇਲ ਵਿਧਾਨ ਸਭਾ ਹਲਕੇ ਦਾ ਕਵਰਿੰਗ ਉਮੀਦਵਾਰ ਬਣਾਇਆ ਗਿਆ। 1979 ਵਿਚ ਆਪਨੂੰ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਾ ਉਪ ਪ੍ਰਧਾਨ ਬਣਾਇਆ ਗਿਆ। ਫਰਵਰੀ 1979 ਵਿਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਆਪਨੇ ਗ੍ਰਿਫ਼ਤਾਰੀ ਦਿੱਤੀ ਅਤੇ ਜੇਲ੍ਹ ਯਾਤਰਾ ਕੀਤੀ। 1980 ਵਿਚ ਆਪਨੂੰ ਲੁਧਿਆਣਾ ਜਿਲ੍ਹਾ ਕਾਂਗਰਸ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਉਸ ਸਮੇਂ ਲੁਧਿਆਣਾ ਜਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 6 ਹਲਕੇ ਕਾਂਗਰਸ ਪਾਰਟੀ ਨੇ ਜਿੱਤੇ ਸਨ। ਆਪਨੂੰ 1980 ਵਿਚ ਲੁਧਿਆਣਾ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦਾ ਪ੍ਰਧਾਨ ਬਣਾਇਆ ਗਿਆ, ਜਿਸ ਅਹੁਦੇ ਤੇ ਆਪ 1989 ਤੱਕ ਰਹੇ। ਆਪ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਰਹੇ, ਜਿਨ੍ਹਾਂ ਵਿਚ ਸ਼ਿਕਾਇਤ ਨਿਵਾਰਨ ਕਮੇਟੀ, ਰੀਆਰਗੇਨਾਈਜੇਸ਼ਨ ਕਮੇਟੀ ਅਤੇ ਅਮਨ ਕਮੇਟੀ ਹਲਕਾ ਪਾਇਲ ਸ਼ਾਮਲ ਹਨ। ਉਨ੍ਹਾਂ ਦੀ ਸੰਤੁਸ਼ਟੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਫਰੀਡਮ ਫਾਈਟਰ ਹੋਣ ਦੇ ਬਾਵਜੂਦ ਪੈਨਸ਼ਨ ਲਈ ਅਰਜੀ ਵੀ ਨਹੀਂ ਦਿੱਤੀ। ਪੰਜਾਬ ਦੇ ਅਤਿ ਨਾਜ਼ਕ ਸਮੇਂ ਵੀ ਆਪ ਕਾਂਗਰਸ ਪਾਰਟੀ ਲਈਨਿਧੜਕ ਹੋ ਕੇ ਕੰਮ ਕਰਦੇ ਰਹੇ। ਇਕ ਵਾਰ ਆਪਦੇ ਪਰਿਵਾਰ ਉਪਰ ਅਤਵਾਦੀ ਹਮਲਾ ਵੀ ਹੋਇਆ, ਜਿਸ ਵਿਚ ਗਨਮੈਨ ਜ਼ਖ਼ਮੀ ਹੋ ਗਏ ਸਨ। ਆਪ ਸ੍ਰ ਬੇਅੰਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਦੇ ਰਹੇ ਪ੍ਰੰਤੂ ਸ੍ਰ ਬੇਅੰਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਵੀ ਕਿਸੇ ਅਹੁਦੇ ਦੀ ਝਾਕ ਨਹੀਂ ਰੱਖੀ। ਸਿਆਸਤ ਵਿਚ ਅਜਿਹੇ ਸਿਆਸਤਦਾਨਾ ਦੀ ਘਾਟ ਅੱਜ ਕਲ੍ਹ ਮਹਿਸੂਸ ਕੀਤੀ ਜਾ ਰਹੀ ਹੈ। ਆਪ 26 ਜੂਨ 2016 ਨੂੰ 90 ਸਾਲ ਦੀ ਉਮਰ ਵਿਚ ਸਵਰਗ ਸਿਧਾਰ ਗਏ।
ਪੈਪਸੂ ਦੇ ਸਿਰਕੱਢ ਸਮਾਜ ਸੇਵਕ ਅਤੇ ਸੰਤੁਸ਼ਟ ਸਿਆਸਤਦਾਨ ਓਮ ਪ੍ਰਕਾਸ਼ ਬੈਕਟਰ



