Skip to content
Independent perspectives. Global stories.
BREAKING

ਪੰਜਾਬ ਦੀਆਂ ਮੁਸੀਬਤਾਂ ਲਈ ਇਕੱਲੀ ਸਰਕਾਰ ਦੋਸ਼ੀ ਨਹੀਂ

Share this story

ਪੰਜਾਬ ਇਸ ਸਮੇਂ ਬਹੁਤ ਸਾਰੀਆਂ ਵੱਡੀਆਂ ਮੁਸੀਬਤਾਂ ਅਤੇ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬ ਦੇ ਕਿਸਾਨ ਕਰਜ਼ਿਆਂ ਅਤੇ ਹੋਰ ਆਰਥਿਕ ਮੁਸ਼ਕਿਲਾਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਦੇ ਪਾਣੀ ਪਲੀਤ ਹੋ ਗਏ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ। ਦਰੱਖਤਾਂ ਦੀ ਕਟਾਈ ਕਾਰਨ ਪੰਜਾਬ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰੇਤੇ ਅਤੇ ਬਜਰੀ ਦੀ ਲੁੱਟ ਮਚੀ ਹੋਈ ਹੈ। ਨਸ਼ੇ ਕਾਰਨ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੋ ਰਹੇ ਹਨ। ਨੌਜਵਾਨ ਬੇਰੁਜ਼ਗਾਰੀ ਕਾਰਨ ਬਦਮਾਸ਼ੀ ਅਤੇ ਅਪਰਾਧ ਦੇ ਰਾਹ ਪਏ ਹੋਏ ਹਨ। ਵੱਡੀ ਗਿਣਤੀ ਵਿੱਚ ਪੰਜਾਬੀ ਹਰ ਢੰਗ ਤਰੀਕਾ ਵਰਤ ਕੇ ਵਿਦੇਸ਼ਾਂ ਨੂੰ ਦੌੜ ਰਹੇ ਹਨ। ਪੰਜਾਬ ਵਿੱਚ ਉਦਯੋਗ ਉਜੜ ਰਿਹਾ ਹੈ। ਪੰਜਾਬ ਸਰਕਾਰ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ। ਕੁੱਝ ਅਨਸਰ ਪੰਜਾਬ ਵਿੱਚ ਸਿੱਖ ਭਾਈਚਾਰੇ ਨੂੰ ਭੜਕਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰ ਰਹੇ ਹਨ। ਸਿਆਸੀ ਅਤੇ ਧਾਰਮਿਕ ਨੈਤਿਕਤਾ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਗਈ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਖਾਸ ਕਰਕੇ ਪਾਣੀ ਦੀ ਲੁੱਟ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਕੇਂਦਰ ਸਰਕਾਰ ਪੰਜਾਬ ਨੂੰ ਕੋਈ ਮਾਲੀ ਮੱਦਦ ਦੇਣ ਲਈ ਤਿਆਰ ਨਹੀਂ। ਇਸ ਸਭ ਔਖੇ ਹਾਲਾਤਾਂ ਵਿੱਚ ਪੰਜਾਬ ਉਜੜਦਾ ਪ੍ਰਤੀਤ ਹੋ ਰਿਹਾ ਹੈ। ਲੋਕਾਂ ਕੋਲ ਰੋਜ਼ੀ ਰੋਟੀ ਦੇ ਸਾਧਨ ਘੱਟ ਰਹੇ ਹਨ। ਖੇਤੀਬਾੜੀ ਦੇ ਮੰਦਵਾੜੇ ਕਾਰਨ ਵਪਾਰ ਅਤੇ ਹੋਰ ਕਾਰੋਬਾਰ ਵੀ ਢਹਿੰਦੇ ਜਾ ਰਹੇ ਹਨ। ਬੇਸ਼ਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਲਈ ਆਮ ਤੌਰ ’ਤੇ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪ੍ਰੰਤੂ ਇਹ ਪੂਰਾ ਸੱਚ ਨਹੀਂ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਲਈ ਪਿਛਲੀਆਂ ਸਰਕਾਰਾਂ ਅਤੇ ਆਮ ਲੋਕ ਵੀ ਜ਼ਿੰਮੇਵਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸੂਬਾ ਸਰਕਾਰ ਵੱਲੋਂ ਪਿਛਲੇ 15 ਮਹੀਨਿਆਂ ਦੌਰਾਨ ਸਥਿਤੀ ਨੂੰ ਸੁਧਾਰਨ ਲਈ ਵੱਡੇ ਯਤਨ ਕੀਤੇ ਗਏ ਹਨ। ਇਹ ਗੱਲ ਵੱਖਰੀ ਹੈ ਕਿ ਹਾਲੇ ਲੋਕਾਂ ਦੀ ਉਮੀਦ ਮੁਤਾਬਿਕ ਨਤੀਜੇ ਸਾਹਮਣੇ ਨਹੀਂ ਆ ਰਹੇ। ਅਸਲ ਵਿੱਚ ਕਾਂਗਰਸ ਸਰਕਾਰ ਨੂੰ ਵਿਰਸੇ ਵਿੱਚ ਵੱਡੀਆਂ ਮੁਸ਼ਕਿਲਾਂ ਅਤੇ ਆਰਥਿਕ ਘਾਟੇ ਮਿਲੇ ਹਨ। ਇਸ ਲਈ ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਲਈ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਿਛਲੇ 10 ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਤਬਾਹ ਹੋ ਗਈ। ਨਸ਼ਿਆਂ ਦਾ ਕਾਲਾ ਕਾਰੋਬਾਰ ਵੀ ਇਸ ਸਮੇਂ ਦੌਰਾਨ ਵਧਿਆ ਫੁੱਲਿਆ। ਇਸ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ ਪਿਛਲੀ ਸਰਕਾਰ ਦੀਆਂ ਕਰਨੀਆਂ ਦਾ ਹੀ ਫਲ ਭੋਗਣਾ ਪੈ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਸਿਆਸੀ ਅਤੇ ਨੀਮ ਸਿਆਸੀ ਖੇਤਰਾਂ ਵਿੱਚ ਇਸ ਗੱਲ ਦਾ ਨਿਤਾਰਾ ਨਹੀਂ ਕੀਤਾ ਜਾਂਦਾ। ਪੰਜਾਬੀਆਂ ਲਈ ਇਹ ਸਮਾਂ ਸਿਰਫ ਸਿਆਸੀ ਨਾਅਰੇਬਾਜ਼ੀ ਦਾ ਨਹੀਂ ਹੈ। ਇਸ ਸਬੰਧ ਵਿੱਚ ਉਨ੍ਹਾਂ ਨੂੰ ਵਧੇਰੇ ਗੰਭੀਰ ਹੋਣ ਦੀ ਜ਼ਰੂਰਤ ਹੈ। ਇਕ ਸਿਆਸੀ ਪਾਰਟੀ ਜਾਂ ਸਰਕਾਰ ਨੂੰ ਨਿੰਦ ਕੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ। ਜੇਕਰ ਕਾਂਗਰਸ ਦੀ ਸਰਕਾਰ ਜਾਵੇਗੀ ਤਾਂ ਫਿਰ ਅਕਾਲੀਆਂ ਦੀ ਆ ਜਾਵੇਗੀ। ਮਸਲਾ ਫਿਰ ਉਥੇ ਦਾ ਉਥੇ ਹੀ ਖੜ੍ਹਾ ਰਹੇਗਾ। ਇਸ ਲਈ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਸਭ ਨੂੰ ਸਹੀ ਦਿਸ਼ਾ ਵਿੱਚ ਸੋਚਣ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ। ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮੁੱਚਾ ਹੱਲ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀ ਕੋਲ ਨਹੀਂ ਹੈ। ਇਸ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਖ਼ੁਦ ਜ਼ਿੰਮੇਵਾਰੀ ਕਬੂਲਣੀ ਹੋਵੇਗੀ। ਵੱਡੀ ਗੱਲ ਤਾਂ ਇਹ ਹੈ ਕਿ ਮਾਪਿਆਂ ਅਤੇ ਪਰਿਵਾਰਾਂ ਨੂੰ ਆਪਣੇ ਬੱਚੇ ਸੰਭਾਲਣੇ ਚਾਹੀਦੇ ਹਨ। ਖੇਤੀਬਾੜੀ ਨੂੰ ਮੁੜ ਪੈਰਾਂ ’ਤੇ ਖੜ੍ਹੇ ਕਰਨ ਲਈ ਨਵੇਂ ਢੰਗ ਤਰੀਕੇ ਸੋਚਣੇ ਪੈਣਗੇ। ਵਿਆਹ ਸ਼ਾਦੀਆਂ ’ਤੇ ਹੋਣ ਵਾਲੀ ਫਜ਼ੂਲ ਖਰਚੀ ਨੂੰ ਸਖਤੀ ਨਾਲ ਰੋਕਣਾ ਵੀ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਵਾਤਾਵਰਣ ਦੀ ਮਲੀਨਤਾ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਖੁਦ ਹੀ ਜ਼ਿੰਮੇਵਾਰੀ ਨਾਲ ਉ¤ਦਮ ਕਰਨੇ ਪੈਣਗੇ। ਨਵੇਂ ਦਰੱਖਤ ਲਗਾਉਣੇ ਪੈਣਗੇ। ਪਰਿਵਾਰਾਂ ਨੂੰ ਆਤਮਨਿਰਭਰਤਾ ਵੱਲ ਵੱਧਣਾ ਪਵੇਗਾ। ਮੌਜੂਦਾ ਹਾਲਾਤਾਂ ਮੁਤਾਬਿਕ ਖੇਤੀ ਦਾ ਪੈਟਰਨ ਬਦਲਣਾ ਪਵੇਗਾ। ਨਸ਼ਿਆਂ ਦੇ ਕਾਲੇ ਕਾਰੋਬਾਰ ਖਿਲਾਫ ਲਾਮਬੰਦੀ ਬੇਹ¤ਦ ਜ਼ਰੂਰੀ ਹੋ ਗਈ ਹੈ। ਪੰਜਾਬ ਦੇ ਮੁੜ ਉਭਰ ਲਈ ਹਰ ਪੰਜਾਬੀ ਯੋਗਦਾਨ ਪਾਵੇ, ਤਦ ਹੀ ਹਾਲਾਤ ਬਦਲ ਸਕਦੇ ਹਨ। ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਨੂੰ ਹੋਰ ਵਧੇਰੇ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਤਬਦੀਲੀ ਲਈ ਜੇਕਰ ਉਹ ਖੁਦ ਅੱਗੇ ਆਉਂਦੇ ਹਨ ਤਦ ਸੂਬੇ ਦੇ ਲੋਕ ਉਨ੍ਹਾਂ ਦਾ ਪੂਰੀ ਤਰ੍ਹਾਂ ਸਾਥ ਦੇਣਗੇ।
27 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY