Skip to content
Independent perspectives. Global stories.
BREAKING

ਸਾਰੇ ਅਪਰਾਧਾਂ ਦੀ ਜੜ੍ਹ ਨਸ਼ਿਆਂ ਦੀ ਸਮੱਸਿਆ ਅਤਿ ਗੰਭੀਰ

Share this story

ਪਿਛਲੇ ਕਈ ਸਾਲਾਂ ਵਾਂਗ ਹੀ ਅੱਜ 26 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਟੱਜ ਦੇ ਇਸ ਅੰਤਰਰਾਸ਼ਟਰੀ ਸਮਾਕਮ ਦਾ ਮੁੱਖ ਵਿਸ਼ਾ ਹੈ ਪਹਿਲਾਂ ਸੁਣੋ-ਬੱਚਿਆਂ ਅਤੇ ਨੌਜਵਾਨਾਂ ਨੂੰ ਸੁਣਨਾ, ਉਨ੍ਹਾਂ ਨੂੰ ਤੰਦਰੁਸਤ ਅਤੇ ਸੁਰੱਖਿਅਤ ਬਣਾਉਣ ਵੱਲ ਪਹਿਲਾ ਕਦਮ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਸੰਯੁਕਤ ਰਾਸ਼ਟਰ ਸੰਗਠਨ ਵਲੋਂ ਇਸ ਸਬੰਧੀ ਮਿਤੀ 7 ਦਸੰਬਰ, 1987 ਨੂੰ ਮੀਟਿੰਗ ਕੀਤੀ ਗਈ ਅਤੇ ਹਰ ਸਾਲ 26 ਜੂਨ ਦਾ ਦਿਹਾੜਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਤੋਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਭਾਰਤ ਵਿੱਚ ਵੀ ਹਰ ਸਾਲ ਇਸ ਦਿਨ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਹੋਣ ਵਾਲੇ ਸਮਾਗਮਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਤੇ ਵਿਚਾਰ ਵਟਾਤਰਾ ਕੀਤਾ ਜਾਂਦਾ ਹੈ ਅਤੇ ਨਸ਼ਿਆਂ ਦੀ ਵੱਧ ਰਹੀ ਵਰਤੋਂ ਨੂੰ ਰੋਕਣ ਲਈ ਸੁਝਾਓ ਦਿਤੇ ਜਾਂਦੇ ਹਨ। ਦੁਨੀਆਂ ਦਾ ਹਰ ਦੇਸ਼ ਨਸ਼ਿਆਂ ਤੋਂ ਪ੍ਰਭਾਵਿਤ ਹੈ। ਨਸ਼ਿਆਂ ਦੀ ਸਮੱਸਿਆ ਅਤਿ ਗੰਭੀਰ ਸਮੱਸਿਆ ਹੈ ਅਤੇ ਨਸ਼ੇ ਹੀ ਬਹੁਤੇ ਅਪਰਾਧਾਂ ਦੀ ਜੜ੍ਹ ਹਨ। ਵਿਸ਼ਵ ਵਿੱਚ ਹਰ ਸਾਲ ਲੱਗਭੱਗ 500 ਅਰਬ ਡਾਲਰਜ਼ ਦਾ ਨਸ਼ਿਆਂ ਦਾ ਵਪਾਰ ਹੁੰਦਾ ਹੈ ਜੋਕਿ ਪੈਟਰੋਲੀਅਮ ਅਤੇ ਹਥਿਆਰਾਂ ਦੇ ਵਪਾਰ ਤੋਂ ਬਾਦ ਤੀਜੇ ਨੰਬਰ ਤੇ ਆਂਦਾ ਹੈ। ਸਾਡਾ ਦੇਸ਼ ਅਤੇ ਸਮਾਜ ਨਸ਼ੇ ਵਿੱਚ ਗ੍ਰਸਤ ਹੋ ਰਿਹਾ ਹੈ। ਨਸ਼ਿਆਂ ਨੂੰ ਮੁੱਖ ਤੋਰ ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਸਰਕਾਰ ਵਲੋਂ ਮੰਨਜੂਰਸ਼ੁਦਾ ਅਤੇ ਸਰਕਾਰ ਵਲੋਂ ਪਾਬੰਦੀਸ਼ੁਦਾ ਨਸ਼ੇ। ਸਾਡੇ ਦੇਸ਼ ਵਿੱਚ ਆਮ ਤੋਰ ਤੇ ਸਰਕਾਰ ਵਲੋਂ ਪਾਬੰਦੀਸ਼ੁਦਾ ਨਸ਼ਿਆਂ ਨੂੰ ਹੀ ਨਸ਼ੇ ਸਮਝਿਆ ਜਾਂਦਾ ਹੈ। ਦੇਸ ਦੇ ਕੁੱਝ ਸੂਬਿਆਂ ਵਿੱਚ ਪਾਬੰਦੀਸ਼ੁਦਾ ਅਤੇ ਗੈਰ ਕਨੂੰਨੀ ਨਸ਼ੇ ਦੂਜੇ ਰਾਜਾਂ ਵਿੱਚ ਮੰਨਜੂਰ ਹਨ ਜਿਵੇਂ ਕਿ ਗੁਜਰਾਤ ਸਮੇਤ ਕੁੱਝ ਰਾਜਾਂ ਵਿੱਚ ਬੇਸ਼ੱਕ ਸ਼ਰਾਬ ਤੇ ਪਾਬੰਦੀ ਹੈ ਪਰ ਦੂਜੇ ਕਈ ਰਾਜਾਂ ਦੀ ਆਮਦਨ ਦਾ ਵੱਡਾ ਸਾਧਨ ਹੀ ਸ਼ਰਾਬ ਦੀ ਵਿਕਰੀ ਬਣਿਆ ਹੋਇਆ ਹੈ। ਇਸੇ ਤਰਾਂ ਕਈ ਰਾਜਾਂ ਵਿੱਚ ਵਿੱਚ ਅਫੀਮ ਤੇ ਪਾਬੰਦੀ ਹੈ ਪਰ ਕਈ ਦੂਜੇ ਰਾਜਾਂ ਵਿੱਚ ਇਸਦੀ ਸ਼ਰੇਆਮ ਵਿਕਰੀ ਹੁੰਦੀ ਹੈ। ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਵਗ ਰਿਹਾ ਹੈ। ਆਮ ਮਨੁੱਖ ਤਾਂ ਦੂਰ, ਕਈ ਵੱਡੇ-ਵੱਡੇ ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂ ਨਸ਼ਿਆਂ ਵਿੱਚ ਡੁੱਬੇ ਪਏ ਹਨ। ਭੰਗ, ਅਫੀਮ, ਸ਼ਰਾਬ, ਡੋਡੇ, ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਅੱਜ ਕੱਲ ਨਸ਼ਿਆਂ ਦੇ ਆਧੁਨਿਕ ਨਵੇਂ ਰੂਪ ਸਾਹਮਣੇ ਆ ਰਹੇ ਹਨ ਜਿਵੇਂ ਕਿ ਬਰਾਊਨ ਸ਼ੂਗਰ, ਕੱਚੀ ਅਫੀਮ, ਚਰਸ, ਮਾਰਫੀਨ ਦੇ ਟੀਕੇ, ਕੈਪਸੂਲ, ਗੋਲੀਆਂ, ਸਮੈਕ, ਹੈਰੋਇਨ ਆਦਿ। ਕਈ ਨਸ਼ੇੜੀ ਖਾਂਸੀ ਦੀ ਦਵਾਈ, ਆਇਓਡੈਕਸ ਆਦਿ ਦਾ ਵੀ ਨਸ਼ਾ ਕਰਦੇ ਹਨ। ਚੋਣਾਂ ਦੌਰਾਨ ਤਾਂ ਨਸ਼ਿਆਂ ਦੀ ਵਰਤੋਂ ਕਈ ਗੁਣਾ ਵੱਧ ਜਾਂਦੀ ਹੈ। ਜਿਹੜੇ ਨੇਤਾ ਅਕਸਰ ਨਸ਼ਿਆ ਵਿਰੁੱਧ ਭਾਸ਼ਣ ਦਿੰਦੇ ਹਨ ਉਹੀ ਨੇਤਾ ਚੋਣਾਂ ਵਿੱਚ ਨਸ਼ਿਆਂ ਨੂੰ ਖੁੱਲਕੇ ਵੰਡਦੇ ਹਨ। ਚੋਣਾਂ ਸਮੇਂ ਵਿਕਣ ਵਾਲੀ ਜ਼ਹਿਰੀਲੀ ਸ਼ਰਾਬ ਅਤੇ ਹੋਰ ਮਿਲਾਵਟੀ ਨਸ਼ਿਆਂ ਨਾਲ ਕਈ ਵਾਰ ਆਮ ਲੋਕ ਮਾਰੇ ਜਾਂਦੇ ਹਨ। ਸਮਾਜ ਵਿੱਚ ਨਸ਼ਿਆਂ ਦੇ ਦਿਨ ਪ੍ਰਤੀ ਦਿਨ ਵਧਣ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚ ਸਰਕਾਰ ਦੀਆਂ ਢਿੱਲਮੱਠ ਦੀਆਂ ਨੀਤੀਆਂ, ਕਨੂੰਨ ਵਿੱਚ ਲਚਕੀਲਾਪਣ, ਨਸ਼ਿਆਂ ਦੇ ਸੋਦਾਗਰਾਂ ਦੀ ਸਰਕਾਰੇ ਦਰਬਾਰੇ ਪਹੁੰਚ, ਲੋਕਾਂ ਵਿੱਚ ਵਧ ਰਿਹਾ ਤਣਾਅ ਆਦਿ ਸ਼ਾਮਲ ਹਨ। ਦੇਸ ਵਿੱਚ ਲਾਗੂ ਹੋ ਰਹੀਆਂ ਸਮਾਜਿਕ-ਆਰਥਿਕ ਵਿਕਾਸ ਦੇ ਨਾਂ ਤੇ ਨਵੀਆਂ ਸਕੀਮਾਂ ਦਾ ਅਸਰ ਕੁਝ ਥਾਂਵਾਂ ਤੱਕ ਹੀ ਸੀਮਿਤ ਰਹਿ ਜਾਣ ਕਰਕੇ, ਪੜ੍ਹਿਆ ਲਿਖਿਆ ਅਤੇ ਅਨਪੜ੍ਹ ਖਾਸ ਕਰਕੇ ਪੇਂਡੂ ਨੌਜਵਾਨ ਆਪਣੀਆਂ ਆਸਾਂ ਦੀ ਪੂਰਤੀ ਨਾ ਹੋ ਸਕਣ ਕਾਰਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਿਆ ਹੈ। ਨੌਜਵਾਨ ਵਰਗ ਰੁਜ਼ਗਾਰ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਵਿਹਲ ਤੋਂ ਅੱਕਿਆ ਅਤੇ ਭਵਿੱਖ ਪ੍ਰਤੀ ਨਿਰਾਸ਼ ਹੋਕੇ ਨਸ਼ਿਆਂ ਦੇ ਜਾਲ ਵਿੱਚ ਫਸ ਰਿਹਾ ਹੈ। ਸਾਡੇ ਸਮਾਜ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਮੰਗਣੀ, ਵਿਆਹ, ਨੌਕਰੀ, ਰਿਟਾਇਰਮੈਂਟ ਆਦਿ ਕੋਈ ਵੀ ਰਸਮ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ। ਅੱਜ ਸ਼ਾਇਦ ਹੀ ਕੋਈ ਸ਼ਹਿਰ, ਪਿੰਡ, ਗਲੀ, ਮੁਹੱਲਾ ਅਜਿਹਾ ਬਚਿਆ ਹੋਵੇ ਜਿੱਥੇ ਨਸ਼ਿਆਂ ਦੀ ਭਰਮਾਰ ਨਾ ਹੋਵੇ। ਨੌਜਵਾਨ ਪੀੜ੍ਹੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੇ ਨਸ਼ਿਆਂ ਦੀ ਵਰਤੋਂ ਦਾ ਰੁਝਾਨ ਜ਼ਿਆਦਾ ਹੈ। ਨੌਜਵਾਨ ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਵੀ ਨਸ਼ੇ ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ। ਇੱਕ ਗੈਰ ਸਰਕਾਰੀ ਸੰਗਠਨ ਵਲੋਂ ਸਿਹਤ ਵਿਭਾਗ ਪੰਜਾਬ ਅਤੇ ਸਮਾਜਿਕ ਨਿਆਏ ਮੰਤਰਾਲਿਆ ਲਈ ਨਸ਼ਿਆਂ ਦੀ ਵਰਤੋਂ ਸਬੰਧੀ ਪੰਜਾਬ ਦੇ ਲੱਗਭੱਗ 10 ਜਿਲਿਆਂ ਬਠਿੰਡਾ, ਫਿਰੋਜਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜ¦ਧਰ, ਕਪੂਰਥਲਾ, ਮੋਗਾ, ਪਟਿਆਲਾ, ਸੰਗਰੂਰ, ਤਰਨਤਾਰਨ ਆਦਿ ਵਿੱਚ ਫਰਵਰੀ ਤੋਂ ਅਪ੍ਰੈਲ 2015 ਤੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਮਾਜਿਕ ਸੁਰਖਿਆ ਵਿਭਾਗ ਪੰਜਾਬ ਵਲੋਂ ਸਾਲ 2009 ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੌਰਟ ਵਿੱਚ ਦਿਤੇ ਗਏ ਐਫੀਡੈਵਿਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ 16 ਫਿਸਦੀ ਲੋਕ ਗੰਭੀਰ ਨਸ਼ਿਆਂ ਦੇ ਆਦੀ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵਲੋਂ ਐਚ ਆਈ ਵੀ/ ਏਡਜ਼ ਕੰਟਰੋਲ ਲਈ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿੱਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਬਾਕੀ ਨਸ਼ਿਆਂ ਦੇ ਨਾਲ ਨਾਲ ਪੰਜਾਬ ਵਿੱਚ ਟੀਕਿਆਂ ਦੁਆਰਾ ਨਸ਼ਾ ਕਰਨ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ ਜੋਕਿ ਪੰਜਾਬ ਵਿੱਚ ਐਚ ਆਈ ਵੀ/ਏਡਜ਼ ਫੈਲਣ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਕਈ ਰਾਜਾਂ ਵਿੱਚ ਸਰਕਾਰ ਦੀ ਕਮਾਈ ਦਾ ਮੁੱਖ ਸਾਧਨ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਹੈ ਜਿਸ ਕਾਰਨ ਸ਼ਰਾਬ ਵਰਗੇ ਨਸ਼ੇ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਪਿਛਲੇ ਕੁੱਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਸ਼ਰਾਬ ਦੇ ਪਿਆਕੜਾਂ ਦੀ ਗਿਣਤੀ ਵਿੱਚ ਹੀ ਅਥਾਹ ਵਾਧਾ ਹੋਇਆ ਹੈ। ਇਸਦਾ ਅੰਦਾਜ਼ਾ ਰਾਜ ਸਰਕਾਰ ਨੂੰ ਨਸ਼ੇ ਦੀ ਵਿਕਰੀ ਤੋਂ ਮਿਲਣ ਵਾਲੇ ਟੈਕਸਾਂ ਤੋਂ ਲਾਇਆ ਜਾ ਸਕਦਾ ਹੈ। ਪੰਜਾਬ ਵਿੱਚ ਔਸਤਨ ਹਰ ਪੰਜਾਬੀ ਇੱਕ ਸਾਲ ਵਿੱਚ 12 ਬੋਤਲਾਂ ਸ਼ਰਾਬ ਦੀਆਂ ਪੀਂਦਾ ਹੈ ਅਤੇ ਸ਼ਰਾਬ ਦੀ ਵਰਤੋਂ ਲਈ ਪੰਜਾਬ ਦਾ ਲੁਧਿਆਣਾ ਜਿਲ੍ਹਾ ਸਭਤੋਂ ਮੋਹਰੀ ਹੈ। ਅੱਜ ਸਮਾਜ ਨਸ਼ੇ ਦਾ ਮਾਨਸਿਕ ਤੌਰ ’ਤੇ ਗੁਲਾਮ ਬਣ ਚੁੱਕਿਆ ਹੈ ਪਰ ਇਸ ਮਾਨਸਿਕ ਗੁਲਾਮੀ ਦਾ ਫਾਇਦਾ ਉਠਾ ਕੇ ਸਰਕਾਰ ਵੱਲੋਂ ਹੀ ਸ਼ਰੇਆਮ ਨਸ਼ੇ ਦਾ ਵਪਾਰ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ ਹੈ। ਚੌਣ ਆਯੋਗ ਵਲੋਂ ਚੌਣਾਂ ਦੌਰਾਨ ਇਸ ਸਬੰਧੀ ਕੀਤੀ ਜਾਂਦੀ ਸੱਖਤੀ ਦਾ ਕਾਫੀ ਅਸਰ ਵੇਖਣ ਨੂੰ ਮਿਲਦਾ ਹੈ ਪਰੰਤੂ ਚੌਣਾਂ ਤੋ ਬਾਦ ਫਿਰ ਇਹ ਕੰਮ ਖੁੱਲੇ ਤੋਰ ਤੇ ਚੱਲਦਾ ਹੈ। ਪੁਲਿਸ ਵਲੋਂ ਆਏ ਦਿਨ ਨਸ਼ਿਆਂ ਸਬੰਧੀ ਦਰਜ਼ ਕੀਤੇ ਜਾਂਦੇ ਮਾਮਲੇ ਆਟੇ ਵਿੱਚ ਲੂਣ ਦੇ ਬਰਾਬਰ ਹੀ ਹਨ ਪਰ ਇਹ ਮਾਮਲੇ ਇਹ ਸਾਬਤ ਕਰਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦੀ ਹੋ ਰਹੀ ਸਪਲਾਈ ਤੇ ਵਰਤੋਂ ਖਤਰਨਾਕ ਪੱਧਰ ਤੇ ਪਹੁੰਚ ਚੁੱਕੀ ਹੈ। ਨਸ਼ਿਆਂ ਦੇ ਗੈਰ ਕਨੂੰਨੀ ਵਪਾਰ ਵਿੱਚ ਸ਼ਾਮਲ ਕੁੱਝ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਣ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਕੰਮ ਵਿੱਚ ਕਈ ਉਚ ਅਧਿਕਾਰੀ ਵੀ ਜੁੜ੍ਹੇ ਹੋਏ ਹਨ। ਬੇਸ਼ੱਕ ਸਰਕਾਰ ਵਲੋਂ ਇਸ ਸਮੱਿਸਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰੰਤੁ ਨਸ਼ਿਆਂ ਦੇ ਕਾਰੋਬਾਰ ਵਿੱਚ ਕੋਈ ਖਾਸ ਕਮੀ ਨਜ਼ਰ ਨਹੀਂ ਆ ਰਹੀ ਹੈ। ਸਰਕਾਰ ਵਲੋਂ ਇਸ ਸਬੰਧੀ ਕੀਤੀ ਜਾ ਰਹੀ ਸੱਖਤੀ ਅਤੇ ਕਾਨੂੰਨੀ ਕਾਰਵਾਈ ਦਾ ਵੀ ਜਿਆਦਾ ਅਸਰ ਵੇਖਣ ਨੂੰ ਨਹੀਂ ਮਿਲ਼ ਰਿਹਾ ਹੈ ਕਿਉਂਕਿ ਦੂਰ ਦੁਰਾਡੇ ਇਲਾਕਿਆਂ ਤੋਂ ਵਿਭਾਗ ਦੀ ਨਜ਼ਰ ਅਜੇ ਵੀ ਦੂਰ ਹੈ ਅਤੇ ਕਈ ਵਿਅਕਤੀ ਰਾਜਨੀਤੀਵਾਨਾਂ ਅਤੇ ਅਧਿਕਾਰੀਆਂ ਦੀ ਮਿਲੀਭੁੱਗਤ ਨਾਲ ਬਿਨਾਂ ਕਿਸੇ ਡਰ ਦੇ ਅਪਣਾ ਧੰਦਾ ਕਰ ਰਹੇ ਹਨ। ਜ਼ਿਆਦਾਤਰ ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਕਾਰਨ ਜਾਂ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ। ਜੇਕਰ ਸਰਕਾਰ ਅਤੇ ਬੁੱਧੀਜੀਵੀ ਵਰਗ ਨੇ ਅਜੇ ਵੀ ਇਸ ਸਮੱਸਿਆ ਵੱਲ ਧਿਆਨ ਨਾਂ ਦਿਤਾ ਤਾਂ ਆਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ। ਜਰੂਰਤ ਹੈ ਕਿ ਸਰਕਾਰ ਦੇ ਨਾਲ ਨਾਲ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂ ਅਤੇ ਪਾਰਟੀਆਂ ਇਸ ਸਮੱਸਿਆ ਤੋਂ ਲੋਕਾਂ ਨੂੰ ਬਚਾਉਣ ਲਈ ਖੁੱਲਕੇ ਅੱਗੇ ਆਣ ਤੇ ਇਸ ਤਰਾਂ ਦੇ ਧੰਦੇ ਵਿੱਚ ਲੱਗੇ ਵਿਅਕਤੀਆਂ ਜੋਕਿ ਅਕਸਰ ਉਪਰ ਤੱਕ ਪਹੁੰਚ ਰੱਖਦੇ ਹਨ ਦਾ ਖੁੱਲਕੇ ਵਿਰੋਧ ਕੀਤਾ ਜਾਵੇ ਤਾਂ ਜੋ ਦੇਸ ਅਤੇ ਸਮਾਜ ਨੂੰ ਨਸ਼ਾ ਮੁੱਕਤ ਬਣਾਇਆ ਜਾਵੇ ਤਾਂ ਹੀ ਇਸ ਦਿਨ ਨੂੰ ਮਨਾਉਣ ਦਾ ਅਸਲੀ ਮੰਤਬ ਪੂਰਾ ਹੋਵੇਗਾ।

WRITTEN BY