ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀ ਮੌਤ ਦੀਆਂ ਕੁਝ ਦਿਨਾਂ ਤੋਂ ਅਖਬਾਰਾਂ ਵਿੱਚ ਆ ਰਹੀਆਂ ਖਬਰਾਂ ਨੇ ਕਾਂਗਰਸ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤੇ ਸਵਾਲੀਆਂ ਚਿੰਨ੍ਹ ਲਾ ਦਿੱਤੇ ਹਨ।ਬੀਤੀ 22 ਜੂਨ ਨੂੰ ਛੇਹਰਟਾ ਦੀ ਪੁਰਾਣੀ ਸਬਜ਼ੀ ਮੰਡੀ ਸਥਿਤ ਇੱਕ ਘਰ ਵਿੱਚ ਦੋ ਦੋਸਤਾਂ ਨੇ ਨਸ਼ੇ ਦੀ ਵੱਧ ਮਾਤਰਾ ਲੈ ਲਈ ਤੇ ਉਨ੍ਹਾਂ ਦੀ ਮੌਤ ਹੋ ਗਈ,ਇਸੇ ਤਰ੍ਹਾਂ ਹੀ 23 ਜੂਨ ਨੂੰ ਕੋਟਕਪੂਰਾ ਦੇ ਜੀਵਨ ਨਗਰ ਸਥਿਤ ਇੱਕ ਖਾਲੀ ਪਲਾਟ ਵਿੱਚ ਨੌਜਵਾਨ ਦੀ ਲਾਸ਼ ਪਾਈ ਗਈ ਜਿਸ ਦੀ ਵੀਡਿਓ ਵੀ ਸੋਸ਼ਲ ਮੀਡੀਆਂ ਤੇ ਵਾਇਰਲ ਹੋਈ ਹੈ।ਉਕਤ ਨੌਜਵਾਨ ਦੇ ਹੱਥ ਵਿੱਚ ਨਸ਼ਾ ਪਾਇਆ ਗਿਆ।ਇਨ੍ਹਾਂ ਘਟਨਾਵਾਂ ਤੋਂ ਇਲਾਵਾਂ ਹੋਰ ਵੀ ਅਨੇਕਾਂ ਨੌਜਵਾਨ ਨਸ਼ੇ ਕਾਰਨ ਮੌਤ ਦੀ ਲਪੇਟ ਵਿੱਚ ਆ ਗਏ ਹਨ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੀ ਕਾਂਗਰਸ ਸਰਕਾਰ ਇਸ ਸਭ ਤੋਂ ਅੱਖਾਂ ਮੀਚ ਕੇ ਪਾਸਾ ਵੱਟ ਗਈ ਅਤੇ ਵੋਟਾਂ ਤੋਂ ਪਹਿਲਾਂ ਚਾਰ ਹਫਤਿਆਂ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਖਾਧੀ ਸਹੁੰ ਨੂੰ ਸਰਕਾਰ ਬਣਦਿਆਂ ਹੀ ਕੈਪਟਨ ਸਾਹਿਬ ਸੁਪਨਾ ਸਮਝ ਕੇ ਭੁੱਲ ਗਏ।ਪਰ ਇਨ੍ਹਾਂ ਘਟਨਾਵਾਂ ਨੇ ਆਮ ਲੋਕਾਂ ਦੀ ਸੋਚ ਉਪਰ ਡੂੰਘਾ ਅਸਰ ਕੀਤਾ ਤੇ ਆਮ ਲੋਕ ਅੱਜ ਕੈਪਟਨ ਸਾਹਿਬ ਨੂੰ ਸਵਾਲ ਕਰਦੇ ਨਜ਼ਰ ਆ ਰਹੇ ਹਨ।ਉਹ ਜਾਣਨਾ ਚਾਹੁੰਦੇ ਹਨ ਕਿ ਵੋਟਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਅਕਾਲੀ ਦਲ ਦੇ ਨੇਤਾ ਮਜੀਠੀਆਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਾ ਕੇ ਨਸ਼ੇ ਦੇ ਵਪਾਰੀਆ ਨੂੰ ਜੇਲ੍ਹਾਂ ਵਿੱਚ ਸੁੱਟਣ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆ ਹੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਕੈਪਟਨ ਸਾਹਿਬ ਵੱਲੋਂ ਪੰਜਾਬ ‘ਚੋਂ ਨਸ਼ਾ ਅਤੇ ਗੈਂਗਸਟਰਾਂ ਦੇ ਖਤਮੇ ਦੇ ਕੀਤੇ ਜਾ ਰਹੇ ਦਾਅਵੇ ਅੱਜ ਖੋਖਲੇ ਸਾਬਤ ਹੋ ਰਹੇ ਹਨ।ਕਾਂਗਰਸ ਸਰਕਾਰ ਆਪਣੇ ਡੇਢ ਸਾਲਾਂ ਦੇ ਲੰਮੇ ਸਫਰ ਵਿੱਚ ਪੰਜਾਬ ਅੰਦਰੋਂ ਨਸ਼ਾ ਖਤਮ ਨਹੀਂ ਕਰ ਸਕੀ।ਪਰ ਇੱਥੇ ਸੋਚਣ ਵਾਲੀ ਇਹ ਵੀ ਗੱਲ ਹੈ ਕਿ ਅੱਜ ਅਕਾਲੀ ਦਲ ਸੱਤਾ ਵਿੱਚ ਨਹੀਂ ਹੈ ਤੇ ਕਾਂਗਰਸ ਸਰਕਾਰ ਦੇ ਡੇਢ ਸਾਲਾਂ ਦੇ ਰਾਜ ਦੌਰਾਨ ਕਿਸੇ ਵੀ ਨੇਤਾ ਨੇ ਪੰਜਾਬ ਵਿੱਚ ਝੁੱਲ ਰਹੀ ਨਸ਼ੇ ਦੀ ਹਨੇਰੀ ਸਬੰਧੀ ਮਜੀਠੀਏ ਜਾਂ ਕਿਸੇ ਹੋਰ ਵਿਰੋਧੀ ਆਗੂ ਖਿਲਾਫ ਬਿਆਨ ਨਹੀਂ ਦਿੱਤਾ ਜਿਸ ਤੋਂ ਇੰਝ ਜਾਪ ਰਿਹਾ ਹੈ ਕਿ ਹੁਣ ਅਕਾਲੀ ਦਲ ਨਾਲ ਸਬੰਧਿਤ ਨਸ਼ੇ ਦੇ ਸੌਦਾਗਰ ਚੁੱਪ ਬੈਠ ਗਏ ਹਨ ਜਾਂ ਫਿਰ ਉਨ੍ਹਾਂ ਦੇ ਧੰਦਿਆ ‘ਤੇ ਕਾਂਗਰਸ ਸਰਕਾਰ ਦੇ ਆਗੂਆਂ ਨੇ ਕਬਜਾ ਕਰ ਲਿਆ ਹੈ,ਇਹ ਗੱਲ ਆਮ ਲੋਕ ਸ਼ਾਰੇਆਮ ਕਹਿੰਦੇ ਨਜ਼ਰ ਆ ਰਹੇ ਹਨ।ਆਮ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੁਲਿਸ ਅਧਿਕਾਰੀਆਂ ਤੋਂ ਵੀ ਨਸ਼ੇ ਵਿਕਾ ਰਹੀ ਹੈ,ਜਿਸ ਦਾ ਤਾਜਾ ਸਬੂਤ ਕੋਟਕਪੂਰਾ ਦੀ ਘਟਨਾ ਹੈ।ਕੋਟਕਪੂਰਾ ਦੇ ਇੱਕ ਨੌਜਵਾਨ ਨੇ ਆਡੀਓ ਵਾਇਰਲ ਕਰਕੇ ਕਿਹਾ ਹੈ ਕਿ ਪ੍ਰੇਮ ਨਗਰ ਵਿੱਚ ਕੁਝ ਨੌਜਵਾਨ ਚਿੱਟਾ ਵੇਚਦੇ ਹਨ ਜਦ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਸਾਨੂੰ ਤਾਂ ਪੁਲਿਸ ਵਾਲੇ ਵੇਚਣ ਲਈ ਦੇ ਕੇ ਜਾਂਦੇ ਹਨ ਤੇ ਅਸੀਂ ਵੇਚ ਰਹੇ ਹਾਂ।ਪੁਲਿਸ ਕਿਉਂ ਤੇ ਕਿਸ ਲਈ ਨਸ਼ਾ ਵਿਕਾ ਰਹੀ ਹੈ ਇਸ ਗੱਲ ਤੋਂ ਸਭ ਜਾਣੂ ਹਨ ਪਰ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਸਾਹਿਬ ਦੱਸਣ ਹੁਣ ਪੰਜਾਬ ਵਿੱਚ ਨਸ਼ਾ ਕਿੱਥੋਂ,ਕਿਵੇਂ ਆ ਰਿਹਾ ਹੈ ਤੇ ਇਸ ਨੂੰ ਕੌਣ ਵਿਕਾ ਰਿਹਾ ? ਜੇਕਰ ਨਸ਼ਾ ਕੋਈ ਵਿਰੋਧੀ ਪਾਰਟੀ ਦਾ ਵੱਡਾ ਲੀਡਰ ਜਾਂ ਆਗੂਆਂ ਵਿਕਾ ਰਿਹਾ ਹੈ ਤਾਂ ਉਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ? ਜੇਕਰ ਹੁਣ ਨਸ਼ਾ ਕਾਂਗਰਸ ਜਾਂ ਤੁਹਾਡੀ ਸ਼ੈਅ ‘ਤੇ ਵਿੱਕ ਰਿਹਾ ਹੈ ਤਾਂ ਇਸ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਦਿੱਤਾ ਜਾਵੇ ਕਿਉਂਕਿ ਅੱਜ ਨਸ਼ੇ ਦੀ ਵਿਕਰੀ ਅਕਾਲੀ ਸਰਕਾਰ ਦੇ ਸਮੇਂ ਨਾਲੋਂ ਕੀਤੇ ਜਿਆਦਾ ਦੁਗਣੀ ਹੋ ਗਈ ਹੈ।ਆਏ ਦਿਨ ਹੀ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ ਜਾਂ ਫਿਰ ਲੁੱਟਾਂ-ਖੋਹਾਂ ਤੇ ਕਤਲਾਂ ਵੱਲ ਵੱਧ ਰਹੇ ਹਨ।
ਹੁਣ ਪੰਜਾਬ ’ਚ ਨਸ਼ਾ ਕੌਣ ਵਿਕਾ ਰਿਹਾ ਹੈ?



