Skip to content
Independent perspectives. Global stories.
BREAKING

ਪ੍ਰਵਾਸੀ ਭਾਰਤੀਆਂ ਨੂੰ ਮਾਣ-ਸਨਮਾਨ ਮਿਲੇ

Share this story

ਵਿਦੇਸ਼ਾਂ ’ਚ ਪ੍ਰਵਾਸ ਕਰਕੇ ਗਏ ਭਾਰਤੀ ਦੇਸ਼ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪ੍ਰਵਾਸੀ ਭਾਰਤੀਆਂ ਵੱਲੋਂ ਵਤਨ ਨੂੰ ਭਾਰੀ ਆਰਥਿਕ ਮਦਦ ਭੇਜੀ ਜਾਂਦੀ ਹੈ। ਵਿਦੇਸ਼ਾਂ ਤੋਂ ਆਪਣੇ ਘਰੀਂ ਪੈਸਾ ਭੇਜਣ ਵਾਲਿਆਂ ’ਚ ਭਾਰਤੀਆਂ ਦਾ ਸੰਸਾਰ ’ਚੋਂ ਪਹਿਲਾ ਨੰਬਰ ਹੈ।ਪਿਛਲੇ 26 ਸਾਲਾਂ ’ਚ ਭਾਰਤੀਆਂ ਵਲੋਂ ਆਪਣੇ ਦੇਸ਼ ਭੇਜਿਆ ਗਿਆ ਪੈਸਾ ਹੁਣ 22 ਗੁਣਾ ਵਧ ਗਿਆ ਹੈ। ਵਰਲਡ ਬੈਂਕ ਦੀ ਤਾਜ਼ਾ ਮਾਈਗ੍ਰੇਸ਼ਨ ਰਿਪੋਰਟ ਮੁਤਾਬਕ 2017 ’ਚ ਦੇਸ਼ ਤੋਂ ਬਾਹਰ ਰਹਿ ਰਹੇ ਭਾਰਤੀਆਂ ਨੇ ਕੁਲ 69 ਅਰਬ ਡਾਲਰ ਯਾਨੀ ਕਿ 4.68 ਲਖ ਕਰੋੜ ਰੁਪਏ ਆਪਣੇ ਘਰੀਂ ਭੇਜੇ।ਕੁਲ ਭੇਜੀ ਗਈ ਰਕਮ ’ਚੋਂ 40 ਫੀਸਦੀ ਇਕਲੇ ਕੇਰਲ ’ਚ ਆਈ। ਪ੍ਰਵਾਸੀ ਭਾਰਤੀ ਵੱਲੋਂ ਭੇਜਿਆ ਗਿਆ ਇਹ ਪੈਸਾ ਭਾਰਤ ਦੇ 2018-19 ਦੇ ਰਖਿਆ ਬਜ਼ਟ ਤੋਂ 1.5 ਗੁਣਾ ਹੈ।ਵਤਨ ਪੈਸਾ ਭੇਜਣ ਦੇ ਮਾਮਲੇ ਵਿੱਚ ਭਾਰਤ ਤੋਂ ਬਾਅਦ ਚੀਨ, ਫਿਲਪਾਈਨਜ਼, ਮੈਕਸੀਕੋ, ਨਾਈਜੀਰੀਆ ਤੇ ਮਿਸਰ ਦਾ ਨੰਬਰ ਆਉਂਦਾ ਹੈ। ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡਵੈਲਪਮੈਂਟ ਦੇ ਪ੍ਰੈਜ਼ੀਡੇਂਟ ਗਿਲਬਰਟ ਹੋਉਂਗਬੋ ਕਹਿੰਦੇ ਹਨ ਕਿ ਹੈਰਾਨੀ ਦੀ ਗਲ ਇਹ ਹੈ 2015 ਦੇ ਮੁਕਾਬਲੇ 2018 ’ਚ ਕੰਮ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੰਖਿਆਂ 34 ਫੀਸਦੀ ਘਟ ਗਈ ਹੈ ਪਰ ਭਾਰਤ ਭੇਜੇ ਜਾ ਰਹੇ ਪੈਸਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀਆਂ ਦੇ ਪ੍ਰਵਾਸ ਕਾਰਨ ਭਾਰਤ ਨੂੰ ਕੇਵਲ ਆਰਥਿਕ ਮਦਦ ਹੀ ਨਹੀਂ ਮਿਲੀ ਸਗੋਂ ਇਸ ਨਾਲ ਸਮਾਜਿਕ ਤੌਰ ’ਤੇ ਵੀ ਵੱਡਾ ਲਾਭ ਹੋਇਆ ਹੈ। ਭਾਰਤ ਵਿੱਚ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਕਾਰਨ ਹੀ ਪ੍ਰਵਾਸੀ ਭਾਰਤੀਆਂ ਨੂੰ ਆਪਣਾ ਵਤਨ ਛੱਡਣਾ ਪਿਆ। ਜ਼ਿਆਦਾਤਰ ਪ੍ਰਵਾਸੀ ਭਾਰਤੀ ਵਿਦੇਸ਼ਾਂ ਵਿੱਚ ਸ਼ਾਨਦਾਰ ਜ਼ਿੰਦਗੀ ਜੀਅ ਰਹੇ ਹਨ। ਸਖਤ ਮਿਹਨਤ ਨਾਲ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਆਪਣੀ ਕਮਾਈ ਨਾਲ ਉਹ ਭਾਰਤ ਵਿੱਚ ਰਹਿ ਰਹੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਮਦਦ ਭੇਜਦੇ ਰਹਿੰਦੇ ਹਨ। ਪ੍ਰਵਾਸੀ ਭਾਰਤੀਆਂ ਨੇ ਵਤਨ ਵਿੱਚ ਪੂੰਜੀ ਨਿਵੇਸ਼ ਵੀ ਕੀਤਾ ਹੋਇਆ ਹੈ। ਪੰਜਾਬ ਵਿੱਚੋਂ ਹੀ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਗਏ ਹਨ। ਪ੍ਰਵਾਸੀ ਪੰਜਾਬੀਆਂ ਨੇ ਪੰਜਾਬ ਵਿੱਚ ਵੀ ਆਪਣੇ ਕਾਰੋਬਾਰ ਖੜ੍ਹੇ ਕੀਤੇ ਹੋਏ ਹਨ। ਉਨ੍ਹਾਂ ਦਾ ਇਹ ਯੋਗਦਾਨ ਬਹੁਤ ਮਿਸਾਲੀ ਹੈ। ਇਸ ਨਾਲ ਇਥੇ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਬੜੇ ਦੁੱਖ ਦੀ ਗੱਲ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਵਤਨ ਵਿੱਚ ਹੀ ਯੋਗ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਅਤੇ ਕਾਰੋਬਾਰਾਂ ’ਤੇ ਕਬਜ਼ਾ ਆਮ ਗੱਲ ਹੈ। ਪ੍ਰਵਾਸੀ ਭਾਰਤੀਆਂ ਨੂੰ ਹਵਾਈ ਅੱਡਿਆਂ ਉਪਰ ਵੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਕਈ ਵਾਰ ਪੁਲਿਸ ਵੱਲੋਂ ਵੀ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਇਨ੍ਹਾਂ ਹਾਲਾਤਾਂ ਕਾਰਨ ਹੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੇ ਭਾਰਤ ਵਿੱਚ ਪੂੰਜੀ ਨਿਵੇਸ਼ ਕਰਨਾ ਬੰਦ ਕਰ ਦਿੱਤਾ ਹੈ। ਉਹ ਹੁਣ ਵਤਨ ਵੀ ਘੱਟ-ਵੱਧ ਹੀ ਆਉਂਦੇ ਹਨ। ਇਹ ਸਥਿਤੀ ਹੌਲੀ-ਹੌਲੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਵਾਸੀ ਭਾਰਤੀਆਂ ਦੇ ਮਾਣ-ਸਤਿਕਾਰ ਦੀ ਕਾਇਮੀ ਲਈ ਕਦਮ ਚੁੱਕਣ। ਉਨ੍ਹਾਂ ਦੀਆਂ ਜਾਇਦਾਦਾਂ ਅਤੇ ਕਾਰੋਬਾਰ ਉਪਰ ਕਬਜ਼ੇ ਵਿਰੁੱਧ ਸਖਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਵੀ ਰੋਕੀਆਂ ਜਾਣ। ਇਸ ਨਾਲ ਪ੍ਰਵਾਸੀ ਭਾਰਤੀ ਦੇਸ਼ ਦੀ ਤਰੱਕੀ ਵਿੱਚ ਹੋਰ ਯੋਗਦਾਨ ਪਾ ਸਕਦੇ ਹਨ।
26 ਜੂਨ 2018 – ਬਲਜੀਤ ਸਿੰਘ ਬਰਾੜ

WRITTEN BY