Skip to content
Independent perspectives. Global stories.
BREAKING

ਸਾਗਰ ਸੁਰਿੰਦਰ: ਮੈਂ ਅਜੇ ਅਦਾਕਾਰੀ ਸਿੱਖ ਰਿਹਾ ਹਾਂ…

Share this story

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਦੇਖੋ
ਯੁਵਕ ਮੇਲੇ ਦੇ ਦਿਨ੍ਹਾਂ ਵਿੱਚ ਤਾਂ ਜਿਵੇ ਉਹ ਚੰਨ ਸੂਰਜ ਨੂੰ ਜਿਵੇਂ ਕਹਿ ਕੇ ਦੋ ਦੋ ਘੰਟੇ ਪਹਿਲਾਂ ਮਗਰੋਂ ਕਰ ਲੈਂਦੇ ਹੋਵੇ। ਸਾਰਾ ਦਿਨ ਇਕ ਇਕ ਵਾਰਤਾਲਾਪ ਤੇ ਕੰਮ…ਨਾ ਅੱਕਣਾ ਨਾ ਥੱਕਣਾ…. ਸ਼ਾਮ ਦੇ ਸਮੇਂ ਉਹਦੇ ਅਦਾਕਾਰ ਵਿਦਿਆਰਥੀ ਸਕਰਿਪਟ ਨੂੰ ਐਂ ਪੜ੍ਹਦੇ ਆ ਜਿਵੇਂ ਲਿਖਣ ਵਾਲੇ ਦੀ ਆਤਮਾ ਸਮਝਦੇ ਹੋਣ। ਫਿਰ ਰਿਹਸਲ…ਫਿਰ ਰਿਹਸਲ। ਰਾਤ ਨੂੰ ਜਦੋਂ ਦੁਨੀਆਂ ਸੌਂ ਰਹੀ ਹੁੰਦੀ ਹੈ ਇਹ ਭਲਾਮਾਣਸ ਸੈਟ ਡਿਜ਼ਾਇਨ ਕਰ ਰਿਹਾ ਹੁੰਦੈ। ਜੇ ਐਂ ਨਾ ਕਰੇ ਫਿਰ ਮੁਰਦਾ ਰੂਹਾਂ ਵਿੱਚ ਜਾਨ ਕਿਵੇਂ ਪਵੇਗੀ। ਜੇ ਉਸ ਦੇ ਕੰਮ ਨੂੰ ਕੋਈ ਉਸ ਕੋਲ ਰਹਿ ਕੇ ਵੇਖੇ ਸ਼ਾਇਦ ਉਸਤੋਂ ਆਪਾ ਵਾਰ ਦੇਵੇ। ਉਸ ਦੇ ਕਈ ਪਾਤਰ ਤਾਂ ਜਿਵੇਂ ਮੇਰੇ ਅੰਦਰ ਐਨੇ ਘਰ ਕਰ ਗਏ ਉਨ੍ਹਾਂ ਦੀ ਅਦਾਕਾਰੀ ਤੋਂ ਆਪਣੀ ਉਮਰ ਵਾਰ ਦੇਵ ਨੂੰ ਜੀਅ ਕਰਦਾ। ਕੁਝ ਘਟਨਾਵਾਂ ਹਨ ਜਿੰਨਾਂ ਨਾਲ ਉਹਦਾ ਕੰਮ ਬੋਲੇਗਾ। ਉਹਨੇ ਕਈ ਵਰੇ ਪਹਿਲਾਂ ਇੱਕ ਨਾਟਕ ਤਿਆਰ ਕੀਤਾ ‘ਬਾਬਾ ਬੰਤੂ।’ ਹੈਰਾਨ ਕਰ ਦੇਣ ਵਾਲੀ ਪੇਸ਼ਕਾਰੀ। ਉਸ ਪੇਸ਼ਕਾਰੀ ਵਿੱਚ ਚੁੱਪ ਵੀ ਝਾਂਜਰਾਂ ਪਾਈ ਫਿਰਦੀ ਸੀ। ਖਲਾਅ ਵੀ ਕੁਝ ਕਹਿ ਰਿਹਾ ਸੀ। ਅਦਾਕਾਰ ਜਿਵੇਂ ਕਿਸੇ ਕਾਰੀਗਰ ਨੇ ਸੈਣ ਤੇ ਲਾਏ ਹੋਣ। 440 ਵੋਲਟੇਜ ਦੇ ਕਰੰਟ ਵਾਲੇ। ਇਸ ਨਾਟਕੇ ਵਿੱਚ ਇੱਕ ਸਾਉ ਜੇ ਮੁੰਡੇ ਤੋਂ ਉਸਨੇ ਅਦਾਕਾਰੀ ਕਰਵਾਈ, ਨਾਟਕ ਵਿੱਚ ਉਸਨੇ ਬਿਹਾਰੀ ਦਾ ਰੋਲ ਅਦਾ ਕੀਤਾ। ਸੱਚ ਜਾਣਿਓਂ ਮੈਂਨੂੰ ਦੋ ਸਾਲਾਂ ਬਾਅਦ ਆਪਣੇ ਵਿਭਾਗ ਚੋਂ ਪਤਾ ਚੱਲਿਆ ਕਿ ਉਹਦਾ ਨਾਂ ਤਾਂ ਗੁਰਪ੍ਰੀਤ ਸਿੰਘ ਆ। ਸ਼ਾਇਦ ਉਸਦੀ ਉਸ ਅਦਾਕਾਰੀ ਨੂੰ ਮਾਣਨ ਵਾਲਿਆ ਦਾ ਉਹ ਸਾਰੀ ਉਮਰ ਬਿਹਾਰੀ ਰਹੇ। ਉਹ ਬਿਹਾਰੀ ਦਾ ਰੋਲ ਕਰਦਾ ਮਨ ’ਚ ਹੀ ਇੰਨਾ ਡੂੰਘਾ ਉਤਰ ਗਿਆ ਕਿ ਉਮਰ ਭਰ ਯਾਦ ਰਹੂ। ਇਹ ਬਿਹਾਰੀ ਨਹੀਂ ਅਸਲ ਵਿੱਚ ਉਹਨੂੰ ਤਿਆਰ ਕਰਨ ਵਾਲਾ ਸਾਗਰ ਹੈ, ਜਿਸਨੇ ਉਸਨੂੰ ਜਿਉਂਦਾ ਕੀਤਾ।
ਨਾਟਕ ਦੀ ਤਿਆਰੀ ਸਮੇਂ ਅਦਾਕਾਰਾਂ ਦੀ ਵਰਦੀ ਤਿਆਰ ਕਰਨੀ ਸੀ, ਵਿਚਾਰਾ ਇਹ ਸਾਊ ਜਾ ਮੁੰਡਾ ਵੀ ਵਰਦੀ ਪਾ ਕੇ ਖੜ ਗਿਆ। ਗੁੱਸੇ ਵਿੱਚ ਆਇਆ ਉਹ ਬਿਹਾਰੀ ਦੇ ਰੋਲ ਕਰਨ ਵਾਲੇ ਇਸ ਮੁੰਡੇ ਨੂੰ ਕਹਿੰਦਾ ਠਸਾ…ਅ..ਲਿ… ਇਹ ਵਰਦੀ ਪਾਏਗਾ, ਇਹ ਪਾ ਕੇ ਕੀ ਲੱਗੇਗਾ, ਬੇ.ਅ.ਕ.ਲ. ਨਾ ਹੋਵੇ।ੂ ਦੋ ਮਿੰਟ ਦੇ ਸ਼ਨਾਟੇ ਤੋਂ ਬਾਅਦ ਫਿਰ ਬੋਲਦਾ ਹੈ, ‘ਬਾਈ… ਤੈਂ ਬਿਹਾਰੀ ਦਾ ਰੋਲ ਕਰਨੈਂ ਉਸ ਹਿਸਾਬ ਨਾਲ ਕੱਪੜੇ ਲਿਆ। ਬਿਹਾਰੀ ਲੱਗੇ ਨਾ ਕਿ….ਗੁਰਪ੍ਰੀਤ।ੂ ਪਿਛਲੇ ਸਾਲ ਜਦੋਂ ਉਹ ਕੁਲਦੀਪ ਦੀਪ ਦੇ ਲਿਖੇ ਸਿਲਸਿਲੇ ਨਾਟਕ ਦੀ ਤਿਆਰੀ ਕਰਵਾ ਰਿਹਾ ਸੀ ਤਾਂ ਮੇਰਾ ਸਿੱਧਾ ਅਸਿੱਧਾ ਵਾਹ ਰਿਹਾ ਉਹਦੇ ਨਾਲ। ਪਤਾ ਨਹੀਂ ਉਸ ਬੰਦੇ ਨੇ ਕਿੰਨੇ ਕੁ ਵਾਰ ਨਾਟਕ ਪੜ੍ਹਿਆ। ਆਤਮਾ ਤੱਕ ਅੱਪੜ ਗਿਆ। ਕਾਲਜ ’ਚ ਪਾਤਰ ਲੱਭਣ ਤੁਰਿਆ, ਕਿੰਨੇ ਦਿਨ ਬੇਚੈਨ ਰਿਹਾ। ਅਸੀਂ ਕਈ ਅਦਾਕਾਰ ਮੁੰਡੇ ਕੁੜੀਆਂ ਲੱਭੇ, ਕੋਈ ਮੇਚ ਨਾ ਆਵੇ। ਫਿਰ ਇੱਕ ਮੁੰਡਾ ਬਿਕਰਮ ਲੱਭਿਆ ਤੇ ਬਾਅਦ ਵਿੱਚ ਹੋਰ ਕਿੰਨੇ ਬਿਕਰਮ। ਨਾਟਕ ਤਿਆਰ ਹੋਣਾ ਸ਼ੁਰੂ ਹੋਇਆ। ਐਂ ਜੇ ਲੱਗੇ ਯਾਰ ਆ ਕੀ ਆ। ਨਾਟਕ ਦੇ ਹਰੇਕ ਵਾਰਤਾਲਾਪ ਵਿੱਚ ਮੇਰਾ ਸਾ…ਲਾ, ਖੜਜਾ ਤੇਰੀ ਮੈਂ…ਭੈਂ… । ਹੋਰ ਪਤਾ ਨਹੀਂ ਕੀ ਕੀ। ਨਾਟਕ ਕਈ ਦਿਨ੍ਹਾਂ ਵਿੱਚ ਤਿਆਰ ਹੋਇਆ। ਜਦੋਂ ਦਿਖਾਇਆ3ਬੰਦਾ ਸਿੰਘ ਬਹਾਦਰ ਇੰਡੋਰ ਕੰਪਲੈਕਸ ਵਿੱਚ ਸੀਟਾਂ ਮੱਲੀ ਬੈਠੇ ਦਰਸ਼ਕ ਅਸ਼ ਅਸ਼ ਕਰ ਉਠੇ। ਉਸਦੀ ਡਾਇਰੈਕਸ਼ਨ ਬੋਲਦੀ ਸੀ। ਇਕੱਲੀ ਇਕੱਲੀ ਗੱਲ ਤੇ ਏਨਾ ਧਿਆਨ ਤਾਂ ਸ਼ਾਇਦ ਸਾਗਰ ਵਰਗਾ ਬੰਦਾ ਹੀ ਦੇ ਸਕਦੈ। ਖੇਤਰੀ ਯੁਵਕ ਮੇਲੇ ਵਿੱਚ ਜਦੋਂ ਸਟੇਜ ਤੇ ਖੇਡਿਆ ਗਿਆ ਤਾਂ ਦਰਸ਼ਕਾਂ ਦੇ ਹੰਝੂਆਂ ਦੇ ਹੜ ਆਏ ਪਏ ਸਨ। ਕਿੰਨਾ ਸਮਾਂ ਥਾਂ ਸਿਰ ਨਹੀਂ ਆਏ ਸਨ। ਉਸ ਕੋਲ ਜੁਗਤ ਹੈ ਗੱਲ ਸਮਝਾਉਣ ਦੀ। ਉਸਦੇ ਪਾਤਰ ਗੁਰਪ੍ਰੀਤ, ਮਿਊਟ, ਸੋਹੀ ਤੇ ਜਗਦੇਵ, ਮਨਪ੍ਰੀਤ ਤੇ ਬਿਕਰਮ ਨੇ ਤਾਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਇਸ ਨਾਟਕ ਦੇ ਚਰਚੇ ਪਤਾ ਨਹੀਂ ਕਿੰਨਾ ਕਿੰਨਾ ਲੋਕਾਂ ਨੇ ਕਿੱਥੇ ਕਿੱਥੇ ਕੀਤੇ ਪਰ ਮੇਰੇ ਮਿੱਤਰ ਹਠੂਰੀਏ ਦਾ ਬਾਹਰਲੇ ਮੁਲਕ ਚੋਂ ਫੋਨ ਆਇਆ। ਕਹਿੰਦਾ,‘ਦਿਲੋਂ ਕਹਿਨਾ ਬਾਈ ਕਮਾਲ ਦੀ ਪੇਸ਼ਕਾਰੀ ਸੀ। ਢਿੱਲੋਂ ਏਹਦਾ ਡਾਇਰੈਕਟਰ ਕੌਣ ਆ? ਲਿਖਿਆ ਕੀਹਨੇ ਆ?’ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਫਿਰ ਅਗਲੇ ਦਿਨ ਯੂਨੀਵਰਸਿਟੀ ਵਿੱਚੋਂ ਕਿਸੇ ਜਾਣੂ ਦਾ ਫੋਨ ਆਇਆ। ਕਹਿਣ ਲੱਗਾ, ‘ਸਾਡੇ ਕਾਲਜਾਂ ਕੋਲ ਤਾਂ ਪੈਸਾ ਹੈ ਨਹੀਂ, ਰੰਗਮਮਚ ਤਾਂ ਤੁਹਾਡਾ, ਡਾਇਰੈਕਟਰ ਕੌਣ ਆ? ਕਿੰਨੇ ਕੁ ਪੈਸੇ ਖਰਚ ਕਰ ਦਿੰਨੇ ਹੋ?’ ਹੈਰਾਨੀ ਭਰੀ ਖੁਸ਼ੀ ਹੋਈ ਪਰ ਬਜ਼ੁਰਗ ਬਾਬੇ ਦੀ ਗੱਲ ਫਿਰ ਯਾਦ ਆਈ, ‘ਕੋਈ ਕਲਾ ਦਾ ਮੁੱਲ ਵੀ ਪਾ ਸਕਦਾ।’ ਏਹੀ ਨਾਟਕ ਜਦੋਂ ਯੂਨੀਵਰਸਿਟੀ ਦੀ ਸਟੇਜ ਤੇ ਖੇਡਿਆ ਗਿਆ ਤਾਂ ਆਖਰੀ ਪਲਾਂ ਵਿੱਚ ਦਰਸ਼ਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੀ ਆਪਣੀ ਥਾਂ ਤੇ ਖੜੋ ਕੇ, ਪਾਤਰਾਂ, ਸਕਰਿਪਟ ਤੇ ਡਾਇਰੈਕਟਰ ਨੂੰ ਸਲਾਮ ਕੀਤੀ। ਦਰਸ਼ਕਾਂ ਵਿੱਚ ਬੈਠੇ ਬਜ਼ੁਰਗ ਕਿੰਨਾ ਸਮਾਂ ਰੋਂਦੇ ਰਹੇ। ਪੰਜਾਬ ਨਾਲ ਹਮਦਰਦੀ ਰੱਖਣ ਵਾਲੇ ਤਾਂ ਸਦਾ ਰੋਂਦੇ ਰਹਿਣਗੇ। ਉਸਦਾ ਇੱਕ ਸ਼ਾਗਿਰਦ ਬਤੌਰ ਹੀਰੋ ਸੱਗੀ ਫੁੱਲ ਫਿਲਮ ਵਿੱਚ ਅਦਾਕਾਰੀ ਕਰ ਚੁਕਿਆ ਤੇ ਹਰਮਨ ਫੁਰਤੀਲਾ ਕਈ ਫਿਲਮਾਂ ਤੇ ਗੀਤਾਂ ਦੀ ਮਾਡਲਿੰਗ ਵਿੱਚ ਲੋਹਾ ਮਨਵਾ ਚੁੱਕਿਆ ਹੈ। ਗੁਰਸੇਵਕ, ਹੀਰਾ ਸਿੰਘ ਤੇ ਅੰਮ੍ਰਿਤਪਾਲ ਵੀ ਫਿਲਮਾਂ ਵੱਲ ਹੋ ਤੁਰੇ ਹਨ। ਵੱਖ ਵੱਖ ਥਾਵਾਂ ਤੇ ਨਾਟਕਾਂ ਦੀਆਂ ਪੰਜਾਹ ਤੋਂ ਵੱਧ ਪੇਸ਼ਕਾਰੀਆਂ ਕਰਨ ਵਾਲੇ ਇਸ ਬੰਦੇ ਨੇ ਲਗਾਤਾਰ ਐਨ. ਐਸ. ਡੀ. ਦੀਆਂ ਵਰਕਸ਼ਾਪਾਂ ਲਗਾਈਆਂ ਹਨ। ਉਸ ਕੋਲ ਬੜੇ ਮੌਲਿਕ ਖਿਆਲ ਨੇ। ਵੱਡੀ ਗੱਲ ਇਹ ਹੈ ਕਿ ਉਹ ਆਪ ਸੰਗੀਤ ਤਿਆਰ ਕਰਦੈ, ਆਪ ਪਹਿਰਾਵਾ ਦੀ ਚੋਣ ਕਰਦੈ ਤੇ ਆਪ ਮੇਕਅੱਪ ਕਰਦੈ। ਡਿਪਲੋਮਾ ਹੋਣ ਕਰਕੇ ਹਰ ਖੇਤਰ ਵਿੱਚ ਮੁਹਾਰਤ ਰੱਖਦੈ। ਦਿਲ ਦਰਿਆ ਬੰਦੈ। ਆਪਣਾ ਆਪਾ ਪਾਤਰਾਂ ਤੇ ਲੁਟਾ ਦਿੰਦਾ ਹੈ। ਸੌਦੇਬਾਜ਼ੀ ਤਾਂ ਜਿਵੇਂ ਜਾਣਦਾ ਹੀ ਨਹੀਂ। ਪੈਸਿਆਂ ਦੀ ਗੱਲ ਤੁਰਦੀ ਹੈ ਤਾਂ ਕਹਿੰਦਾ ਪਹਿਲਾਂ ਮੈਂਨੂੰ ਕੰਮ ਸ਼ੁਰੂ ਕਰ ਲੈਣ ਦਿਓ। ਕੰਮ ਸ਼ੁਰੂ ਕਰਦਾ ਹੈ ਤਾਂ ਵੇਖਣ ਵਾਲਾ ਜਿੰਨੇ ਕੁ ਮੰਗਦਾ ਹੈ ਉਸਤੋਂ ਦੁੱਗਣੇ ਦੇਣ ਨੂੰ ਕਾਹਲਾ ਪੇ ਜਾਂਦਾ ਹੈ। ਇਸ ਮਾਮਲੇ ਵਿੱਚ ਉਹ ਜਮਾਂ ਵੀ ਖਰਾ ਨਹੀਂ। ਸ਼ਾਇਦ ਇਹੀ ਗੱਲ ਉਸਨੂੰ ਮਿੱਟੀ ਨਾਲ ਜੋੜੀ ਬੈਠੀ ਹੈ। ਬੋਹਾ ਖੇਤਰ ਦੇ ਕਿੰਨੇ ਮੁੰਡੇ ਕੁੜੀਆਂ ਵਿੱਚ ਉਸਨੇ ਅਦਾਕਾਰੀ ਦੀ ਰੂਹ ਭਰ ਦਿੱਤੀ ਹੈ। ਜਦੋਂ ਕਦੇ ਸ਼ਾਮ ਨੂੰ ਟੈਲੀਵਿਯਨ ਅੱਗੇ ਬੈਠ ਕੇ ਫਿਲਮਾਂ ਦੇਖੀ ਦੀਆਂ ਹਨ ਤਾਂ ਬਹੁਤ ਵਾਰ ਲੱਗਦਾ ਹੈ ਕਿ ਫਿਲਮਾਂ ਦੇ ਅਦਾਕਾਰ ਤਾਂ ਮਿੱਟੀ ਵਿੱਚ ਗੁਆਚੇ ਪਏ ਨੇ, ਕੋਈ ਲੱਭਦਾ ਹੀ ਨਹੀਂ। ਫਿਲਮ ਵੇਖਦੇ ਵੇਖਦੇ ਲੱਗਦੈ ਕਿ ਏਥੇ ਸਾਗਰ ਹੁੰਦਾ, ਮਜ਼ਾਲ ਸੀ ਇਹ ਗਲਤੀ ਹੋ ਜਾਂਦੀ। ਉਸ ਅੰਦਰ ਵੱਡਾ ਕਲਾਕਾਰ ਬੈਠਾ ਹੈ। ਜਦੋਂ ਫਿਲਮਾਂ ਵਿੱਚ ਅਦਾਕਾਰਾਂ ਦੀ ਮੰਗ ਹੋਣ ਲੱਗੀ ਤਾਂ ਸਾਗਰ ਵੀ ਲੱਭਿਆ ਜਾਵੇਗਾ। ਫਿਰ ਸਿਨੇਮਾਂ ਨਵੀ ਦਿਸ਼ਾਂ ਵੱਲ ਤੁਰੇਗਾ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਫਿਕਰਾਂ ਬਾਰੇ ਲਘੂ ਫਿਲਮਾਂ ਤਿਆਰ ਕਰਨ ਦੀ ਸੋਚ ਰਿਹਾ ਹੈ ਪਰ ਮਾੜੀ ਆਰਥਿਕਤਾ ਅਜੇ ਉਹਦਾ ਪੱਲਾ ਨਹੀਂ ਛੱਡਦੀ। ਕੋਈ ਦਰਿਆਓ ਪਾਰ ਦਾ ਪਾਰਖੂ ਆਵੇਗਾ ਇਸ ਹੀਰੇ ਨੂੰ ਛੂਹੇਗਾ ਫਿਰ ਨਵੀਂ ਆਮਦ ਹੋਵੇਗੀ। ਉਡੀਕ ਅਸੀਂ ਸਾਰੇ ਕਰਾਂਗੇ।
– ਸਮਾਪਤ

WRITTEN BY