ਰਾਤ ਦਾ ਵਕਤ ਸੀ, ਰੇਲ ਗੱਡੀ ਲਖਨਊ ਤੋਂ ਦਿੱਲੀ ਜਾ ਰਹੀ ਸੀ। ਇਕ ਸੁੰਨਸਾਨ ਸਟੇਸ਼ਨ ਤੋਂ ਕੁੱਝ ਗੁੰਡੇ ਲੁਟੇਰੇ ਗੱਡੀ ਵਿੱਚ ਸਵਾਰ ਹੋ ਗਏ। ਇਨ੍ਹਾਂ ਲੁਟੇਰਿਆਂ ਨੇ ਮੁਸਾਫਿਰਾਂ ਨੂੰ ਲੁੱਟਣਾ ਸ਼ੁਰੂ ਕੀਤਾ। ਮੁਸਾਫਿਰਾਂ ਵਿੱਚ ਇਕ 23 ਕੁ ਵਰ੍ਹਿਆਂ ਦੀ ਮੁਟਿਆਰ ਵੀ ਸ਼ਾਮਿਲ ਸੀ। ਉਸ ਬਹਾਦਰ ਕੁੜੀ ਨੇ ਇਨ੍ਹਾਂ ਲੁਟੇਰਿਆਂ ਨੂੰ ਵੰਗਾਰਿਆ ਅਤੇ ਆਪਣੀ ਗਲੇ ਵਿੱਚ ਪਹਿਨੀ ਜੰਜੀਰ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਉਨ੍ਹਾਂ ਮੁੰਡਿਆਂ ਲਈ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਨਿਹੱਥੀ ਲੜਕੀ ਉਨ੍ਹਾਂ ਨੂੰ ਵੰਗਾਰੇ। ਗੁੰਡੇ ਬਦਮਾਸ਼ ਲੋਕਾਂ ਨੇ ਹੋਰ ਮੁਸਾਫਰਾਂ ਨੂੰ ਡਰਾਉਣ ਖਾਤਰ ਉਸ ਕੁੜੀ ਨੂੰ ਚਲਦੀ ਗੱਡੀ ਵਿੱਚੋਂ ਥੱਲੇ ਸੁੱਟ ਦਿੱਤਾ। ਦੂਜੇ ਪਾਸਿਉਂ ਆ ਰਹੀ ਟਰੇਨ ਉਸ ਲੜਕੀ ਦੇ ਪੈਰ ਉਤੋਂ ਨਿਕਲ ਗਈ। ਭਾਵੇਂ ਇਸ ਦੁਰਘਟਨਾ ਵਿੱਚ ਇਸ ਲੜਕੀ ਦੀ ਜਾਨ ਬਚ ਗਈ ਪਰ ਉਸ ਦੀ ਇਕ ਲੱਤ ਜਾਂਦੀ ਰਹੀ। ਇਹ ਕੁੜੀ ਕੌਣ ਸੀ? ਇਹ ਲੜਕੀ ਕੋਈ ਹੋਰ ਨਹੀਂ ਸੀ ਬਲਕਿ ਦੇਸ਼ ਦੀ ਰਾਸ਼ਟਰੀ ਪੱਧਰ ਦੀ ਖ਼ਿਡਾਰਨ ਅਰੁਣਿਮਾ ਸਿਨਹਾ ਸੀ। ਇਹ ਘਟਨਾ 11 ਅਪ੍ਰੈਲ 2011 ਨੂੰ ਵਾਪਰੀ ਸੀ। ਅਰੁਣਿਮਾ ਦਾ ਜਨਮ ਉਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਵਿੱਚ 1988 ਵਿੱਚ ਹੋਇਆ ਸੀ। 23 ਵਰ੍ਹਿਆਂ ਦੀ ਅਰੁਣਿਮਾ ਸਿਨਹਾ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਪਣੀ ਲੱਤ ਦਾ ਇਲਾਜ ਕਰਵਾਉਣ ਸਮੇਂ ਹੀ ਇਕ ਲੱਤ ਨਾਲ ਕੁੱਝ ਵੱਡਾ ਕਰਨ ਦਾ ਮਨ ਬਣਾ ਲਿਆ। ਉਸ ਨੂੰ ਅਹਿਸਾਸ ਸੀ ਕਿ ਜੇਕਰ ਮਨ ਵਿੱਚ ਕੁੱਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਕੋਈ ਅੜਿੱਕਾ ਜ਼ਿਆਦਾ ਚਿਰ ਰਸਤਾ ਨਹੀਂ ਰੋਕ ਸਕਦਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਸਿੱਧੀ ਮਾਊਂਟ ਐਵਰੈਸਟ ਵਿਜੇਤਾ ਬੇਚਿੰਦਰੀਪਾਲ ਨੂੰ ਮਿਲੀ ਅਤੇ ਉਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ।’’ ਮੈਂ ਇੱਕ ਲੱਤ ਨਾਲ ਦੁਨੀਆਂ ਨੂੰ ਜਿੱਤਣਾ ਚਾਹੁੰਦੀ ਹਾਂ।’’
ਬੇਚਿੰਦਰੀਪਾਲ ਨੇ ਅਰੁਣਿਮਾ ਸਿਨਹਾ ਦੀਆਂ ਅੱਖਾਂ ਵਿੱਚ ਝਲਕਦਾ ਆਤਮ ਵਿਸ਼ਵਾਸ ਪੜ੍ਹ ਲਿਆ ਅਤੇ ਉਸ ਨੂੰ ਸਿਖਲਾਈ ਦਿੱਤੀ। ਇਕ ਵਰ੍ਹੇ ਦੀ ਕਰੜੀ ਟ੍ਰੇਨਿੰਗ ਤੋਂ ਬਾਅਦ ਉਹ ਇਕ ਲੱਤ ਨਾਲ ਦੁਨੀਆਂ ਦੀ ਸਭ ਤੋਂ ਉਚੀ ਚੋਟੀ ਸਰ ਕਰਨ ਤੁਰ ਪਈ। 52 ਦਿਨਾਂ ਦੀ ਖਤਰਨਾਕ ਯਾਤਰਾ ਤੋਂ ਬਾਅਦ ਆਖਿਰ ਅਰੁਣਿਮਾ ਸਿਨਹਾ 21 ਮਈ 2013 ਦੀ ਸਵੇਰ ਦੇ 10.55 ਵਜੇ ਮਾਊਂਟ ਐਵਰੈਸਟ ’ਤੇ ਹਿੰਦੁਸਤਾਨ ਦਾ ਤਿਰੰਗਾ ਲਹਿਰਾਉਣ ਵਿੱਚ ਕਾਮਯਾਬ ਹੋ ਗਈ। ਅਰੁਣਿਮਾ ਸਿਨਹਾ ਦੀ ਕਹਾਣੀ ਬੁਲੰਦ ਹੌਂਸਲੇ ਦੀ ਕਹਾਣੀ ਹੈ। ਦ੍ਰਿੜ ਇਰਾਦੇ ਦੀ ਕਹਾਣੀ ਹੈ। ਆਤਮ ਵਿਸ਼ਵਾਸ ਦੀ ਕਹਾਣੀ ਹੈ। ਉਸ ਦੇ ਆਤਮ ਬਲ ਨੇ ਇਹ ਸਿੱਧ ਕਰ ਦਿੱਤਾ ਕਿ ਸਰੀਰ ਨਾਲੋਂ ਮਾਨਸਿਕ ਬਲ ਜ਼ਿਆਦਾ ਤਾਕਤਵਰ ਹੁੰਦਾ ਹੈ। ਜ਼ਿੰਦਗੀ ਦੀ ਖੇਡ ਮਨ ਨਾਲ ਜਿੱਤੀ ਜਾਂਦੀ ਹੈ, ਨਾ ਕਿ ਸਿਰਫ ਸਰੀਰਕ ਬਲ ਨਾਲ।
ਖੁਸ਼ਬੂ ਬਨਕਰ ਮੁਲੋਂ ਸੇ
ਉਠਾ ਕਰਤੇ ਹੈਂ।
ਧੂੰਆਂ ਬਨਕਰ ਪਰਬਤੋਂ ਸੇ
ਉਡਾ ਕਰਤੇ ਹੈਂ।
ਯੇ ਮੁਸ਼ਕਲੇਂ ਖਾਕ ਹਮੇਂ
ਉਡਨੇ ਸੇ ਰੋਕੇਂਗੀ।
ਹਮ ਪਰੋਂ ਸੇ ਨਹੀਂ ਹੌਂਸਲੋਂ ਸੇ
ਉਡਾ ਕਰਤੇ ਹੈਂ।
ਸੱਚਮੁੱਚ ਹੀ ਅਸੀਂ ਆਪਣੀਆਂ ਲੱਤਾਂ ਨਾਲ ਨਹੀਂ ਚਲਦੇ, ਸਗੋਂ ਆਪਣੇ ਹੌਂਸਲੇ ਨਾਲ ਚਲਦੇ ਹਾਂ। ਜਿਨ੍ਹਾਂ ਲੋਕਾਂ ਨੇ ਇਸ ਜ਼ਿੰਦਗੀ ਵਿੱਚ ਕੋਈ ਵੱਡਾ ਮਾਰਕਾ ਮਾਰਨਾ ਹੁੰਦਾ ਹੈ, ਉਹ ਇਸ ਕਥਨ ਨੂੰ ਭਲੀ ਭਾਂਤ ਸਮਝਦੇ ਹਨ ਕਿ ਚੁੱਭੀ ਮਾਰੋ ਤਾਂ ਉਦੋਂ ਤੱਕ ਮਾਰੋ ਜਦੋਂ ਤੱਕ ਤਹਿ ਤੱਕ ਨਾ ਪਹੁੰਚ ਜਾਵੋ, ਚੜ੍ਹਨ ਲੱਗੋ ਤਾਂ ਉਦੋਂ ਤੱਕ ਚੜ੍ਹਦੇ ਰਹੋ ਜਦੋਂ ਤੱਕ ਸਿਖਰ ’ਤੇ ਨਾ ਪਹੁੰਚ ਜਾਵੋ। ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹਿੰਮਤ ਹੈ, ਆਦਮੀ ਦੇ ਬਾਕੀ ਸਾਰੇ ਗੁਣ ਉਸਦੇ ਹਿੰਮਤੀ ਹੋਣ ਨਾਲ ਹੀ ਪੈਦਾ ਹੁੰਦੇ ਹਨ। ਹਿੰਮਤ ਸਾਡੇ ਮਨ ਦਾ ਗੁਣ ਹੈ ਜੋ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਵਾਲੀ ਸ਼ਖਸੀਅਤ ਵਿੱਚ ਪੈਦਾ ਹੁੰਦਾ ਹੈ। ਹਿੰਮਤ ਦਾ ਦ੍ਰਿੜ ਇਰਾਦੇ ਨਾਲ ਨੇੜਲਾ ਰਿਸ਼ਤਾ ਹੁੰਦਾ ਹੈ। ਦ੍ਰਿੜ ਇਰਾਦਾ ਅਤੇ ਮੰਜ਼ਿਲ ’ਤੇ ਪਹੁੰਚਣ ਦੀ ਲਗਨ ਤੇ ਜਨੂੰਨ ਆਤਮ ਬਲ ਦੇ ਗਹਿਣੇ ਹੁੰਦੇ ਹਨ ਅਤੇ ਆਤਮ ਵਿਸ਼ਵਾਸੀ ਹੀ ਹਿੰਮਤੀ ਹੁੰਦਾ ਹੈ ਅਤੇ ਹਿੰਮਤੀ ਹੀ ਮੰਜ਼ਿਲ ’ਤੇ ਪਹੁੰਚਦਾ ਹੈ।
ਜੋ ਤੂੰ ਚਾਹੇਂ ਬਣ ਸਕਦਾ ਹੈਂ ਹਿੰਮਤ ਅਤੇ ਇਰਾਦੇ ਨਾਲ



