ਸੁੰਦਰ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਕੀਤਾ ਸਨਮਾਨਿਤ
ਲੁਧਿਆਣਾ- ਮੌਜੂਦਾ ਸਮੇਂ ਅੰਦਰ ਸਿੱਖ ਨੌਜਵਾਨਾਂ ਤੇ ਬੱਚਿਆਂ ਅੰਦਰ ਵੱਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਬਹਾਲ ਰੱਖਣ ਦੇ ਮਨੋਰਥ ਨਾਲ ਬੀਤੇ ਦਿਨੀਂ ਗੁ: ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਜੀ.ਟੀ. ਰੋਡ, ਸਾਹਨੇਵਾਲ, ਜ਼ਿਲਾ ਲੁਧਿਆਣਾ ਵਿਖੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋ: ਗੁ: ਪ੍ਰੰ: ਕਮੇਟੀ (ਹਲਕਾ ਦੋਰਾਹਾ ਲੁਧਿਆਣਾ) ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ ੂਸਾਬਤ ਸੂਰਤਿ ਦਸਤਾਰ ਸਿਰਾੂ ਸੁੰਦਰ ਦਸਤਾਰ ਮੁਕਾਬਲਾ ਇੱਕ ਯਾਦਗਾਰੀ ਮੁਕਾਬਲਾ ਹੋ ਨਿਬੜਿਆ । ਜਿਸ ਵਿੱਚ ਜਿਲਾ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਆਏ ਸਿੱਖ ਨੌਜਵਾਨਾਂ ’ਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ । ਗੁ: ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਆਯੋਜਿਤ ਕੀਤੇ ਗਏ ਸੁੰਦਰ ਦਸਤਾਰ ਮੁਕਾਬਾਲੇ ਵਿੱਚ ਇੱਕਤਰ ਹੋਏ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਅਸੀਸ ਦੇਣ ਲਈ ਉਚੇਚੇ ਤੋਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਮਹਾਰਾਜ ਵੱਲੋਂ ਬਖਸ਼ੀ ਗਈ ਦਸਤਾਰ ਕੇਵਲ ਇੱਕ ਸਨਮਾਨ ਹੀ ਨਹੀਂ ਸਗੋਂ ਹਰ ਸਿੱਖ ਦੇ ਸਿਰ ਦਾ ਤਾਜ ਹੈ । ਜਿਸ ਅੰਦਰੋਂ ਸਰਦਾਰੀ, ਅਣਖ ਅਤੇ ਸਿੱਖੀ ਜਾਹੋ-ਜਲਾਲ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਹੁੰਦੇ ਹਨ । ਇਸ ਲਈ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਪਟਕਿਆਂ ਤੇ ਟੋਪੀ ਕਲਚਰ ਦੇ ਰੁਝਾਨ ਤੋਂ ਮੁਕਤ ਹੋ ਕੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ । ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਅਜੋਕੇ ਸਮੇਂ ਅੰਦਰ ਸਿੱਖ ਨੌਜਵਾਨਾਂ ਤੇ ਬੱਚਿਆਂ ਵਿੱਚ ਬੜੀ ਤੇਜੀ ਨਾਲ ਵੱਧ ਰਿਹਾ ਪਤਿਤਪੁਣੇ ਦਾ ਰੁਝਾਨ ਸਮੁੱਚੀ ਕੌਮ ਦੇ ਲਈ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇ ਨਜ਼ਰ ਸਮੁੱਚੀਆਂ ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਸੰਗਤਾਂ ਨੂੰ ਮਿਲ ਕੇ ਜੋਰਦਾਰ ਉਪਰਾਲੇ ਕਰਨੇ ਪੈਣਗੇ ਤਾਂ ਹੀ ਅਸੀਂ ਗੁਰੂ ਸਾਹਿਬਾਨ ਵੱਲੋਂ ਲਗਾਈ ਗਈ ਸਿੱਖੀ ਦੀ ਫੁੱਲਵਾੜੀ ਨੂੰ ਹੋਰ ਪ੍ਰਫੁੱਲਤ ਕਰਕੇ ਕੌਮ ਦੀ ਜਵਾਨੀ ਤੇ ਪਨੀਰੀ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਇਸੇ ਮਿਸ਼ਨ ਦੀ ਪ੍ਰਾਪਤੀ ਲਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਪਿੰਡ ਪੱਧਰ ’ਤੇ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਮੁਹਿੰਮ ਦੇ ਸਦਕਾ ਹੁਣ ਤੱਕ ਹਜ਼ਾਰਾਂ ਨੌਜਵਾਨਾ, ਬੱਚੇ ਤੇ ਬੱਚੀਆਂ ਨੇ ਕੇਸਾਂ ਦੀ ਬੇਅਦਬੀ ਨਾ ਕਰਨ ਅਤੇ ਦਸਤਾਰ ਸਜਾਉਣ ਦਾ ਪ੍ਰਣ ਲਿਆ ਹੈ ।ਜਿਸ ਦੇ ਆਉਣ ਵਾਲੇ ਸਮੇਂ ਵਿੱਚ ਸਾਰਥਿਕ ਸਿੱਟੇ ਨਿਕਲਣਗੇ । ਇਸ ਮੌਕੇ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁ: ਪ੍ਰੰ: ਕਮੇਟੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਸਤਾਰ ਸਿੱਖ ਦਾ ਅਨਿੱਖੜਵਾਂ ਅੰਗ ਹੈ ਅਤੇ ਇਸੇ ਕਰਕੇ ਹੀ ਸਿੱਖ ਲੱਖਾਂ ਵਿੱਚ ਖੜੋਤਾ ਹੋਇਆ ਦੂਰੋਂ ਹੀ ਪਹਿਚਾਣਿਆਂ ਜਾਂਦਾ ਹੈ । ਉਨ੍ਹਾਂ ਅਜੋਕੀ ਸਿੱਖ ਨੌਜਵਾਨੀ ਦੀ ਗੱਲ ਕਰਦਿਆ ਕਿਹਾ ਕਿ ਨੌਜਵਾਨ ਕੌਮ ਦਾ ਭਵਿੱਖ ਹਨ ਅਤੇ ਉਨ੍ਹਾਂ ਦਾ ਸਿੱਖੀ ਸਰੂਪ ’ਤੇ ਰਹਿਤ-ਬਹਿਤ ਵਿੱਚ ਪ੍ਰਪੱਕ ਹੋਣਾ ਬੇਹੱਦ ਜਰੂਰੀ ਹੈ । ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਬਰਾਂ ਸ. ਪ੍ਰਿਤਪਾਲ ਸਿੰਘ, ਸ. ਸੁਖਵਰਸ਼ ਸਿੰਘ ਪੰਨੂ, ਕਾਰ ਸੇਵਾ ਵਾਲੇ ਬਾਬਾ ਮੇਜਰ ਸਿੰਘ ਅਤੇ ਸ. ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਸਕੂਲੀ ਵਿਦਿਆਰਥੀਆਂ ਤੇ ਸੰਗਤਾਂ ਨਾਲ ਕੀਤੀ । ਇਸ ਦੌਰਾਨ ਅਯੋਜਿਤ ਕੀਤੇ ਗਏ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲਿਆਂ ਦੀ ਜਾਣਕਾਰੀ ਦੇਂਦਿਆ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਭਾਈ ਕੁਲਦੀਪ ਸਿੰਘ ਤੇ ਭਾਈ ਅਜੀਤ ਸਿੰਘ ਨੇ ਦੱਸਿਆ ਕਿ ਸੁੰਦਰ ਦਸਤਾਰ ਮੁਕਾਬਲੇ ਵਿੱਚ ਲੱਗਭਗ 1500 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਬੱਚਿਆ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਜਿੰਨ੍ਹਾਂ ਵਿੱਚੋਂ ਕੁੱਲ 245 ਬੱਚੇ ਵੱਖ-ਵੱਖ ਵਰਗਾਂ ਦੇ ਫਾਈਨਲ ਮੁਕਾਬਲੇ ਵਿੱਚ ਪੁੱਜੇ । ਉਨ੍ਹਾਂ ਨੇ ਕਿਹਾ ਕਿ ਸੁੰਦਰ ਦਸਤਾਰ ਸਜਾਉਣ ਦੇ ਫਾਇਨਲ ਮੁਕਾਬਲੇ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜੂਨੀਅਰ ਮੀਤ ਪ੍ਰਧਾਨ ਜੱਥੇ: ਹਰਪਾਲ ਸਿੰਘ ਜੱਲ੍ਹਾਂ ਨੇ ਸਾਂਝੇ ਰੂਪ ’ਚ ਵੱਖ ਵੱਖ ਵਰਗਾਂ ਦੇ ਮੁਕਾਬਲਿਆ ਅੰਦਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂ ਬੱਚਿਆਂ ਨੂੰ ਕ੍ਰਮਵਾਰ 7100/-, 5100/- ਅਤੇ 3100/- ਰੁਪਏ ਦੀ ਨਗਦ ਰਾਸ਼ੀ, ਸਨਮਾਨ ਚਿੰਨ੍ਹ ਤੇ ਸਿਰਪਾਉ ਦੇ ਕੇ ਜੈਕਾਰਿਆ ਦੀ ਗੂੰਜ ਵਿੱਚ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਸੁੰਦਰ ਦਸਤਾਰਾਂ ਸਜਾਉਣ ਵਾਲੇ ਬੱਚਿਆ ਨੂੰ ਵਿਸ਼ੇਸ਼ ਤੌਰ ’ਤੇ ਪੁੱਜੇ ਧਰਮ ਪ੍ਰਚਾਰ ਕਮੇਟੀ ਵੱਲੋਂ ਦਸਤਾਰਾਂ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ । ਇਨਾਮ ਵੰਡ ਸਮਾਗਮ ਦੌਰਾਨ ਸ. ਪਰਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ, ਇੰਚਾਰਜ ਪ੍ਰਚਾਰਕ ਦੋਆਬਾ ਜੋਨ ਸ. ਸਰਬਜੀਤ ਸਿੰਘ ਢੋਟੀਆ, ਭਾਈ ਜਸਵਿੰਦਰ ਸਿੰਘ ਹਸ਼ੂਰ, ਭਾਈ ਬਲਜੀਤ ਸਿੰਘ, ਭਾਈ ਮਲਕੀਤ ਸਿੰਘ, ਸ. ਗੁਰਸੇਵਕ ਸਿੰਘ ਮੈਨੇਜਰ ਗੁ: ਸ੍ਰੀ ਮੰਜੀ ਸਾਹਿਬ ਆਲਮਗੀਰ, ਸ. ਦਿਲਬਾਗ ਸਿੰਘ ਮੈਨੇਜਰ ਗੁ: ਸ੍ਰੀ ਦੇਗਸਰ ਸਾਹਿਬ ਕਟਾਣਾ, ਸ. ਜਸਵਿੰਦਰ ਸਿੰਘ ਮੈਨੇਜਰ ਗੁ: ਮੰਜੀ ਸਾਹਿਬ ਲਕਸ਼ਰੀ ਕੋਟਾਂ ਸਮੇਤ ਪ੍ਰਚਾਰਕ ਭਾਈ ਬਲਵੰਤ ਸਿੰਘ ਗੁਰੂਸਰ, ਭਾਈ ਹਰਪ੍ਰੀਤ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਵਿਸ਼ੇਸ਼ ਤੋਰ ’ਤੇ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਦਸਤਾਰ ਕਲਚਰ ਨੂੰ ਪ੍ਰਫੁੱਲਤ ਕਰਨ ਤੇ ਪਤਿਤਪੁਣੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਲਈ ਸ਼ੁਰੂ ਕੀਤੀ ਗਈ ਦਸਤਾਰ ਮੁਹਿੰਮ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀ ਕੌਮ ਦੇ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ ।
– ਪੰਜਾਬ ਟਾਇਮਜ਼



