ਆਖਰ ਭਾਰਤ ਅਤੇ ਪਾਕਿਸਤਾਨ ਦੋਵੇਂ ਸਰਹੱਦ ਉਪਰ ਮੁੜ ਗੋਲੀਬੰਦੀ ਕਰਨ ਲਈ ਸਹਿਮਤ ਹੋ ਗਏ ਹਨ। ਇਸ ਸਬੰਧੀ ਦੋਵੇਂ ਦੇਸ਼ਾਂ ਦੇ ਫੌਜੀ ਕਾਰਵਾਈਆਂ ਸਬੰਧੀ ਡਾਇਰੈਕਟਰ ਜਨਰਲਾਂ (ਡੀਜੀਐਮਓਜ਼) ਨੇ ਜੰਮੂ-ਕਸ਼ਮੀਰ ਵਿਚ ਸਰਹਦ ਪਾਰੋਂ ਗੋਲਾਬਾਰੀ ਬੰਦ ਕਰਨ ਲਈ ਸਹਿਮਤੀ ਜਤਾਈ ਹੈ।। ਦੋਵਾਂ ਦੇਸ਼ਾਂ ਨੇ ਸਰਹੱਦ ਉਤੇ ਗੋਲੀਬੰਦੀ ਲਈ 2003 ਵਿਚ ਹੋਏ ਸਮਝੌਤੇ ਨੂੰ ‘ਕਹਿਣੀ ਤੇ ਕਰਨੀ ਵਿੱਚ’ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਫ਼ੌਜੀ ਕਮਾਂਡਰਾਂ ਨੇ ਹੌਟਲਾਈਨ ਉਤੇ ਹੋਈ ਗਲਬਾਤ ਦੌਰਾਨ ਕੌਮਾਂਤਰੀ ਸਰਹਦ ਅਤੇ ਐਲਓਸੀ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਇਸ ਵਿਸ਼ੇਸ਼ ਹੌਟਲਾਈਨ ਗਲਬਾਤ ਦੀ ਸ਼ੁਰੂਆਤ ਪਾਕਿਸਤਾਨੀ ਡੀਜੀਐਮਓ ਨੇ ਕੀਤੀ ਸੀ। ਭਾਰਤੀ ਡੀਜੀਐਮਓ ਲੈਫ਼ਟੀਨੈਂਟ ਜਨਰਲ ਸ਼੍ਰੀ ਅਨਿਲ ਚੌਹਾਨ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੇਜਰ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਦੀ ਇਸ ਗੱਲਬਾਤ ਤੋਂ ਬਾਅਦ ਦੋਵਾਂ ਫ਼ੌਜਾਂ ਨੇ ਸਬੰਧਤ ਬਿਆਨ ਜਾਰੀ ਕੀਤੇ ਹਨ। ਦੋਵੇਂ ਡੀਜੀਐਮਓਜ਼ ਨੇ 2003 ਦੀ ਜੰਗਬੰਦੀ ਸਬੰਧੀ ਰਜ਼ਾਮੰਦੀ ਨੂੰ ਕਹਿਣੀ ਤੇ ਕਰਨੀ ਪੱਖੋਂ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਹਿਮਤੀ ਪ੍ਰਗਟ ਕਰਨਾ ਇਕ ਵੱਡੀ ਅਤੇ ਖੁਸ਼ਗਵਾਰ ਖ਼ਬਰ ਹੈ। ਚੰਗਾ ਹੋਵੇਗਾ ਜੇਕਰ ਇਸ ਤੋਂ ਬਾਅਦ ਦੋਵਾਂ ਧਿਰਾਂ ਵਲੋਂ ਗੋਲੀਬੰਦੀ ਦਾ ਉਲੰਘਣ ਨਹੀਂ ਕਰਨਗੀਆਂ। ਦੋਵੇਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਬੇਹਤਰ ਬਣਾਉਣ ਲਈ ਸਰਹੱਦ ਉਪਰ ਹਾਲਾਤ ਨੂੰ ਸੁਧਾਰਨਾ ਬੇਹੱਦ ਜ਼ਰੂਰੀ ਹੈ। ਸਰਹੱਦ ਦੇ ਦੋਵੇਂ ਪਾਸੇ ਇਸ ਗੋਲੀਬਾਰੀ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਨਾਲ ਸਭ ਤੋਂ ਵੱਡੀ ਪ੍ਰੇਸ਼ਨੀ ਸਰਹੱਦੀ ਖੇਤਰ ਦੇ ਆਮ ਲੋਕਾਂ ਨੂੰ ਉਠਾਉਣੀ ਪੈ ਰਹੀ ਹੈ। ਸਰਹੱਦ ਉਪਰ ਦਵੱਲੀ ਗੋਲੀਬਾਰੀ ਕਿਸੇ ਮਸਲੇ ਦਾ ਹੱਲ ਵੀ ਨਹੀਂ ਹੈ। ਇਹ ਚੰਗੀ ਗੱਲ ਹੈ ਕਿ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਤੀਜੀ ਧਿਰ ਦੀ ਦਖਲ ਅੰਦਾਜ਼ੀ ਤੋਂ ਇਸ ਮਸਲੇ ਦਾ ਹੱਲ ਕੱਢ ਲਿਆ ਹੈ। ਸਰਹੱਦ ’ਤੇ ਗੋਲੀਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿੱਚ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਦਵੱਲੇ ਸਬੰਧਾਂ ਵਿੱਚ ਪੈਦਾ ਹੋਇਆ ਤਣਾਅ ਵੀ ਦੂਰ ਕੀਤਾ ਜਾਵੇ ਤਾਂ ਜੋ ਇਸ ਖਿੱਤੇ ਵਿੱਚ ਅਮਨ ਅਤੇ ਦੋਸਤੀ ਦਾ ਮਾਹੌਲ ਬਣਾਇਆ ਜਾ ਸਕੇ। ਦੋਵੇਂ ਦੇਸ਼ਾਂ ਦਰਮਿਾਨ ਤਣਾਅ ਕਾਰਨ ਇਸ ਖੇਤਰ ਵਿੱਚ ਵਿਕਾਸ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ। ਫੌਜੀ ਖਰਚੇ ਵੀ ਵਧੇ ਹੋਏ ਹਨ। ਜੇਕਰ ਦੋਵੇਂ ਦੇਸ਼ ਆਮ ਵਾਂਗ ਸਬੰਧ ਬਣਾ ਲੈਂਦੇ ਹਨ ਤਦ ਇਹ ਖਰਚੇ ਲੋਕਾਂ ਦੇ ਵਿਕਾਸ ਉਪਰ ਲਗਾਏ ਜਾ ਸਕਦੇ ਹਨ।
1 ਜੂਨ 2018 – ਬਲਜੀਤ ਸਿੰਘ ਬਰਾੜ



