ਪਿਆਰੇ ਬਚਿਓ ! ਅਜ ਤੁਹਾਨੂੰ ਅਸੀਂ ਹਿਮਾਚਲ ਪ੍ਰਦੇਸ਼ ਦੇ ਪ੍ਰਸਿਧ ਸੈਰਗਾਹ ਸ਼ਿਮਲਾ ਬਾਰੇ ਰੂ ਬ ਰੂ ਕਰਾਵਾਂਗੇ । ਬਚਿਓ ! ਸ਼ਿਮਲਾ ਸਮੁੰਦਰ ਤਲ ਤੋਂ ਲਗਪਗ 2213 ਮੀਟਰ ਦੀ ਉਚਾਈ ਤੇ ਵਸਿਆ ਹੋਇਆ ਹੈ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੈ । ਬਹੁਤ ਸਮਾਂ ਪਹਿਲਾਂ ਸ਼ਿਮਲਾ ਨੇਪਾਲ ਦੇ ਅਧੀਨ ਸੀ , ਪਰ ਅੰਗਰੇਜ਼ਾਂ ਨੇ ਨੇਪਾਲ ਦੇ ਮਹਾਰਾਜਾ ਨਾਲ ਲੜਾਈ ਜਿਤ ਕੇ ਇਸ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਕੀਤਾ ਸੀ। ਸ਼ਿਮਲੇ ਦੀਆਂ ਹਰੀਆਂ – ਭਰੀਆਂ ਪਹਾੜੀਆਂ , ਨਿਰਮਲ ਝਰਨੇ , ਉਚੀਆਂ – ਉਚੀਆਂ ਚੋਟੀਆਂ ਤੇ ਸ਼ਾਂਤ ਝੀਲਾਂ ਸੈਲਾਨੀਆਂ ਨੂੰ ਆਪਣੇ ਵਲ ਖਿਚਦੇ ਹਨ। ਸ਼ਿਮਲਾ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਹਨੂੰਮਾਨ ਜੀ ਦਾ ਪ੍ਰਸਿਧ ਜਾਖੂ ਮੰਦਰ ਵੀ ਹੈ। ਇਥੋਂ ਇਕ ਪਾਸੇ ਪੂਰੇ ਸ਼ਹਿਰ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਅਤੇ ਦੂਸਰੇ ਪਾਸੇ ਹਿਮਾਲਿਆ ਦੀਆਂ ਚੋਟੀਆਂ ਦਾ ਮਨਮੋਹਕ ਦ੍ਰਿਸ਼ ਦਿਖਾਈ ਦਿੰਦਾ ਹੈ । ਸ਼ਿਮਲਾ ਤੋਂ ਚਾਰ ਕਿਲੋਮੀਟਰ ਦੂਰ ਤਾਰਾ ਦੇਵੀ ਦਾ ਮੰਦਰ ਹੈ , ਜੋ ਕਿ ਦੇਖਣਯੋਗ ਸਥਾਨ ਹੈ । ਸ਼ਿਮਲਾ ਦੇ ਮਾਲ ਰੋਡ ਤੇ ਵਸਿਆ ਗੇਇਟੀ ਥੀਏਟਰ ਇਥੋਂ ਦੀ ਪ੍ਰਸਿਧ ਇਮਾਰਤ ਹੈ। ਇਥੇ ਹੀ ਮਾਲ ਰੋਡ ਤੇ ਸ਼ਹਿਰ ਤੋਂ ਇਕ ਕਿਲੋਮੀਟਰ ਦੂਰ ਹਿਮਾਲੀਅਨ ਪਕਸ਼ੀਸਾਲਾ ਵੀ ਹੈ ?ਸਰਦੀਆਂ ਵਿਚ ਸ਼ਿਮਲਾ ਵਿਖੇ ਪੈ ਰਹੀ ਬਰਫ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ। ਇਸ ਵਿਚ ਪਹਾੜੀ ਪੰਛੀਆਂ ਨੂੰ ਰਖਿਆ ਗਿਆ ਹੈ । ਸ਼ਿਮਲਾ ਤੋਂ ਲਗਭਗ ਤੇਰਾਂ ਕਿਲੋਮੀਟਰ ਦੀ ਦੂਰੀ ਤੇ ਵਾਈਲਡ ਫਲਾਵਰ ਹਾਲ ਸਥਿਤ ਹੈ । ਕੁਫਰੀ ਸ਼ਿਮਲਾ ਤੋਂ ਸੋਲਾਂ ਕਿਲੋਮੀਟਰ ਤੇ ਵਸਿਆ ਹੋਇਆ ਮਸ਼ਹੂਰ ਸਥਾਨ ਹੈ। ਬਚਿਓ! ਸ਼ਿਮਲਾ ਹਰ ਮੌਸਮ ਵਿਚ ਸੈਲਾਨੀਆਂ ਨੂੰ ਆਪਣੇ ਵਲ ਖਿਚਦਾ ਹੈ। ਸ਼ਿਮਲੇ ਪਹੁੰਚਣ ਲਈ ਰੇਲ ਅਤੇ ਸੜਕ ਮਾਰਗ ਵੀ ਉਪਲਬਧ ਹੈ। ਰੇਲ ਗਡੀ ਰਾਹੀਂ ਸ਼ਿਮਲੇ ਜਾਣ ਦਾ ਮਜ਼ਾ ਹੀ ਵਖਰਾ ਹੈ ।