June 20, 2026 12:24 am

ਮੰਥਨ ਤੋਂ ਬਾਅਦ ਹੀ ਮਿਲੇਗਾ ਤੁਹਾਨੂੰ ਅੰਮ੍ਰਿਤ

ਮਿਥਹਾਸਕ ਕਹਾਣੀਆਂ ਸੱਚ ਨਹੀਂ ਹੁੰਦੀਆਂ ਪਰ ਉਹ ਸੱਚ ਨੂੰ ਬਿਆਨ ਕਰ ਰਹੀਆਂ ਹੁੰਦੀਆਂ ਹਨ। ਕਹਾਣੀਆਂ ਦੇ ਸੂਤਰ ਅਸਲ ਵਿੱਚ ਜ਼ਿੰਦਗੀ ਦੇ ਸੂਤਰ ਹੁੰਦੇ ਹਨ। ਜੋ ਵੀ ਹਿੰਦੋਸਤਾਨ ਵਿੱਚ ਪੈਦਾ ਹੋਇਆ ਅਤੇ ਜਿਸ ਨੂੰ ਹਿੰਦੂ ਧਰਮ ਅਤੇ ਸੰਸਕ੍ਰਿਤੀ ਵਿੱਚ ਥੋੜ੍ਹੀ ਜਿਹੀ ਵੀ ਦਿਲਚਸਪੀ ਹੈ, ਉਸ ਨੂੰ ‘ਸਮੁੰਦਰ ਮੰਥਨ’ ਦੀ ਕਹਾਣੀ ਤਾਂ ਪਤਾ ਹੀ ਹੈ। ਮਿੱਥ ਅਨੁਸਾਰ ਅਸੁਰਾਂ ਅਤੇ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ। ਅਸੁਰਾਂ (ਰਾਖਸ਼ਾਂ) ਨੂੰ ਵੱਧ ਸ਼ਕਤੀਆਂ ਹਾਸਲ ਕਰਨ ਦੀ ਚਾਹਤ ਸੀ ਅਤੇ ਦੇਵਤੇ ਅਮਰ ਹੋਣ ਦੇ ਅਭਿਲਾਸ਼ੀ ਸਨ। ਦੋਵਾਂ ਨੂੰ ਅੰਮ੍ਰਿਤ ਚਾਹੀਦਾ ਸੀ, ਜੋ ਸਮੁੰਦਰ ਦੀ ਹੇਠਲੀ ਤਹਿ ਵਿੱਚ ਸੀ। ਵਿਸ਼ਨੂੰ ਨੇ ਇੱਕ ਵੱਡੇ ਕੱਛੂਕੁੰਮੇ ਦਾ ਰੂਪ ਧਾਰਿਆ ਅਤੇ ਮੰਦਰਾਚਲ ਨਾਂਅ ਦੇ ਪਰਬਤ ਨੂੰ ਮਧਾਣੀ ਬਣਾਇਆ ਗਿਆ। ਨਾਗਾਂ ਦੇ ਰਾਜੇ ਵਾਸੁਕੀ ਨੂੰ ਰੱਸੀ ਵਜੋਂ ਵਰਤਿਆ ਗਿਆ। ਦੇਵਤੇ ਇਕ ਪਾਸੇ ਅਤੇ ਅਸੁਰ ਦੂਜੇ ਪਾਸੇ ਖੜ੍ਹਕੇ ਸਮੁੰਦਰ ਰਿੜਕਣ ਲੱਗੇ। ਸਮੁੰਦਰ ਰਿੜਕਣ ਦੀ ਇਸ ਪ੍ਰੀਕ੍ਰਿਆ ਦੇ ਨਤੀਜੇ ਵਜੋਂ ਸਭ ਤੋਂ ਪਹਿਲਾਂ ਖ਼ਤਰਨਾਕ ਜ਼ਹਿਰ ਨਿਕਲਿਆ ਜਿਸ ਨੂੰ ਭਗਵਾਨ ਸ਼ਿਵ ਪੀ ਗਏ। ਇਹ ਜ਼ਹਿਰ ਸ਼ਿਵ ਨੂੰ ਗਲੇ ਵਿੱਚ ਹੀ ਰਖਣਾ ਪਿਆ ਸੀ ਜਿਸ ਕਾਰਨ ਸ਼ਿਵ ਨੀਲ ਕੰਠ ਬਣੇ ਸਨ। ਜ਼ਹਿਰ ਬਿਨਾਂ ਮੰਥਨ ਵਿੱਚ ਅੱਗੇ ਵਧਣਾ ਅਸੰਭਵ ਸੀ। ਸੂਤਰ ਸਪੱਸ਼ਟ ਹੈ ਕਿ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਈ ਕਈ ਵਾਰ ਜ਼ਹਿਰ ਵੀ ਪੀਣਾ ਪੈਂਦਾ ਹੈ ਮਤਲਬ ਕਈ ਵਾਰ ਜ਼ਿੰਦਗੀ ਦੀ ਲੜਾਈ ਵਿੱਚ ਅਸਫ਼ਲਤਾਵਾਂ ਅਤੇ ਹਾਰਾਂ ਵੀ ਵੇਖਣੀਆਂ ਪੈਂਦੀਆਂ ਹਨ। ਇਹ ਹਾਰਾਂ, ਅਸਫ਼ਲਤਾਵਾਂ ਅਤੇ ਘਾਟੇ ਬੰਦੇ ਮਾਰਦੇ ਨਹੀਂ ਸ਼ਿਵ ਜੀ ਤਾਂ ਜ਼ਹਿਰ ਪੀ ਕੇ ਜਿਉਂਦੇ ਰਹੇ ਸਨ। ਪ੍ਰਤੀਕ ਸਮਝਣ ਦੀ ਲੋੜ ਹੈ।
ਜਿਉਂ-ਜਿਉਂ ਸਮੁੰਦਰ ਮੰਥਨ ਦੌਰਾਨ ਸਮੁੰਦਰ ਨੂੰ ਹੋਰ ਰਿੜਕਿਆ ਗਿਆ ਤਾਂ ਸਮੁੰਦਰ ਵਿੱਚੋਂ ਬ੍ਰਹਿਮੰਡੀ ਹਾਥੀ ਏਰਾਵਤ ਨਿਕਲਿਆ, ਅਦਭੁਤ ਗਊ ਸੁਰਭੀ ਨਿਕਲੀ, ਗਊ ਤੋਂ ਬਾਅਦ ਚਿੱਟੇ ਚੰਨ ਵਰਗਾ ਘੋੜਾ ਊਦੈ ਸ੍ਰਵਾ ਅਤੇ ਕਲਪਬ੍ਰਿਕਸ਼ ਨਾਂਅ ਦਾ ਦਰੱਖਤ ਨਿਕਲਿਆ, ਭਗਵਾਨ ਵਿਸ਼ਨੂੰ ਦੀ ਪਤਨੀ ਲਕਸ਼ਮੀ ਵੀ ਇਸੇ ਮੰਥਨ ਵਿੱਚੋਂ ਨਿਕਲੀ ਸੀ। ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਤੋਂ ਪਹਿਲਾਂ 14 ਚਮਤਕਾਰੀ ਸ਼ਕਤੀਆਂ ਜਾਂ ਵਸਤਾਂ ਨਿਕਲਣਾ ਇਸ ਗੱਲ ਦਾ ਸੰਕੇਤ ਹੈ ਕਿ ਜ਼ਿੰਦਗੀ ਦੇ ਮੰਥਨ ਦੌਰਾਨ ਜਦੋਂ ਨਾਕਾਰਮਤਕ ਵਿਚਾਰ ਅਤੇ ਹਾਰਾਂ ਘਾਟਿਆਂ ਅਤੇ ਅਸਫਲਤਾਵਾਂ ਦਾ ਦੌਰ ਖਤਮ ਹੁੰਦਾ ਹੈ ਤਾਂ ਸਕਾਰਤਮਕ ਵਿਚਾਰਾਂ ਅਤੇ ਚਮਤਕਾਰੀ ਵਸਤਾਂ ਦੀ ਆਮਦ ਸ਼ੁਰੂ ਹੁੰਦੀ ਹੈ। ਉਕਤ ਮਿਥ ਇਹ ਵੀ ਦਸਦੀ ਹੈ ਕਿ ਜਦੋਂ ਆਪਣੇ ਜੀਵਨ ਵਿੱਚ ਤੁਸੀਂ ਮੰਥਨ ਭਾਵ ਆਪਣੇ ਆਪ ਦਾ ਵਿਸ਼ਲੇਸ਼ਣ ਤੇ ਵਿਵੇਚਨ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਇਕ ਵਰਨਣਯੋਗ ਤਬਦੀਲੀ ਜ਼ਰੂਰ ਆਵੇਗੀ। ਜਦੋਂ ਵੀ ਤੁਸੀਂ ਮੰਥਨ ਕਰੋਗੇ ਤਾਂ ਮੁਸ਼ਕਿਲਾਂ ਅਤੇ ਕਠਿਨਾਈਆਂ ਆਉਣਗੀਆਂ। ਇਨ੍ਹਾਂ ਕਠਿਨਾਈਆਂ ਭਰੇ ਸੰਘਰਸ਼ ਦੌਰਾਨ ਮਿਲਣ ਵਾਲੇ ਦਰਦ ਜਾਂ ਜ਼ਹਿਰ ਨੂੰ ਵੀ ਪੀਣਾ ਪੈਂਦਾ ਹੈ। ਮੰਥਨ ਕਰਨ ਵਾਲਾ ਜਦੋਂ ਇਹ ਜ਼ਹਿਰ ਪੀ ਕੇ ਵੀ ਸ਼ਿਵ ਜੀ ਵਾਂਗ ਆਪਣੀ ਹੋਂਦ ਕਾਇਮ ਰੱਖਦਾ ਹੈ ਤਾਂ ਹੀ ਉਹ ਚਮਤਕਾਰੀ ਵਸਤਾਂ ਅਤੇ ਅੰਮ੍ਰਿਤ ਦਾ ਭਾਗੀਦਾਰ ਬਣੇਗਾ। ਸੂਤਰ ਸਪੱਸ਼ਟ ਹੈ ਸਾਨੂੰ ਹਰ ਹਾਲ ਵਿੱਚ ਹਿੰਮਤ, ਹੌਂਸਲਾ ਅਤੇ ਜਿਗਰਾ ਕਾਇਮ ਰੱਖਦੇ ਹੋਏ ਮੰਥਨ ਜਾਰੀ ਰੱਖਣਾ ਚਾਹੀਦਾ ਹੈ ਮਤਲਬ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਤੁਹਾਨੂੰ ਚੰਗੀਆਂ ਚੀਜ਼ਾਂ ਦੀ ਪ੍ਰਾਪਤੀ ਹੋਵੇਗੀ, ਧਨ ਦੀ ਪ੍ਰਾਪਤੀ ਹੋਵੇਗੀ, ਕਾਰਾਂ ਮਿਲਣਗੀਆਂ, ਪੀਣ ਦੀਆਂ ਵਸਤਾਂ ਮਿਲਣਗੀਆਂ ਅਤੇ ਤੁਹਾਡੇ ਜੀਵਨ ਵਿੱਚ ਵਧੀਆ ਘਟਨਾਵਾਂ ਵਾਪਰਨਗੀਆਂ। ਉਦਾਹਰਣ ਵਜੋਂ ਘੋੜਾ ਅੱਜ ਕੱਲ ਦੀਆਂ ਕਾਰਾਂ ਦਾ ਪ੍ਰਤੀਕ ਹੈ। ਗਊ ਦੁੱਧ ਮਤਲਬ ਖਾਣ ਪੀਣ ਦੀਆਂ ਵਸਤਾਂ ਦੀ ਪ੍ਰਤੀਕ ਹੈ, ਇਸ ਤਰ੍ਹਾਂ ਲਕਸ਼ਮੀ ਦਾ ਮਿਲਣਾ ਧਨ ਦਾ ਸੰਕੇਤ ਹੈ। ਇਹ ਸਭ ਕੁੱਝ ਮੰਥਨ ਦੌਰਾਨ ਮਿਲੇਗਾ ਅਤੇ ਜੇ ਲੱਗੇ ਰਹੋਗੇ ਤਾਂ ਅੰਤ ਵਿੱਚ ਅੰਮ੍ਰਿਤ ਮਤਲੱਬ ਜ਼ਿੰਦਗੀ ਦੀ ਹਰ ਖੁਸ਼ੀ ਪ੍ਰਾਪਤ ਹੋਵੇਗੀ। ਸੋ, ਆਪਣੀ ਜ਼ਿੰਦਗੀ ਦੇ ਸਮੁੰਦਰ ਮੰਥਨ ਲਈ ਤਿਆਰ ਰਹੋ।

Send this to a friend