ਸਿੱਖ ਜਥੇ ਭੇਜਣ ਸਮੇਂ ਚੌਕਸੀ ਦੀ ਜ਼ਰੂਰਤ

ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੇ ਦਰਸ਼ਨ ਲਈ ਜਾਣ ਵਾਲੇ ਸਿੱਖ ਜਥਿਆਂ ਸਬੰਧੀ ਹਰ ਵਾਰ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ। ਇਸ ਵਾਰ ਇਕ ਔਰਤ ਵੱਲੋਂ ਜਥੇ ਨਾਲੋਂ ਨਿਖੜ ਕੇ ਪਾਕਿਸਤਾਨ ਵਿੱਚ ਵਿਆਹ ਦੇ ਆਧਾਰ ਉਪਰ ਪਨਾਹ ਲੈਣ ਦਾ ਮਸਲਾ ਕਾਫੀ ਵਿਵਾਦ ਦਾ ਕਾਰਨ ਬਣ ਗਿਆ ਹੈ। ਜਥੇ ਵਿੱਚੋਂ ਇਕ ਹੋਰ ਮੁੰਡਾ ਵੀ ਪਿੱਛੇ ਰਹਿ ਗਿਆ ਸੀ, ਬੇਸ਼ਕ ਉਹ ਬਾਅਦ ਵਿੱਚ ਵਾਪਸ ਆ ਗਿਆ। ਇਸ ਨਾਲ ਕੁੱਝ ਧਿਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਇਸ ਸਮੁੱਚੇ ਮਾਮਲੇ ਲਈ ਦੋਵਾਂ ਦੇਸ਼ਾਂ ਦੀਆਂ ਖੂਫੀਆਂ ਏਜੰਸੀਆਂ ਜ਼ਿੰਮੇਵਾਰ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਮੁੱਚੇ ਮਾਮਲੇ ਵਿੱਚ ਬੇਹਦ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ ਜਾ ਰਹੀ ਹੈ। ਉਹ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਬੇਲੋੜੀ ਬਿਆਨਬਾਜ਼ੀ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਮੌਜੂਦਾ ਮਸਲੇ ਸਬੰਧੀ ਵੀ ਉਨ੍ਹਾਂ ਦਾ ਰਵੱਈਆ ਬਹੁਤ ਜ਼ਿੰਮੇਵਾਰੀ ਵਾਲਾ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਇਕ ਸਬ ਕਮੇਟੀ ਬਣਾ ਦਿੱਤੀ ਹੈ। ਇਸ ਦੇ ਨਾਲ ਹੀ ਜੱਥੇ ਭੇਜਣ ਤੋਂ ਪਹਿਲਾਂ ਜਥੇ ਦੇ ਸਾਰੇ ਮੈਂਬਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ। ਇਹ ਸਹੀ ਦਿਸ਼ਾ ਵਿੱਚ ਕਦਮ ਹਨ। ਅਸਲ ਵਿੱਚ ਦੋਵੇਂ ਪਾਸੇ ਕੁਝ ਧਿਰਾਂ ਆਨੇ-ਬਹਾਨੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਤਰਤੀਬ ਬਣਾਉਂਦੀਆਂ ਰਹਿੰਦੀਆਂ ਹਨ। ਜਥਿਆਂ ਸਬੰਧੀ ਵੀ ਹਰ ਵਾਰ ਪੈਦਾ ਹੁੰਦੇ ਵਿਵਾਦ ਇਸ ਬਦਨੀਤੀ ਦਾ ਹਿੱਸਾ ਹਨ। ਅਜਿਹਾ ਕਰਕੇ ਸਿੱਖ ਵਿਰੋਧੀ ਤਾਕਤਾਂ ਸਿੱਖ ਭਾਈਚਾਰੇ, ਸ਼੍ਰੋਮਣੀ ਕਮੇਟੀ ਅਤੇ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਸਿੱਖ ਭਾਈਚਾਰੇ ਅਤੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਜਥੇ ਭੇਜਣ ਸਮੇਂ ਸ਼੍ਰੋਮਣੀ ਕਮੇਟੀ ਨੂੰ ਖਾਸ ਤੌਰ ’ਤੇ ਚੌਕਸੀ ਵਰਤਣੀ ਚਾਹੀਦੀ ਹੈ। ਜਾਣ ਵਾਲੇ ਜੱਥਿਆਂ ਵਿੱਚ ਸਿੱਖਾਂ ਦੀ ਗਿਣਤੀ ਬੇਸ਼ਕ ਘੱਟ ਹੋਵੇ, ਪ੍ਰੰਤੂ ਜਥੇ ਦੇ ਹਰ ਮੈਂਬਰ ਬਾਰੇ ਯੋਗ ਤਰੀਕੇ ਨਾਲ ਜਾਂਚ-ਪੜਤਾਲ ਕੀਤੀ ਜਾਵੇ। ਜਥੇ ਵਿੱਚ ਕਿਸੇ ਵੀ ਗੈਰ ਸਿੱਖ ਜਾਂ ਕੇਸਾਂ ਦੀ ਬੇਅਦਬੀ ਕਰਨ ਵਾਲੇ ਸ਼ਾਮਿਲ ਨਾ ਕੀਤੇ ਜਾਣ। ਕਿਸੇ ਵੀ ਲੜਕੀ ਜਾਂ ਔਰਤ ਨੂੰ ਇਕੱਲੇ ਤੌਰ ’ਤੇ ਜਥੇ ਵਿੱਚ ਜਾਣ ਦੀ ਆਗਿਆ ਨਾ ਦਿੱਤੀ ਜਾਵੇ। ਪਰਿਵਾਰਾਂ ਨੂੰ ਇਕੱਠੇ ਤੌਰ ’ਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਵੀ ਆਪਣੇ ਹਲਕੇ ਵਿੱਚੋਂ ਜਥੇ ’ਚ ਜਾਣ ਵਾਲਿਆਂ ਦੀ ਚੋਣ ਬਹੁਤ ਸੋਚ ਸਮਝ ਕੇ ਅਤੇ ਜ਼ਰੂਰੀ ਪੜਤਾਲ ਤੋਂ ਬਾਅਦ ਕਰਨ। ਇਸ ਨਾਲ ਸਿੱਖ ਭਾਈਚਾਰੇ ਅਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਾਇਆ ਜਾ ਸਕਦਾ ਹੈ। ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਦਰਸ਼ਨ ਸਿੱਖ ਭਾਈਚਾਰੇ ਲਈ ਵੱਡਾ ਮਹੱਤਵ ਰੱਖਦੇ ਹਨ। ਇਸ ਨੂੰ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਚੰਗਾ ਹੋਵੇਗਾ ਜੇਕਰ ਸਾਲ ਵਿੱਚ ਹਰ ਮਹੀਨੇ ਜਥੇ ਭੇਜੇ ਜਾਣ। ਹਰ ਜਥੇ ਵਿੱਚ ਮੈਂਬਰਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਵੱਧ ਹੋਵੇ। ਇਸ ਨਾਲ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੀ ਸਾਂਭ-ਸੰਭਾਲ ਵਿੱਚ ਮਦਦ ਮਿਲੇਗੀ। ਸਿੱਖਾਂ ਦੀਆਂ ਧਾਰਮਿਕ ਸਰਗਰਮੀਆਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਸਿੱਖ ਵਿਰੋਧੀਆਂ ਦੀਆਂ ਸਾਜਿਸ਼ਾਂ ਨੂੰ ਅਸਫਲ ਕਰਨ ਲਈ ਹਰ ਸਿੱਖ ਅਤੇ ਸਿੱਖ ਸੰਸਥਾਵਾਂ ਨੂੰ ਯੋਗ ਤਰੀਕੇ ਨਾਲ ਇਸ ਦਾ ਮੁਕਾਬਲਾ ਕਰਨਾ ਹੋਵੇਗਾ। ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਥਿਆਂ ਨੂੰ ਪਾਕਿਸਤਾਨ ਭੇਜਣ ਸਮੇਂ ਲੋੜੀਂਦੀ ਚੌਕਸੀ ਵਰਤਣਗੇ।
27 ਅਪ੍ਰੈਲ 2018 – ਬਲਜੀਤ ਸਿੰਘ ਬਰਾੜ

Send this to a friend