ਪੰਜਾਬ ਵਿੱਚ ਪ੍ਰਦੂਸ਼ਣ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਕਾਰਨ ਪੰਜਾਬ ਵਿੱਚ ਮਾਰੂ ਬਿਮਾਰੀਆਂ ਫੈਲ ਰਹੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਕੈਂਸਰ ਅਤੇ ਹੋਰ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪਾਣੀ ਤੋਂ ਬਾਅਦ ਹਵਾ ਦਾ ਪ੍ਰਦੂਸ਼ਣ ਵੀ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਵਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਿਕ ਦੇਸ਼ ਦੇ 94 ਸ਼ਹਿਰਾਂ ਦੇ ਲੋਕ ਬਹੁਤ ਹੀ ਜ਼ਹਿਰੀਲੀ ਹਵਾ ’ਚ ਸਾਹ ਲੈ ਰਹੇ ਹਨ। ਰਿਪੋਰਟ ਮੁਤਾਬਿਕ ਮਹਾਰਾਸ਼ਟਰ, ਉਤਰ ਪ੍ਰਦੇਸ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਝੱਲ ਰਹੇ ਹਨ। ਪੰਜ ਸਾਲ ਦੇ ਅਨੁਮਾਨ ਦੇ ਆਧਾਰ ’ਤੇ ਇਹ ਤੱਥ ਸਾਹਮਣੇ ਆਏ ਹਨ। ਰਿਪੋਰਟ ਨੂੰ ਹਾਲ ਹੀ ’ਚ ਹੋ ਕੇ ਹਟੇ ਸੰਸਦ ਸੈਸ਼ਨ ’ਚ ਇਕ ਸਵਾਲ ਦੇ ਜਵਾਬ ਮੌਕੇ ਪੇਸ਼ ਕੀਤਾ ਗਿਆ ਸੀ।।ਸਰਕਾਰ ਵੱਲੋਂ ਰਿਪੋਰਟ ਦੇ ਆਧਾਰ ’ਤੇ ਹੀ ਇਨ੍ਹਾਂ ਸ਼ਹਿਰਾਂ ’ਚ ਪ੍ਰਦੂਸ਼ਣ ਨੂੰ ਘ¤ਟ ਕਰਨ ਲਈ ਵ¤ਖਰੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਬਹੁਤ ਹੀ ਅਹਿਮ ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਨੈਸ਼ਨਲ ਏਅਰ ਕਵਾਲਿਟੀ ਸਟੈਂਡਰਡ ’ਤੇ ਖਰਾ ਨਹੀਂ ਉਤਰਨ ਵਾਲਾ ਹਰ ਤੀਜਾ ਸ਼ਹਿਰ ਦੇਸ਼ ਦੇ 2 ਵੱਡੇ ਸੂਬਿਆਂ ਮਹਾਰਾਸ਼ਟਰ ਅਤੇ ਉਤਰ ਪ੍ਰਦੇਸ਼ ਨਾਲ ਸਬੰਧਤ ਹੈ। 2011 ਤੋਂ 2015 ਵਿਚਾਲੇ ਦੇ ਇਹ ਅਨੁਮਾਨ ਦੱਸਦੇ ਹਨ ਕਿ ਇਨ੍ਹਾਂ ਸ਼ਹਿਰਾਂ ’ਚ ਪ੍ਰਦੂਸ਼ਣ ਦੀ ਵਜ੍ਹਾ ਨਾਲ ਸਭ ਤੋਂ ਵੱਧ ਮੌਤਾਂ ਵੀ ਹੋਈਆਂ ਹਨ। ਜ਼ਹਿਰੀਲੀ ਹਵਾ ਵਾਲੇ 94 ਸ਼ਹਿਰਾਂ ’ਚੋਂ 17 ਸ਼ਹਿਰ ਇਕੱਲੇ ਮਹਾਰਾਸ਼ਟਰ ਦੇ ਹਨ। ਦੂਜੇ ਨੰਬਰ ’ਤੇ 15 ਸ਼ਹਿਰ ਉਤਰ ਪ੍ਰਦੇਸ਼, 8 ਸ਼ਹਿਰ ਪੰਜਾਬ ਅਤੇ 7 ਸ਼ਹਿਰ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਦੇਸ਼ ’ਚ ਸੰਨ 2015 ਦੌਰਾਨ ਇਕ ਕਰੋੜ ਤਿੰਨ ਲੱਖ ਮੌਤਾਂ ’ਚੋਂ 25 ਲੱਖ ਮੌਤਾਂ ਗੈਰ ਸੰਕਰਮਣ ਬੀਮਾਰੀਆਂ ਨਾਲ ਹੋਈਆਂ ਸਨ। ਇਹ ਬਿਮਾਰੀਆਂ ਸਿੱਧੇ ਤੌਰ ’ਤੇ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਪ੍ਰਦੂਸ਼ਣ ਕਾਰਨ ਕੈਂਸਰ ਅਤੇ ਸ਼ੂਗਰ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਬਿਮਾਰੀਆਂ ਦਾ ਇਲਾਜ਼ ਵੀ ਬਹੁਤ ਮਹਿੰਗਾ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਇਕ ਮੋਟੇ ਅਨੁਮਾਨ ਮੁਤਾਬਿਕ ਦੇਸ਼ ਵਿੱਚ 27 ਫੀਸਦੀ ਮੌਤਾਂ ਪ੍ਰਦੂਸ਼ਣ ਨਾਲ ਜੁੜੀਆਂ ਹੋਈਆਂ ਹਨ। ਸਿਹਤਮੰਦ ਜੀਵਨ ਲਈ ਪ੍ਰਦੂਸ਼ਣ ਨੂੰ ਨੱਥ ਪਾਉਣਾ ਸਮੇਂ ਦੀ ਜ਼ਰੂਰਤ ਹੈ। ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਪੱਧਰਾਂ ’ਤੇ ਵੱਡੇ ਯਤਨ ਕੀਤੇ ਜਾਣੇ ਚਾਹੀਦੇ ਹਨ। ਪ੍ਰਦੂਸ਼ਣ ਨੂੰ ਠੱਲ੍ਹਣ ਲਈ ਇਕ ਲੋਕ ਲਹਿਰ ਦੀ ਜ਼ਰੂਰਤ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਸਰਕਾਰ ਪ੍ਰਦੂਸ਼ਣ ਦੇ ਮਸਲੇ ਦਾ ਹੱਲ ਨਹੀਂ ਕੱਢ ਸਕਦੀ। ‘ਸਵੱਛ ਭਾਰਤ’ ਦੀ ਮੁਹਿੰਮ ਨੂੰ ਹੋਰ ਵੱਧ ਤਾਕਤ ਨਾਲ ਚਲਾਇਆ ਜਾਣਾ ਚਾਹੀਦਾ ਹੈ। ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਾਨੂੰਨ ਵੀ ਬਣਾਏ ਜਾਣ। ਕੂੜਾ ਕਰਕਟ ਸਮੇਟਣ ਲਈ ਉਚੇਚੇ ਪ੍ਰਬੰਧ ਕੀਤੇ ਜਾਣ। ਪਾਣੀ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਹੁਣ ਮਨੁੱਖੀ ਜੀਵਨ ਦੀ ਹੋਂਦ ਲਈ ਹੀ ਜ਼ਰੂਰੀ ਹੋ ਗਈ ਹੈ। ਦਰਿਆਵਾਂ ਵਿੱਚ ਪੈ ਰਿਹਾ ਸੀਵਰੇਜ ਅਤੇ ਫੈਕਟਰੀਆਂ ਦਾ ਰਸਾਇਣਕ ਪਾਣੀ ਹਰ ਹਾਲਤ ਰੋਕਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਹਵਾ ਦੇ ਪ੍ਰਦੂਸ਼ਣ ਉ¤ਪਰ ਵੀ ਰੋਕ ਲੱਗਣੀ ਚਾਹੀਦੀ ਹੈ। ਗੱਡੀਆਂ ਅਤੇ ਫੈਕਟਰੀਆਂ ਦਾ ਧੂੰਆਂ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਸਰਕਾਰ ਨੂੰ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਖਤੀ ਤੋਂ ਕੰਮ ਲੈਣਾ ਹੋਵੇਗਾ। ਜੀਵਨ ਦੀ ਸੁਰੱਖਿਆ ਵਾਤਾਵਰਣ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਇਸ ਲਈ ਸਾਰੀਆਂ ਸਬੰਧਤ ਧਿਰਾਂ ਮਸਲੇ ਵੱਲ ਉਚੇਚਾ ਧਿਆਨ ਦੇਣ।
28 ਅਪ੍ਰੈਲ 2018 – ਬਲਜੀਤ ਸਿੰਘ ਬਰਾੜ