ਕੇਂਦਰ ਅਤੇ ਦੇਸ਼ ਦੇ ਬਹੁਤੇ ਰਾਜਾਂ ਵਿੱਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਚੋਟ ਦੇ ਨੇਤਾਵਾਂ ਖਿਲਾਫ ਗੰਭੀਰ ਅਪਰਾਧਕ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਪਾਰਟੀ ਦੇ ਕੁੱਝ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਉਪਰ ਗੰਭੀਰ ਅਪਰਾਧਾਂ ਦੇ ਦੋਸ਼ ਲੱਗਣਾ ਬਹੁਤ ਹੀ ਚਿੰਤਾਜਨਕ ਹੈ। ਇਨ੍ਹਾਂ ਦੋਸ਼ਾਂ ਵਿੱਚ ਕਿੰਨੀ ਸਚਾਈ ਹੈ, ਇਹ ਗੱਲ ਵੱਖਰੀ ਹੈ ਪ੍ਰੰਤੂ ਇਸ ਨਾਲ ਪਾਰਟੀ ਦੀ ਸ਼ਾਖ ਨੂੰ ਦਾਗ਼ ਲੱਗ ਰਿਹਾ ਹੈ। ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਦੇਸ਼ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਕਿ ਭਾਜਪਾ ਦੀ ਸਰਕਾਰ ਅਤੇ ਸਿਆਸੀ ਲੀਡਰਸ਼ਿਪ ਅਜਿਹੇ ਅਪਰਾਧੀ ਭਾਜਪਾ ਨੇਤਾਵਾਂ ਨੂੰ ਸਰਪ੍ਰਸਤੀ ਦੇ ਰਹੀ ਹੈ। ਇਸ ਕਾਰਨ ਹੀ ਪੁਲਿਸ ਵੱਲੋਂ ਅਪਰਾਧੀ ਭਾਜਪਾ ਨੇਤਾਵਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਇਹ ਸਥਿਤੀ ਖੁਦ ਭਾਜਪਾ ਲਈ ਹੀ ਸਿਆਸੀ ਆਤਮਘਾਤ ਵਾਲੀ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਘੱਟੋ-ਘੱਟ ਗੰਭੀਰ ਅਪਰਾਧਾਂ ਵਾਲੇ ਨੇਤਾਵਾਂ ਨੂੰ ਸਰਪ੍ਰਸਤੀ ਨਹੀਂ ਦੇਣੀ ਚਾਹੀਦੀ। ਅਜਿਹੇ ਨੇਤਾਵਾਂ ਖਿਲਾਫ ਕਾਨੂੰਨ ਮੁਤਾਬਿਕ ਲੋੜੀਂਦੀ ਕਾਰਵਾਈ ਹੋਣੀ ਚਾਹੀਦੀ ਹੈ। ਉਤਰ ਪ੍ਰਦੇਸ਼ ਵਿੱਚ ਭਾਜਪਾ ਦੇ ਇਕ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਭਰਾਵਾਂ ਵਲੋਂ ਕਥਿਤ ਤੌਰ ’ਤੇ 18 ਵਰ੍ਹਿਆਂ ਦੀ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਬਹੁਤ ਹੀ ਅਫਸੋਸਨਾਕ ਹੈ। ਅਪਰਾਧੀਆਂ ਨੇ ਇਸ ਲੜਕੀ ਦੇ ਪਿਤਾ ਨੂੰ ਵੀ ਕੁੱਟ-ਕੁੱਟ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਬਾਅਦ ਵਿੱਚ ਉਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਰਵੀ ਕੁਮਾਰ ਐਨਜੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। ਜਦੋਂ ਮਾਮਲਾ ਭਖ ਗਿਆ ਤਾਂ ਐਸਐਚਓ ਐਮ ਅਸ਼ੋਕ ਕੁਮਾਰ ਸਿੰਘ ਸਮੇਤ ਛੇ ਪੁਲੀਸ ਕਰਮੀਆਂ ਨੂੰ ਮੁਅਤਲ ਕਰ ਦਿਤਾ ਗਿਆ। ਲੜਕੀ ਦੇ ਪਿਤਾ ਪਪੂ ਨੂੰ ਆਰਮਜ਼ ਐਕਟ ਤਹਿਤ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਨੂੰ ਵਿਧਾਇਕ ਦੇ ਭਰਾ ਅਨਿਲ ਸਿੰਘ ਨੇ ਕੁਟਿਆ ਸੀ।।ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦੀ ਰਿਪੋਰਟ ਮੰਗਦਿਆਂ ਭਰੋਸਾ ਦਿਤਾ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਵਿਧਾਇਕ ਦੀ ਸ਼ਹਿ ’ਤੇ ਪੀੜਤ ਲੜਕੀ ਦੇ ਪਿਤਾ ਨੂੰ ਜੇਲ੍ਹ ਅੰਦਰ ਮਾਰਿਆ ਗਿਆ ਹੈ। ਪੀੜਤ ਲੜਕੀ ਨੇ ਇਨਸਾਫ਼ ਨਾ ਮਿਲਣ ਕਰਕੇ ਬੀਤੇ ਦਿਨੀਂ ਲਖਨਊ ’ਚ ਮੁਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਸਬੰਧ ਵਿੱਚ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਜਪਾ ਦੀ ਲੀਡਰਸ਼ਿਪ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਿਸੇ ਵੀ ਅਪਰਾਧੀ ਨੇਤਾ ਨੂੰ ਸ਼ਹਿ ਦੇਣਾ ਸਹੀ ਨਹੀਂ। ਭਾਜਪਾ ਨੂੰ ਆਪਣੀ ਸ਼ਾਖ ਬਚਾਉਣ ਲਈ ਅਜਿਹੇ ਸਾਰੇ ਨੇਤਾਵਾਂ ਖਿਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਜਿਹੜੇ ਕਿਸੇ ਵੀ ਅਪਰਾਧਕ ਸਰਗਰਮੀ ਵਿੱਚ ਸ਼ਾਮਿਲ ਹਨ।
12 ਅਪ੍ਰੈਲ 2018 – ਬਲਜੀਤ ਸਿੰਘ ਬਰਾੜ