ਸਰਹਿੰਦ ਦੇ ਸਰਕੀਆ ਮੁਹੱਲੇ ਦਾ ਰਹਿਣਾ ਵਾਲਾ ਗਣੇਸ਼ ਕੁਮਾਰ ਪੁੱਤਰ ਬਲਾਕ ਰਾਮ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਉਸ ਨੂੰ ਸਾਹ ਦੀ ਬੀਮਾਰੀ ਸੀ। ਘਰ ਵਾਲੇ ਉਸ ਨੂੰ ਸਰਹਿੰਦ ਦੇ ਸਿਵਲ ਹਸਪਤਾਲ ਵਿੱਚ ਲੈ ਗਏ ਪਰ ਉਥੇ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਸਰਹਿੰਦ ਵਾਲੇ ਡਾਕਟਰਾਂ ਨੇ ਗਣੇਸ਼ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ। ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਪਟਿਆਲੇ ਉਹ ਇਲਾਜ਼ ਕਰਾਉਣ ਲਈ ਨਹੀਂ ਸਗੋਂ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋਣ ਲਈ ਆਇਆ ਹੈ। ਅਸਲ ਵਿੱਚ ਗੱਲ ਇਹ ਹੋਈ ਕਿ ਗਣੇਸ਼ ਕੁਮਾਰ ਨੂੰ ਰਜਿੰਦਰਾ ਹਸਪਤਾਲ ਦਾਖਲ ਕਰ ਲਿਆ ਗਿਆ ਅਤੇ ਡਾਕਟਰਾਂ ਨੇ ਕਿਹਾ ਕਿ ਮਰੀਜ਼ ਦਾ ਐਕਸਰੇ ਕਰਵਾਕੇ ਲੈ ਕੇ ਆਓ। ਜਿਹੜੇ ਵਾਰਡ ਵਿੱਚ ਮਰੀਜ਼ ਗਣੇਸ਼ ਕੁਮਾਰ ਦਾਖਲ ਸੀ ਐਕਸਰੇ ਵਿਭਾਗ ਉਥੋਂ ਕੁੱਝ ਦੂਰੀ ’ਤੇ ਸੀ। ਚਾਹੀਦਾ ਤਾਂ ਇਹ ਸੀ ਕਿ ਮਰੀਜ਼ ਨੂੰ ਸਟਰੇਚਰ ’ਤੇ ਪਾ ਕੇ ਐਕਸਰੇ ਵਿਭਾਗ ਵਿੱਚ ਲਿਜਾਇਆ ਜਾਂਦਾ ਪਰ ਇਉਂ ਹੋ ਨਾ ਸਕਿਆ। ਮੰਗਣ ਦੇ ਬਾਵਜੂਦ ਗਣੇਸ਼ ਨੂੰ ਸਟਰੇਚਰ ਨਾ ਮਿਲਿਆ ਅਤੇ ਉਸ ਨੂੰ ਮਜ਼ਬੂਰਨ ਪੈਦਲ ਜਾਣਾ ਪਿਆ ਪਰ ਉਹ ਐਕਸਰੇ ਵਿਭਾਗ ਤੱਕ ਪਹੁੰਚਣ ਤੋਂ ਪਹਿਲਾਂ ਹੀ ਗਸ਼ ਖਾ ਕੇ ਡਿੱਗ ਪਿਆ ਅਤੇ ਉਸ ਦਾ ਸਿਰ ਫਰਸ਼ ਨਾਲ ਵੱਜਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਗਣੇਸ਼ ਦੀ ਭੈਣ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਪਟਿਆਲਾ ਕੋਲ ਸ਼ਿਕਾਇਤ ਕੀਤੀ ਹੈ ਕਿ ਇਹ ਹਾਦਸਾ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਭਰਾ ਨੂੰ ਐਕਸਰੇ ਲਈ ਲੈ ਕੇ ਜਾਣ ਵਾਸਤੇ ਸਟਰੇਚਰ ਨਾ ਦੇਣ ਕਾਰਨ ਵਾਪਰਿਆ। ਗਣੇਸ਼ ਦੀ ਭੈਣ ਸੁਭੱਦਰਾ ਦੇਵੀ ਨੇ ਦੋਸ਼ੀ ਮੁਲਾਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗਣੇਸ਼ ਨਾਲ ਵਾਪਰੀ ਇਹ ਘਟਨਾ ਕੋਈ ਇਕਾ ਦੁਕਾ ਨਹੀਂ ਸਗੋਂ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਇਸ ਤਰ੍ਹਾਂ ਵਾਪਰ ਰਿਹਾ ਹੈ। ਬਹੁਤ ਵਾਰ ਔਰਤਾਂ ਨੂੰ ਦਾਖਲਾ ਨਾ ਮਿਲਣ ਕਾਰਨ ਸੜਕਾਂ ’ਤੇ ਬੱਚੇ ਪੈਦਾ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰੀਆਂ ਬਣਦੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦਾ ਰਵੱਈਆ ਗਰੀਬ ਮਰੀਜ਼ਾਂ ਪ੍ਰਤੀ ਸਿਰਫ ਠੀਕ ਹੀ ਨਹੀਂ ਸਗੋਂ ਕਈ ਵਾਰ ਅਣਮਨੁੱਖੀ ਵੀ ਹੁੰਦਾ ਹੈ। ਪੈਸੇ ਵਾਲਾ ਮਰੀਜ਼ ਤਾਂ ਸਰਕਾਰੀ ਹਸਪਤਾਲ ਤੱਕ ਮੂੰਹ ਨਹੀਂ ਕਰਦਾ ਅਤੇ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ ਉਹ ਹੀ ਸਰਕਾਰ ਹਸਪਤਾਲ ਵਿੱਚ ਆਉਂਦੇ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਰੱਬ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਜਾਂਦਾ। ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਪੰਜਾਬ ਦੀ ਕੈਬਨਿਟ ਵਿੱਚ ਸਭ ਤੋਂ ਸੀਨੀਅਰ ਮੰਤਰੀ ਹਨ। ਮੈਂ ਬ੍ਰਹਮ ਮਹਿੰਦਰਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰ ਸਕੋ। ਕਿਸੇ ਵੀ ਲੋਕਤੰਤਰ ਵਿੱਚ ਸਿਹਤ ਸਰਕਾਰ ਦੀ ਸਭ ਤੋਂ ਮੁੱਖ ਤਰਜੀਹ ਹੁੰਦੀ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਪਾਸੇ ਖਾਸ ਧਿਆਨ ਦੇਵੋਗੇ ਅਤੇ ਸਰਕਾਰੀ ਹਸਪਤਾਲਾਂ ਦੇ ਕੰਮਕਾਜ ਨੂੰ ਸਹੀ ਲੀਹਾਂ ’ਤੇ ਲੈ ਕੇ ਆਉਗੇ। ਮੰਨਿਆ ਕਿ ਕਈ ਵਾਰ ਦਵਾਈਆਂ ਦੀ ਕਮੀ ਹੋ ਜਾਂਦੀ ਹੈ ਅਤੇ ਇਹ ਵੀ ਮੰਨ ਲੈਂਦੇ ਹਾਂ ਕਿ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਮਰੀਜ਼ ਟੈਸਟ ਅਤੇ ਐਕਸਰੇ ਆਦਿ ਕਰਾਉਣ ਲਈ ਲੇਟ ਹੋ ਜਾਂਦੇ ਹਨ ਪਰ ਸਟਰੇਚਰ ਨਾ ਮਿਲਣ ਕਾਰਨ ਬੰਦੇ ਦੀ ਮੌਤ ਹੋ ਜਾਵੇ। ਇਹ ਚੰਗੀ ਗੱਲ ਨਹੀਂ। ਜੇ ਸਿਹਤ ਮੰਤਰੀ ਇਸ ਪਾਸੇ ਧਿਆਨ ਦੇਣਗੇ ਤਾਂ ਆਸ ਕਰਾਂਗੇ ਕਿ ਭਵਿੱਖ ਵਿੱਚ ਅਜਿਹਾ ਨਹੀਂ ਵਾਪਰੇਗਾ।