ਨਵੇਂ ਆਰਥਿਕ ਮਾਹੌਲ ਅਤੇ ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਪੰਜਾਬ ਵਿੱਚ ਵਿੱਦਿਅਕ ਅਦਾਰਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪ੍ਰੰਤੂ ਵਿੱਦਿਅਕ ਅਦਾਰਿਆਂ ਦੇ ਮਿਆਰ ਵੱਲ ਯੋਗ ਧਿਆਨ ਨਹੀਂ ਦਿੱਤਾ ਜਾ ਰਿਹਾ। ਮਨੁਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵਲੋਂ ਸਾਲ 2017 ਲਈ ਜਾਰੀ ਕੀਤੀ ਵਿਦਿਅਕ ਅਦਾਰਿਆਂ ਦੀ ਸੂਚੀ ’ਚ ਪੰਜਾਬ ਦੇ ਹਿਸੇ ਸਿਰਫ ਨਿਰਾਸ਼ਾ ਹੀ ਆਈ ਸੀ। ਸਿਖਿਆ ਦੇ ਮਿਆਰ ਲਈ ਕੌਮੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.) ਵਲੋਂ ਐਲਾਨੀ ਗਈ ਸੂਚੀ ਦੇ ਪਹਿਲੇ 25 ਵਿਦਿਅਕ ਅਦਾਰਿਆਂ ’ਚ ਪੰਜਾਬ ਦਾ ਨਾਂਅ ਕਿਧਰੇ ਨਹੀਂ ਦਿਸ ਰਿਹਾ। ਇਸ ਸੂਚੀ ਵਿੱਚ ਸ਼ਾਮਿਲ 100 ਅਦਾਰਿਆਂ ’ਚੋਂ ਆਈ. ਆਈ. ਟੀ. ਰੋਪੜ 32ਵੇਂ ਨੰਬਰ ’ਤੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 40ਵੇਂ ਨੰਬਰ ’ਤੇ ਆਈ। ਪੰਜਾਬ ਦੇ ਸਿਰਫ 4 ਹੋਰ ਵਿਦਿਅਕ ਅਦਾਰਿਆਂ ਨੂੰ 50ਵੇਂ ਸਥਾਨ ਤੋਂ ਹੇਠਾਂ ਥਾਂ ਮਿਲੀ ਸੀ।।ਇਸ ਮੁਤਾਬਿਕ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਮੁਹਾਲੀ 52ਵੇਂ, ਪੰਜਾਬ ਯੂਨੀਵਰਸਿਟੀ 54ਵੇਂ, ਥਾਪਰ ਯੂਨੀਵਰਸਿਟੀ 75ਵੇਂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ 81ਵੇਂ ਨੰਬਰ ’ਤੇ ਰਹੀ। ਇਸ ਸਮੇਂ ਪੰਜਾਬ ’ਚ ਇਕ ਕੇਂਦਰੀ, 9 ਰਾਜ ਪਧਰੀ ਅਤੇ 17 ਪ੍ਰਾਈਵੇਟ ਯੂਨੀਵਰਸਿਟੀਆਂ ਹਨ। 32ਵਾਂ ਨੰਬਰ ਹਾਸਿਲ ਕਰਨ ਵਾਲੀ ਆਈ.ਆਈ.ਟੀ. ਰੋਪੜ ਸਮੇਤ ਕੁਲ 5 ਖੁਦ ਮੁਖਤਿਆਰ ਸੰਸਥਾਵਾਂ ਅਤੇ ਇਕ ਡੀਮਡ ਯੂਨੀਵਰਸਿਟੀ ਹੈ।ਇਸ ਰੈਂਕਿੰਗ ਵਿੱਚ ਓਵਰਆਲ ਰੈਂਕਿੰਗ ’ਚ ਇੰਡੀਅਨ ਇੰਸਟੀਚਿਊਟ ਆਫ ਬੈਂਗਲੁਰੂ ਪਹਿਲੇ ਨੰਬਰ ’ਤੇ ਆਈ। ਆਈ. ਆਈ. ਟੀ. ਮਦਰਾਸ ਦੂਜੇ, ਆਈ. ਆਈ. ਟੀ. ਬੰਬੇ ਤੀਜੇ, ਆਈ. ਆਈ. ਟੀ. ਖੜਗਪੁਰ ਚੌਥੇ ਅਤੇ ਆਈ. ਆਈ. ਟੀ. ਦਿਲੀ ਪੰਜਵੇਂ ਨੰਬਰ ’ਤੇ ਹੈ। ਇਸ ਰੈਂਕਿੰਗ ਲਈ 5 ਮੁੱਖ ਮਿਆਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ’ਚ ਸਿਖਲਾਈ ਅਤੇ ਵਸੀਲੇ, ਖੋਜ, ਨੌਕਰੀਆਂ ਮਿਲਣ ਦਾ ਪ੍ਰਤੀਸ਼ਤਤਾ, ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਅਨੁਭਵ ਸ਼ਾਮਿਲ ਸਨ।।ਯੂਨੀਵਰਸਿਟੀ ਦੀ ਸੂਚੀ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 24ਵਾਂ, ਪੰਜਾਬ ਯੂਨੀਵਰਸਿਟੀ ਨੂੰ 33ਵਾਂ, ਥਾਪਰ ਯੂਨੀਵਰਸਿਟੀ ਨੂੰ 46ਵਾਂ, ਗੁਰੂ ਅੰਗਦ ਦੇਵ ਯੂਨੀਵਰਸਿਟੀ ਨੂੰ 50ਵਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 80ਵਾਂ ਸਥਾਨ ਹਾਸਿਲ ਹੋਇਆ ਸੀ। ਟਾਪ 100 ਕਾਲਜਾਂ ਦੀ ਸੂਚੀ ‘ਚ ਪੰਜਾਬ ਦੇ ਸਿਰਫ਼ 3 ਕਾਲਜ ਸਨ। ਦਿਲੀ ਦਾ ਮਰਿੰਡਾ ਹਾਊਸ ਕਾਲਜ 100 ਕਾਲਜਾਂ ਦੀ ਸੂਚੀ ’ਚ ਦੇਸ਼ ਦਾ ਚੋਟੀ ’ਤੇ ਰਿਹਾ। ਸੂਚੀ ਵਿੱਚ ਥਾਂ ਬਣਾਉਣ ਵਾਲੇ ਪੰਦਾਬ ਦੇ ਤਿੰਨੋਂ ਹੀ ਕਾਲਜ ਚੰਡੀਗੜ੍ਹ ’ਚ ਹੀ ਸਥਿਤ ਹਨ। ਉਚੇਰੀ ਸਿਖਿਆ ਲਈ ਇਸ ਰੈਂਕਿੰਗ ਲਈ ਦੇਸ਼ ਭਰ ’ਚੋਂ 3300 ਵਿਦਿਅਕ ਅਦਾਰਿਆਂ ਨੇ ਹਿਸਾ ਲਿਆ ਸੀ। ਇਹ ਸਥਿਤੀ ਹਾਲੇ ਵੀ ਨਹੀਂ ਬਦਲੀ। ਨਵੀਂ ਰੈਕਿੰਗ ਹਾਲੇ ਆਉਣੀ ਹੈ ਪ੍ਰੰਤੂ ਉਪ੍ਰੋਕਤ ਨਤੀਜਿਆਂ ਵਿੱਚ ਕੋਈ ਬਦਲਾਅ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਜ਼ਰੂਰੀ ਕਦਮ ਚੁੱਕੇ ਤਾਂ ਜੋ ਉਚ ਵਿੱਦਿਅਕ ਅਦਾਰਿਆਂ ਦਾ ਮਿਆਰ ਉਪਰ ਉਠ ਸਕੇ। ਵਿੱਦਿਅਕ ਅਦਾਰਿਆਂ ਦੀ ਗਿਣਤੀ ਵਧਾਉਣਾ ਹੀ ਕਾਫੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਬੁਨਿਆਦੀ ਮਿਆਰਾਂ ਨੂੰ ਕਾਇਮ ਰੱਖਿਆ ਜਾਵੇ।
6 ਅਪ੍ਰੈਲ 2018 – ਬਲਜੀਤ ਸਿੰਘ ਬਰਾੜ