ਪੰਜਾਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਗੁਰਦਾਸ ਮਾਨ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਗੀਤਾਂ ਜਰੀਏ ਪੰਜਾਬੀਆਂ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ ਬਲਕਿ ਗੋਰੇ ਵੀ ਊਸਦੇ ਗੀਤਾਂ ਤੇ ਖੂਬ ਠੁਮਕੇ ਲਾਉਦੇਂ ਹਨ। ਬਿਨਾਂ ਸ਼ੱਕ ਗੁਰਦਾਸ ਮਾਨ ਨੇ ਪੰਜਾਬੀ ਮਾਂ-ਬੋਲੀ ਦਾ ਹਮੇਸ਼ਾ ਅਦਬ ਕੀਤਾ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਵੀ ਫਖਰ ਦਵਾਇਆ ਹੈ ਕਿ ‘ਜੇ ਤੂੰ ਮੇਰੀ ਮਾਂ ਏ ਤਾਂ ‘ਮੈ ਤੇਰਾ ਸਰਵਣ ਪੁੱਤ’।
ਗੁਰਦਾਸ ਮਾਨ ਨੂੰ ਕਈ ਲੋਕ ਫੱਕਰ, ਫਕੀਰ, ਡਫਲੀ ਵਾਲਾ ਬਾਬਾ, ਸਾਂਈ, ਮੁਰਸ਼ਦ ਮੰਨਦੇ ਹਨ।ਕਿਉਕਿ ਉਸਦੀ ਸਖਸ਼ੀਅਤ ਦਾ ਪ੍ਰਭਾਵ ਅਤੇ ਆਪਣੇ ਲਾਈਵ ਪ੍ਰੋਗਰਾਮਾਂ ਵਿੱਚ ਦਰਸ਼ਕਾਂ ਨੂੰ ਧਾਰਮਿਕਤਾ ਦੇ ਰੰਗ ਵਿੱਚ ਰੰਗ ਦੇਣਾ ਗੁਰਦਾਸ ਦੀ ਖਾਸੀਅਤ ਹੈ ਅਤੇ ਵਾਹਿਗੁਰੂ ਕੋਲੋਂ ਆਪਣੇ ਦਰਸ਼ਕਾਂ/ਸਰੋਤਿਆਂ ਦਾ ਭਲਾ ਮੰਗਣਾ ਉਸਦੇ ਸੁਭਾਅ ਵਿਚ ਸ਼ਾਮਲ ਹੈ। ਗਾਇਕੀ ਅਤੇ ਲੇਖਣੀ ਕਾਰਨ ਗੁਰਦਾਸ ਮਾਨ ਨੇ ਪੰਜਾਬੀ ਗਾਇਕੀ ਵਿਚ ਨਵੇ ਦਿਸਹੱਦੇ ਕਾਇਮ ਕੀਤੇ ਹਨ। ਇਸਦੀ ਮਿਸਾਲ ਹਾਲ ਹੀ ਵਿਚ ਆਈ ਐਲਬਮ ‘ਪੰਜਾਬੂ ਦੇ ਗੀਤਾਂ ਤੋਂ ਮਿਲਦੀ ਹੈ।ਇਸੇ ਐਲਬਮ ਦਾ ਗੀਤ ‘ਤੈਨੂੰ ਮੰਗਣਾਂ ਨਾ ਆਵੇ ਤਾਂ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਗੁਰੂ ਪੀਰ ਕੀ ਕਰੇੂ ਗੁਰਦਾਸ ਦੇ ਗੀਤਾਂ ਦੀ ਲੜੀ ਵਿਚ ਅਹਿਮ ਗੀਤ ਸਾਬਤ ਤਾਂ ਹੋ ਹੀ ਨਿਬੜੇਗਾ ਅਤੇ ਸਰੋਤਿਆਂ/ਦਰਸ਼ਕਾਂ ਲਈ ਵੀ ਫਾਇਦੇਮੰਦ ਸਾਬਤ ਹੋਵੇਗਾ ਕਿਉਕਿ ਇਹ ਗੀਤ ਇਨਸਾਨ ਦੀ ਰੋਜਮਰਾ ਜਿੰਦਗੀ ਵਿਚ ਬਤੀਤ ਹੋ ਰਹੇ ਸਮੇਂ ਦੀ ਗੱਲ ਕਰਦਾ ਹੈ ਅਤੇ ਇਨਸਾਨ ਨੂੰ ਪ੍ਰਮਾਤਮਾ ਦੇ ਲੜ ਲੱਗਣ ਦੀ ਦੁਹਾਈ ਦੇ ਰਿਹੈ।ਇਨਸਾਨ ਦੀ ਮਾਨਸਿਕਤਾ ਦਾ ਜਿਕਰ ਬਹੁਤ ਵਧੀਆ ਢੰਗ ਨਾਲ ਕੀਤਾ ਹੈ।ਗੀਤ ਨੂੰ ਸੁਣ ਕੇ ਹਰ ਵਿਅਕਤੀ ਇੰਝ ਮਹਿਸੂਸ ਕਰਦਾ ਹੈ ਕਿ ਇਹ ਗੀਤ ਸਿਰਫ ਮੇਰੇ ਲਈ ਹੀ ਗਾਇਆ ਗਿਆ ਹੈ।ਬਿਨਾਂ ਸ਼ੱਕ ਗੁਰਦਾਸ ਮਾਨ ਅਕਲਾਂ ਦੀ ਦਵਾਈ ਵੰਡਦਾ ਹੈ। ਪੰਜਾਬੀ ਮਾਂ-ਬੋਲੀ ਦੇ ਇਸ ਲਾਡਲੇ ਪੁੱਤਰ ਦੀ ਉਮਰ ਹਜਾਰਾਂ ਸਾਲ ਹੋਵੇ ਅਤੇ ਪੰਜਾਬੀ ਬੋਲੀ ਦੀ ਮਹਿਕ ਬਿਖੇਰਦਾ ਰਹੇ।