May 10, 2026 10:59 am

ਨੀਵੇਂ ਇਲਾਕਿਆਂ ਲਈ ਆਫਤ ਬਣਦੈ ਬਰਸਾਤੀ ਪਾਣੀ

ਸਾਡੀ ਧਰਤੀ ਬਹੁਤ ਵਿਸ਼ਾਲ ਹੈ।ਜੋ ਹਰੇਕ ਪ੍ਰਾਣੀ ਤੇ ਜੀਵ-ਜੰਤੂਆਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ।ਇਸ ਤੇ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੀਆਂ ਰੁੱਤਾਂ ਦਾ ਵੀ ਅਨੰਦ ਮਾਣਦੇ ਹਾਂ।ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਦੋਂ ਅੰਤਾਂ ਦੀ ਗਰਮੀ ਹੁੰਦੀ ਹੈ ਤਾਂ ਕਈ ਖੇਤਰਾਂ ਵਿੱਚ ਸਰਦੀ ਦਾ ਮੌਸਮ ਹੁੰਦਾ ਹੈ।ਕਈ ਭਾਗਾਂ ਵਿੱਚ ਸੋਕੇ ਜਿਹੇ ਹਾਲਾਤ ਬਣ ਜਾਂਦੇ ਹਨ ਤੇ ਕਈ ਥਾਂ ਭਾਰੀ ਬਰਸਾਤਾਂ ਹੁੰਦੀਆਂ ਹਨ।ਅਜਿਹੇ ਹਾਲਤਾਂ ਵਿੱਚ ਉਨਾਂ ਥਾਵਾਂ ਤੇ ਰਹਿੰਦੇ ਲੋਕ ਤੇ ਜੀਵ-ਜੰਤੂ ਵੀ ਆਪਣੇ ਆਪ ਨੂੰ ਉਸੇ ਤਰਾਂ ਹੀ ਢਾਲ ਲੈਂਦੇ ਹਨ ਤੇ ਆਪਣੇ ਜੀਵਨ ਦਾ ਨਿਰਬਾਹ ਕਰਦੇ ਹਨ।ਇਸ ਤਰਾਂ ਉਨਾਂ ਸਥਾਨਾਂ ਦੀ ਬਨਸਪਤੀ ਵੀ ਉਸੇ ਤਰਾਂ ਦੀ ਹੋ ਜਾਂਦੀ ਹੈ। ਹੁਣ ਗੱਲ ਭਾਰਤ ਦੀ ਕਰਦੇ ਹਾਂ ਕਿ ਇੱਥੇ ਦੀਆਂ ਸਰਕਾਰਾਂ ਹੋਣ ਵਾਲੀਆਂ ਬਰਸਾਤਾਂ ਦਾ ਪ੍ਰਬੰਧ ‘ਬੂਹੇ ਆਈ ਜੰਝ ਤੇ ਬਿੰਨੋ ਕੁੜੀ ਦੇ ਕੰਨ’ ਦੇ ਅਧਾਰ ਤੇ ਕੰਮ ਕਰਦੀਆਂ ਹਨ।ਬਰਸਾਤਾਂ ਦੇ ਦਿਨਾਂ ਵਿੱਚ ਚਲਦੇ ਜਨ-ਜੀਵਨ ਵਿੱਚ ਖੜੋਤ ਆ ਜਾਂਦੀ ਹੈ।ਅਧਿਕਾਰੀ ਮੌਕਿਆਂ ਤੇ ਬੈਠ ਬਰਸਾਤੀ ਨਾਲਿਆਂ ਦੀ ਸਫਾਈ ਦੇ ਹੁਕਮ ਚਾੜ੍ਹਦੇ ਹਨ।ਕਈ ਸਾਲ ਪਹਿਲਾਂ ਪਾਣੀ ਦੀ ਨਿਕਾਸੀ ਲਈ ਸੇਮਾਂ ਖੁਦਵੀਆਂ ਗਈਆਂ ਸਨ ਜਿੰਨਾਂ ਵਿੱਚ ਬਰਸਾਤਾਂ ਦੇ ਦਿਨਾਂ ਦੌਰਾਨ ਵਾਧੂ ਪਾਣੀ ਛੱਡਿਆਂ ਜਾਂਦਾ ਸੀ।ਜਿਸ ਕਾਰਨ ਸੰਭਾਵੀ ਹੜ੍ਹਾਂ ਤੋਂ ਲੋਕਾਂ ਨੂੰ ਬਚਾ ਲਿਆ ਜਾਂਦਾ ਸੀ।ਪ੍ਰੰਤੂ ਅੱਜ ਕੱਲ ਉਨਾਂ ਸੇਮਾਂ ਦੀ ਨਾ ਤਾਂ ਕੋਈ ਸਫਾਈ ਹੁੰਦੀ ਹੈ ਜਾਂ ਉਨਾਂ ਤੇ ਲੋਕਾਂ ਨੇ ਨਜ਼ਾਇਜ਼ ਕਬਜ਼ੇ ਕਰ ਸੇਮਾਂ ਦੀ ਹੋਂਦ ਹੀ ਖਤਮ ਕਰ ਦਿੱਤੀ ਹੈ।
ਬੇਸ਼ੱਕ ਹੜ੍ਹ ਕੁਦਰਤੀ ਆਫਤ ਹੈ।ਪਰ ਅਸੀਂ ਇਨਾਂ ਬਰਸਾਤਾਂ ਵਿੱਚ ਜਾਂਦੀਆ ਅਜਾਈ ਜਾਨਾਂ ਨੂੰ ਬਚਾਉਣ ਲਈ ਸਿਰਫ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਹੋ ਜਾਂਦੇ ਹਾਂ।ਕਿੱਥੇ ਜਾਂਦੇ ਹਨ ਉਹ ਕਰੋੜਾਂ ਰੁਪਏ ਜੋ ਹੜ੍ਹਾਂ ਦੀ ਰੋਕਥਾਮ ਲਈ ਹਰ ਸਾਲ ਖਰਚੇ ਜਾਂਦੇ ਹਨ ? ਅਗਰ ਕਰੋੜਾਂ ਰੁਪਏ ਖਰਚ ਹੁੰਦੇ ਹਨ ਤਾਂ ਸ਼ਹਿਰਾਂ ਸੀ ਹਾਲਤ ਕਿਉਂ ਨਰਕ ਸਮਾਨ ਹੋ ਜਾਂਦੀ ਹੈ ਬਰਸਾਤੀ ਦਿਨਾਂ ’ਚ ? ਗਰਟਾਂ ਦੇ ਢੱਕਣ ਕਿਉਂ ਬੰਦ ਹੋ ਜਾਂਦੇ ਹਨ ? ਜਿੰਮੇਵਾਰ ਅਧਿਕਾਰੀ ਕਿਉਂ ਹਰ ਸਵਾਲ ਦਾ ਜੁਆਬ ਗੋਲਮਾਲ ਕਰ ਜਾਂਦੇ ਹਨ ?
ਸਗੋਂ ਇਹ ਚਾਹੀਦਾ ਹੈ ਕਿ ਮੀਂਹ ਪੈਣ ਤੋਂ ਬਾਅਦ ਸ਼ਹਿਰ ਦਾ ਸਾਰਾ ਪਾਣੀ ਥੋੜੇ ਸਮੇਂ ਬਾਅਦ ਹੀ ਸੜਕਾਂ, ਗਲੀਆਂ-ਮੁਹੱਲਿਆਂ ਵਿੱਚ ਖਤਮ ਹੋ ਜਾਵੇ।ਪਰ ਸਾਡੇ ਹਲਾਤ ਬਿਲਕੁੱਲ ਉਲਟ ਹਨ।ਇੱਥੇ ਬਰਸਾਤਾਂ ਦੇ ਦਿਨਾਂ ਦੌਰਾਨ ਸਾਡਾ ਜਨ-ਜੀਵਨ ਬਿਲਕੁੱਲ ਅਸਥ-ਵਿਅਸ ਹੋ ਜਾਂਦਾ ਹੈ।ਸ਼ਹਿਰਾਂ ਵਿੱਚ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ।ਕੂੜੇ ਦੇ ਢੇਰਾਂ ਵਿੱਚ ਖੜ੍ਹਾ ਪਾਣੀ ਤੇ ਉਸ ਵਿਚੋਂ ਦੀ ਲੰਘਦੀਆਂ ਗੱਡੀਆਂ,ਧੁੱਪ ਤੇ ਹੁੰਮਸ ਨਾਲ ਅਜਿਹੇ ਸਥਾਨਾਂ ’ਚ ਲੰਘਣ ਸਮੇਂ ਸਾਹ ਲੈਣਾਂ ਵੀ ਬੇਹਾਦ ਗੰਭੀਰ ਜੋ ਜਾਂਦਾ ਹੈ।ਕੀ ਇਹ ਹੀ ਹਨ ਬਰਸਾਤਾਂ ਤੋਂ ਪਹਿਲਾਂ ਕੀਤੇ ਜਾਂਦੇ ਸਰਕਾਰਾਂ ਵੱਲੋਂ ਪ੍ਰਬੰਧ ?
ਅੱਜ ਥੋੜੇ ਮੀਂਹ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ।ਕੀ ਇਨਾਂ ਨੀਵੇ ਇਲਾਕਿਆਂ ਨੂੰ ਊ¤ਚਾ ਚੁੱਕਣ ਲਈ ਆਜ਼ਾਦੀ ਤੋਂ ਬਾਅਦ ਲੋਕਾਂ ਦੁਆਰਾਂ ਚੁਣੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ? ਲੋਕਾਂ ਨੂੰ ਚੱਪਲਾਂ ਹੱਥਾਂ ਵਿੱਚ ਫੜ੍ਹ ਤੇ ਪੰਜਾਮੇਂ ਮੋਢਿਆਂ ਉ¤ਤੇ ਚੱਕ ਆਪਣੇ ਘਰਾਂ ਵਿੱਚ ਅੱਪੜਨਾਂ ਪੈਂਦਾ ਹੈ।ਇਨਾਂ ਦਿਨਾਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਚਿਕਨਗੁਣੀਆਂ, ਮਲੇਰੀਆਂ, ਡੇਂਗੂ ਆਦਿ ਦਾ ਲਾਰਵਾਂ ਵੀ ਚੋਖੀ ਗਿਣਤੀ ਵਿੱਚ ਤਿਆਰ ਹੋ ਆਪਣਾ ਜਲਵਾ ਦਿਖਾਉਦਾ ਹੈ।ਜਿਆਦਾਤਰ ਕਈ ਇਲਾਕੇ ਤੇ ਬਜ਼ਾਰ ਅੱਜ ਵੀ ਅਜਿਹੇ ਹਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਖੁਸ਼ੀ ਘੱਟ ਤੇ ਮੀਂਹ ਪੈਣ ਕਾਰਣ ਉਨਾਂ ਦੇ ਘਰਾਂ ਤੇ ਦੁਕਾਨਦਾਰੀਆਂ ਬੰਦ ਹੋਣ ਕਾਰਨ ਰੋਜ਼ੀ ਰੋਟੀ ਜ਼ਰੂਰ ਪ੍ਰਭਾਵਿਤ ਹੋ ਜਾਂਦੀ ਹੈ। ਸੋ ਚਾਹੀਦਾ ਹੈ ਕਿ ਚੰਗੀ ਨੀਅਤ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਬਰਸਾਤਾਂ ਦੇ ਅਗਾਊੂ ਪ੍ਰਬੰਧ ਕੀਤੇ ਜਾਣ।ਚੋਖਾਂ ਬਜਟ ਰੱਖ ਸਾਰੀਆਂ ਸੇਮਾਂ, ਗਟਰਾਂ ਆਦਿ ਦੀ ਸਫਾਈ ਬਰਸਾਤਾਂ ਤੋਂ ਪਹਿਲਾਂ ਕਰਵਾਈ ਜਾਵੇ।ਸ਼ਹਿਰਾਂ ਵਿੱਚ ਨੀਵੇਂ ਇਲਾਕਿਆਂ ਵਿੱਚ ਵਸਦੇ ਲੋਕਾਂ ਦੇ ਮੁਹੱਲਿਆਂ ਵਿੱਚ ਸੀਵਰੇਜ਼ ਦਾ ਵਧੀਆ ਪ੍ਰਬੰਧ ਕੀਤਾ ਜਾਵੇ।ਗੱਡੀਆਂ ਵਾਲਿਆਂ ਨੇ ਤਾਂ ਆਪਣੀਆਂ ਗੱਡੀਆਂ ਦੇ ਹਾਰਨ ਵਜਾ ਕੇ ਲੰਘ ਜਾਣਾ ਹੈ ਉਨਾਂ ਸਾਈਕਲਾਂ ਤੇ ਪੈਦਲ ਜਾਣ ਵਾਲੇ ਰਾਹੀਗਰਾਂ ਲਈ ਵੀ ਸੋਚੀਏ ਕਿ ਉਹ ਵੀ ਇਨਸਾਨ ਹਨ।ਆਸ ਇਹ ਹੀ ਹੈ ਕਿ ਸਰਕਾਰਾਂ ਤੇ ਅਫ਼ਸਰਸ਼ਾਹੀ ਬਰਸਾਤੀ ਪਾਣੀ ਦੇ ਲਾਂਘੇ ਦਾ ਜ਼ਰੂਰ ਸੁਚੱਜਾ ਪ੍ਰਬੰਧ ਕਰਨ।
– ਜਸਦੀਪ ਸਿੰਘ ਖ਼ਾਲਸਾ,
ਖੰਨਾ, ਸੰਪਰਕ : 94630-57786

Send this to a friend