ਮਾਪੇ ਉਸ ਤੋਂ ਬਹੁਤ ਦੁਖੀ ਸਨ। ਪੜ੍ਹਾਈ ਵਿੱਚ ਉਸ ਦਾ ਮਨ ਨਹੀਂ ਲੱਗਦਾ ਸੀ। ਸਕੂਲ ਜਾਣ ਤੋਂ ਉਹ ਕੰਨੀ ਕਤਰਾਉਂਦਾ ਸੀ। ਉਸ ਦੇ ਪਿਤਾ ਉਸ ਨੂੰ ਜ਼ਬਰਦਸਤੀ ਸਕੂਲ ਛੱਡਕੇ ਆਉਂਦੇ ਸਨ ਪਰ ਸਕੂਲੀ ਪੜ੍ਹਾਈ ਵਿੱਚ ਉਸ ਦਾ ਦਿਲ ਨਹੀਂ ਲਗਦਾ ਸੀ। ਉਸ ਦਾ ਦਿਲ ਤਾਂ ਸਿਰਫ ਇਕੋ ਗੱਲ ’ਤੇ ਲੱਗਦਾ ਸੀ, ਉਹ ਸੀ ਵੀਡੀਓ ਗੇਮ। ਵੀਡੀਓ ਗੇਮ ਖੇਡਦਾ-ਖੇਡਦਾ ਉਹ ਖਾਣਾ-ਪੀਣਾ ਵੀ ਭੁੱਲ ਜਾਂਦਾ ਸੀ। ਸਾਰਾ ਦਿਨ ਉਹ ਕੰਪਿਊਟਰ ’ਤੇ ਬੈਠਕੇ ਵੀਡੀਓ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਪਿਤਾ ਇਸ ਗੱਲੋਂ ਬਹੁਤ ਚਿੰਤਤ ਅਤੇ ਦੁਖੀ ਸਨ। ਉਸ ਦੇ ਪਿਤਾ ਨੂੰ ਲੱਗਦਾ ਸੀ ਕਿ ਲੰਬਾ ਸਮਾਂ ਕੰਪਿਊਟਰ ਅੱਗੇ ਬੈਠਣ ਕਾਰਨ ਉਸ ਦੀ ਸਿਹਤ ਵਿਗੜ ਜਾਵੇਗੀ ਅਤੇ ਉਸ ਦੀਆਂ ਅੱਖਾਂ ਖ਼ਰਾਬ ਹੋ ਜਾਣਗੀਆਂ। ਉਸ ਦੇ ਪਿਤਾ ਨੇ ਉਸ ਨੂੰ ਕੰਪਿਊਟਰ ਅੱਗੇ ਬੈਠਣ ਤੋਂ ਰੋਕਣ ਲਈ ਇਕ ਤਰੀਕਾ ਲੱਭਿਆ ਕਿ ਉਹ ਕੰਮ ’ਤੇ ਜਾਣ ਲੱਗੇ ਕੰਪਿਊਟਰ ਦਾ ਪਾਸਵਰਡ ਬਦਲ ਦਿੰਦੇ ਸਨ। ਉਸ ਦੇ ਪਿਤਾ ਨੂੰ ਹੈਰਾਨੀ ਹੁੰਦੀ ਹੈ ਕਿ ਉਹ ਪਿਤਾ ਦੇ ਲਾਏ ਪਾਸਵਰਡ ਨੂੰ ਕ੍ਰੈਕ ਕਰ ਦਿੰਦਾ ਅਤੇ ਕੰਪਿਊਟਰ ਖੋਲ੍ਹਕੇ ਖੇਡਣ ਲਗਦਾ। ਇਸ ਗੱਲ ਨੇ ਉਸ ਦੇ ਪਿਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਦੇ ਪਿਤਾ ਨੇ ਉਸ ਪ੍ਰਤੀ ਆਪਣਾ ਮਨ ਬਦਲਿਆ। ਉਨ੍ਹਾਂ ਉਸ ਨੂੰ ਇਕ ਨਵਾਂ ਕੰਪਿਊਟਰ ਲਿਆ ਕੇ ਦੇ ਦਿੱਤਾ। ਨਤੀਜੇ ਵਜੋਂ ਇਹ ਬੱਚਾ ਹੋਰ ਜ਼ਿਆਦਾ ਵਕਤ ਕੰਪਿਊਟਰ ’ਤੇ ਬਿਤਾਉਣ ਲੱਗਾ ਅਤੇ ਸਕੂਲੀ ਪੜ੍ਹਾਈ ਨੂੰ ਉ¤ਕਾ ਹੀ ਵਿਸਾਰ ਦਿੱਤਾ। ਨਤੀਜੇ ਵਜੋਂ ਜੋ ਹੋਇਆ ਉਹੀ ਹੋਣਾ ਸੀ। ਉਹ 8ਵੀਂ ਵਿੱਚੋਂ ਫੇਲ੍ਹ ਹੋ ਗਿਆ ਅਤੇ ਬੱਚੇ ਨੇ ਮੁੜ ਸਕੂਲ ਜਾਣ ਤੋਂ ਵੀ ਤੋਬਾ ਬੋਲ ਦਿੱਤੀ।
ਜਿਸ ਬੱਚੇ ਦੀ ਮੈਂ ਤੁਹਾਨੂੰ ਕਹਾਣੀ ਸੁਣਾ ਰਿਹਾ ਹਾਂ, ਉਸ ਦਾ ਨਾਮ ਤ੍ਰਿਸ਼ਨਿਤ ਅਰੋੜਾ ਹੈ। 8ਵੀਂ ਕਲਾਸ ਵਿੱਚੋਂ ਫੇਲ੍ਹ ਹੋਣ ਤੋਂ ਬਾਅਦ ਤ੍ਰਿਸ਼ਨਿਤ ਨੇ ਐਲਾਨ ਕਰ ਦਿੱਤਾ ਕਿ ਉਹ ਅੱਗੇ ਨਹੀਂ ਪੜ੍ਹੇਗਾ ਅਤੇ ਸਿਰਫ ਕੰਪਿਊਟਰ ਨੂੰ ਆਪਣੀ ਜ਼ਿੰਦਗੀ ਸਮਝੇਗਾ। ਉਸ ਨੇ ਸਕੂਲ ਛੱਡ ਦਿੱਤਾ ਅਤੇ ਦਿਨ-ਰਾਤ ਕੰਪਿਊਟਰ ਦੀਆਂ ਬਾਰੀਕੀਆਂ ਸਿੱਖਣ ’ਤੇ ਧਿਆਨ ਲਾਉਣ ਲੱਗਾ। ਜਦੋਂ ਤ੍ਰਿਸ਼ਨਿਤ 19 ਵਰ੍ਹਿਆਂ ਦਾ ਹੋਇਆ ਤਾਂ ਉਹ ਕੰਪਿਊਟਰ ਫਿਕਸਿੰਗ ਅਤੇ ਸਾਫਟਵੇਅਰ ਕਲੀਇੰਗ ਦਾ ਮਾਹਿਰ ਬਣ ਚੁੱਕਾ ਸੀ। ਉਸ ਤੋਂ ਬਾਅਦ ਉਹ ਛੋਟੇ-ਛੋਟੇ ਪ੍ਰੋਜੈਕਟ ਲੈ ਕੇ ਕੰਮ ਕਰਨ ਲੱਗਾ ਜਿਸ ਦਿਨ ਉਸ ਨੂੰ ਆਪਣੀ ਕਮਾਈ ਦਾ 60 ਹਜ਼ਾਰ ਦਾ ਪਹਿਲਾ ਚੈ¤ਕ ਮਿਲਿਆ ਤਾਂ ਉਹ ਬਹੁਤ ਖੁਸ਼ ਹੋਇਆ। ਉਹ ਵੱਡੇ-ਵੱਡੇ ਸੁਪਨੇ ਵੇਖਣ ਲੱਗਾ। ਜੋ ਸ਼ਖਸ ਵੱਡੇ ਸੁਪਨੇ ਵੇਖਦਾ ਹੈ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਹਿੱਤ ਮਿਹਨਤ ਵੀ ਕਰਦਾ ਹੈ, ਕੁਦਰਤ ਵੀ ਉਸ ਦਾ ਸਾਥ ਦੇਣ ਲੱਗਦੀ ਹੈ। ਆਪਣਾ ਸੁਪਨਾ ਪੂਰਾ ਕਰਨ ਹਿੱਤ ਉਸ ਨੇ ‘ਟੀਏਸੀ ਸਕਿਉਰਟੀ ਸਿਲਊਸ਼ਨ’ ਨਾਮ ਥੱਲੇ ਸਾਈਬਰ ਸਿਕਿਊਰਟੀ ਕੰਪਨੀ ਖੋਲ੍ਹੀ। ਦੇਖਦੇ-ਦੇਖਦੇ ਉਸ ਦੀ ਕੰਪਨੀ ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹਣ ਲੱਗੀ। ਅੱਜ ਕੱਲ੍ਹ ਉਸ ਦੇ 4 ਦਫ਼ਤਰ ਭਾਰਤ ਅਤੇ 1 ਦਫ਼ਤਰ ਦੁਬਈ ਵਿੱਚ ਹੈ ਅਤੇ ਉਹ ਪੰਜਾਬ ਸਰਕਾਰ ਦਾ ਆਈ.ਟੀ. ਸਲਾਹਕਾਰ ਹੈ। ਤ੍ਰਿਸ਼ਨਿਤ ਅਰੋੜਾ ਸੀ.ਬੀ.ਆਈ, ਪੰਜਾਬ ਸਰਕਾਰ ਅਤੇ ਕ੍ਰਾਇਮ ਬ੍ਰਾਂਚ ਦੇ ਕਰਮਚਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਰਿਲਾਇੰਸ ਵਰਗੀਆਂ ਨਿੱਜੀ ਕੰਪਨੀਆਂ ਵੀ ਉਸ ਦੀਆਂ ਕਲਾਇੰਟ ਹਨ। ਤ੍ਰਿਸ਼ਨਿਤ ਅਰੋੜਾ ਨੇ ‘ਹੈਕਿੰਗ ਟਾਕ ਵਿੱਦ ਤ੍ਰਿਸ਼ਨਿਤ ਅਰੋੜਾ’, ‘ਦੀ ਹੈਕਿੰਗ ਇਰਾ’ ਅਤੇ ‘ਹੈਕਿੰਗ ਵਿਦ ਸਮਾਰਟ ਫੋਨਜ਼’ ਆਦਿ ਕਿਤਾਬਾਂ ਵੀ ਲਿਖੀਆਂ ਹਨ। ਅੱਠਵੀਂ ਫੇਲ੍ਹ ਅਰੋੜਾ ਹੁਣ ਕਰੋੜਾਂਪਤੀ ਹੈ ਅਤੇ ਉਹ ਅਰਬਪਤੀ ਬਣਨਾ ਚਾਹੁੰਦਾ ਹੈ।
ਤ੍ਰਿਸ਼ਨਿਤ ਅਰੋੜਾ ਦੀ ਕਹਾਣੀ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਸਕੂਲੀ ਵਿਦਿਆ ਪ੍ਰਾਪਤ ਕਰਨ ਵਿੱਚ ਭਾਵੇਂ ਅਸਫਲ ਰਿਹਾ ਪਰ ਜ਼ਿੰਦਗੀ ਵਿੱਚ ਉਹ ਇਕ ਕਾਮਯਾਬ ਇਨਸਾਨ ਬਣਿਆ ਉਹ ਵੀ ਬਹੁਤ ਛੋਟੀ ਉਮਰ ਵਿੱਚ। ਇਸ ਕਹਾਣੀ ਦਾ ਸੂਤਰ ਹੈ ਕਿ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਕਿਸੇ ਇਕ ਖੇਤਰ ਵਿੱਚ ਮਾਹਿਰ ਹੋਣਾ ਜ਼ਰੂਰੀ ਹੁੰਦਾ ਹੈ। ਕੋਈ ਵੀ ਇਕ ਖੇਤਰ ਚੁਣੋ ਅਤੇ ਉਸ ਵਿੱਚ ਮਾਹਿਰ ਹੋਣ ਲਈ ਦਿਨ-ਰਾਤ ਇਕ ਕਰ ਦੇਵੇ। ਜਦੋਂ ਤੁਸੀਂ ਕਿਸੇ ਵੀ ਖੇਤਰ ਦੇ ਵਿਸ਼ੇਸ਼ਗ ਬਣ ਜਾਂਦੇ ਹੋ ਤਾਂ ਕਾਮਯਾਬੀ ਆਪਣੇ ਆਪ ਤੁਹਾਡੇ ਦਰ ’ਤੇ ਆ ਕੇ ਦਸਤਕ ਦੇ ਦਿੰਦੀ ਹੈ। ਬਸ ਜ਼ਰੂਰਤ ਹੈ, ਤੁਹਾਡੇ ਅੰਦਰ ਇਕ ਜਨੂੰਨ ਦੀ। ਆਪਣੇ ਖੇਤਰ ਵਿੱਚ ਜਨੂੰਨ ਦੀ ਹੱਦ ਤੱਕ ਮਿਹਨਤ ਕਰੋ ਅਤੇ ਤ੍ਰਿਸ਼ਨਿਤ ਅਰੋੜਾ ਵਾਂਗ ਕਾਮਯਾਬ ਹੋ ਜਾਵੋਗੇ। ਆਹ ਸ਼ੇਅਰ ਯਾਦ ਰੱਖੋ:
ਯੂੰਹੀਂ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ
ਏਕ ਜਨੂੰਨ ਸਾ ਦਿਲ ਮੇਂ ਉਠਾਨਾ ਹੋਤਾ ਹੈ
ਪੁੱਛਾ ਚਿੜੀਆ ਸੇ,
ਕੈਸੇ ਬਣਾ ਯੇ ਆਸ਼ਿਆਨਾ
ਬੋਲੀ, ਭਰਨੀ ਪੜਤੀ ਹੈ
ਉਡਾਨ ਵਾਰ-ਵਾਰ
ਤਿਨਕਾ ਤਿਨਕਾ ਉਠਾਨਾ ਹੋਤਾ ਹੈ।
ਯੂੰਹੀਂ ਨਹੀਂ ਮਿਲਤੀ ਰਾਹੀ ਕੋ ਮੰਜ਼ਿਲ



