ਮੈਨੂੰ ਅਜ ਵੀ ਯਾਦ ਆਉੰਦੀ ਹੈ ਉਹ ਸਵੇਰ ਜਦੋਂ ਮੈਂ ਮੰਡੀ (ਹਿਮਾਚਲ ਪ੍ਰਦੇਸ਼) ਜਾਣ ਲਈ ਸੰਗਰੂਰ ਤੋਂ ਚਲਿਆ ਸਾਂ ਤਾਂ ਨਾਭਾ ਗੇਟ ਲੰਘ ਕੇ ਬਸ ਦੇ ਖਬੇ ਪਾਸੇ ਦੀ ਖਿੜਕੀ ਵਿਚੋਂ ਵੇਖਿਆ ਕਿ ਕਈ ਲੋਕ ਇਕਠੇ ਹੋਏ, ਘੇਰਾ ਬਣਈ ਖੜੇ ਸਨ, ਇਕ ਪਾਸੇ ਇਕ ਮੋਟਰ-ਸਾਇਕਲ ਡਿਗਿਆ ਪਿਆ ਸੀ ਤੇ ਸੜਕ ਦੇ ਕੰਢੇ ਚਿਟੀ ਚਾਦਰ ਵਿਚ ਇਕ ਲਾਸ਼ ਲਿਪਟੀ ਪਈ ਸੀ। ਡਰਾਈਵਰ ਨੇਂ ਸਪੀਡ ਹੋਲੀ ਕਰਕੇ ਉਥੋਂ ਸਾਡੀ ਬਸ ਲੰਘਾਈ। ਬਸ ਵਿਚਲੀਆਂ ਸਾਰੀਆਂ ਸਵਾਰੀਆਂ ਨੂੰ ਪਹਿਲੀ ਨਜ਼ਰੀਂ ਇੰਝ ਲਗਿਆ ਕਿ ਜਿਵੇਂ ਕੋਈ ਸੜਕ ਹਾਦਸਾ ਵਾਪਰਿਆ ਹੋਵੇ। ਅਗੇ ਸ੍ਰੀ ਨਾਨਕਿਆਣਾ ਸਾਹਿਬ ਚੌਂਕ ਤੋਂ ਕੁਝ ਸਵਾਰੀਆਂ ਸਾਡੀ ਬਸ ਵਿਚ ਚੜ੍ਹੀਆਂ ਤਾਂ ਉਨ੍ਹਾ ਦਸਿਆ ਕਿ ਇਹ ਕੋਈ ਸੜਕ ਹਾਦਸਾ ਨਹੀੰਂ ਸੀ ਬਲਕਿ ਮੋਟਰ ਸਾਇਕਲ ‘ਤੇ ਜਾਂਦੇ ਇਕ ਮੁੰਡੇ ਦੇ ਗਲੇ ਵਿਚ ਪਤੰਗਾਂ ਉਡਾਉਣ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਫਸ ਗਈ ਸੀ ਜਿਸਨੇ ਉਸਦਾ ਗਲਾ ਚੀਰ ਦਿਤਾ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਪਤੰਗ : ਇਹ ਕਾਗ਼ਜ਼ ਅਤੇ ਤੀਲੀਆਂ ਦੇ ਸੁਮੇਲ ਨਾਲ ਬਣੀ ਮਨੋਰੰਜਨ ਦੀ ਇਕ ਅਜਿਹੀ ਵਸਤੁ ਹੈ ਕਿ ਜਿਸਨੂੰ ਡੋਰ ਦੀਆਂ ਹੀ ਤੜਾਵਾਂ ਪਾ ਕੇ ਤੇ ਡੋਰ ਨਾਲ ਹੀ ਹਵਾ ਦੇ ਰੁਖ ਵਲ ਉਡਾਇਆ ਜਾਂਦਾ ਹੈ। ਇਹ ਛੋਟੇ, ਵਡੇ, ਵਰਗਾਕਾਰ, ਆਇਤਾਕਾਰ, ਬਰਫੀ ਨੁਮਾਂ ਅਤੇ ਵਖ ਵਖ ਆਕਰਿਤੀਆਂ ਦੇ ਆਕਾਰਾਂ ਦੀ ਬਣਦੀ ਹੈ। ਕਈ ਪਤੰਗਾਂ ਕੇਵਲ ਇਕ ਹੀ ਰੰਗ ਦੇ ਕਾਗ਼ਜ਼ ਦੀਆਂ ਅਤੇ ਕਈ ਅਨੇਕਾਂ ਰੰਗਾਂ ਦੇ ਕਾਗ਼ਜ਼ਾਂ ਦੀਆਂ ਬਣਾਈਆਂ ਜਾਂਦੀਆਂ ਹਨ ਜੋ ਮਲੋ ਮਲੀ ਧਿਆਨ ਆਪਣੇ ਵਲ ਖਿਚਦੀਆਂ ਹਨ। ਪਤੰਗ ਨੂੰ ਗੁਡੀ ਵੀ ਕਿਹਾ ਜਾਂਦਾ ਹੈ। ਕਈ ਗੀਤਾਂ ਵਿਚ ਵੀ ਪਤੰਗ ਦਾ ਜ਼ਿਕਰ ਆਉੰਦਾ ਹੈ; ਹਰਸ਼ ਦੇ ਪ੍ਰਤੀਕ ਵਜੋਂ ਉਚੀ ਉਡਦੀ ਪਤੰਗ ਅਤੇ ਸੌਗ ਵਜੋਂ ਕਟੀ ਪਤੰਗ।
ਸਧਾਰਣ ਡੋਰ : ਇਹ ਪਾਣੀ ਵਿਚ ਉਬਾਲ ਕੇ ਪਿਘਲਾਏ ਗਏ ਸਰੇਸ਼ ਅਤੇ ਪੀਸੇ ਹੋਏ ਕੰਚ ਦੇ ਪਾਉਡਰ ਦੇ ਘੋਲ ਵਿਚ ਸੂਤ ਦੀਆਂ ਕਈ ਪਰਤਾਂ ਵਾਲੇ ਧਾਗੇ ਦੀ ਰੀਲ ਨੂੰ ਡੁਬੋ ਕੇ, ਉਸ ਧਾਗੇ ਦਾ ਤੇਜ਼ ਧੁਪ ਵਿਚ ਦੋ ਦਰਖ਼ਤਾਂ ਆਦਿ ਦੇ ਆਲੇ ਦੁਆਲੇ ਤਾਣਾ ਤਣ ਕੇ ਅਤੇ ਸੁਕਾ ਕੇ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਤਿਆਰ ਡੋਰ ਨੂੰ ਵਰਤੋਂ ਵਿਚ ਲਿਆਉਣ ਲਈ ਜਾਂ ਤਾਂ ਉਸਦਾ ਗੋਲਾ (ਪਿੰਨਾ) ਬਣਾ ਲਿਆ ਜਾਂਦਾ ਹੈ ਤੇ ਜਾਂ ਫੇਰ ਉਸਨੂੰ ਚਰਖੜੀ ਤੇ ਲਪੇਟ ਕੇ ਸਾਂਭਿਆ ਜਾਂਦਾ ਹੈ।
ਚਾਈਨਾ ਡੋਰ : ਇਹ ਇਕ ਨਕਲੀ ਤੌਰ ਤੇ ਬਣਾਏ, ਪਲਾਸਟਿਕ ਵਾਂਗ ਲਿਫਣ ਵਾਲੇ ਪਦਾਰਥ ਦਾ ਧਾਗਾ ਹੈ ਜਿਸਨੂੰ ਜੇਕਰ ਤੋੜਨ ਲਈ ਖਿਚਣ ਦੀ ਕੋਸ਼ਿਸ਼ ਕਰੋ ਤਾਂ ਇਹ ਟੁਟਣ ਦੀ ਬਜਾਇ ਲਿਫਦਾ ਹੀ ਜਾਂਦਾ ਹੈ। ਇਸਦੇ ਅਜਿਹੇ ਪਦਾਰਥੀ ਗੁਣ ਕਾਰਣ ਇਸਨੂੰ ਪਤਗਾਂ ਉਡਾਉਣ ਲਈ ਡੋਰ ਦੇ ਰੂਪ ਵਿਚ ਵਰਤਿਆ ਜਾਣ ਲਗ ਪਿਆ ਹੈ ਕਿਉਂਕਿ ਇਸਦੀ ਵਰਤੋਂ ਕਰਨ ਵਾਲੇ ਦਾ ਪਤੰਗ ਜਲਦੀ ਜਲਦੀ ਨਹੀਂ ਕਟਿਆ ਜਾ ਸਕਦਾ ਜਦੋਂ ਕਿ ਚਾਈਨਾ ਡੋਰ ਨਾਲ ਉਡਾਈ ਜਾਣ ਵਾਲੀ ਪਤੰਗ ਨਾਲ ਸਧਾਰਣ ਡੋਰ ਨਾਲ ਉਡਦੇ ਪਤੰਗਾਂ ਨੂੰ ਬੜੀ ਆਸਾਨੀ ਨਾਲ ਕਟਿਆ ਜਾ ਸਕਦਾ ਹੈ।
ਪਤੰਗਬਾਜ਼ੀ : ਪਤੰਗ ਨੂੰ ਡੋਰ ਦੀ ਸਹਾਇਤਾ ਨਾਲ ਹਵਾ ਦੇ ਰੁਖ ਵਲ ਉਡਾਉਣਾ ਅਤੇ ਪੇਚਾ ਲੜਾਉਣਾ ਪਤੰਗਬਾਜ਼ੀ ਅਖਵਾਉੰਦਾ ਹੈ। ਪਤੰਗਬਾਜ਼ੀ ਆਪਣੇ ਆਪ ਵਿਚ ਇਕ ਮੁਕਾਬਲੇ ਵਜੋਂ ਹੀ ਜਾਣੀ ਜਾਂਦੀ ਹੈ। ਜ਼ਿਆਦਾ ਉਚੀ ਉਡਣ ਵਾਲੀ ਪਤੰਗ, ਜ਼ਿਆਦਾ ਵਡੇ ਅਕਾਰ ਦੀ ਪਤੰਗ, ਜ਼ਿਆਦਾ ਦੇਰ ਅਕਾਸ਼ ਵਿਚ ਟਿਕੀ ਰਹਿਣ ਵਾਲੀ ਪਤੰਗ, ਜ਼ਿਆਦਾ ਤੋਂ ਜ਼ਿਆਦਾ ਪਤੰਗਾਂ ਨੂੰ ਕਟਣ ਵਾਲੀ ਪਤੰਗ ਆਦਿ ਨੂੰ ਉਤਮ ਮੰਨਿਆ ਜਾਂਦਾ ਹੈ ਅਤੇ ਉਸਨੂੰ ਉਡਾਉਣ ਵਾਲੇ ਦੀ ਪਤੰਗਬਾਜ਼ੀ ਦੇ ਇਲਾਕੇ ਵਿਸੇਸ਼ ਵਿਚ ਪੈਠ ਬਣ ਜਾਂਦੀ ਹੈ। ਅਸਲ ਵਿਚ ਪਤੰਗਬਾਜ਼ੀ ਕਿਸੇ ਨਾ ਕਿਸੇ ਰੂਪ ਵਿਚ, ਆਪ ਮੁਹਾਰੀ ਇਕ ਮੁਕਾਬਲਾ ਹੀ ਹੁੰਦੀ ਹੈ। ਜਦੋਂ ਕਿਸੇ ਪਤੰਗਬਾਜ਼ ਦੀ ਪਤੰਗ ਕਿਸੇ ਦੂਸਰੇ ਪਤੰਗਬਾਜ਼ ਦੀ ਪਤੰਗ ਨਾਲ ਪੇਚਾ ਲੜਾ ਕੇ ਉਸਨੂੰ ਕਟ ਦਿੰਦੀ ਹੈ ਤਾਂ ਉਸ ਪਲ਼ ਨੂੰ ਉਤਸ਼ਾਹ ਅਤੇ ਖ਼ੁਸ਼ੀ ਵਜੋਂ ਜ਼ਾਹਿਰ ਕਰਨ ਲਈ ਆਈ-ਬੋ, ਬੋ-ਕਾਟਾ, ਚਕ ਓਏ, ਉਹ ਗਈ ਓਏ, ਕਟ ਦਿਤੀ ਓਏ ਆਦਿ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਕਿਸੇ ਵੇਲੇ ਤਾਂ ਜਿਤ ਦਾ ਪ੍ਰਗਟਾਵਾ ਕਰਦੀਆਂ ਇਹ ਆਵਾਜ਼ਾਂ ਸਾਧਾਰਣ ਤਰੀਕੇ ਨਾਲ ਕਢੀਆਂ ਜਾਂਦੀਆਂ ਸਨ ਪਰ ਅਜਕਲ ਇਨ੍ਹਾ ਕੰਮਾਂ ਲਈ ਲਾਉਡਸਪੀਕਰਾਂ ਦੀ ਵਰਤੋਂ ਬਹੁਤਾਤ ਵਿਚ ਹੋਣ ਲਗ ਪਈ ਹੈ।
ਜਿਤਣ ਦੀ ਲਾਲਸਾ ਹਰ ਜੀਅ ਵਿਚ ਬੜੀ ਤੀਬਰ ਗਤਿ ਨਾਲ ਪਰਿਪਕ ਹੁੰਦੀ ਹੈ ਅਤੇ ਕੋਈ ਵੀ ਜੀਅ ਹਾਰਨਾ ਪਸੰਦ ਨਹੀਂ ਕਰਦਾ। ਸ਼ਾਇਦ ਇਹੋ ਕਾਰਣ ਹੈ ਕਿ ਕੋਈ ਵੀ ਪਤੰਗਬਾਜ਼ ਇਹ ਨਹੀਂ ਚਾਹੁੰਦਾ ਕਿ ਕੋਈ ਹੋਰ ਪਤੰਗ ਉਸਦੀ ਪਤੰਗ ਨੂੰ ਕਟ ਦਵੇ ਸਗੋਂ ਹਰ ਕੋਈ ਇਹੋ ਚਾਹੁੰਦਾ ਹੈ ਕਿ ਉਸਦੀ ਗੁਡੀ ਹਮੇਸ਼ਾਂ ਅਕਾਸ਼ ਤੇ ਚੜ੍ਹੀ ਰਹੇ ਅਤੇ ਕੋਈ ਹੋਰ ਪਤੰਗ ਉਸਦੀ ਪਤੰਗ ਦੇ ਮੁਕਾਬਲੇ ਵਿਚ ਨਾ ਟਿਕ ਸਕੇ। ਸ਼ਾਇਦ ਇਹੋ ਹੀ ਉਹ ਲਾਲਸਾਵਾਂ ਹਨ ਜਿਨ੍ਹਾ ਕਰਕੇ ਚਾਈਨਾ ਡੋਰ ਦੀ ਵਰਤੋਂ ਨੂੰ ਤਰਜੀਹ ਦਿਤੀ ਜਾਣ ਲਗ ਪਈ ਹੈ। ਇਸਦੀ ਵਰਤੋਂ ਦਾ ਬਸ ਇਹ ਇਕ ਇਹੋ ਹੀ ਫਾਇਦਾ ਹੈ, ਬਾਕੀ ਸਭ ਤਾਂ ਇਸਦੇ ਨੁਕਸਾਨ ਹੀ ਹਨ। ਇਹ ਸਧਾਰਣ ਡੋਰ ਨਾਲੋਂ ਮਹਿੰਗੀ ਹੈ ਅਤੇ ਬਸੰਤ ਵੇਲੇ ਤਾਂ ਬਲੈਕ ਵਿਚ ਹੀ ਮਿਲਦੀ ਹੈ। ਇਹ ਪਤੰਗ ਉਡਾਉਣ ਵਾਲੇ ਦੀਆਂ ਉੰਗਲਾਂ ਨੂੰ ਬੜੀ ਆਸਾਨੀ ਨਾਲ ਚੀਰ ਦਿੰਦੀ ਹੈ। ਇਹ ਇੰਨੀ ਘਾਤਕ ਹੈ ਕਿ ਪੰਛੀਆਂ ਦੇ ਪੈਰਾਂ, ਗਰਦਨਾਂ ਅਤੇ ਖੰਭਾਂ ਵਿਚ ਫਸ ਕੇ ਉਨ੍ਹਾ ਨੂੰ ਲਹੂ ਲੁਹਾਣ ਕਰ ਦਿੰਦੀ ਹੈ। ਗੁਛੇ ਵਾਂਗ ਉਲਝੀ ਇਸ ਡੋਰ ਨੂੰ ਜੇਕਰ ਕੋਈ ਜਾਨਵਰ ਗ਼ਲਤੀ ਨਾਲ ਮੁੰਹ ਵਿਚ ਪਾ ਲੈਂਦਾ ਹੈ ਤਾਂ ਉਸਦੀ ਜੀਭ ਜ਼ਖ਼ਮੀ ਹੋ ਜਾਂਦੀ ਹੈ। ਸੜਕਾਂ ਤੇ ਜਾਂਦੇ ਇਨਸਾਨਾਂ ਦੇ ਇਸੇ ਚਾਈਨਾ ਡੋਰ ਨਾਲ ਮਥੇ, ਗਰਦਨਾ ਕਟਣ ਦੀਆਂ ਅਨੇਕਾਂ ਖ਼ਬਰਾਂ ਹਰ ਬਸੰਤ ਪੰਚਮੀਂ ਦੇ ਦਿਨਾ ਵਿਚ ਆਮ ਸੁਣਨ ਨੂੰ ਮਿਲਦੀਆਂ ਹਨ ਜੋ ਬਸੰਤ ਦੀ ਸੁਹਾਵਣੀ ਰੁਤ ਵਿਚ ਰਤ ਘੋਲਣ ਅਤੇ ਉਸਨੁੰ ਆਨੰਦ ‘ਚੋਂ ਕਢ ਕੇ ਸ਼ੋਕ ਵਿਚ ਡੁਬਾਉਣ ਦਾ ਕੰਮ ਕਰਦੀਆਂ ਹਨ। ਇਕ ਸਰਕਾਰੀ ਡਿਸਪੈਂਸਰੀ ਵਿਚ ਤੈਨਾਤ ਡਾਕਟਰ ਮੈਡਮ ਨੇਂ ਦਸਿਆ ਕਿ ਇਸ ਵਰ੍ਹੇ ਲੰਘੀ ਬਸੰਤ ਵਾਲੇ ਦਿਨ ਤਕਰੀਬਨ 30 ਕੇਸ ਅਜਿਹੇ ਆਏ ਜੋ ਚਾਈਨਾ ਡੋਰ ਨਾਲ ਫਟੜ ਹੋਣ ਵਾਲਿਆਂ ਦੇ ਸਨ। ਇਹ ਗਿਣਤੀ ਜੇਕਰ ਇਕ ਡਿਸਪੈਂਸਰੀ ਦੀ ਹੈ ਤਾਂ ਅੰਦਾਜ਼ਾ ਲਾਓ ਕਿ ਇਕ ਜਿਲ੍ਹੇ, ਇਕ ਰਾਜ ਜਾਂ ਪੂਰੇ ਦੇਸ਼ ਵਿਚ ਅਜਿਹੇ ਹਾਦਸਿਆਂ ਵਾਲੇ ਕਿੰਨੇ ਕੇਸ ਹੋਂਦ ਵਿਚ ਆਏ ਹੋਣਗੇ।
ਚਾਈਨਾ ਦੀ ਕਾਤਿਲ ਡੋਰ
ਢੋਕਲਾਮ ਵਿਖੇ
ਭਾਵੇਂ ਭਾਰਤੀ ਸੈਨਿਕਾਂ ਦੇ
ਆਤਮ-ਸਨਮਾਨ ਕਟੇ ਜਾਣ;
ਭਾਵੇਂ ਦੇਸ਼ੀ ਡੋਰ-ਉਤਪਾਦਕਾਂ ਦੇ
ਖੀਸੇ ਕਟੇ ਜਾਣ;
ਉਡਾਰੂਆਂ ਦੇ ਭਾਵੇਂ
ਉੰਗਲਾਂ ਜਾਂ ਪੋਟੇ ਕਟੇ ਜਾਣ;
ਭਾਵੇਂ ਘਟਦੇ ਦਰਖ਼ਤਾਂ ਦੇ
ਪਤੇ ਕਟੇ ਜਾਣ;
ਪੰਛੀਆ ਦੇ ਭਾਵੇਂ
ਖੰਭ ਜਾਂ ਪੈਰ ਕਟੇ ਜਾਣ;
ਇਥੋਂ ਤਕ ਕਿ ਭਾਵੇਂ
ਸੜਕਾਂ ਤੋਂ ਲੰਘਦਿਆਂ ਦੇ ਮਥੇ
ਜਾਂ ਗਲੇ ਕਟੇ ਜਾਣ;
ਪਰ ਮੈਂ ਤਾਂ ਚਾਈਨਾ-ਡੋਰ ਹੀ ਵਰਤਾਂਗਾ
ਤਾਂ ਕਿ ਕਿਧਰੇ
ਮੇਰੇ ਪਤੰਗ ਨਾ ਕਟੇ ਜਾਣ।
ਵਿਉਪਾਰ ਦਾ ਇਹ ਅਸੂਲ ਹੈ ਕਿ ਉਸ ਵਸਤੂ ਦਾ ਉਤਪਾਦਨ ਅਤੇ ਵਿਉਪਾਰ ਵਧ ਜਾਂਦਾ ਹੈ ਜਿਸਦੀ ਬਜ਼ਾਰ ਵਿਚ ਜ਼ਿਆਦਾ ਮੰਗ ਹੋ ਜਾਂਦੀ ਹੈ। ਲੋਕ ਆਪਣੇ ਇਕ ਦੋ ਦਿਨਾ ਜਾਂ ਕੁਝ ਘੰਟਿਆਂ ਦੇ ਆਨੰਦ ਖ਼ਾਤਿਰ ਦੂਜਿਆਂ ਲਈ ਘਾਤਕ ਸਾਬਿਤ ਹੋਣ ਵਾਲੀਆਂ ਵਸਤਾਂ ਦੇ ਇਸਤੇਮਾਲ ਕਰਨੋਂ ਵੀ ਗ਼ੁਰੇਜ਼ ਨਹੀਂ ਕਰਦੇ। ਚਾਈਨਾ ਡੋਰ ਬਾਜ਼ਾਰ ਵਿਚ ਆਉਂਦੀ ਅਤੇ ਵਿਕਦੀ ਤਾਹੀਓਂ ਹੈ ਕਿਉਂਕਿ ਅਸੀਂ ਉਸਦੀ ਮੰਗ ਵੀ ਕਰਦੇ ਹਾਂ ਅਤੇ ਵਰਤੋਂ ਵੀ। ਪਤੰਗਬਾਜ਼ੀ ਦੇ ਸ਼ੌਕੀਨ ਚਾਈਨਾ ਡੋਰ ਦੀ ਮੰਗ ਕਰਦੇ ਹਨ ਅਤੇ ਉਸ ਤੋਂ ਬਿਨਾ ਪਤੰਗਬਾਜ਼ੀ ਨੂੰ ਫਿਕਾ ਮੰਨਦੇ ਹਨ। ਨਿਯਮ ਜੋ ਮਰਜ਼ੀ ਬਣਾਏ ਜਾਣ ਪਰ ਇਨ੍ਹਾ ਨਿਯਮਾਂ ਨੂੰ ਤੋੜ ਮਰੋੜ ਕੇ ਅਜਿਹੀਆਂ ਘਾਤਕ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਧੜਲੇ ਨਾਲ ਚਲਦੀ ਰਹਿੰਦੀ ਹੈ। ਕਿਸੇ ਨਾਗਰਿਕ ਲਈ ਕੋਈ ਨਿਯਮ, ਕੋਈ ਕਾਇਦਾ ਉਦੋਂ ਤੀਕ ਇਕ ਬੰਦਿਸ਼, ਇਕ ਬੋਝ ਹੀ ਜਾਪਦਾ ਹੈ ਜਦੋਂ ਤੀਕ ਉਸ ਕਾਨੂੰਨ ਦੇ ਪ੍ਰਤੀ ਉਸ ਨਾਗਰਿਕ ਦੀ ਸੰਵੇਦਨਸ਼ੀਲਤਾ, ਸਨਮਾਨ ਦੀ ਭਾਵਨਾ ਜਾਂ ਅੰਦਰੂਨੀ ਸਹੀ ਇਛਾਸ਼ਕਤੀ ਜਾਗਰਿਤ ਨਹੀਂ ਹੁੰਦੀ। ਚੰਚਲ ਮਨ ਤਾਂ ਵਹਿੰਦੇ ਪਾਣੀ ਵਰਗਾ ਹੁੰਦਾ ਹੈ ਜੋ ਰੁਕੇ ਤਾਂ ਮਿਟੀ ਦੇ ਨਕਿਆਂ ਨਾਲ ਹੀ ਰੁਕ ਜਾਵੇ ਤੇ ਜੇਕਰ ਨਾ ਰੁਕੇ ਤਾਂ ਕੰਕਰੀਟ ਦੇ ਮਜ਼ਬੂਤ ਬੰਨ੍ਹਾਂ ਨੂੰ ਵੀ ਤੋੜ ਕੇ ਅਗਾਂਹ ਵਧ ਜਾਵੇ। ਪਰ ਸਾਡੇ ਮਨ ਤਾਂ ਲਗਦਾ ਹੈ ਕਿ ਸਾਰੇ ਹਦਾਂ ਬੰਨ੍ਹੇਂ ਤੋੜਨ ਲਈ ਹਮੇਸ਼ਾਂ ਹੀ ਤਿਆਰ ਬਰ ਤਿਆਰ ਰਹਿੰਦੇ ਹਨ ਭਾਵੇਂ ਇਸ ਦੇ ਹਰਜ਼ਾਨੇ ਵਜੋਂ ਕਈਆਂ ਦੀਆਂ ਜਾਨਾਂ ਹੀ ਕਿਉਂ ਨਾ ਚਲੀਆਂ ਜਾਣ। ਹੋਰ ਜੋ ਮਰਜ਼ੀ ਮਾੜਾ ਹੋ ਜਾਵੇ ਪਰ…… ਕਿਧਰੇ ਮੇਰੇ ਪਤੰਗ ਨਾ ਕਟੇ ਜਾਣ।
ਤਾਂ ਕਿ ਚਾਈਨਾ ਦੀ ਕਾਤਿਲ ਡੋਰ ਜ਼ਿੰਦਗੀ ਦਾ ਪਤੰਗ ਨਾ ਕੱਟੇ



