ਨਿਊਯਾਰਕ- ਗਣਤੰਤਰ ਦਿਵਸ ਸਾਡੇ ਲਈ ਇਕ ਉਤਸਵ ਬਰਾਬਰ ਹੈ। ਸਾਡੇ ਮੁਲਕ ਨੇ ਜਿੰਨੀ ਗੁਲਾਮੀ ਹੰਢਾਈ, ਓਨੀ ਸ਼ਾਇਦ ਹੀ ਕਿਸੇ ਹੋਰ ਮੁਲਕ ਦੇ ਹਿਸੇ ਆਈ ਹੋਵੇ। ਗਣਤੰਤਰ ਹੋਣਾ ਹਰ ਇਕ ਕੌਮ ਦੇ ਮੁਕਦਰ ਵਿਚ ਨਹੀਂ ਹੁੰਦਾ। ਬੜੀ ਜਦੋ ਜਹਿਦ ਅਤੇ ਕੁਰਬਾਨੀਆਂ ਉਪਰੰਤ ਸਾਨੂੰ ਇਹ ਅਵਸਰ ਹਾਸਲ ਹੋਇਆ ਹੈ। ਕਈ ਦੇਸ਼ ਅਜ਼ਾਦ ਹਨ, ਪਰ ਗਣਤੰਤਰ ਨਹੀਂ ਹਨ। ਜਿਹੜੇ ਮੁਲਕਾਂ ਦੇ ਮੁਖੀ ਲੋਕਾਂ ਵਲੋਂ ਸਿਧੇ ਜਾਂ ਅਸਿਧੇ ਤੌਰ ਤੇ ਨਹੀਂ ਚੁਣੇ ਜਾਂਦੇ, ਉਹ ਗਣਰਾਜ ਨਹੀਂ ਹਨ।
ਕਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਅਤੇ ਦਰਜਨ ਹੋਰ ਵਡੇ ਮੁਲਕ ਗਣਤੰਤਰ ਨਹੀਂ ਕਹਾਉਂਦੇ। ਇਨ੍ਹਾਂ ਮੁਲਕਾਂ ਦੇ ਮੁਖੀ ਬਰਤਾਨੀਆਂ ਦੀ ਮਲਕਾ ਹੈ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਸਾਨੂੰ ਲੋਕਤਾਂਤਰਿਕ, ਧਰਮ ਨਿਰਪਖ ਗਣਰਾਜ ਦਿਤਾ। ਅਜ ਉਨ੍ਹਾਂ ਦੀ ਉਚੀ ਸੋਚ ਨੂੰ ਅਸੀਂ ਤਿਰੰਗੇ ਅਗੇ ਖੜ੍ਹ ਸਲੂਟ ਵੀ ਕਰਦੇ ਹਾਂ।
ਇਸ ਦਿਵਸ ਲਈ ਅਸੀਂ 26 ਜਨਵਰੀ ਕਿਉਂ ਚੁਣੀ? ਹਾਲਾਂ ਸਾਡਾ ਸੰਵਿਧਾਨ ਨਵੰਬਰ 1949 ਤਕ ਤਿਆਰ ਹੋ ਚੁਕਾ ਸੀ। ਸਾਲ 1929 ਨਵੰਬਰ ਮਹੀਨੇ ਕਾਂਗਰਸ ਦੇ ਲਾਹੌਰ ਸੈਸ਼ਨ ਵਿਚ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਬਰਤਾਨਵੀ ਹਕੂਮਤ 26 ਜਨਵਰੀ 1930 ਤਕ ਭਾਰਤ ਨੂੰ ਪੂਰਨ ਸਵਰਾਜ ਘੋਸ਼ਿਤ ਕਰੇ। 26 ਜਨਵਰੀ ਨੂੰ ਪਹਿਲਾਂ ਅਜ਼ਾਦੀ ਦਿਵਸ ਸੰਕੇਤਕ ਤੇ ਮਨਾਇਆ ਗਿਆ ਅਤੇ ਇਹ ਪ੍ਰੰਪਰਾ ਚਲਦੀ ਰਹੀ। ਰਾਵੀ ਨਦੀ ਦੇ ਕੰਢੇ ਕਾਂਗਰਸ ਦੇ ਲਾਹੌਰ ਸੈਂਟਰ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਇਸ ਦਿਨ ਨੂੰ ਯਾਦਗਾਰੀ ਬਣਾਉਣ ਵਾਸਤੇ ਸੰਵਿਧਾਨ ਲਾਗੂ ਕਰਨ ਲਈ ਵੀ ਇਹੋ ਦਿਨ ਚੁਣਿਆ ਗਿਆ।
ਅਸੀਂ ਇਸ ਦਿਨ ਨੂੰ ਉਤਸਵੀ ਭਾਵਨਾ ਨਾਲ ਮਨਾਉਂਦੇ ਹਾਂ। ਜਿਸ ਦੀ ਮਿਸਾਲ ਅਮਰੀਕਾ ਦੇ ਸ਼ਹਿਰ ਮੈਰੀਲੈਂਡ ਵਿਚ ਸਿਖਸ ਆਫ ਅਮਰੀਕਾ ਅਤੇ ਨੈਸ਼ਨਲ ਕੌਂਸਲ ਆਪ ਏਸ਼ੀਅਨ ਅਮਰੀਕਨਾ ਨੇ ਸਾਂਝੇ ਤੌਰ ਤੇ 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਿਸ ਵਿਚ ਮੈਰੀਲੈਂਡ ਸਟੇਟ ਦੇ ਉਪ ਰਾਜਪਾਲ ਬੁਆਏਡ ਰੁਥਰ ਫੋਰਡ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ। ਭਾਵੇਂ ਭਾਰਤੀ ਅੰਬੈਸੀ ਦੇ ਅੰਬੈਸਡਰ ਦਾ ਸ਼ਾਮਲ ਹੋਣਾ ਜਰੂਰੀ ਸੀ ਪਰ ਉਨ੍ਹਾਂ ਨੂੰ ਗਣਤੰਤਰ ਦਿਵਸ ਦੀ ਅਹਿਮੀਅਤ ਤੋਂ ਅਣਜਾਣਤਾ ਦਿਖਾਈ ਅਤੇ ਕੋਮਰਸ ਵਿੰਗ ਦੇ ਇੰਚਾਰਜ ਕੁੰਦਲ ਨੂੰ ਭੇਜ ਕੇ ਆਪਣੀ ਹਾਜ਼ਰੀ ਲਗਵਾਈ। ਜੋ ਹਾਜ਼ਰੀਨ ਲਈ ਸਵਾਲੀਆ ਚਿੰਨ੍ਹ ਸੀ। ਪਰ ਉਨ੍ਹਾਂ ਕੁਝ ਗਲਾਂ ਭਾਰਤੀ ਰਾਸ਼ਟਰਪਤੀ ਵਲੋਂ ਕਹੀਆਂ ਨੂੰ ਆਪਣੇ ਸੰਬੋਧਨ ਰਾਹੀਂ ਯਾਦ ਦਿਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਭਾਰਤੀ ਅਤੇ ਅਮਰੀਕਨ ਨਾਲ ਕੀਤੀ ਗਈ। ਉਪਰੰਤ ਰੰਗਾ ਰੰਗ ਪ੍ਰੋਗਰਾਮ ਜਿਸ ਵਿਚ ਹਰਿਆਣਵੀ, ਅਸਾਮੀ, ਬੰਗਾਲੀ ਅਤੇ ਪੰਜਾਬੀ ਲੋਕ ਨਾਚ ਗਿਧਾ ਨਾਲ ਖੂਬ ਰੰਗ ਬੰਨ੍ਹਿਆ ਗਿਆ। ਰਮਾ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ ਰਾਹੀਂ ਟਪੇ ਗਾ ਕੇ ਮੰਚ ਨੂੰ ਝੂਮਣ ਲਾ ਦਿਤਾ। ਜਿਥੇ ਪਵਨ ਬੈਜਵਾੜਾ ਪ੍ਰਧਾਨ, ਡਾ. ਸਤੀਸ਼ ਗੁਪਤਾ ਚੇਅਰਮੈਨ ਅਤੇ ਬਲਜਿੰਦਰ ਸਿੰਘ ਸ਼ੰਮੀ ਕੁਆਰਡੀਨੇਟਰ ਵਲੋਂ ਆਏ ਮਹਿਮਾਨਾਂ ਨੂੰ ਵਖ-ਵਖ ਅੰਦਾਜ਼ਾਂ ਵਿਚ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦਾ ਰੰਗ ਕਲਚਰਲ ਤੌਰ ਤੇ ਸਜਾਇਆ ਜੋ ਕਾਬਲੇ ਤਾਰੀਫ ਸੀ।
69ਵੇਂ ਰਿਪਬਲਿਕ ਦਿਹਾੜੇ ਤੇ ਚਾਰ ਸਖਸ਼ੀਅਤਾਂ ਨੂੰ ਲਾਈਫ ਟਾਈਮ ਪ੍ਰਾਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿਚ ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ, ਪੀ ਸੀ ਮਿਸ਼ਰਾ ਵੀਜ਼ਾ ਅਫਸਰ ਭਾਰਤੀ ਅੰਬੈਸੀ, ਪ੍ਰਭਜੋਤ ਸਿੰਘ ਕੋਹਲੀ ਸਾਬਕਾ ਚੇਅਰਮੈਨ, ਮੋਹਨ ਗਰੋਵਰ ਕਮਿਊਨਿਟੀ ਪਿਤਾਮਾ ਮੁਖ ਤੌਰ ‘ਤੇ ਸ਼ਾਮਲ ਹਨ।
ਜਿਥੇ ਸੈਕਟਰੀ ਸਟੇਟ ਮੈਰੀਲੈਂਡ, ਡਾਇਰੈਕਟਰ ਸਟੇਟ ਕਮਿਊਨਿਟੀ ਸਟੀਵ ਮਕੈਡਮ ,ਚੇਅਰਮੈਨ ਹੋਲੀ ਕਰਾਸ ਹਸਪਤਾਲ, ਅਬਦੁਲਾ ਅਬਦੁਲਾ ਇਸਲਾਮਿਕ ਵਿੰਗ ਤੋਂ ਇਲਾਵਾ ਕਈ ਸਖਸ਼ੀਅਤਾਂ ਜੋ ਕੌਂਸਲਮੈਨ, ਡੈਲੀਗੇਟਸ, ਕਾਂਗਰਸਮੈਨ ਚੋਣ ਲੜ ਰਹੀਆਂ ਹਨ ਉਨ੍ਹਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਗੂੜ੍ਹੀ ਰੰਗਤ ਦੇ ਦਿਤੀ ਜੋ ਤਾਰੀਫ ਦੀ ਮੁਥਾਜ ਸੀ। ਉਪ ਰਾਜਪਾਲ ਨੇ ਆਪਣੇ ਸੰਬੋਧਨ ਵਿਚ ਭਾਰਤੀ ਅਤੇ ਅਮਰੀਕਾ ਦੇ ਗੂੜ੍ਹੇ ਸਬੰਧਾਂ ਤੋਂ ਇਲਾਵਾ ਨਿਵੇਸ਼ ਦੀ ਮਜ਼ਬੂਤੀ ਦਾ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਮੈਰੀਲੈਂਡ ਸਟੇਟ ਨਿਵੇਸ਼ ਲਈ ਖੁਲ੍ਹੀ ਹੈ ਅਸੀਂ ਉਸ ਲਈ ਮਦਦ ਵੀ ਕਰਾਂਗੇ। ਉਨ੍ਹਾਂ ਭਾਰਤੀ ਗਣਤੰਤਰਤਾ ਦੀ ਸ਼ਲਾਘਾ ਕੀਤੀ ਅਤੇ ਇਸ ਦਿਨ ਤੇ ਸਭ ਨੂੰ ਵਧਾਈ ਦਿਤੀ। ਇਹ ਪਹਿਲੀ ਵਾਰ ਹੈ ਕਿ ਮੈਰੀਲੈਂਡ ਗਵਰਨਰ ਵਲੋਂ ਗਣਤੰਤਰ ਦਿਵਸ ਤੇ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਅਤੇ ਸਿਖਸ ਆਫ ਅਮਰੀਕਾ ਨੂੰ ਸਾਂਝੇ ਤੌਰ ਤੇ ਮਾਣ ਸਨਮਾਨ ਦਿਤਾ ਗਿਆ ਜਿਸ ਨੂੰ ਪ੍ਰਾਪਤ ਜਸਦੀਪ ਸਿੰਘ ਜਸੀ ਚੇਅਰਮੈਨ ਸਿਖਸ ਆਫ ਅਮਰੀਕਾ, ਪਵਨ ਬੈਜਵਾੜਾ ਪ੍ਰਧਾਨ ਅਤੇ ਡਾ. ਸਤੀਸ਼ ਗੁਪਤਾ ਚੇਅਰਮੈਨ ਵਲੋਂ ਰਾਜਪਾਲ ਅਤੇ ਸਟੀਵ ਮਕੈਡਿਮ ਡਾਇਰੈਕਟ ਦੇ ਹਥੋਂ ਪ੍ਰਾਪਤ ਕੀਤਾ।
ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਹਰੇਕ ਇਕ ਦੂਜੇ ਨੂੰ ਵਧਾਈਆਂ ਦੇ ਰਿਹਾ ਸੀ। ਉਪਰੰਤ ਕਾਉਂਟੀ, ਸਿਟੀ ਅਤੇ ਡੈਲੀਗੇਟਸ ਵਲੋਂ ਵੀ ਸਾਈਟੇਸ਼ਨਾ ਭੇਂਟ ਕੀਤੀਆਂ ਗਈਆਂ ਜੋ ਸਮਾਗਮ ਦੀ ਬਿਹਤਰੀ ਦੀਆਂ ਪ੍ਰਤੀਕ ਸਨ। ਅੰਤ ਵਿਚ ਡਾ. ਸੁਰਿੰਦਰ ਸਿੰਘ ਗਿਲ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਡਾ. ਰੇਣੂਕਾ ਮਿਸ਼ਰਾ ਵਲੋਂ ਸਪਾਂਸਰਾਂ ਦੀ ਜਾਣ ਪਹਿਚਾਣ ਉਪਰੰਤ ਢੋਲ ਦੇ ਡਗੇ ਤੇ ਹਾਜ਼ਰੀਨ ਨੇ ਖੂਬ ਭੰਗੜਾ ਪਾਇਆ ਜੋ 69ਵੇਂ ਗਣਤੰਰ ਸਮਾਗਮ ਦੀ ਕਾਮਯਾਬੀ ਅਤੇ ਵਧਾਈ ਦਾ ਇਜ਼ਹਾਰ ਸੀ। ਪ੍ਰੈਸ ਤੋਂ ਆਏ ਕੁਲਵਿਦੰਰ ਫਲੋਰਾ, ਸੁਰਮੁਖ ਸਿੰਘ ਮਾਣਕੂ ਵਲੋਂ ਸਾਰੇ ਪ੍ਰੋਗਰਾਮ ਨੂੰ ਕੈਮਰਾ ਬੰਦ ਕੀਤਾ ਜੋ ਯਾਦਗਾਰ ਵਜੋਂ ਲਿਆ ਗਿਆ । ਧੰਨਵਾਦ ਦੇ ਪਾਤਰ ਹਨ।ਸਮੁਚੇ ਤੌਰ ਤੇ ਅਮਰੀਕਾ ਵਿਚ ਗਣਤੰਤਰ ਦਿਵਸ ਸਮਾਗਮ ਪ੍ਰਭਾਵਸ਼ਾਲੀ ਅਤੇ ਲੋਕਹਿਤਾਂ ਦੀਆਂ ਆਸਾਂ ਤੇ ਪੂਰਾ ਉਤਰਿਆ ਜੋ ਵਿਸ਼ੇਸ਼ ਛਾਪ ਛਡ ਗਿਆ ਜਿਸ ਦੀਆਂ ਗਲਾਂ ਕਈ ਦਿਨ ਹੁੰਦੀਆਂ ਰਹਿਣਗੀਆਂ।
69ਵਾਂ ਗਣਤੰਤਰ ਦਿਵਸ ਅਮਰੀਕਨ ਭਾਰਤੀ ਕਮਿਊਨਿਟੀ ਵਲੋਂ ਭਰਵੇਂ ਹੁੰਗਾਰੇ ਨਾਲ ਮਨਾਇਆ



